Tuesday, April 10, 2012

ਕਸ਼ਮੀਰੀ/ ਸ਼ਮਸ਼ਾਨ ਦੀ ਦਾਸਤਾਨ


ਨਾਸਿਰ ਮੰਸੂਰ

ਇਕ ਰਾਤ ਸਭਨਾਂ ਦੀਆਂ ਨਜ਼ਰਾਂ ਤੋਂ ਬਚਕੇ ਉਹ ਚੁੱਪਚਾਪ ਬਸਤੀ ਤੋਂ ਭੱਜ ਖੜਾ ਹੋਇਆ ਤੇ ਬਹੁਤ ਦੂਰ ਇਕ ਜੰਗਲ ਵਿਚ ਰਹਿਣ ਲੱਗਾ। ਇਕ ਦਿਨ ਜਦੋਂ ਉਹ ਘੁੰਮਣ ਲਈ ਨਿਕਲਿਆ ਤਾਂ ਉਹਨੂੰ ਇਕ ਤਲਾਅ ਨਜ਼ਰ ਆਇਆ। ਉਹ ਉਸ ਵੱਲ ਵਧਿਆ। ਤਲਾਅ ਨੇੜੇ ਪਹੁੰਚ ਕੇ ਉਸਨੇ ਇਕ ਅਜੀਬ ਨਜ਼ਾਰਾ ਦੇਖਿਆ– ਤਲਾਅ ਦੇ ਉਸ ਪਾਰ ਗਿਰਝਾਂ, ਇੱਲਾਂ ਤੇ ਕਾਂ ਕਿਸੇ ਮਰਨ ਕਿਨਾਰੇ ਪਏ ਆਦਮੀ ਨੂੰ ਬੇਰਹਮੀ ਨਾਲ ਠੂੰਗਾਂ ਮਾਰ ਮਾਰ ਕੇ ਜ਼ਖ਼ਮੀ ਕਰ ਰਹੇ ਸਨ। ਉਹ ਦੌਡ਼ਦਾ ਹੋਇਆ ਉੱਥੇ ਪਹੁੰਚਿਆ ਤਾਂ ਮਾਸਖੋਰੇ ਪੰਛੀਆਂ ਵਿਚ ਭਾਜਡ਼ ਮੱਚ ਗਈ ਤੇ ਉਹ ਇੱਧਰ-ਉੱਧਰ ਖਿੰਡ ਗਏ।
‘ਓਏ, ਇਹ ਤਾਂ ਆਪਣਾ ਹੀ ਭਰਾ ਹੈ। ਅਣਜਾਣ ਹੈ ਤਾਂ ਕੀ ਹੋਇਆ, ਹੈ ਤਾਂ ਇਨਸਾਨ।’ ਉਸ ਵਿਚ ਮਾਨਵੀ ਸੰਵੇਦਨਾ ਜਾਗ ਉੱਠੀ।
‘ਇਸ ’ਚ ਅਜੇ ਸਾਹ ਬਾਕੀ ਹਨ।’–ਉਸਦੀ ਛਾਤੀ ਉੱਤੇ ਹੱਥ ਫੇਰਦਾ ਹੋਇਆ ਉਹ ਸੋਚਣ ਲੱਗਾ।
ਉਹ ਤਲਾਅ ਵੱਲ ਭੱਜਿਆ।  ਬੁੱਕ ਵਿਚ ਪਾਣੀ ਭਰਕੇ ਉਹਨੂੰ ਪਿਆਇਆ। ਟਿਮਟਿਮਾਉਂਦਾ ਦੀਵਾ ਬੁਝਣ ਤੋਂ ਬਚ ਗਿਆ। ਫਰਿਸ਼ਤੇ ਬੋਲ ਉੱਠੇ– “ਮਾਨਵਤਾ ਦੇ ਪੁਜਾਰੀ ਦੀ ਜੈ!”
ਖੂੰਖਾਰ ਪੰਛੀਆਂ ਨੇ ਜਦੋਂ ਆਪਣੇ ਸ਼ਿਕਾਰ ਨੂੰ ਹੱਥੋਂ ਨਿਕਲਦਿਆਂ ਦੇਖਿਆ ਤਾਂ ਉਹ ਮਾਨਵਤਾ ਦੇ ਪੁਜਾਰੀ ਤੇ ਹੀ ਟੁੱਟ ਪਏ। ਇਹ ਦੇਖ ਪਹਿਲਾ ਆਦਮੀ ਦੱਬੇ ਪੈਰੀਂ ਉੱਥੋਂ ਭੱਜ ਖੜਾ ਹੋਇਆ।
                                                 -0-



Monday, April 2, 2012

ਹਿੰਦੀ/ ਆਪਣੇ ਲਈ


ਡਾ. ਸ਼ੀਲ ਕੌਸ਼ਿਕ

ਪ੍ਰੋਵੀਡੈਂਟ ਫੰਡ ਵਿੱਚੋਂ  ਪੰਜਾਹ ਹਜ਼ਾਰ ਰੁਪਏ ਕਢਵਾਉਣ ਲਈ ਕਲਰਕ ਰਾਮ ਪ੍ਰਸਾਦ ਦੀ ਅਰਜੀ ਦੇਖ ਕੇ ਅਧਿਕਾਰੀ ਹੈਰਾਨ ਸੀ। ਉਸਨੇ ਰਾਮਪ੍ਰਸਾਦ ਨੂੰ ਸੱਦਿਆ ਤੇ ਕਿਹਾ, “ਸਿਰਫ ਤਿੰਨ ਮਹੀਨਿਆਂ ਮਗਰੋਂ ਤੁਸੀਂ ਰਿਟਾਇਰ ਹੋ ਜਾਣਾ ਹੈ। ਸਾਰੀ ਰਕਮ ਇਕੱਠੀ ਮਿਲ ਹੀ ਜਾਣੀ ਹੈ। ਫਿਰ ਇਹ ਰਕਮ ਕਿਸ ਲਈ?”
ਰਾਮ ਪ੍ਰਸਾਦ ਕੁਝ ਦੇਰ ਸੋਚਦਾ ਰਿਹਾ। ਫਿਰ ਬੋਲਿਆ, “ਸਰ! ਜਦੋਂ ਦਾ ਸਰਵਿਸ ’ਚ ਆਇਆ ਹਾਂ, ਪਤਨੀ ਤੇ ਬੱਚਿਆਂ ਦੀਆਂ ਫਰਮਾਇਸ਼ਾਂ ਹੀ ਪੂਰੀਆਂ ਕਰਨ ’ਚ ਰਿਹਾ ਹਾਂ…ਸਰ, ਦੋਸਤ ਕਹਿੰਦੇ ਰਹੇ– ਕਦੇ ਆਪਣੇ ਲਈ ਵੀ ਜੀ ਲੈ। ਸੱਤ ਕਿਲੋਮੀਟਰ ਸਾਇਕਲ ਚਲਾ ਕੇ ਦਫਤਰ ਆਉਂਦਾ ਹੈਂ, ਸਾਹ ਚੜ੍ਹ ਜਾਂਦਾ ਹੈ, ਇਕ ਸਕੂਟਰ ਕਿਉਂ ਨਹੀਂ ਲੈ ਲੈਂਦਾ।”
ਰਾਮਪ੍ਰਸਾਦ ਨੂੰ ਰੁਕਿਆ ਦੇਖ ਕੇ ਅਧਿਕਾਰੀ ਬੋਲਿਆ, “ਫਿਰ ਲਿਆ ਕਿਉਂ ਨਹੀਂ ਸਕੂਟਰ?”
“ਸਰ, ਕਿਵੇਂ ਲੈਂਦਾ? ਕਦੇ ਪੁੱਤਰ ਨੂੰ ਬਾਈਕ ਦਿਵਾਈ ਤੇ ਕਦੇ ਬੇਟੀ ਨੂੰ ਟੂਰ ’ਤੇ ਭੇਜਿਆ। ਸਾਰੀ ਜ਼ਿੰਦਗੀ ਪਰਿਵਾਰ ਲਈ ਹੀ ਖਪਾ ਦਿੱਤੀ। ਖੁਦ ਸਕੂਟਰ ਲਈ ਤਰਸਦਾ ਰਿਹਾ।”
“ਤਿੰਨ ਮਹੀਨੇ ਬਾਦ ਲੈ ਲੈਂਦਾ ਸਕੂਟਰ।” ਅਧਿਕਾਰੀ ਨੇ ਕਿਹਾ।
“ਸਰ! ਬੱਚਿਆਂ ਨੂੰ ਪਤਾ ਹੈ ਕਿ ਰਿਟਾਇਰਮੈਂਟ ’ਤੇ ਮੈਨੂੰ ਕਿੰਨੇ ਪੈਸੇ ਮਿਲਣਗੇ। ਉਹਨਾਂ ਨੇ ਪਹਿਲਾਂ ਹੀ ਆਪਣੀਆਂ ਜ਼ਰੂਰਤਾਂ ਦੀ ਲਿਸਟ ਬਣਾ ਲਈ ਹੋਣੀ ਹੈ। ਉਦੋਂ ਮੇਰਾ ਸਕੂਟਰ ਫਿਰ ਰਹਿ ਜਾਵੇਗਾ। ਇਸਲਈ ਮੈਂ ਪਹਿਲਾਂ ਹੀ…।”
                                                  -0-



Monday, March 26, 2012

ਹਿੰਦੀ/ ਜੰਗ

ਡਾ. ਰਾਜਿੰਦਰ ਕੁਮਾਰ ਕਨੌਜੀਆ
ਸਰਹੱਦ ਉੱਪਰ ਦੋਹਾਂ ਪਾਸਿਆਂ ਦੀਆਂ ਫੌਜਾਂ ਡਟੀਆਂ ਸਨ। ਛੋਡ਼ੀ ਦੇਰ ਤੋਂ ਗੋਲੀਬਾਰੀ ਬੰਦ ਸੀ। ਇਕ ਪਾਸੇ ਦੇ ਫੌਜੀਆਂ ਵਿੱਚੋਂ ਇਕ ਨੇ ਆਪਣੀ ਬੰਦੂਕ ਉੱਥੇ ਪਾਸ ਦੇ ਇਕ ਦਰੱਖਤ ਨਾਲ ਟਿਕਾ ਦਿੱਤੀ, “ਥੋਡ਼ੀ ਦੇਰ ਸੁੱਖ ਦਾ ਸਾਹ ਲੈਂਦਾ ਹਾਂ…”
“ਕਿਉਂ ਕਰਦੇ ਨੇ ਇਹ ਜੰਗ? ਕੀ ਮਿਲੂਗਾ ਉਨ੍ਹਾਂ ਨੂੰ ਤੇ ਕੀ ਖੱਟਲੂ ਉਹ? ਉਹੀ ਦੋ ਵਕਤ ਦੀ ਰੋਟੀ। ਧੱਤ!”
ਉਹਨੇ ਆਸਪਾਸ ਦੇਖਿਆ, ਨਾਲ ਦੇ ਖੇਤਾਂ ਵਿਚ ਸਰ੍ਹੋਂ ਦੇ ਫੁੱਲ ਖਿਡ਼੍ਹੇ ਸਨ। ਇਕ ਜੰਗਲੀ ਫੁੱਲ ਵੀ ਖਿਡ਼ਿਆ ਹੈ। ਇਕ ਤਿਤਲੀ ਪਤਾ ਨਹੀਂ ਕਿੱਧਰੋਂ ਆਈ ਤੇ ਉਸ ਉੱਤੇ ਮੰਡਰਾਉਣ ਲੱਗੀ। ਬੰਦੂਕ ਦੀ ਨਲੀ ਦੇ ਆਸਪਾਸ ਸ਼ਾਇਦ ਕੁਝ ਲੱਗਾ ਸੀ। ਤਿਤਲੀ ਖੂਬਸੂਰਤ ਹੈ। ਗਹਿਰੇ ਚਟਕ ਪੀਲੇ ਫੁੱਲ ਵਿਚ ਲਾਲ ਤਿਤਲੀ। ਬਿਲਕੁਲ ਉਹਦੀ ਨੰਨ੍ਹੀ ਬੇਟੀ ਵਰਗੀ।
“ਕਿੰਨਾ ਚੰਗਾ ਹੋਵੇ ਜੇਕਰ ਜੰਗ ਖਤਮ ਹੋਵੇ ਤੇ ਉਹ ਘਰ ਜਾਵੇ।”
ਉਹ ਇਕ ਟੱਕ ਅਸਮਾਨ ਵੱਲ ਦੇਖਦਾ ਰਿਹਾ।
ਅਚਾਨਕ ‘ਟੀਂਅ’ ਕਰਦੀ ਇਕ ਗੋਲੀ ਸਰਹੱਦ ਦੇ ਉਸ ਪਾਰ ਤੋਂ ਚੱਲੀ ਤੇ ਉਹ ਬਾਲਬਾਲ ਬਚਿਆ।
ਉਹਨੇਂ ਵੀ ਪੁਜੀਸ਼ਨ ਲੈ ਲਈ ਤੇ ਗੋਲਿਆਂ ਚਲਾ ਦਿੱਤੀਆਂ। ਥੋਡ਼ੀ ਦੇਰ ਬਾਦ ਗੋਲੀਬਾਰੀ ਬੰਦ ਹੋ ਗਈ ਸੀ। ਉਹ ਫੌਜੀ ਉੱਥੇ ਹੀ ਢੇਰ ਹੋ ਗਿਆ ਸੀ। ਉਹਦੀ ਬੰਦੂਕ ਉੱਥੇ ਹੀ ਪਈ ਸੀ। ਉਸ ਵਿਚੋਂ ਨਿਕਲ ਰਿਹਾ ਧੂੰਆਂ ਸ਼ਾਂਤ ਹੋ ਗਿਆ ਸੀ। ਤਿਤਲੀ ਹੁਣ ਵੀ ਉਸ ਉੱਤੇ ਮੰਡਰਾ ਰਹੀ ਸੀ।
                                            -0-

Sunday, March 18, 2012

ਚੈਕ / ਪੂਰਨੇ


ਜੇਮਜ ਥਰਬਰ

ਇਕ ਨਿੱਕੀ ਜਿਹੀ ਕੁੜੀ ਨੂੰ ਉਹਦੇ ਸੱਤਵੇਂ ਜਨਮ-ਦਿਨ ਉੱਤੇ ਤਸਵੀਰਾਂ ਵਾਲੀਆਂ ਬਹੁਤ ਸਾਰੀਆਂ ਪੁਸਤਕਾਂ ਮਿਲੀਆਂ। ਉਸਦੇ ਪਿਤਾ ਨੇ ਸੋਚਿਆ ਕਿ ਉਹਨਾਂ ਵਿੱਚੋਂ ਇਕ-ਦੋ ਪੁਸਤਕਾਂ ਗੁਆਂਢੀਆਂ ਦੇ ਮੁੰਡੇ ਰਾਬਰਟ ਨੂੰ ਦੇ ਦੇਣੀਆਂ ਚਾਹੀਦੀਆਂ ਹਨ, ਜਿਹੜਾ ਉਸ ਮੌਕੇ ਉੱਥੇ ਆ ਗਿਆ ਸੀ।
ਕਿਸੇ ਨਿੱਕੀ ਜਿਹੀ ਕੁੜੀ ਤੋਂ ਕੋਈ ਚੀਜ਼ ਲੈਣਾ ਆਸਾਨ ਨਹੀਂ ਹੁੰਦਾ,ਪਰ ਪਿਤਾ ਨੇ ਕੁੜੀ ਨੂੰ ਸਮਝਾ-ਬੁਝਾ ਕੇ ਉਸਤੋਂ ਦੋ ਪੁਸਤਕਾਂ ਲੈ ਕੇ ਮੁੰਡੇ ਨੂੰ ਦੇ ਦਿੱਤੀਆਂ। ਫਿਰ ਉਸ ਨੇ ਕੁੜੀ ਨੂੰ ਕਿਹਾ, “ ਹੁਣ ਵੀ ਤੇਰੇ ਕੋਲ ਨੌਂ ਪੁਸਤਕਾਂ ਬਚ ਗਈਆਂ ਹਨ।”
ਕੁਝ ਦਿਨਾਂ ਮਗਰੋਂ ਪਿਤਾ ਆਪਣੀ ਲਾਇਬਰੇਰੀ ਵਿਚ ਗਿਆ ਤਾਕਿ ਕਈ ਜਿਲਦਾਂ ਵਾਲੀ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿਚ ‘ਪਿਤਾ’ ਸ਼ਬਦ ਸਾਹਮਣੇ ਪਿਤਾ ਦੀ ਪ੍ਰਸ਼ੰਸ਼ਾ ਵਿਚ ਲਿਖੀਆਂ ਗੱਲਾਂ ਪੜ੍ਹ ਸਕੇ। ਪਰ ਉਹ ਜਿਲਦ ਉੱਥੇ ਨਹੀਂ ਸੀ। ਖੋਜਣ ਉੱਤੇ ਪਤਾ ਲੱਗਾ ਕਿ ਤਿੰਨ ਹੋਰ ਜਿਲਦਾਂ ਵੀ ਗਾਇਬ ਸਨ।
ਜਦੋ ਘਰ ਵਿਚ ਉਹਨਾਂ ਜਿਲਦਾਂ ਦੀ ਤਲਾਸ਼ ਸ਼ੁਰੂ ਹੋਈ ਤਾਂ ਉਹਦੀ ਧੀ ਨੇ ਦੱਸਿਆ, “ਅੱਜ ਸਵੇਰੇ ਇਕ ਆਦਮੀ ਇੱਥੇ ਆਇਆ ਸੀ। ਉਹਨੂੰ ਪਤਾ ਨਹੀਂ ਸੀ ਕਿ ਇੱਥੋਂ ਟਾਕਿੰਗਟਨ ਜਾਂ ਟਾਕਿੰਗਟਨ ਤੋਂ ਵਾਈਸਟੈਂਡ ਕਿਵੇਂ ਜਾਵੇ? ਉਹ ਬਹੁਤ ਚੰਗਾ ਸੀ– ਰਾਬਰਟ ਤੋਂ ਕਿਤੇ ਚੰਗਾ। ਇਸ ਲਈ ਮੈਂ ਉਸ ਨੂੰ ਤੁਹਾਡੀਆਂ ਚਾਰ ਕਿਤਾਬਾਂ ਦੇ ਦਿੱਤੀਆਂ। ਆਖਰ ਡਿਕਸ਼ਨਰੀ ਦੀਆਂ ਤੇਰ੍ਹਾਂ ਕਿਤਾਬਾਂ ਸਨ, ਜਿਨ੍ਹਾਂ ’ਚੋਂ ਅਜੇ ਵੀ ਤੁਹਾਡੇ ਕੋਲ ਨੌਂ ਬਾਕੀ ਬਚ ਗਈਆਂ ਹਨ।”
                                           -0-

Saturday, March 10, 2012

ਹਿੰਦੀ/ ਬੁਝਦੇ ਚਿਰਾਗ਼


ਡਾ. ਰਾਮ ਕੁਮਾਰ ਘੋਟੜ

“ਤੁਹਾਡੀ ਪੁਸਤਕ ਤਾਂ ਪਿਛਲੇ ਸਾਲ ਹੀ ਆਉਣ ਵਾਲੀ ਸੀ, ਕੀ ਬਣਿਆ?”
“ਨਹੀਂ ਆ ਸਕੀ।”
“ਕਿਉਂ?”
“ਪ੍ਰਕਾਸ਼ਕ ਨੂੰ ਪ੍ਰਕਾਸ਼ਨ-ਖਰਚ ਦਾ ਇੱਕ-ਚੌਥਾਈ ਤਾਂ ਖਰੜੇ ਦੇ ਨਾਲ ਹੀ ਭੇਜ ਦਿੱਤਾ ਸੀ, ਬਾਕੀ ਰਾਸ਼ੀ ਛੇ ਮਹੀਨੇ ਬਾਦ ਭੇਜਣੀ ਸੀ।”
“ਫਿਰ…?”
“ਇੱਕ ਰਾਤ ਸ਼੍ਰੀਮਤੀ ਜੀ ਦੇ ਪੇਟ ’ਚ ਤਿੱਖਾ ਦਰਦ ਉੱਠਿਆ। ਚੈੱਕ ਕਰਵਾਇਆ ਤਾਂ ਡਾਕਟਰ ਨੇ ਪਿੱਤੇ ’ਚ ਪੱਥਰੀਆਂ ਦੱਸੀਆਂ। ਉਹਦਾ ਇਲਾਜ਼ ਆਪਰੇਸ਼ਨ ਹੀ ਸੀ। ਇਸਲਈ ਜਮਾ ਪੂੰਜੀ ਖਰਚ ਹੋ ਗਈ।”
“ਤੇ ਇਸ ਸਾਲ?”
“ਇਸ ਸਾਲ ਘਰੇਲੂ ਖਰਚ ’ਚ ਕਟੌਤੀ ਕਰਕੇ ਕੁਝ ਰਕਮ ਇਕੱਠੀ ਕੀਤੀ ਸੀ। ਸਹੁਰੇ ਘਰੋਂ ਵੱਡੀ ਧੀ ਆ ਗਈ। ਰੀਤ ਅਨੁਸਾਰ ਪਹਿਲੀ ਡਲਿਵਰੀ ਪੇਕੇ ਹੋਣੀ ਸੀ। ਡਾਕਟਰਨੀ ਨਾਰਮਲ ਡਲਿਵਰੀ ਨਹੀਂ ਕਰਵਾ ਸਕੀ, ਸੀਜੇਰੀਅਨ ਕਰਵਾਉਣਾ ਪਿਆ।”
“ਤੇ ਹੁਣ?”
“ਪ੍ਰਕਾਸ਼ਕ ਦੇ ਪੱਤਰ ਆਉਂਦੇ ਹਨ ਕਿ ਐਗਰੀਮੈਂਟ ਦੀਆਂ ਸ਼ਰਤਾਂ ਅਨਸਾਰ ਸਮਾਂ ਪੂਰਾ ਹੋ ਚੁੱਕਾ ਹੈ। ਪਹਿਲਾਂ ਭੇਜੀ ਗਈ ਰਕਮ ਨੂੰ ਆਈ-ਗਈ ਮੰਨ ਕੇ ਕਿਉਂ ਨਾ ਖਰੜੇ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਜਾਵੇ।”
                                       -0-


Sunday, March 4, 2012

ਕਸ਼ਮੀਰੀ / ਸ਼ਰਾਫਤ


ਅਖਤਰ ਮੋਈਉਦੀਨ
ਚਾਰ-ਪੰਜ ਵਰ੍ਹਿਆਂ ਦਾ ਇਕ ਬੱਚਾ ਸਰੇ-ਬਜ਼ਾਰ ਅੜੀਅਲ ਘੋੜੇ ਵਾਂਗ ਬਿਫਰ ਗਿਆ। ਮੁੰਡੇ ਦੀ ਜਿੱਦ ਨੇ ਸਜਧਜ ਕੇ ਘਰੋਂ ਨਿਕਲੀ ਔਰਤ ਤਿਲਮਿਲਾ ਉੱਠੀ, “ਸਿੱਧਾ ਹੋ ਕੇ ਚਲਦੈਂ ਕਿ ਲਾਵਾਂ ਤੇਰੋ ਦੋ…।”
ਬਹੁਤ ਮਿੰਨਤਾਂ ਕਰਨ ਤੇ ਵੀ ਸਾਹਬਜ਼ਾਦਾ ਟਸ ਤੋਂ ਮਸ ਨਾ ਹੋਇਆ। ਸਗੋਂ ਮਿੱਟੀ ਵਿਚ ਲਿਟਣ ਲੱਗਾ।
ਲੋਕ ਲੁਕਛਿਪ ਕੇ ਇਸ ਨਜ਼ਾਰੇ ਦਾ ਅਨੰਦ ਲੈਣ ਲੱਗੇ। ਤਦੇ ਉੱਥੋਂ ਇਕ ਬਜ਼ੁਰਗ ਸੱਜਣ ਗੁਜ਼ਰੇ। ਸ਼ਰਾਫਤ ਉਹਨਾਂ ਦੇ ਅੰਗ-ਅੰਗ ਵਿੱਚੋਂ ਟਪਕ ਰਹੀ ਸੀ। ਔਰਤ ਦੀ ਪਰੇਸ਼ਾਨੀ ਨੇ ਉਹਨਾਂ ਵਿਚ ਹਮਦਰਦੀ ਦਾ ਭਾਵ ਪੈਦਾ ਕੀਤਾ। ਬੱਚੇ ਨੂੰ ਬਾਹਾਂ ਵਿਚ ਲੈ ਕੇ ਉਹਨਾਂ ਨੇ ਕਿਹਾ, “ਬੇਟਾ ਇੰਜ ਨਹੀਂ ਕਰੀਦਾ। ਦੱਸ ਤੈਨੂੰ ਕੀ ਚਾਹੀਦੈ?”
ਬੱਚੇ ਦੀਆਂ ਵਾਛਾਂ ਖਿੜ ਗਈਆਂ, “ਅੰਕਲ ਜੀ, ਮੰਮੀ ਮੈਨੂੰ ਤਾਂਗੇ ’ਚ ਨਹੀਂ ਬਠਾਉਂਦੀ। ਪੈਦਲ ਚਲਾਉਂਦੀ ਐ।”
ਉਸ ਸੱਜਣ ਨੇ ਤਾਂਗਾ ਬੁਲਾਇਆ ਤੇ ਮਾਂ-ਪੁੱਤ ਦੋਹਾਂ ਨੂੰ ਤਾਂਗੇ ਵਿਚ ਬਿਠਾ ਕੇ ਵਿਦਾ ਕੀਤਾ। ਬੱਚੇ ਨੇ ਟਾ-ਟਾ ਕਰਦਿਆਂ ਹੱਥ ਹਿਲਾਇਆ ਤੇ ਮਾਂ ਨੂੰ ਬੋਲਿਆ, “ਮੰਮੀ ਅੰਕਲ ਬਹੁਤ ਚੰਗੇ ਐ! ਮੈਨੂੰ ਗੋਦੀ ਚੁੱਕਿਆ ਤੇ ਤਾਂਗੇ ’ਚ ਬਠਾਇਆ।”
“ਛੀ-ਛੀਹ, ਗੰਦਾ ਆਦਮੀ! ਉਸ ਵੱਲ ਨਾ ਦੇਖ।” ਔਰਤ ਨੇ ਅੱਖਾ ਕੱਢਦੇ ਹੋਏ ਕਿਹਾ।
                                        -0-