Sunday, October 30, 2011

ਹਿੰਦੀ/ ਪਛਤਾਵਾ


ਸੁਕੇਸ਼ ਸਾਹਨੀ
ਆਓ ਬਾਊ ਜੀ, ਮੈਂ ਲੈ ਚਲਦੈਂ ਤੁਹਾਨੂੰ।ਇਕ ਰਿਕਸ਼ੇਵਾਲੇ ਨੇ ਉਹਨਾਂ ਕੋਲ ਆ ਕੇ ਕਿਹਾ, ਅਸਲਮ ਨੇ ਹੁਣ ਨਹੀਂ ਆਉਣਾ।
ਕੀ ਹੋ ਗਿਆ ਉਹਨੂੰ?ਰਿਕਸ਼ੇ ਵਿਚ ਬੈਠਦੇ ਹੋਏ ਉਹਨੇ ਲਾਪਰਵਾਹੀ ਨਾਲ ਪੁੱਛਿਆ। ਪਿਛਲੇ ਚਾਰ-ਪੰਜ ਦਿਨਾਂ ਤੋਂ ਅਸਲਮ ਹੀ ਉਸਨੂੰ ਦਫਤਰ ਛੱਡ ਕੇ ਆਉਂਦਾ ਰਿਹਾ ਹੈ।
ਬਾਊ ਜੀ ਅਸਲਮ ਨਹੀਂ ਰਿਹਾ…!
ਕੀ?ਉਹਨੂੰ ਕਰੰਟ ਜਿਹਾ ਲੱਗਾ, ਕੱਲ੍ਹ ਤਾਂ ਚੰਗਾ ਭਲਾ ਸੀ।
ਉਹਦੇ ਦੋਨੋਂ ਗੁਰਦੇ ਖਰਾਬ ਸਨ। ਡਾਕਟਰਾਂ ਨੇ ਰਿਕਸ਼ਾ ਚਲਾਉਣ ਤੋਂ ਮਨ੍ਹਾ ਕੀਤਾ ਹੋਇਆ ਸੀ। ਉਹਦੀ ਆਵਾਜ਼ ਵਿੱਚੋਂ ਘੋਰ-ਉਦਾਸੀ ਝਲਕਦੀ ਸੀ, ਕੱਲ ਤੁਹਾਨੂੰ ਦਫਤਰ ਛੱਡ ਕੇ ਮੁਡ਼ਿਆ ਤਾਂ ਪਿਸ਼ਾਬ ਬੰਦ ਹੋ ਗਿਆ ਸੀ। ਹਸਪਤਾਲ ਲਿਜਾਂਦੇ ਸਮੇਂ ਰਾਹ ’ਚ ਈ ਦਮ ਤੋਡ਼ਤਾ…।
ਅੱਗੇ ਉਹ ਕੁਝ ਨਹੀਂ ਸੁਣ ਸਕਿਆ। ਦੁੱਖ ਭਰੀ ਖਾਮੋਸ਼ੀ ਨੇ ਉਸਨੂੰ ਆਪਣੀ ਬੁੱਕਲ ਵਿਚ ਲੈ ਲਿਆ। ਕੱਲ੍ਹ ਦੀ ਘਟਨਾ ਉਸਦੀਆਂ ਅੱਖਾਂ ਅੱਗੇ ਘੁੰਮ ਗਈ ਰਿਕਸ਼ਾ ਨਟਰਾਜ ਟਾਕੀਜ ਪਾਰ ਕਰ ਵੱਡੇ ਡਾਕਖਾਨੇ ਵੱਲ ਜਾ ਰਿਹਾ ਸੀ। ਰਿਕਸ਼ਾ ਚਲਾਉਂਦੇ ਹੋਏ ਅਸਲਮ ਹੌਲੀ-ਹੌਲੀ ਕਰਾਹ ਰਿਹਾ ਸੀ। ਕਦੇ ਕਦੇ ਉਹ ਇਕ ਹੱਥ ਨਾਲ ਆਪਣਾ ਪੇਟ ਪਕਡ਼ ਲੈਂਦਾ ਸੀ। ਸਾਹਮਣੇ ਡਾਕ ਬੰਗਲੇ ਤੱਕ ਚਡ਼੍ਹਾਈ ਹੀ ਚਡ਼੍ਹਾਈ ਸੀ। ਇਕ ਵਾਰ ਉਹਦੀ ਇੱਛਾ ਹੋਈ ਸੀ ਕਿ ਰਿਕਸ਼ੇ ਤੋਂ ਉਤਰ ਜਾਵੇ। ਪਰ ਅਗਲੇ ਹੀ ਛਿਣ ਉਹਨੇ ਖੁਦ ਨੂੰ ਸਮਝਾਇਆ ਸੀ, ਇਹ ਤਾਂ ਨਿੱਤ ਦਾ ਕੰਮ ਹੈ, ਕਦੋਂ ਤੱਕ ਉਤਰਦਾ ਰਹੂਗਾ…ਇਹ ਲੋਕ ਨਾਟਕ ਵੀ ਖੂਬ ਕਰ ਲੈਂਦੇ ਹਨ, ਇਨ੍ਹਾਂ ਨਾਲ ਹਮਦਰਦੀ ਜਤਾਉਣਾ ਬੇਵਕੂਫੀ ਹੋਵੇਗੀ…ਅਨਾਪ-ਸ਼ਨਾਪ ਪੈਸੇ ਮੰਗਦੇ ਨੇ, ਕੁਝ ਕਹੋ ਤਾਂ ਸ਼ਰੇਆਮ ਬੇਇੱਜ਼ਤੀ ਕਰ ਦਿੰਦੇ ਹਨ। ਉਹ ਸੱਜਾ ਹੱਥ ਗੱਦੀ ਉੱਤੇ ਰੱਖ ਕੇ ਚਡ਼੍ਹਾਈ ਉੱਤੇ ਰਿਕਸ਼ਾ ਖਿੱਚ ਰਿਹਾ ਸੀ। ਉਹ ਬੁਰੀ ਤਰਾਂ ਹੌਂਕ ਰਿਹਾ ਸੀ। ਉਹਦੇ ਗੰਜੇ ਸਿਰ ਉੱਪਰ ਪਸੀਨੇ ਦੀਆਂ ਨਿੱਕੀਆਂ ਨਿੱਕੀਆਂ ਬੂੰਦਾ ਦਿਖਾਈ ਦੇਣ ਲੱਗੀਆਂ ਸਨ।
ਕਿਸੇ ਕਾਰ ਦੇ ਹਾਰਨ ਦੀ ਆਵਾਜ਼ ਨਾਲ ਚੌਂਕ ਕੇ ਉਹ ਵਰਤਮਾਨ ਵਿਚ ਆ ਗਿਆ। ਰਿਕਸ਼ਾ ਤੇਜ਼ੀ ਨਾਲ ਨਟਰਾਜ ਤੋਂ ਡਾਕ ਬੰਗਲੇ ਦੀ ਚਡ਼੍ਹਾਈ ਵੱਲ ਵਧ ਰਿਹਾ ਸੀ।
ਰੁਕ ਜਰਾ।ਅਚਾਨਕ ਉਹਨੇ ਰਿਕਸ਼ੇ ਵਾਲੇ ਨੂੰ ਕਿਹਾ ਤੇ ਰਿਕਸ਼ੇ ਦੇ ਹੌਲੇ ਹੁੰਦਿਆਂ ਹੀ ਹੇਠਾਂ ਉਤਰ ਗਿਆ।
ਰਿਕਸ਼ੇਵਾਲਾ ਮਜ਼ਬੂਤ ਕੱਦ ਕਾਠ ਵਾਲਾ ਸੀ ਤੇ ਉਹਦੇ ਲਈ ਉਹ ਚਡ਼੍ਹਾਈ ਕੋਈ ਖਾਸ ਮਾਨ੍ਹੇ ਨਹੀਂ ਰੱਖਦੀ ਸੀ। ਰਿਕਸ਼ੇਵਾਲੇ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ। ਉਹ ਇਕ ਅਪਰਾਧੀ ਦੀ ਤਰ੍ਹਾਂ ਸਿਰ ਝੁਕਾਈ ਰਿਕਸ਼ੇ ਦੇ ਨਾਲ ਨਾਲ ਤੁਰਿਆ ਜਾ ਰਿਹਾ ਸੀ।
                                               -0-

Monday, October 24, 2011

ਹਿੰਦੀ/ ਮੌਤ


ਸਾਬਿਰ ਹੁਸੈਨ
ਰਿਟਾਇਰ ਹੋਣ ਮਗਰੋਂ ਸੁਧੀਰ ਬਾਬੂ ਨੇ ਫ਼ੈਸਲਾ ਕਰ ਲਿਆ ਸੀ ਕਿ ਹੁਣ ਉਹ ਪੂਰੀ ਤਰ੍ਹਾਂ ਅਰਾਮ ਕਰਣਗੇ। ਚਾਹੁੰਦੇ ਤਾਂ ਘਰ ਵਿਚ ਹੀ ਇਕ-ਦੋ ਟਿਊਸ਼ਨਾਂ  ਪਡ਼੍ਹਾ ਸਕਦੇ ਸਨ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ।
ਦੋਨੋਂ ਮੁੰਡੇ ਚੰਗਾ ਕਮਾ ਰਹੇ ਸਨ, ਉਹ ਜ਼ਰੂਰ ਕੁਝ ਕਰਨ ਅਜਿਹੀ ਕੋਈ ਮਜਬੂਰੀ ਨਹੀ ਸੀ।
ਸੁਧੀਰ ਬਾਬੂ ਘਰ ਵਿਚ ਪਏ ਪਏ ਅੱਕ ਗਏ। ਬਾਹਰ ਘੁੰਮਣ ਨਿਕਲੇ ਤਾਂ ਸ਼ਹਿਰ ਤੋਂ ਬਾਹਰ ਖੇਤਾਂ ਵਿਚ ਪਹੁੰਚ ਗਏ। ਇਕ ਖੇਤ ਵਿਚ ਬੁੱਢੇ ਆਦਮੀ ਨੂੰ ਕੰਮ ਕਰਦੇ ਦੇਖ ਕੇ ਉਹ ਠਿਠਕ ਗਏ।
ਬਜ਼ੁਰਗੋ, ਤੁਹਾਡੇ ਬੱਚੇ ਨਹੀਂ ਹਨ ਕੀ?ਉਹਨਾਂ ਨੇ ਬੁੱਢੇ ਆਦਮੀ ਨੂੰ ਪੁੱਛਿਆ।
ਹੈ ਕਿਉਂ ਨਹੀਂ! ਉਹ ਦੇਖੋ, ਵੱਡਾ ਮੁੰਡਾ ਗੋਡੀ ਕਰ ਰਿਹੈ ਤੇ ਛੋਟਾ ਟ੍ਰੈਕਟਰ ਨਾਲ ਖੇਤ ਵਾਹ ਰਿਹੈ। ਦੋਨੋਂ ਬੀ.ਏ. ਪਾਸ ਨੇ। ਥੋਡ਼ਾ-ਬਹੁਤ ਮੈਂ ਵੀ ਪਡ਼੍ਹਿਆ-ਲਿਖਿਐਂ।
ਇਨ੍ਹਾਂ ਨੂੰ ਕੋਈ ਨੌਕਰੀ…?
ਬਾਊ ਜੀ, ਮੈਂ ਤਾਂ ਸਦਾ ਤੋਂ ਖੇਤੀ ਨੂੰ ਹੀ ਉੱਤਮ ਮੰਨਦਾ ਹਾਂ। ਇਸਲਈ ਮੁੰਡਿਆਂ ਨੂੰ ਵੀ ਜ਼ਮੀਨ ਨਾਲ ਹੀ ਜੋਡ਼ੀ ਰੱਖਿਆ। ਘਰ ਵਿਚ ਫ੍ਰਿਜ, ਟੀਵੀ ਸਭ ਕੁਝ ਐ, ਪਰ ਹੈ ਸਭ ਮਿਹਨਤ ਦੀ ਕਮਾਈ ਦਾ।ਬੁੱਢੇ ਨੇ ਉਹਨਾਂ ਦੀ ਗੱਲ ਵਿਚ ਹੀ ਕੱਟਦੇ ਹੋਏ ਕਿਹਾ।
ਪਰ ਤੁਸੀਂ ਤਾਂ ਹੁਣ ਇਸ ਉਮਰ ’ਚ ਅਰਾਮ ਕਰਦੇ।ਸੁਧੀਰ ਬਾਬੂ ਬੋਲੇ।
ਬਾਊ ਜੀ, ਮੈਂ ਵਕਤ ਤੋਂ ਪਹਿਲਾਂ ਮਰਨਾ ਨਹੀਂ ਚਾਹੁੰਦਾ। ਮੌਤ ਦਾ ਮਤਲਬ ਸ਼ਰੀਰ ਦਾ ਕ੍ਰਿਆਹੀਣ ਹੋ ਜਾਣਾ ਹੀ ਤਾਂ ਹੈ। ਮੈਂ ਜਿਉਂਦੇ ਜੀ ਕ੍ਰਿਆਹੀਣ ਕਿਵੇਂ ਹੋ ਜਾਵਾਂ।ਬੁੱਢੇ ਨੇ ਉੱਤਰ ਦਿੱਤਾ।
ਸੁਧੀਰ ਬਾਬੂ ਨੂੰ ਲੱਗਾ ਕਿ ਉਹਨਾਂ ਦਾ ਗਿਆਨ ਅਜੇ ਅਧੂਰਾ ਹੀ ਹੈ।
                                           -0-

Monday, October 17, 2011

ਹਿੰਦੀ/ ਰਾਜਨੀਤੀ


ਸ਼ਿਆਮਬਿਹਾਰੀ ਸ਼ਿਆਮਲ

ਨੇਤਾ ਜੀ ਦੀ ਗੱਲ ਸੁਣ ਲੰਮੇ ਤਕਡ਼ੇ ਦੁਰਜਨ ਸਿੰਘ ਨੂੰ ਥੋਡ਼ਾ ਜਿਹਾ ਵੀ ਵਿਸ਼ਵਾਸ ਨਹੀਂ ਹੋਇਆ।  ਆਪਣੀ ਹੈਰਾਨੀ ਪ੍ਰਗਟਾਉਂਦਿਆਂ ਉਸ ਨੇ ਕਿਹਾ, ਅੱਜ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ!…ਸੁਰੇਸ਼ਨਾਥ ਤੁਹਾਡਾ ਸਕਾ ਭਰਾ ਹੈ, ਤੇ ਫਿਰ ਉਹ ਬਿਲਕੁਲ ਭੋਲਾ-ਭਾਲਾ, ਸਿੱਧਾ-ਸਾਦਾ ਨੇਕਦਿਲ ਆਦਮੀ ਹੈ। ਭਲਾ ਉਹਨੂੰ ਮੈਂ ਕਿਵੇਂ…?
ਨੇਤਾ ਜੀ ਦੇ ਚਿਹਰੇ ਉਤੇ ਕਠੋਰਤਾ ਤੇ ਦੁਸ਼ਟਤਾ ਨਾਲ ਪੈਦਾ ਹੋਏ ਵਿਸ਼ੈਲੇ ਭਾਵ ਫੈਲ ਗਏ। ਭੇਤ ਭਰੀ ਨਜ਼ਰ ਨਾਲ ਉਸਨੂੰ ਘੂਰਦੇ ਹੋਏ ਬੋਲੇ, …ਇਹੀ ਤਾਂ ਮਜੇ ਦੀ ਗੱਲ ਹੈ ਕਿ ਉਹ ਮੇਰਾ ਸਕਾ ਭਰਾ ਹੈ, ਤੇ ਨਾਲ ਹੀ ਇਕਦਮ ਭੋਲਾ-ਭਾਲਾ, ਸਿੱਧਾ ਤੇ ਨੇਕਦਿਲ ਇਨਸਾਨ ਹੈ।…ਤੂੰ ਉਹਦਾ ਕੰਮ ਤਮਾਮ ਕਰ ਦੇ…ਪਹਿਲਾਂ ਤਾਂ ਮੈਂ ਵੀ ਖੂਬ ਹੰਝੂ ਵਹਾਊਂਗਾ, ਰਿਪੋਰਟਾਂ ਛਪਵਾਊਂਗਾ, ਵਿਰੋਧ ਪ੍ਰਦਰਸ਼ਨ ਕਰਵਾਊਂਗਾ…ਤੇ ਇਲਜ਼ਾਮ ਸਰਕਾਰ ਚਲਾ ਰਹੀ ਪਾਰਟੀ ਤੇ ਲਾਊਂਗਾ…ਇਸ ਨਾਲ ਮੈਨੂੰ ਲੋਕਾਂ ਦੀ ਬੇਹਿਸਾਬ ਹਮਦਰਦੀ ਪ੍ਰਾਪਤ ਹੋਵੇਗੀ…ਪਾਰਟੀ ’ਚ ਮੇਰੀ ਪੋਜੀਸ਼ਨ ਮਜਬੂਤ ਹੋਵੇਗੀ…ਤੇ ਜੇ ਰੱਬ ਨੇ ਚਾਹਿਆ ਤਾਂ ਅਗਲੀ ਵਾਰ ਮੈਂ ਮੰਤਰੀ ਬਣ ਜੂੰਗਾ।
ਅਡਵਾਂਸ ਦੇ ਰੂਪ ਵਿਚ ਨੋਟਾਂ ਦੀਆਂ ਕੁਝ ਗੁੱਟੀਆਂ ਉਹਨਾਂ ਨੇ ਵੱਡੀਆਂ-ਵੱਡੀਆਂ ਮੁੱਛਾਂ ਵਾਲੇ ਦੁਰਜਨ ਸਿੰਘ ਵੱਲ ਵਧਾ ਦਿੱਤੀਆਂ।
                                          -0-

Monday, October 10, 2011

ਅਰਬੀ/ ਬੱਜਰਪਾਤ


 ਖਲੀਲ ਜਿਬਰਾਨ(ਲੇਬਨਾਨ)

ਤੂਫ਼ਾਨੀ ਦਿਨ ਸੀ। ਬੱਦਲ ਗਰਜ ਰਹੇ ਸਨ। ਬਿਜਲੀ ਰਹਿ ਰਹਿ ਕੇ ਚਮਕ ਰਹੀ ਸੀ। ਤੂਫ਼ਾਨ ਨਾਲ ਦਰੱਖਤ ਉੱਖਡ਼-ਉੱਖਡ਼ ਕੇ ਡਿੱਗ ਰਹੇ ਸਨ। ਮੁਹਲੇਧਾਰ ਵਰਖਾ ਦੀ ਮਾਰ ਨਾਲ ਰਾਹਗੀਰਾਂ ਦੀ ਜਾਨ ਉੱਤੇ ਬਣੀ ਹੋਈ ਸੀ।
ਇਕ ਪਾਦਰੀ ਗਿਰਜਾਘਰ ਦੇ ਦਰਵਾਜ਼ੇ ਉੱਤੇ ਖੜਾ ਇਸ ਤੂਫ਼ਾਨ ਨੂੰ ਦੇਖ ਰਿਹਾ ਸੀ।
ਏਨੇ ਵਿਚ ਬੁਰੀ ਤਰ੍ਹਾਂ ਭਿੱਜੀ ਹੋਈ, ਤੂਫ਼ਾਨ ਦੀ ਮਾਰੀ ਇਕ ਔਰਤ ਆਈ, ਜਿਹੜੀ ਈਸਾਈ ਨਹੀਂ ਸੀ। ਉਸਨੇ ਪਾਦਰੀ ਨੂੰ ਕਿਹਾ, ਮੈਂ ਈਸਾਈ ਨਹੀਂ ਹਾਂ। ਕੀ ਮੈਂ ਤੂਫ਼ਾਨ ਦੇ ਰੁਕਣ ਤਕ, ਰੱਬ ਦੇ ਇਸ ਪਵਿੱਤਰ ਘਰ ’ਚ ਸ਼ਰਨ ਪਾ ਸਕਦੀ ਹਾਂ?
ਪਾਦਰੀ ਨੇ ਅਨਮਨੇ ਢੰਗ ਨਾਲ ਔਰਤ ਵੱਲ ਵੇਖਦਿਆਂ ਰੁੱਖੀ ਅਵਾਜ਼ ਵਿਚ ਕਿਹਾ, ਨਹੀਂ, ਇਹ ਸਥਾਨ ਕੇਵਲ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਨੇ ਈਸਾਈ ਧਰਮ ਸਵੀਕਾਰ ਕੀਤਾ ਹੈ।
ਪਾਦਰੀ ਦੇ ਮੂੰਹ ਵਿੱਚੋਂ ਜਿਵੇਂ ਹੀ ਇਹ ਸ਼ਬਦ ਨਿਕਲੇ, ਜ਼ੋਰ ਦੀ ਗਡ਼ਗੜਾਹਟ ਨਾਲ ਬਿਜਲੀ ਚਮਕੀ ਤੇ ਗਿਰਜਾਘਰ ਉੱਤੇ ਆ ਡਿੱਗੀ। ਸਾਰਾ ਗਿਰਜਾਘਰ ਤਬਾਹ ਹੋ ਗਿਆ।
ਨਗਰਵਾਸੀ ਭੱਜੇ ਭੱਜੇ ਆਏ। ਉਸ ਔਰਤ ਨੂੰ ਤਾਂ ਉਹਨਾਂ ਨੇ ਬਚਾ ਲਿਆ, ਪਰ ਪਾਦਰੀ ਨੂੰ ਨਹੀਂ ਬਚਾ ਸਕੇ।
                            -0-

Sunday, October 2, 2011

ਹਿੰਦੀ/ ਸਵਾਲ


ਅਨਿੰਦਿਤਾ
ਟੀਨਾ ਦੇ ਦਿਮਾਗ ਵਿਚ ਬਹੁਤ ਦੇਰ ਤੋਂ ਇਕ ਸਵਾਲ ਕੁਲਬੁਲਾ ਰਿਹਾ ਸੀ। ਚਾਹੁੰਦੀ ਤਾਂ ਇਕ ਬਟਨ ਦਬਾਉਣ ਨਾਲ ਉਸਦਾ ਕੰਮ ਹੋ ਜਾਂਦਾ, ਯਾਨੀ ਸਵਿੱਚ ਔਨ ਕਰਦੇ ਹੀ ਉਸਦੀ ਵਿਚਾਰ-ਤਰੰਗ ਕੁਝ ਹੀ ਦੂਰ ਬੈਠੀ ਉਸਦਾ ਮਾਂ ਦੇ ਦਿਮਾਗ ਤਕ ਪਹੁੰਚ ਜਾਂਦੀ। ਪਰੰਤੂ ਕੁਝ ਸੋਚ ਕੇ ਉਸਨੇ ਆਪਣੀ ਜੀਭ ਦੀ ਹੀ ਵਰਤੋਂ ਕੀਤੀ। ਪੁੱਛਿਆ, ਮਾਂ! ਇਹ ਦਿਲ ਕੀ ਹੈ?
ਸਵਾਲ ਨਾਜ਼ੁਕ ਸੀ ਤੇ ਥੋਡ਼ਾ ਮੁਸ਼ਕਿਲ ਵੀ। ਮਾਂ ਪਹਿਲਾਂ ਮੁਸਕਰਾਈ, ਫਿਰ ਹੱਥ ਦੇ ਇਸ਼ਾਰੇ ਨਾਲ ਦੱਸਿਆ, ‘ਇਹ ਇੱਥੇ…’
ਟੀਨਾ ਬਿਨਾ ਹੱਸੇਮੁਸਕਰਾਏ ਵਿਚਕਾਰ ਹੀ ਬੋਲ ਪਈ, ਓਹ! ਮਤਲਬ ਸ਼ਰੀਰ ਦਾ ਉਹ ਭਾਗ ਜਿੱਥੇ ਖੂਨ ਸਾਫ਼ ਹੁੰਦਾ ਹੈ ਤੇ ਗੰਦਾ ਖੂਨ…।
ਮਾਂ ਨੇ ਸਿਰ ਹਿਲਾਇਆ ਤੇ ਕਿਹਾ, ਨਹੀਂ ਜਿੱਥੇ ਮਮਤਾ ਹੁੰਦੀ ਹੈ, ਸਨੇਹ ਹੁੰਦਾ ਹੈ, ਸੁੱਖ-ਦੁੱਖ, ਅੱਛੇ-ਬੁਰੇ ਦਾ ਅਹਿਸਾਸ ਹੁੰਦਾ ਹੈ…
ਟੀਨਾ ਨੇ ਅਵਿਸ਼ਵਾਸ ਨਾਲ ਮਾਂ ਨੂੰ ਦੇਖਿਆ ਤੇ ਕਿਹਾ, ਹੋ ਹੀ ਨਹੀਂ ਸਕਦਾ, ਇਹ ਸਭ ਤਾਂ ਦਿਮਾਗ ’ਚ ਹੁੰਦਾ ਹੈ।
ਮਾਂ ਨੇ ਸੋਚਿਆ‘ਧੀ ਕੋਲ ਸੱਚਮੁਚ ਦਿਲ ਨਹੀਂ ਹੈ ਕੀ?
ਟੀਨਾ ਨੇ ਮਨ ਹੀ ਮਨ ਕਿਹਾ, ‘ਬੇਕਾਰ ’ਚ ਜੀਭ ਦਾ ਇਸਤੇਮਾਲ ਕੀਤਾ, ਬਟਨ ਹੀ ਦੱਬ ਦਿੰਦੀ ਤਾਂ…’
                                      -0-