Monday, December 27, 2010

ਉਰਦੂ / ਹਾਲ

ਵਾਜਿਦ ਅਲੀ ਅੰਜੁਮ
ਨੂਰਾ ਅੱਜ ਬਹੁਤ ਉਦਾਸ ਹੋ ਘਰ ਜਾ ਰਿਹਾ ਸੀ। ਇੰਜ ਲਗਦਾ ਸੀ ਜਿਵੇਂ ਕੋਈ ਵੱਡਾ ਜੁਰਮ ਕਰਕੇ ਜਾ ਰਿਹਾ ਹੋਵੇ। ਸਕੂਲ ਵਿਚ ਉਹਦਾ ਅੱਜ ਪਹਿਲਾ ਦਿਨ ਸੀ ਤੇ ਉਹਨੂੰ ਘੜੀ-ਮੁੜੀ ਆਪਣੀ ਮਾਂ ਦੇ ਉਹ ਸ਼ਬਦ ਯਾਦ ਆ ਰਹੇ ਸਨ, ‘ਪੁੱਤਰ, ਜਿਵੇਂ ਮੈਂ ਤੇਰੀ ਮਾਂ ਹਾਂ, ਇਸ ਤਰ੍ਹਾਂ ਧਰਤੀ ਵੀ ਮਾਂ ਹੁੰਦੀ ਹੈ ਤੇ ਉਹਦਾ ਹੱਕ ਜੰਮਣ ਵਾਲੀ ਮਾਂ ਤੋਂ ਵੱਧ ਹੁੰਦਾ ਹੈ। ਜਿਵੇਂ ਤੂੰ ਮੇਰੀ ਗੋਦ ’ਚ ਖੇਡਦਾ ਰਿਹੈਂ, ਉਸੇ ਤਰ੍ਹਾਂ ਧਰਤੀ ਵੀ ਤੁਹਾਨੂੰ ਆਪਣੀ ਗੋਦ ’ਚ ਖਿਡਾਉਂਦੀ ਰਹੀ ਹੈ। ਉਹ ਆਪਣੀ ਛਾਤੀ ’ਤੇ ਸਕੂਲ ਬਣਾ ਕੇ ਦਿੰਦੀ ਹੈ ਤਾਂ ਜੋ ਤੁਸੀਂ ਪੜ੍ਹ-ਲਿਖਕੇ ਧਰਤੀ ਮਾਂ ਦੇ ਵਫਾਦਾਰ ਤੇ ਚੰਗੇ ਇਨਸਾਨ ਬਣ ਸਕੋ।’
ਮਾਂ ਦੀਆਂ ਇਹ ਗੱਲਾਂ ਸੁਣ ਕੇ ਨੂਰੇ ਦਾ ਧਰਤੀ ਨਾਲ ਪਿਆਰ ਹੋਰ ਵੀ ਵਧ ਗਿਆ ਸੀ। ਅੱਜ ਜਦੋਂ ਸਕੂਲ ਵਿਚ ਉਹ ਮਾਸਟਰ ਹੋਰਾਂ ਦਾ ਦਿੱਤਾ ਸਬਕ ਯਾਦ ਕਰ ਰਿਹਾ ਸੀ, ਜਿਹੜਾ ਕਿ ਓਪਰੀ ਜ਼ਬਾਨ ਵਿਚ ਸੀ, ਤਾਂ ਉਹਨੂੰ ਇੰਜ ਜਾਪਿਆ ਜਿਵੇਂ ਉਹ ਆਪਣੀ ਸੱਕੀ ਮਾਂ ਦੀ ਛਾਤੀ ਉੱਤੇ ਬਹਿ ਕੇ ਉਹਦੇ ਖਿਲਾਫ਼ ਬੋਲ ਰਿਹਾ ਹੋਵੇ।
-0-

Monday, December 20, 2010

ਹਿੰਦੀ/ਪਾਲਣਹਾਰ


ਚੇਤਨਾ ਭਾਟੀ

ਫਾਰਮ ਹਾਊਸ ਦੇ ਚੌਕੀਦਾਰ ਦੀ ਪਤਨੀ ਦਾ ਵਧਿਆ ਹੋਇਆ ਪੇਟ ਦੇਖ ਕੇ ਸਾਹਬ ਵਰ੍ਹ ਪਏ, ਇਹ ਕੀ, ਇਕ ਹੋਰ ਬੱਚਾ! ਲਾਈਨ ਲਾਈ ਜਾ ਰਿਹੈ ਸਾਲਾ, ਖੁਆਊਗਾ ਕਿੱਥੋਂ? ਪਾਲੂਗਾ ਕਿਵੇਂ?
ਮੇਮ ਸਾਹਬ ਨੇ ਹੌਲੇ ਜਿਹੇ ਸ਼ਾਂਤ ਕੀਤਾ, ਇਹ ਉਹਦਾ ਨਿਜੀ ਮਾਮਲਾ ਐ।
ਠੀਕ ਐ, ਪਰ…ਸਾਹਬ ਹੈਰਾਨੀ ਭਰਿਆ ਗੁੱਸਾ ਪੀ ਕੇ ਚੁੱਪ ਕਰ ਗਏ।
ਕੁਝ ਦਿਨਾਂ ਬਾਦ ਸਾਹਬ ਤੇ ਮੇਮ ਸਾਹਬ ਫਿਰ ਫਾਰਮ ਹਾਊਸ ਗਏ। ਚੌਕਾਦਾਰ ਦੇ ਘਰ ਬੱਚੇ ਦਾ ਜਨਮ ਹੋ ਚੁੱਕਾ ਸੀ।
ਚੌਕੀਦਾਰ ਨੇ ਆਪਣੇ ਪਹਿਲੇ ਬੱਚੇ ਨੂੰ ਕਿਹਾ, ਜਾ ਸਾਬ ਔਰ ਮੇਮ ਸਾਬ ਕੇ ਲਿਏ ਪਾਣੀ ਲੇ ਕੇ ਆ।
ਬੱਚਾ ਪਾਣੀ ਲੈਣ ਜਾ ਰਿਹਾ ਸੀ। ਇੱਧਰ ਉਹ ਸਾਹਬ ਨੂੰ ਕਹਿ ਰਿਹਾ ਸੀ, ਸਾਬਜੀ, ਰਾਮਡ਼ੇ ਕੋ ਆਪ ਅਪਣੇ ਸਾਥ ਲੇ ਜਾਓ, ਘਰ ਕਾ ਕਾਮ ਕਰੇਗਾ।
ਕੰਮ ਕਰੇਗਾ! ਓਏ, ਅਜੇ ਉਹ ਛੋਟਾ ਐ, ਸਿਰਫ ਪੰਜ ਸਾਲ ਦਾ ਈ ਐ।ਸਾਹਬ ਹੈਰਾਨ ਸਨ।
ਕਾਯਕਾ ਛੋਟਾ ਸਾਬਜੀ, ਛਟੇ ਮੇਂ ਚਲ ਰਿਓ ਐ।ਚੌਕੀਦਾਰ ਬੋਲਿਆ।
ਫਿਰ ਕਦੇ ਦੇਖਾਂਗੇ।ਗੱਲ ਟਾਲਦੇ ਹੋਏ ਮੇਮ ਸਾਹਬ ਬੋਲੀ। ਫਿਰ ਵਿਅੰਗ ਨਾਲ ਮੁਸਕਰਾਉਂਦੇ ਹੋਏ ਸਾਹਬ ਦੀਆਂ ਅੱਖਾਂ ਵਿਚ ਦੇਖਣ ਲੱਗੀ ਜਿਵੇਂ ਕਹਿ ਰਹੀ ਹੋਵੇ ਕਿ‘ਬਹੁਤ ਚਿੰਤਾ ਸੀ ਨਾ ਤੁਹਾਨੂੰ ਕਿ ਪਾਲੂਗਾ ਕਿਵੇਂ? ਲਓ, ਪਲ ਗਿਆ। ਬੱਸ ਇਤਨਾ ਹੀ ਕਰਦੇ ਨੇ ਇਹ।
                                                   -0-

Tuesday, December 14, 2010

ਹਿੰਦੀ/ਕਾਲਾ ਅੱਖਰ

ਆਕਾਂਕਸ਼ਾ ਯਾਦਵ

ਬਚਪਣ ਤੋਂ ਲਿਖੀਆਂ ਗਈਆਂ ਕਵਿਤਾਵਾਂ ਨੂੰ ਕਾਵਿ-ਸੰਗ੍ਰਹਿ ਦੇ ਰੂਪ ਵਿਚ ਛਪਵਾਉਣ ਦਾ ਮਾਲਤੀ ਨੂੰ ਬਹੁਤ ਚਾਅ ਸੀ। ਇਸ ਸਬੰਧੀ ਉਸ ਨੇ ਕਈ ਪ੍ਰਕਾਸ਼ਕਾਂ ਨਾਲ ਸੰਪਰਕ ਵੀ ਕੀਤਾ, ਪਰ ਨਿਰਾਸ਼ਾ ਹੀ ਹੱਥ ਲੱਗੀ। ਮਾਲਤੀ ਕਾਲਿਜ ਵਿਚ ਹਿੰਦੀ ਦੀ ਲੈਕਚਰਾਰ ਸੀ ਤੇ ਨਾਲ ਹੀ ਚੰਗੀ ਕਵਿੱਤਰੀ ਵੀ। ਕਾਫੀ ਕੋਸ਼ਿਸ਼ਾਂ ਮਗਰੋਂ ਇਕ ਪ੍ਰਕਾਸ਼ਕ ਨੇ ਮਾਲਤੀ ਦਾ ਕਾਵਿ-ਸੰਗ੍ਰਹਿ ਪ੍ਰਕਾਸ਼ਤ ਕਰ ਹੀ ਦਿੱਤਾ। ਪ੍ਰਕਾਸ਼ਕ ਨੇ ਮਾਲਤੀ ਦੇ ਕਾਲਿਜ ਦੇ ਹਾਲ ਵਿਚ ਹੀ ਪੁਸਤਕ ਨੂੰ ਰਿਲੀਜ ਕਰਨ ਦਾ ਪ੍ਰਬੰਧ ਵੀ ਕਰ ਦਿੱਤਾ।

ਅੱਜ ਕਾਲਿਜ ਦੇ ਕਈ ਕੁਲੀਗ ਸਵੇਰ ਤੋਂ ਹੀ ਮਾਲਤੀ ਨੂੰ ਪ੍ਰਕਾਸ਼ਕ ਅਤੇ ਮੰਤਰੀ ਜੀ ਵੱਲੋਂ ਉਸਦੇ ਸੰਗ੍ਰਹਿ ਦੀ ਪ੍ਰਸਤਾਵਿਤ ‘ਘੁੰਡ-ਚੁਕਾਈ’ ਦੀ ਰਸਮ ਲਈ ਵਧਾਈ ਦੇ ਰਹੇ ਸਨ। ਮਾਲਤੀ ਦਾ ਮਨ ਨਹੀਂ ਸੀ ਕਿ ਕਾਵਿ-ਸੰਗ੍ਰਹਿ ਦੀ ਘੁੰਡ-ਚੁਕਾਈ ਮੰਤਰੀ ਜੀ ਕਰਨ। ਉਹ ਚਾਹੁੰਦੀ ਸੀ ਕਿ ਇਹ ਰਸਮ ਕਿਸੇ ਵੱਡੇ ਸਾਹਿਤਕਾਰ ਵੱਲੋਂ ਨਿਭਾਈ ਜਾਵੇ ਤਾਕਿ ਸਾਹਿਤ-ਜਗਤ ਵਿਚ ਉਸਦੇ ਪ੍ਰਵੇਸ਼ ਨੂੰ ਗੰਭੀਰਤਾ ਨਾਲ ਲਿਆ ਜਾਵੇ। ਨਾਲ ਹੀ ਇਸ ਸੰਗ੍ਰਹਿ ਬਾਰੇ ਚੰਗੀ ਚਰਚਾ ਵੀ ਹੋ ਸਕੇ। ਪਰ ਪ੍ਰਕਾਸ਼ਕ ਨੇ ਉਸਨੂੰ ਸਮਝਾਇਆ ਕਿ ਕਾਵਿ-ਸੰਗ੍ਰਹਿ ਦੀ ਘੁੰਡ-ਚੁਕਾਈ ਮੰਤਰੀ ਜੀ ਵੱਲੋਂ ਹੋਣ ਤੇ ਪੁਸਤਕ ਦੀ ਵਿਕਰੀ ਜ਼ਿਆਦਾ ਹੋਵੇਗੀ। ਲਾਇਬ੍ਰਰੀਆਂ ਅਤੇ ਸਰਕਾਰੀ ਸੰਸਥਾਵਾਂ ਵਿਚ ਮੰਤਰੀ ਜੀ ਪੁਸਤਕ ਨੂੰ ਸਿੱਧੇ ਲੁਵਾ ਵੀ ਸਕਦੇ ਹਨ। ਅਗਾਂਹ ਇਸ ਨਾਲ ਲਾਭ ਹੀ ਲਾਭ ਹੋਵੇਗਾ।

ਆਪਣੇ ਰੁਝੇਵਿਆਂ ਵਿੱਚੋਂ ਥੋਡ਼ਾ ਸਮਾ ਕੱਢ ਕੇ ਮੰਤਰੀ ਜੀ ਸ਼ਾਮ ਨੂੰ ਤਿੰਨ ਘੰਟੇ ਦੇਰੀ ਨਾਲ ਪਹੁੰਚੇ। ਮੰਤਰੀ ਜੀ ਦੇ ਪਹੁੰਚਦੇ ਹੀ ਹਲਚਲ ਸ਼ੁਰੂ ਹੋ ਗਈ। ਮੀਡੀਆ ਵਾਲੇ ਫਲੈਸ਼ ਚਮਕਾਉਣ ਲੱਗੇ। ਮੰਤਰੀ ਜੀ ਨੇ ਮਾਲਤੀ ਦੀ ਪੁਸਤਕ ਦੀ ‘ਘੁੰਡ-ਚੁਕਾਈ’ ਦੀ ਰਸਮ ਅਦਾ ਕੀਤੀ। ਦਰਸ਼ਕਾਂ ਦੀਆਂ ਜ਼ੋਰਦਾਰ ਤਾਡ਼ੀਆਂ ਵਿਚਕਾਰ ਮਾਲਤੀ ਨੇ ਆਏ ਵਿਸ਼ੇਸ਼ ਮਹਿਮਾਨਾਂ ਨੂੰ ਬਡ਼ੇ ਉਤਸਾਹ ਨਾਲ ਆਪਣੀ ਪੁਸਤਕ ਦੀਆਂ ਪ੍ਰਤੀਆਂ ਭੇਂਟ ਕੀਤੀਆਂ। ਆਪਣੇ ਪਹਿਲੇ ਕਾਵਿ-ਸੰਗ੍ਰਹਿ ਦੇ ਪ੍ਰਕਾਸ਼ਕ ਤੋਂ ਮਾਲਤੀ ਬਹੁਤ ਖੁਸ਼ ਸੀ।

ਮੰਤਰੀ ਜੀ ਨੇ ‘ਘੁੰਡ-ਚੁਕਾਈ’ ਦੀ ਰਸਮ ਤੋਂ ਬਾਦ ਹਾਜ਼ਰ ਲੋਕਾਂ ਨੂੰ ਲੰਮਾ ਭਾਸ਼ਣ ਦਿੱਤਾ। ਮਾਲਤੀ ਸੋਚ ਰਹੀ ਸੀ ਕਿ ਮੰਤਰੀ ਜੀ ਉਸ ਨੂੰ ਪੁਸਤਕ ਲਈ ਵਧਾਈ ਦੇਣਗੇ। ਪਰ ਮੰਤਰੀ ਜੀ ਤਾਂ ਆਪਣੇ ਗੁਣਗਾਣ ਵਿਚ ਹੀ ਲੱਗੇ ਰਹੇ। ਭਾਸ਼ਣ ਮਗਰੋਂ ਮੰਤਰੀ ਜੀ ਬਾਹਰ ਨਿਕਲ ਗਏ। ਮੰਤਰੀ ਜੀ ਜਾਂ ਉਹਨਾਂ ਦੇ ਸਟਾਫ ਨੇ ਮਾਲਤੀ ਦੀ ਪੁਸਤਕ ਨੂੰ ਨਾਲ ਲਿਜਾਣ ਦੀ ਖੇਚਲ ਵੀ ਨਹੀਂ ਕੀਤੀ।

ਮਾਲਤੀ ਉਸ ਹਾਲ ਵਿਚ ਇਕੱਲੀ ਰਹਿ ਗਈ ਸੀ। ਉਸਨੇ ਚਾਰੇ ਪਾਸੇ ਦੇਖਿਆ। ਉਸਨੇ ਖੱਦਰਧਾਰੀਆਂ ਨੂੰ ਬਡ਼ੇ ਉਤਸਾਹ ਨਾਲ ਆਪਣੀ ਪੁਸਤਕ ਦੀਆਂ ਜੋ ਪ੍ਰਤੀਆਂ ਭੇਂਟ ਕੀਤੀਆ ਸਨ, ਉਹ ਸਭ ਕੁਰਸੀਆਂ ਉੱਪਰ ਪਈਆਂ ਸਨ। ਕੁਝ ਪੁਸਤਕਾਂ ਤਾਂ ਹੇਠਾਂ ਜ਼ਮੀਨ ਉੱਤੇ ਡਿੱਗੀਆਂ ਹੋਈਆਂ ਸਨ। ਉਹਦੇ ਕੰਨਾਂ ਵਿਚ ਪ੍ਰਕਾਸ਼ਕ ਦੇ ਸ਼ਬਦ ਗੂੰਜ ਰਹੇ ਸਨ ਕਿ ਮੰਤਰੀ ਜੀ ਹੱਥੋਂ ‘ਘੁੰਡ-ਚੁਕਾਈ’ ਦੀ ਰਸਮ ਹੋਣ ਤੇ ਪੁਸਤਕ ਦੀ ਵਿਕਰੀ ਜ਼ਿਆਦਾ ਹੋਵੇਗੀ।

-0-

Monday, December 6, 2010

ਹਿੰਦੀ/ ਚੂੜੀਆਂ


 ਸੁਧਾ ਭਾਰਗਵ

ਮਾਸੀ, ਇਹ ਚੂੜੀਆਂ ਰੱਖ ਲੈ।
ਇਹ ਤਾਂ ਬਹੁਤ ਸੋਹਣੀਆਂ ਹਨ! ਤੂੰ ਬਣਾਈਆਂ ਨੇ ਸੰਤੋ?
ਹਾਂ, ਇਹ ਮੈਂ ਆਪਣੇ ਵਿਆਹ ’ਚ ਪਾਊਂਗੀ। ਮੇਰੇ ਹੱਥਾਂ ’ਚ ਬਹੁਤ ਫੱਬਣਗੀਆਂ। ਮਾਂ ਨੂੰ ਨਾ ਦੱਸੀਂ, ਨਹੀਂ ਤਾਂ ਉਹ ਪਾ ਲੂਗੀ।ਕਹਿੰਦੇ-ਕਹਿੰਦੇ ਸੰਤੋ ਹੱਫਣ ਲੱਗੀ। ਜ਼ੋਰ ਦੀ ਖੰਘ ਆਈ, ਢੇਰ ਸਾਰਾ ਖੂਨ ਨਿਕਲਿਆ।
ਮਾਸੀ ਘਬਰਾ ਗਈ। ਗਰਮ ਪਾਣੀ ਨਾਲ ਕੁਰਲੇ ਕਰਵਾ ਕੇ ਉਸਨੂੰ ਚਾਹ ਪਿਆਈ। ਸੀਨੇ ਵਿਚ ਸੇਕ ਪਹੁੰਚਦੇ ਹੀ ਸੰਤੋ ਤਾਂ ਸੌਂ ਗਈ, ਪਰ ਮਾਸੀ ਭੈਭੀਤ ਹਿਰਨੀ ਵਾਂਗ ਉਸਨੂੰ ਦੇਖਣ ਲੱਗੀ।
ਨੀਂਦ ਖੁੱਲ੍ਹਣ ਉੱਤੇ ਸੰਤੋ, ਮਾਸੀ ਦੀਆਂ ਨਜ਼ਰਾਂ ਦਾ ਸਾਹਮਣਾ ਨਹੀਂ ਕਰ ਸਕੀ। ਸ਼ੱਕ ਦੀ ਚਾਦਰ ਨੇ ਉਸਨੂੰ ਢਕ ਲਿਆਕਿਤੇ ਮਾਸੀ ਨੂੰ ਮੇਰੀ ਬੀਮਾਰੀ ਦਾ ਪਤਾ ਤਾਂ ਨਹੀਂ ਲੱਗ ਗਿਆ?
ਮਾਸੀ ਦੀ ਘੁਟਣ ਬਾਹਰ ਆਈ, ਬੇਟੀ, ਆਪਣੀ ਸਿਹਤ ਦਾ ਧਿਆਨ ਰੱਖੀਂ, ਕਿਤੇ ਤੇਰਾ ਸੁਫਨਾ ਅਧੂਰਾ ਨਾ ਰਹਿ ਜਾਵੇ।
ਕੋਈ ਖਾਸ ਗੱਲ ਨਹੀਂ ਹੈ। ਦਵਾਈ ਤਾਂ ਰੋਜ਼ ਪੀਂਦੀ ਆਂ।ਸੰਤੋ ਨੇ ਝੂਠ ਦਾ ਪੈਬੰਦ ਲਾਉਣ ਦੀ ਕੋਸ਼ਿਸ਼ ਕੀਤੀ।
ਸੱਚ ਕੁਝ ਹੋਰ ਹੀ ਸੀ। ਚੂੜੀਆਂ ਦੀ ਫੈਕਟਰੀ ਦੀ ਕੱਚ ਦੀ ਧੂੜ ਉਹਦੇ ਫੇਫੜਿਆਂ ਵਿਚ ਗਹਿਰੀ ਜੰਮ ਗਈ ਸੀ। ਉਹਨੂੰ ਲਗਦਾ ਕੱਚ ਦੇ ਬਰੀਕ ਟੁਕੜੇ ਉਹਦੇ ਅੰਗ-ਅੰਗ ਨੂੰ ਵਿਨ੍ਹੀਂ ਜਾ ਰਹੇ ਹਨ। ਨਾ ਤਾਂ ਉਹਨਾਂ ਨੂੰ ਉਹ ਕੱਢ ਸਕਦੀ ਹੈ ਤੇ ਨਾ ਹੀ ਸਹਿ ਸਕਦੀ ਹੈ।
ਡੂੰਘਾ ਸਾਹ ਛੱਡਦੇ ਹੋਏ ਮਾਸੀ ਨੇ ਸੁਝਾਅ ਦਿੱਤਾ, ਕੁਝ ਦਿਨ ਦੀ ਛੁੱਟੀ ਲੈ ਲੈ।
ਕਿਵੇਂ ਲੈ ਲਾਂ! ਚੂੜੀਆਂ ਦੀ ਕਾਂਟ-ਛਾਂਟ ’ਚ ਮੇਰੇ ਵਰਗਾ ਹੱਥ ਕਿਸੇ ਦਾ ਨਹੀਂ।ਸੰਤੋ ਦਾ ਜਵਾਬ ਸੀ, ਮਾਲਕ ਮੇਰੀ ਤਾਰੀਫ ਕਰਦੇ ਨਹੀਂ ਥੱਕਦੇ। ਮੈਨੂੰ ਮਜ਼ਦੂਰੀ ਦਿਨ ਦੇ ਹਿਸਾਬ ਨਾਲ ਮਿਲਦੀ ਐ, ਮਾਂ ਨੇ ਤਾਂ ਇਕ ਦਿਨ ਘਰ ਨਹੀਂ ਬਹਿਣ ਦੇਣਾ।
ਸੰਤੋ ਹੱਸਦੀ ਹੋਈ ਚਲੀ ਗਈ। ਪਰ ਉਹਦਾ ਹਾਸਾ ਛੇਤੀ ਹੀ ਖਤਮ ਹੋ ਗਿਆ। ਜ਼ਿੰਦਗੀ ਦੇ ਸੋਲ੍ਹਾਂ ਬਸੰਤ ਦੇਖਣ ਤੋਂ ਬਹੁਤ ਪਹਿਲਾਂ ਸਿਰਫ ਤੇਰ੍ਹਾਂ ਸਾਲ ਦੀ ਉਮਰ ਵਿਚ ਹੀ ਉਹਨੇ ਇਸ ਬੇਰਹਿਮ ਸਮਾਜ ਤੋਂ ਛੁਟਕਾਰਾ ਪਾ ਲਿਆ। ਜਿਉਂਦੇ ਜੀ ਉਹਦੀ ਖਾਹਿਸ਼ ਪੂਰੀ ਨਾ ਹੋ ਸਕੀ। ਮ੍ਰਿਤਕ ਦੇਹ ਨੂੰ ਚਿਤਾ ਉੱਤੇ ਰੱਖਦੇ ਸਮੇਂ ਲੋਕਾਂ ਨੇ ਦੇਖਿਆ ਉਹਦੇ ਹੱਥਾਂ ਵਿਚ ਮੀਨੇ ਵਾਲੀਆਂ ਦਰਜਨ ਭਰ ਲਾਲ-ਹਰੀਆਂ ਚੂੜੀਆਂ ਝਿਲਮਿਲਾ ਰਹੀਆਂ ਸਨ।
                                                 -0-

Monday, November 29, 2010

ਹਿੰਦੀ/ ਪਿਆਰ ਦੀ ਜਿੱਤ

 ਨਿਰਮਲਾ ਸਿੰਘ

ਪੰਜ ਸਾਲ ਹੋ ਗਏ ਰੀਨਾ ਦੇ ਅੰਤਰਜਾਤੀ ਵਿਆਹ ਹੋਏ ਨੂੰ। ਸੁੱਖ-ਦੁੱਖ ਤੇ ਤੀਜ-ਤਿਉਹਾਰ ਮੌਕੇ ਹੀ ਰੀਨਾ ਪੇਕੇ ਜਾਂਦੀ ਸੀ। ਪਰ ਪਿਤਾ ਦੇ ਬੀਮਾਰ ਪੈ ਜਾਣ ਕਾਰਨ ਰੀਨਾ ਹਫਤੇ ਵਿਚ ਇਕ-ਦੋ ਵਾਰ ਪੇਕੇ ਆ ਜਾਂਦੀ ਹੈ। ਪਿਤਾ ਦੀ ਦੇਖਭਾਲ ਤੇ ਸੇਵਾ ਕਰਦੀ ਹੈ। ਉਹਦੀ ਸੇਵਾ ਨਾਲ ਪਿਤਾ ਦਾ ਪੱਥਰ-ਦਿਲ ਮੋਮ ਵਾਂਗ ਪਿਘਲ ਗਿਆ। ਕਿਸੇ ਨੂੰ ਪਤਾ ਹੀ ਨਹੀਂ ਲੱਗਾ, ਜਾਇਦਾਦ ਤੋਂ ਬੇਦਖਲ ਕੀਤੀ ਗਈ ਰੀਨਾ ਨੂੰ ਨਵੀਂ ਵਸੀਅਤ ਰਾਹੀਂ ਫਿਰ ਉਸਦਾ ਹਿੱਸਾ ਮਿਲ ਗਿਆ।
ਪਿਉ-ਧੀ ਦਾ ਵਧਦਾ ਪਿਆਰ ਦੇਖ ਕੇ ਪੁੱਤਰ ਦੁਖੀ ਹੋ ਗਿਆ। ਇਕ ਦਿਨ ਆਪਣੀ ਪਤਨੀ ਨੂੰ ਕਹਿਣ ਲੱਗਾ, ਇਹ ਸਭ ਕੀ ਹੋ ਰਿਹੈ? ਏਨੀਆਂ ਕੋਸ਼ਿਸ਼ਾਂ ਕਰ ਕੇ ਮਸਾਂ ਪਿਤਾ ਜੀ ਦਾ ਰੀਨਾ ਨਾਲ ਸਬੰਧ ਤੁਡ਼ਵਾਇਆ ਸੀ। ਪਰ ਫਿਰ ਸਭ ਗਡ਼ਬਡ਼ ਹੋ ਗਈ…।
ਹਾਰੇ ਹੋਏ ਜੁਆਰੀ ਵਾਂਗ ਪਤਨੀ ਬੋਲੀ, ਹੁਣ ਤਾਂ ਸਭ ਖਤਮ ਹੋ ਗਿਆ। ਤੁਸੀਂ ਤਾਂ ਬਸ ਦੇਖਦੇ ਰਹੇ, ਪਿਤਾ ਜੀ ਨੇ ਤੁਹਾਡੀ ਭੈਣ ਨੂੰ ਉਹਦੇ ਹਿੱਸੇ ਦੀ ਜਾਇਦਾਦ ਦੇ ਦਿੱਤੀ,ਉਹ ਫਿਰ ਉੱਚੀ ਆਵਾਜ਼ ਵਿਚ ਬੋਲੀ, ਇਹ ਸਭ ਤੁਹਾਡੀ ਈ ਗਲਤੀ ਐ, ਭੈਣ ਦਾ ਆਉਣਾ-ਜਾਣਾ ਰੋਕਣਾ ਸੀ।
ਓਏ, ਮੈਂ ਕਿਵੇਂ ਰੋਕ ਸਕਦਾ ਸੀ ਧੀ ਨੂੰ ਪਿਉ ਨਾਲ ਮਿਲਣ ਤੋਂ? ਉਹ ਤਾਂ ਸੇਵਾ ਕਰਨ ਆਉਂਦੀ ਸੀ ਤੇ ਜਿੱਤ ਗਈ। ਉਂਜ ਵੀ ਉਹ ਸ਼ੁਰੂ ਤੋਂ ਹਮੇਸ਼ਾ ਜਿੱਤਦੀ ਈ ਆਈ ਐ, ਚਾਹੇ ਖੇਡ ਹੋਵੇ, ਡਿਬੇਟ ਹੋਵੇ। ਉਹ ਕਲਾਸ ’ਚ ਵੀ ਸਦਾ ਫਸਟ ਆਉਂਦੀ ਰਹੀ ਐ। ਉਹ ਇਸ ਖੇਡ ’ਚ ਵੀ ਜਿੱਤ ਗਈ।
ਬਾਹਰ ਦਰਵਾਜੇ ਉੱਤੇ ਖਡ਼ੀ ਰੀਨਾ ਸਭ ਸੁਣ ਰਹੀ ਸੀ। ਉਹਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਉਹ ਹੌਲੇ ਜਿਹੇ ਕਮਰੇ ਵਿਚ ਆ ਕੇ ਬੋਲੀ, ਵੀਰੇ, ਇਹ ਤਾਂ ਸਹੀ ਐ ਕਿ ਮੈਂ ਸਦਾ ਜਿੱਤੀ ਆਂ, ਪਰ ਇਹ ਖੇਡ ਨਹੀਂ, ਪਿਉ-ਧੀ ਦਾ ਪਿਆਰ ਐ ਤੇ ਜਿੱਤ ਸਦਾ ਪਿਆਰ ਦੀ ਹੁੰਦੀ ਐ।
                                            -0-

Thursday, November 18, 2010

ਹਿੰਦੀ/ ਮਿਸ ਹੋਸਟਲ


 ਸ਼ੇਫਾਲੀ ਪਾਂਡੇ

ਅੱਜ ਹੋਸਟਲ ਵਿਚ ਬਹੁਤ ਗਹਿਮਾਗਹਿਮੀ ਸੀ। ਸਾਰੀਆਂ ਸੀਨੀਅਰ ਵਿਦਿਆਰਥਣਾਂ  ਵਿੱਚੋਂ ਅੱਜ ਕਿਸੇ ਇਕ ਦੇ ਸਿਰ ‘ਮਿਸ ਹੋਸਟਲ’ ਦਾ ਤਾਜ ਸਜਣ ਵਾਲਾ ਸੀ। ਵਿਸ਼ਵ ਪੱਧਰ ਦੀਆਂ ਪ੍ਰਤਿਯੋਗਤਾਵਾਂ ਦੀ ਤਰ੍ਹਾਂ ਕਈ ਰਾਊਂਡ ਹੋਏ ਸਨ। ਆਖਰੀ ਰਾਊਂਡ ਪ੍ਰਸ਼ਨ-ਉੱਤਰ ਦਾ ਸੀ, ਜਿਸਦੇ ਅਧਾਰ ਉੱਤੇ ‘ਮਿਸ ਹੋਸਟਲ’ ਨੂੰ ਚੁਣਿਆ ਜਾਣਾ ਸੀ।
ਪ੍ਰਸ਼ਨ-ਉੱਤਰ ਰਾਊਂਡ ਮਗਰੋਂ ਜਿਸ ਵਿਦਿਆਰਥਣ ਨੂੰ ਗੱਤੇ ਦਾ ਬਣਿਆ ਚਮਕੀਲਾ ਤਾਜ ਪਹਿਣਾਇਆ ਗਿਆ ਉਸਨੇ ਅਪਣੇ ਪ੍ਰਭਾਵਸ਼ਾਲੀ ਉੱਤਰ ਨਾਲ ਸਭ ਵਿਦਿਆਰਥਣਾਂ ਦਾ ਦਿਲ ਜਿੱਤ ਲਿਆ।
ਉਸਨੂੰ ਪੁੱਛਿਆ ਗਿਆ ਸੀ, ਜਾਂਦੀ ਵਾਰ ਦੁਨੀਆਂ ਨੂੰ ਕੀ ਦੇ ਕੇ ਜਾਉਗੇ ਤੁਸੀਂ?
ਮੈਂ ਆਪਣੀਆਂ ਅੱਖਾਂ ਤੇ ਗੁਰਦੇ ਦਾਨ ਕਰਕੇ ਜਾਊਂਗੀ ਤਾਕਿ ਇਹ ਕਿਸੇ ਲੋਡ਼ਵੰਦ ਦੇ ਕੰਮ ਆ ਸਕਣ।
ਤਾਡ਼ੀਆਂ ਦੀ ਗਡ਼ਗਡ਼ਾਹਟ ਦੇ ਨਾਲ ਉਸਨੂੰ ਤਾਜ ਪਹਿਣਾਇਆ ਗਿਆ। ਸਾਰੀਆਂ ਵਿਦਿਆਰਥਣਾਂ ਨੇ ਉਹਦੇ ਨਾਲ ਤਸਵੀਰਾਂ ਖਿਚਵਾਈਆਂ। ਪੂਰੇ ਹੋਸਟਲ ਅਤੇ ਕਾਲਿਜ ਵਿਚ ਉਸਦੇ ਉੱਚ ਵਿਚਾਰਾਂ ਦੀ ਚਰਚਾ ਹੋਈ।
ਕੁਝ ਸਮੇਂ ਬਾਦ ਪਰੀਖਿਆਵਾਂ ਖਤਮ ਹੋਈਆਂ। ਸਭ ਵਿਦਿਆਰਥਣਾਂ ਆਪਣੇ-ਆਪਣੇ ਘਰਾਂ ਨੂੰ ਮੁਡ਼ਨ ਲੱਗੀਆਂ। ਮਿਸ ਹੋਸਟਲ ਨੇ ਵੀ ਸਮਾਨ ਬੰਨ੍ਹ ਲਿਆ। ਉਹ ਆਪਣੀ ਰੂਮ-ਮੇਟ ਨਾਲ ਪੁਰਾਣੀਆਂ ਗੱਲਾਂ ਨੂੰ ਯਾਦ ਕਰ ਰਹੀ ਸੀ। ਗੱਲਾਂ-ਗੱਲਾਂ ਵਿਚ ਹੀ ਉਹਨੂੰ ਗੁੱਸਾ ਚਡ਼੍ਹ ਗਿਆ। ਉਹ ਬੋਲੀ, ਏਨੇ ਸਡ਼ੇ ਹੋਸਟਲ ’ਚ ਦੋ ਸਾਲ ਗੁਜ਼ਾਰਨਾ ਨਰਕ ਸਮਾਨ ਸੀ। ਚੌਂਦੀਆਂ ਹੋਈਆਂ ਛੱਤਾਂ, ਗੰਦਾ ਖਾਣਾ, ਪਾਣੀ ਦੀ ਸਮੱਸਿਆ, ਟਾਇਲੇਟ ਦੀ ਗੰਦਗੀ ਤੇ ਸਭ ਤੋਂ ਖਤਰਨਾਕ ਇਹ ਲਮਕਦੀਆਂ ਹੋਈਆਂ ਤਾਰਾਂ। ਉਫ! ਕਦੇ ਦੁਬਾਰਾ ਨਾ ਆਉਣਾ ਪਵੇ ਅਜਿਹੇ ਹੋਸਟਲ ’ਚ।
ਰੂਮ-ਮੇਟ ਨੇ ਉਹਦੀ ਹਾਂ ਵਿਚ ਹਾਂ ਮਿਲਾਈ ਤਾਂ ਉਸਦਾ ਗੁੱਸਾ ਹੋਰ ਵੀ ਭਡ਼ਕ ਗਿਆ।
ਜਦੋਂ ਮੈਂ ਇੱਥੇ ਆਈ ਸੀ ਤਾਂ ਇਸ ਕਮਰੇ ’ਚ ਨਾ ਕੋਈ ਬੱਲਬ ਸੀ ਨਾ ਟਿਊਬ-ਰਾਡ, ਨਾ ਹੀ ਸਿਵਿੱਚ-ਬੋਰਡ। ਵਾਰਡਨ ਨੂੰ  ਸ਼ਿਕਾਇਤ ਕੀਤੀ ਤਾਂ ਉਸਨੇ ਕਿਹਾ, ਅਸੀਂ ਕੀ ਕਰੀਏ, ਜਿੰਨਾਂ ਯੂਨੀਵਰਸਿਟੀ ਦੇਊਗੀ, ਓਨਾ ਹੀ ਤਾਂ ਖਰਚਾਂਗੇ।…ਸਭ ਕੁਝ ਮੈਨੂੰ ਖਰੀਦਣਾ ਪਿਆ, ਆਪਣੀ ਪਾਕਿਟਮਨੀ ’ਚੋਂ। ਇਨ੍ਹਾਂ ਨੂੰ ਆਪਣੇ ਨਾਲ ਲਿਜਾ ਤਾਂ ਨਹੀਂ ਸਕਦੀ, ਪਰ ਜੇਕਰ ਇਹ ਸਵਿੱਚ-ਬੋਰਡ ਉਖਾਡ਼ ਕੇ ਤੇ ਲਾਈਟਾਂ ਭੰਨ ਕੇ ਨਹੀਂ ਜਾਵਾਂਗੀ ਤਾਂ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ।
ਮਿਸ ਹੋਸਟਲ ਆਪਣੇ ਉੱਤੇ ਕਾਬੂ ਨਹੀਂ ਰੱਖ ਸਕੀ। ਉਹਨੇ ਇਕ ਪੱਥਰ ਲਿਆ ਅਤੇ ਬੱਲਬ ਉੱਤੇ ਨਿਸ਼ਾਨਾ ਲਾਇਆ, ਫਿਰ ਟਿਊਬ-ਰਾਡ ਨੂੰ ਤੋਡ਼ ਦਿੱਤਾ। ਰੋਸ਼ਨੀ ਚੂਰ-ਚੂਰ ਹੋਕੇ ਫਰਸ਼ ਉੱਤੇ ਬਿਖਰ ਗਈ।
                                              -0-


Thursday, November 11, 2010

ਹਿੰਦੀ/ਸਾਂਝਾ ਦਰਦ


ਸੁਦਰਸ਼ਨ ਰਤਨਾਕਰ
ਅਸਮਾਨ ਵਿਚ ਬੱਦਲ ਛਾਏ ਸਨ। ਠੰਡੀ ਹਵਾ ਦੇ ਝੋਕੇ ਅੰਦਰ ਤੀਕ ਕੰਬਾ ਰਹੇ ਸਨ। ਅਜਿਹੇ ਮੌਸਮ ਵਿਚ ਉਹ ਪੂਰੀ ਕਾਲੋਨੀ ਦੇ ਦੋ ਚੱਕਰ ਲਾ ਚੁੱਕਾ ਸੀ। ਪਰੰਤੂ ਕਿਸੇ ਵੀ ਘਰ ਤੋਂ ਉਹਨੂੰ ਮੰਜਾ ਠੀਕ ਕਰਨ ਦਾ ਬੁਲਾਵਾ ਨਹੀਂ ਆਇਆ। ਹੌਂਸਲਾ ਕਰਕੇ ਇਕ-ਦੋ ਘਰਾਂ ਵਿਚ ਤਾਂ ਉਹਨੇ ਦਰਵਾਜਾ ਖਡ਼ਕਾ ਕੇ ਵੀ ਪੁੱਛ ਲਿਆ ਸੀ। ਪਰ ਹਰ ਕਿਤੋਂ ਉੱਤਰ ਮਿਲਿਆ, ਨਹੀਂ ਭਰਾ, ਜਦੋਂ ਮੰਜਾ ਹੀ ਨਹੀਂ ਹੈ ਤਾਂ ਠੀਕ ਕੀ ਕਰਵਾਵਾਂਗੇ।
ਪਾਸ਼ ਕਾਲੋਨੀਆਂ ਵਿਚ ਮੰਜੇ ਰੱਖਣ ਦਾ ਰਿਵਾਜ ਹੀ ਨਹੀਂ ਰਿਹਾ। ਮੱਧ ਵਰਗ ਵਾਲੇ ਇਕ-ਅੱਧ ਮੰਜਾ ਰੱਖ ਲੈਂਦੇ ਹਨ। ਟੁੱਟੀ ਸਾਇਕਲ ਉੱਤੇ ਉਹ ਗਲੀਆਂ ਦਾ ਚੱਕਰ ਲਾਉਂਦਾ ਰਹਿੰਦਾ ਹੈ। ਕਦੇ-ਕਦੇ ਕੰਮ ਮਿਲ ਜਾਂਦਾ ਹੈ। ਪਰ ਇਸ ਨਾਲ ਉਹਦਾ ਤੇ ਪਰਿਵਾਰ ਦਾ ਪੇਟ ਨਹੀਂ ਭਰਦਾ।
ਉਹ ਗੰਦੇ ਨਾਲੇ ਦੇ ਪਾਰ ਵਾਲੀ ਬਸਤੀ ਵਿਚ ਆ ਗਿਆ। ਹੋਕਾ ਦੇ ਹੀ ਰਿਹਾ ਸੀ ਕਿ ਉਹਨੂੰ ਇਕ ਝੌਂਪਡ਼ੀ ਦੇ ਬਾਹਰ ਹੀ ਜੰਗਾਲ ਲੱਗਾ ਲੋਹੇ ਦਾ ਇਕ ਮੰਜਾ ਦਿੱਸ ਗਿਆ। ਉਹਦੀਆਂ ਵਾਛਾਂ ਖਿਡ਼ ਗਈਆਂ। ਜਿਸਦਾ ਮੰਜਾ ਹੈ, ਉਹ ਸ਼ਾਇਦ ਠੀਕ ਕਰਵਾ ਹੀ ਲਵੇ। ਇਹ ਸੋਚਕੇ ਉਹ ਉੱਥੇ ਪਹੁੰਚ ਗਿਆ। ਝੌਂਪਡ਼ੀ ਵਿਚ ਝਾਕ ਕੇ ਦੇਖਿਆ, ਅੰਦਰ ਕੋਈ ਸੌਂ ਰਿਹਾ ਸੀ। ਉਹਨੇ ਆਵਾਜ਼ ਦਿੱਤੀ, ਕਿਉਂ ਭਰਾ, ਮੰਜਾ ਠੀਕ ਕਰਵਾਉਣੈ?
ਆਵਾਜ਼ ਸੁਣਕੇ ਉਹ ਆਦਮੀ ਹਡ਼ਬਡ਼ਾ ਕੇ ਉੱਠ ਬੈਠਾ ਤੇ ਬੋਲਿਆ, ਠੀਕ ਤਾਂ ਕਰਵਾਉਣੈ, ਕਿੰਨੇਂ ਪੈਸੇ ਲਏਂਗਾ?
ਉਹਨੇ ਮੰਜੇ ਨੂੰ ਧਿਆਨ ਨਾਲ ਦੇਖ ਕੇ ਦੱਸਿਆ, ਚਾਲੀ ਰੁਪਏ ਲੱਗਣਗੇ।
ਉਸ ਆਦਮੀ ਦਾ ਚਿਹਰਾ ਉੱਤਰ ਗਿਆ, ਨਹੀਂ ਭਰਾ, ਏਨੇ ਪੈਸੇ ਨਹੀਂ ਹਨ, ਰਹਿਣ ਦੇ।
ਕੁਝ ਘੱਟ ਕਰ ਦੂੰਗਾ, ਠੀਕ ਤਾਂ ਕਰਵਾ ਲੈ।ਉਹ ਬੋਲਿਆ।
ਪੈਸੇ ਹੁੰਦੇ ਤਾਂ ਨਵਾਂ ਮੰਜਾ ਈ ਨਾ ਲੈ ਲੈਂਦਾ। ਸਰਦੀ ’ਚ ਜ਼ਮੀਨ ਤੇ ਸੌਣ ਨਾਲ ਠੰਡ ਲਗਦੀ ਐ। ਮਜ਼ਦੂਰੀ ਕਰਨ ਗਿਆ ਸੀ। ਉੱਥੇ ਇਹ ਮੰਜਾ ਦੇਖ ਕੇ ਮਾਲਕ ਤੋਂ ਮੰਗ ਲਿਆਇਆ। ਕਈ ਦਿਨ ਹੋਗੇ। ਏਨੇ ਪੈਸੇ ਈ ਨਹੀਂ ਹਨ ਕਿ ਠੀਕ ਕਰਵਾ ਲੈਂਦਾ। ਸਿਲ੍ਹਾਬੇ ਫਰਸ਼ ਤੇ ਸੌਣ ਨਾਲ ਠੰਡ ਹੱਡੀਆਂ ’ਚ ਵਡ਼ ਜਾਂਦੀ ਐ। ਅਜੇ ਰਹਿਣ ਦੇ ਭਰਾ, ਫੇਰ ਕਦੇ ਠੀਕ ਕਰਵਾ ਲੂੰਗਾ।ਕਹਿਕੇ ਉਹ ਕੰਬਲ ਮੂੰਹ ਉੱਪਰ ਢਕ ਕੇ ਲੇਟ ਗਿਆ।
ਉਹ ਉੱਥੇ ਹੀ ਬੈਠਾ ਰਿਹਾ। ਥੋਡ਼ੀ ਦੇਰ ਬਾਦ ਉਸ ਆਦਮੀ ਨੂੰ ਜ਼ੋਰ ਦੀ ਖੰਘ ਛਿਡ਼ੀ। ਉਹ ਉੱਠ ਕੇ ਬੈਠ ਗਿਆ। ਉਸਨੇ ਉਹਨੂੰ ਉੱਥੇ ਬੈਠਾ ਦੇਖਿਆ ਤਾਂ ਬੋਲਿਆ, ਕਿਉਂ ਬੈਠਾ ਐਂ ਭਰਾ? ਮੈਂ ਤਾਂ ਮੰਜਾ ਠੀਕ ਨਹੀਂ ਕਰਵਾ ਸਕਣਾ। ਹੁਣ ਤਾਂ ਸਰਦੀ ਇਉਂ ਈ ਬੀਤ ਜੂਗੀ। ਨਾਲੇ ਇਹ ਕਿਹਡ਼ਾ ਨਵੀਂ ਗੱਲ ਐ! ਜ਼ਿੰਦਗੀ ਇਉਂਈ ਲੰਘ ਗੀ, ਬਾਕੀ ਦੀ ਵੀ ਲੰਘ ਜੂ। ਉਹ ਖੰਘਦਾ ਹੋਇਆ ਫਿਰ ਲੇਟ ਗਿਆ।
ਉਹਨੇ ਮੰਜਾ ਖੋਲ੍ਹਿਆ। ਕਪਡ਼ੇ ਨਾਲ ਸਾਫ ਕੀਤਾ। ਜਿੱਥੋਂ-ਜਿੱਥੋਂ ਨਵਾਰ ਟੁੱਟੀ ਸੀ, ਠੀਕ ਕੀਤੀ। ਜਿੱਥੇ ਨਵੀਂ ਦੀ ਲੋਡ਼ ਸੀ, ਨਵੀਂ ਪਾ ਦਿੱਤੀ।
ਮੰਜਾ ਠੀਕ ਕਰਕੇ ਉਹਨੇ ਅੰਦਰ ਰੱਖ ਦਿੱਤਾ। ਭੁੱਖ ਦੇ ਮਾਰੇ ਉਹਦੇ ਪੇਟ ਵਿਚ ਕੁਲਬੁਲਾਹਟ ਹੋ ਰਹੀ ਸੀ, ਪਰ ਚਿਹਰੇ ਉੱਤੇ ਡੂੰਘਾ ਸੰਤੋਸ਼ ਸੀ।
ਉਹ ਮੰਜੇ ਠੀਕ ਕਰਵਾ ਲਓ! ਦਾ ਹੋਕਾ ਦਿੰਦਾ ਅੱਗੇ ਵਧ ਗਿਆ।
                                                -0-

Thursday, October 21, 2010

ਹਿੰਦੀ/ ਦੀਨੂ

ਅੰਜਨਾ ਅਨਿਲ


ਮਾਂ, ਮੈਂ ਹੁਣੇ ਦੇਖਕੇ ਆਇਐਂ, ਦੀਨੂ ਅੱਜ ਫੇਰ ਪਿਤਾ ਜੀ ਦੇ ਕਮਰੇ ’ਚ ਸੌਂ ਰਿਹੈ!ਮੁੰਡੇ ਨੂੰ ਬਹੁਤ ਗੁੱਸਾ ਆ ਰਿਹਾ ਸੀ।
ਹਾਂ-ਹਾਂ, ਮੈਂ ਤਾਂ ਪਹਿਲਾਂ ਈ ਕਹਿੰਦੀ ਸੀ ਕਿ ਇਹ ਨਵਾਂ ਨੌਕਰ ਇਕਦਮ ਚਾਲੂ ਐ। ਥੋਡ਼ੀ ਜੀ ਨਰਮੀ ਵਰਤੀ ਨ੍ਹੀਂ ਕਿ ਇਹਦੇ ਪੈਰ ਤੇਰੇ ਪਿਤਾ ਜੀ ਦੇ ਕਮਰੇ ਵੱਲ…।ਮਾਂ ਚਿੰਤਤ ਸੀ, ਇਸ ਮੋਏ ਨੂੰ ਆਏ ਅਜੇ ਦਿਨ ਈ ਕਿੰਨੇ ਹੋਏ ਨੇ। ਆਪਣੀ ਕੋਠਡ਼ੀ ਤੋਂ ਇਨ੍ਹਾਂ ਦੇ ਕਮਰੇ ਤਕ ਜਾਣ ਦੀ ਹਿੰਮਤ ਤਾਂ ਦੇਖੋ। ਹੇ ਰਾਮ, ਇਹ ਤਾਂ ਦੋ-ਚਾਰ ਦਿਨਾਂ ’ਚ ਈ ਨਜ਼ਾਰੇ ਦਿਖਾਣ ਲੱਗ ਪਿਆ। ਕੀ ਕਰਾਂ, ਤਿੰਨ-ਤਿੰਨ ਨੂਹਾਂ ਨੇ ਘਰ ’ਚ, ਪਰ ਸਾਰੀਆਂ ਦੀਆਂ ਸਾਰੀਆਂ ਨਿਕੰਮੀਆਂ। ਨਹੀਂ ਤਾਂ ਕੀ ਲੋਡ਼ ਸੀ ਨੌਕਰ ਦੀ।
ਉਹ ਆਪਣੇ ਪਤੀ ਦੇ ਕਮਰੇ ਵੱਲ ਮੁਡ਼ੀ, ਅੱਜ ਇਸ ਦੀ ਖੈਰ ਨਹੀਂ! ਓ ਦੀਨੂ ਦੇ ਬੱਚੇ, ਕੰਬਖਤ…
ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਦੀਨੂ ਸਹਿਮਿਆ ਜਿਹਾ ਬੋਲਿਆ, ਮਾਂ ਜੀ, ਸਾਰੀ ਰਾਤ ਬਾਬੂ ਜੀ ਖੰਘਦੇ ਰਹੇ। ਉਨ੍ਹਾਂ ਨੂੰ ਉਲਟੀਆਂ ਵੀ ਆਈਆਂ। ਤੁਸੀਂ ਸਾਰੇ ਆਪਣੇ-ਆਪਣੇ ਕਮਰਿਆਂ ’ਚ ਸੁੱਤੇ ਸੀ। ਉਹ ਬਡ਼ੇ ਔਖੇ ਹੋ ਕੇ ਮੇਰੀ ਕੋਠਡ਼ੀ ਤਕ ਪਹੁੰਚੇ। ਮੈਂ ਕਿਹਾ, ਮਾਲਕਣ ਨੂੰ ਜਗਾ ਦਿਆਂ? ਬੋਲੇ, ਚੁੱਪ ਹੋ ਜਾ। ਮੈਂ ਕਿਹਾ, ਛੋਟੇ ਮਾਲਕ ਨੂੰ ਜਗਾ ਲਿਆਵਾਂ, ਛੋਟੀ ਮਾਲਕਣ ਨੂੰ ਬੁਲਾ ਲਿਆਵਾਂ? ਉਹ ਰੋਣ ਲੱਗ ਪਏ। ਬੋਲੇ, ਤੂੰ ਵੀ ਜਾਣਾ ਤਾਂ ਜਾ…। ਛੱਡ ਜਾ ’ਕੱਲੇ ਨੂੰ…ਮਰਨ ਦੇ ਮੈਨੂੰ…। ਮਾਂ ਜੀ ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ।
ਮਾਂ ਨੂੰ ਕੱਟੋ ਤਾਂ ਖੂਨ ਨਹੀਂ। ਉਹ ਕਦੇ ਦੀਨੂ ਨੂੰ ਦੇਖ ਰਹੀ ਸੀ ਤੇ ਕਦੇ ਬੀਮਾਰ ਪਤੀ ਨੂੰ।
                                               -0-

Friday, October 15, 2010

ਹਿੰਦੀ/ਵਾਇਵਾ


ਸ਼ਕੁੰਤਲਾ ‘ਕਿਰਣ’ (ਡਾ.)
 
ਵਾਇਵਾ ਵਿਚ ਪੂਰਾ ਅੱਧਾ ਘੰਟਾ ਲੱਗਾ ਸੀ। ਬਹੁਤ ਘੁਮਾ-ਫਿਰਾ ਕੇ ਪ੍ਰਸ਼ਨ ਤੇ ਪ੍ਰਸ਼ਨ ਹੋਏ। ਬਡ਼ਾ ਤੇਜ਼ ਤੇ ਗਰਮ ਮਿਜ਼ਾਜ ਪਰੀਖਿਅਕ ਹੈ…ਜੇਕਰ ਇੰਨੀਂ ਤਿਆਰੀ ਨਾ ਕਰਦੀ ਤਾਂ ਅੱਜ…!
ਉਸ ਤੋਂ ਬਾਦ ਸ਼ੋਭਨਾ ਦਾ ਨੰਬਰ ਸੀ। ਉਹ ਜਾਇਜ਼ਾ ਲੈਣ ਲਈ, ਖਿਡ਼ਕੀ ਦਾ ਪਰਦਾ ਥੋਡ਼ਾ ਹਟਾ ਕੇ ਸਾਵਧਾਨੀ ਨਾਲ ਓਟ ਵਿਚ ਖਡ਼ੀ ਹੋ ਗਈ। ਲੱਗਾ, ਵਿਭਾਗ-ਮੁਖੀ ਨੇ ਬਾਹਰੋਂ ਆਏ ਪਰੀਖਿਅਕ ਨੂੰ ਫੁਸਫੁਸਾ ਕੇ ਕੁਝ ਕਿਹਾ ਤੇ ਫਿਰ ਉਹ ਦੋਨੋਂ ਹੱਸ ਪਏ। ਤਦੇ…
ਬੈਠੋ, ਕੀ ਨਾਂ ਹੈ ਤੁਹਾਡਾ?
ਜੀ, ਸ਼ੋਭਨਾ।
‘ਸ਼ੋਭਨਾ’ ਕਿਸ ਭਾਸ਼ਾ ਦਾ ਸ਼ਬਦ ਹੈ?
ਜੀ…ਹਿੰਦੀ ਦਾ।
ਇਸਦਾ ਕੀ ਅਰਥ ਹੁੰਦਾ ਹੈ?
ਜੀ…ਮਤਲਬ…
ਤੇ ਵਿਚਕਾਰ ਹੀ ਵਿਭਾਗ-ਮੁਖੀ ਦੀ ਰੇਸ਼ਮੀ ਮੁਸਕਾਨ…ਅਜੇ ਝਿਝਕ ਰਹੀ ਹੈ, ਉਂਜ ਬਹੁਤ ਮੇਹਨਤੀ ਤੇ ਇੰਟੈਲੀਜੈਂਟ ਲਡ਼ਕੀ ਹੈ।
ਮੇਹਨਤੀ? ਇੰਟੈਲੀਜੈਂਟ? ਤੇ ਸ਼ੋਭਨਾ?… ਉਹ ਹੈਰਾਨ ਰਹਿ ਗਈ। ਤੇ ਫਿਰ…
ਰਮਾਇਣ ਕਿਸ ਨੇ ਲਿਖੀ?
ਜੀ, ਤੁਲਸੀਦਾਸ ਨੇ।
ਅੱਠਵੇਂ ਪ੍ਰਸ਼ਨ-ਪੱਤਰ ’ਚ ਨਿਬੰਧ ਕਿਸ ’ਤੇ ਲਿਖਿਆ?
ਜੀ, ਨਵੀਂ ਕਵਿਤਾ ਦੀ ਸ਼ੈਲੀ ’ਤੇ…।
ਤੇ ਨਵੀਂ ਕਵਿਤਾ ਤੋਂ ਉਬਾਰਨ ਲਈ, ਵਿਭਾਗ-ਮੁਖੀ ਨੇ ਤੁਰੰਤ ਜਾਣ ਦਾ ਇਸ਼ਾਰਾ ਕਰ ਦਿੱਤਾ।
ਸਿਰਫ ਚਾਰ ਮਿੰਟਾਂ ਵਿਚ ਹੀ ਸ਼ੋਭਨਾ ਚਹਿਕਦੀ ਹੋਈ ਬਾਹਰ ਆ ਗਈ।
ਮੈਂ ਪੁੱਛਿਆ ਤਾ ਬੋਲੀ, ਨੀ ਭਾਸ਼ਾ ਵਿਗਿਆਨ ’ਚ ਈ ਜਾਨ ਖਾ ਰਿਹਾ ਸੀ ਬੁੱਢਾ।
ਬਾਦ ਵਿਚ ਜਦੋਂ ਲਿਸਟ ਆਈ ਤਾਂ ਉਹਦੇ ਬਾਹਠ ਨੰਬਰ ਸਨ ਤੇ ਸ਼ੋਭਨਾ ਦੇ ਬਿਆਸੀ।
ਕਾਸ਼…ਉਹ ਵੀ ਖੂਬਸੂਰਤ ਹੁੰਦੀ, ਜਾਂ ਫਿਰ…ਸ਼ੋਭਨਾ ਦੀ ਤਰ੍ਹਾਂ ਸਰ ਨਾਲ ਕੋਈ ਸਬੰਧ ਹੀ ਜੋਡ਼ ਪਾਉਂਦੀ…।
                                                   -0-

Thursday, September 23, 2010

ਯੁਗੋਸਲਾਵ/ ਬੱਚੇ ਤੇ ਯੁੱਧ


 ਇਵਾਨ ਕੈਂਕਰ
ਹਰ ਰਾਤ ਸੌਣ ਤੋਂ ਪਹਿਲਾਂ ਉਸ ਘਰ ਦੇ ਚਾਰੋਂ ਬੱਚੇ ਗੱਪਸ਼ੱਪ ਕਰਦੇ ਸਨ। ਉਹ ਬਿਸਤਰੇ ਦੇ ਇੱਕ ਕਿਨਾਰੇ ਬੈਠ ਕੇ ਦਿਮਾਗ ਵਿਚ ਜੋ ਆਉਂਦਾ, ਉਸ ਬਾਰੇ ਗੱਲਾਂ ਕਰਦੇ। ਉਹਨਾਂ ਦੀਆਂ ਗੱਲਾਂ ਤੇ ਕਹਾਣੀਆਂ ਦਾ ਮੂੰਹ-ਸਿਰ ਕੁਝ ਵੀ ਨਹੀਂ ਹੁੰਦਾ ਸੀ, ਪਰ ਉਹ ਉਹਨਾਂ ਲਈ ਅਨੰਦਦਾਇਕ ਸਨ। ਪਰੰਤੂ ਉਸ ਦਿਨ ਉਹ ਆਪਣੇ ਪਿਤਾ ਬਾਰੇ ਚਿੰਤਤ ਸਨ। ਉਹਨਾਂ ਨੂੰ ਇਕ ਗੁਮਨਾਮ ਪੱਤਰ ਮਿਲਿਆ ਸੀ ਕਿ ਉਹਨਾਂ ਦੇ ਪਿਤਾ ਯੁੱਧ ਵਿਚ ਮਾਰੇ ਗਏ ਸਨ।
ਪਾਪਾ ਕਦੋਂ ਵਾਪਸ ਆਉਣਗੇ? ਚਾਰ ਸਾਲ ਦੇ ਮੁੰਡੇ ਨੇ ਪੁੱਛਿਆ।
ਦਸ ਸਾਲ ਦੇ ਮੁੰਡੇ ਨੇ ਗੁੱਸੇ ਨਾਲ ਉਸ ਵੱਲ ਦੇਖਿਆ, ਜਦੋਂ ਉਹ ਮਾਰੇ ਹੀ ਗਏ ਤਾਂ ਆਉਣਗੇ ਕਿਵੇਂ?
ਮੈਂ ਵੀ ਯੁੱਧ ਵਿਚ ਜਾ ਰਿਹਾ ਹਾਂ।ਅਚਾਣਕ ਸੱਤ ਸਾਲਾ ਮੁੰਡਾ ਬੋਲਿਆ।
ਤੂੰ ਅਜੇ ਬਹੁਤ ਛੋਟਾ ਐਂ
ਯੁੱਧ ਕੀ ਹੁੰਦਾ ਐ?ਪਹਿਲੀ ਵਾਰ ਪੰਜ ਸਾਲਾ ਮੁੰਡਾ ਬੋਲਿਆ।
ਯੁੱਧ ’ਚ ਲੋਕ ਇਕ-ਦੂਜੇ ਦੇ ਛੁਰਾ ਘੋਂਪਧੇ ਹਨ…ਤੇ ਇਕਦੂਜੇ ਨੂੰ ਬੰਦੂਕ ਨਾਲ ਭੁੰਨ ਦਿੰਦੇ ਹਨ। ਸਭ ਤੋਂ ਵੱਡੇ ਯਾਨੀ ਦਸ ਵਰ੍ਹਿਆਂ ਦੇ ਮੁੰਡੇ ਨੇ ਦੱਸਿਆ।
ਕਮਰੇ ਵਿਚ ਗਹਿਰੀ ਚੁੱਪ ਛਾ ਗਈ।
ਮੈਂ ਯੁੱਧ ’ਚ ਦੁਸ਼ਮਣ ਨੂੰ ਮਾਰਨ ਜਾ ਰਿਹੈਂ।ਸੱਤ ਸਾਲਾ ਮੁੰਡਾ ਬੋਲਿਆ।
ਦੁਸ਼ਮਣ ਕੌਣ ਹੁੰਦੈ?ਚਾਰ ਸਾਲਾ ਮੁੰਡੇ ਨੇ ਜਗਿਆਸਾ ਪ੍ਰਗਟਾਈ, ਕੀ ਉਹ ਬਹੁਤ ਨੁਕਸਾਨ ਕਰਦੈ?
ਬਿਲਕੁਲ! ਨਹੀਂ ਤਾਂ ਉਹ ਦੁਸ਼ਮਣ ਕਿਉਂ ਹੁੰਦਾ।
ਮੈਨੂੰ ਤਾਂ ਵਿਸ਼ਵਾਸ ਨਹੀਂ ਹੁੰਦਾ ਕਿ ਪਿਤਾ ਜੀ ਮਾਰੇ ਗਏ…ਉਹ ਤਾਂ ਸਾਡੇ ਵਰਗੇ ਹਨ।ਚਾਰ ਸਾਲਾ ਮੁੰਡਾ ਬੋਲਿਆ।
ਪਰ ਇਕ ਆਦਮੀ ਯੁੱਧ ਲਈ ਤਿਆਰ ਕਿਉਂ ਹੁੰਦੈ?…ਇਹ ਤਾਂ ਨਿਰਾ ਜੰਗਲੀਪੁਣਾ ਐ। ਸੱਤ ਸਾਲਾ ਮੁੰਡਾ ਬੋਲਿਆ।
ਉਨ੍ਹਾਂ ਸਾਰਿਆਂ ਨੇ ਉਨ੍ਹਾਂ ਨੂੰ ਮਾਰ ਦਿੱਤਾ।ਦਸ ਸਾਲਾ ਮੁੰਡੇ ਨੇ ਕਿਹਾ।
ਮਾਰ ਦਿੱਤਾ!ਸਭ ਹੈਰਾਨ ਸਨ, ਜਿਵੇਂ ਇਹ ਖ਼ਬਰ ਪਹਿਲੀ ਵਾਰ ਸੁਣੀ ਹੋਵੇ। ਇਕ ਵਾਰ ਫੇਰ ਸੰਨਾਟਾ ਛਾ ਗਿਆ।
ਉਸ ਘਰ ਵਿਚ ਉਹਨਾਂ ਬੱਚਿਆਂ ਦੇ ਦਾਦਾ-ਦਾਦੀ ਇਕ ਦੂਜੇ ਜਾ ਹੱਥ ਫੜ ਕੇ ਰੋ ਰਹੇ ਸਨ। ਚੁਪਚਾਪ। ਬਿਨਾਂ ਆਵਾਜ਼ ਕੀਤੇ।
                                                    -0-

Monday, September 13, 2010

ਹਿੰਦੀ/ਪਿਆਰ

ਆਰਤੀ ਝਾ

            ਝੀਲ ਦੇ ਨੀਲੇ ਪਾਣੀ ਨੂੰ ਇਕਟਕ ਦੇਖਣਾ ਚੰਗਾ ਲੱਗ ਰਿਹਾ ਸੀ। ਚੱਪੂ ਦੀ ਆਵਾਜ਼ ਸੁਰੀਲੀ ਸੀ। ਬੋਟ ਵਾਲਾ ਮੁੰਡਾ ਇੱਕੀ-ਬਾਈ ਵਰ੍ਹਿਆਂ ਦਾ ਹੋਵੇਗਾ। ਉਹਦੀਆਂ ਗਹਿਰੀਆਂ-ਭੂਰੀਆਂ ਅੱਖਾਂ ਜਿਵੇਂ ਕੁਝ ਖੋਜ਼ ਰਹੀਆਂ ਸਨ।
            “ਕੀ ਕਰਦੇ ਓ ਬੋਟ ਚਲਾਉਣ ਤੋਂ ਇਲਾਵਾ?” ਮੈਂ ਪੁੱਛਿਆ।
            “ਪਡ਼੍ਹਾਈ। ਕਾਮਰਸ ਕਰ ਰਿਹੈਂ। ਇਹ ਪਾਰਟ ਟਾਈਮ ਜਾਬ ਐ। ਹੁਣ ਪੀਕ ਸੀਜਨ ਐ। ਟੂਰਿਸਟਾਂ ਦੀ ਭੀਡ਼ ਰਹਿੰਦੀ ਐ, ਇਸਲਈ ਚੰਗੀ ਕਮਾਈ ਹੋ ਜਾਂਦੀ ਐ।”
            “ਬੋਟ ਕੀ ਤੇਰੀ ਆਪਣੀ ਐ?”
            “ਨਹੀਂ, ਮਾਲਕ ਦੀ ਐ। ਆਪਣੀ ਕਿੱਥੇ…!” ਥੋਡ਼ੀ ਦੇਰ ਚੁੱਪ ਰਹਿ ਉਹ ਕੁਝ ਸੋਚਦਾ ਰਿਹਾ। ਫਿਰ ਬੋਲਿਆ, “ਲੱਕਡ਼ ਮਹਿੰਗੀ ਐ। ਤੀਹ-ਚਾਲੀ ਹਜ਼ਾਰ ਲੱਗ ਜਾਂਦੇ ਐ ਇਕ ਚੰਗੀ ਚੇ ਮਜਬੂਤ ਬੋਟ ਬਣਾਉਣ ’ਚ।”
            “ਤੁਸੀਂ ਉਹ ਪਹਾਡ਼ ਦੇਖ ਰਹੀ ਓ ਨਾ…ਉਹ ਸੂਸਾਈਡਲ ਪੁਆਇਂਟ ਐ।”
            ਉਹਦੀ ਗੱਲ ਸੁਣ ਮੇਰਾ ਸਿਰ ਚਕਰਾ ਗਿਆ। “ਕੀ? ਕੀ ਕਿਹਾ?” ਮੈਂ ਬਹੁਤ ਹੈਰਾਨ ਹੋ ਉਸਨੂੰ ਗਹਿਰੀ ਨਿਗ੍ਹਾ ਨਾਲ ਦੇਖਿਆ।
             “ਹਾਂ ਸੱਚ! ਲੋਕ ਉੱਥੋਂ ਕੁੱਦ ਕੇ ਜਾਨ ਦੇ ਦਿੰਦੇ ਹਨ। ਅਜੇ ਕੱਲ੍ਹ ਦੀ ਹੀ ਗੱਲ ਐ…ਇਕ ਕੁਡ਼ੀ ਉੱਥੋਂ ਕੁੱਦ ਕੇ ਮਰ ਗਈ। ਉਸਦੇ ਨਾਲ ਮੁੰਡੇ ਨੇ ਵੀ ਕੁੱਦਣਾ ਸੀ, ਪਰ ਕੁੱਦ ਨਹੀਂ ਸਕਿਆ…ਹੁਣ ਉਹ ਜੇਲ੍ਹ ’ ਬੰਦ ਐ।” ਉਹਦੇ ਚਿਹਰੇ ਉੱਤੇ ਉਦਾਸੀ ਛਾ ਗਈ। ਉਹ ਕਿਸੇ ਦੂਜੀ ਦੁਨੀਆ ਵਿਚ ਗੁਆਚ ਜਿਹਾ ਗਿਆ। ਮੈਂ ਕੁਝ ਕਹਿਣਾ ਚਾਹੁੰਦੀ ਸੀ ਕਿ ਤਦੇ ਉਹ ਜਿਵੇਂ ਕਿਸੇ ਸੁਫਨੇ ਤੋਂ ਜਾਗ ਕੇ ਬੋਲਣ ਲੱਗਾ, “ਬਹੁਤ ਪਿਆਰ ਕਰਦਾ ਸੀ ਕੁਡ਼ੀ ਨੂੰ…ਨਾਲ-ਨਾਲ ਜਿਉਣ ਮਰਨ ਦੀਆਂ ਕਸਮਾਂ ਖਾਂਦਾ ਹੁੰਦਾ ਸੀ। ਪਰ ਪਤਾ ਨਹੀਂ ਕਿਉਂ ਕੁੱਦਣ ਦੀ ਹਿੰਮਤ ਨਹੀਂ ਕਰ ਪਾਇਆ।”
           ਮੈਂ ਉਸ ਨੂੰ ਕੁਰੇਦਿਆ, “ ਕੀ ਕਹਿਣਾ ਚਾਹੁੰਦਾ ਔਂ, ਪਿਆਰ ’ਚ ਕਮੀ ਸੀ ਉਹਦੇ? ਪਿਆਰ ਕੀ ਐ ਤੇਰੀ ਨਜ਼ਰ ’ਚ?”
           ਉਹਦੀਆਂ ਗਹਿਰੀਆਂ ਭੂਰੀਆਂ ਅੱਖਾਂ ਬਿਲਕੁਲ ਸਥਿਰ ਸਨ, ਝੀਲ ਦੀ ਤਰ੍ਹਾਂ। ਉਹ ਬੋਲਿਆ, “ਮੈਂ ਕੁਝ ਦਿਖਾਉਂਦਾ ਹਾਂ ਤੁਹਾਨੂੰ… ਝੀਲ ਦੇ ਉਸ ਪਾਰ ਇਕ ਮੰਦਰ ਐ। ਪੂਰਾ ਤਾਂ ਨਹੀਂ, ਬੱਸ ਇਕ ਹਿੱਸਾ ਦਿਖਾਈ ਦੇ ਰਿਹੈ।”
           “ਕਿਵੇਂ ਦੇਖਾਂ? ਹਲਚਲ ਹੋ ਰਹੀ ਐ ਚੱਪੂ ਨਾਲ…ਪਾਣੀ ਹਿੱਲ ਰਿਹੈ…।”
           “ਠਹਿਰੋ! ਚੱਪੂ ਚਲਾਉਣਾ ਬੰਦ ਕਰਦੈਂ…ਹੁਣ ਦੇਖੋ…ਦਿੱਸਿਆ?”
           “ਹਾਂ! ਕੁਝ ਹਿੱਸਾ ਦਿੱਸ ਤਾਂ ਰਿਹੈ, ਧੁੰਦਲਾ ਜਿਹਾ” ਮੈਂ ਕਿਹਾ।
           ਉਹ ਬੋਲਿਆ, “ਅਜਿਹਾ ਹੀ ਹੁੰਦੈ ਪਿਆਰ ਵੀ। ਹਲਚਲਾਂ ਵਿਚਕਾਰ ਸਥਿਰ ਜਿਹੀ ਕੋਈ ਚੀਜ…ਕੁਝ ਦੇਖਿਆ ਤੇ ਬਹੁਤ ਕੁਝ ਅਨਦੇਖਿਆ…।”
                                                                            -0-

Sunday, August 22, 2010

ਹਿੰਦੀ/ਚਾਬੀਆਂ ਦਾ ਗੁੱਛਾ


ਸੁਖਚੈਨ ਸਿੰਘ ਭੰਡਾਰੀ
          ਨਵੀਂ ਵਿਆਹੀ ਬਹੂ ਕੋਲ ਆ ਕੇ ਸੱਸ ਬਡ਼ੇ ਪਿਆਰ ਨਾਲ ਬੋਲੀ, ਬਹੂ, ਤੇਰੇ ਆਉਣ ਨਾਲ ਘਰ ਵਿਚ ਰੌਣਕ ਆ ਗਈ। ਤੂੰ ਇਸ ਘਰ ਦੀ ਵੱਡੀ ਬਹੂ ਹੈਂ। ਇਸਲਈ ਅੱਜ ਤੋਂ ਤੂੰ ਹੀ ਚਾਬੀਆਂ ਤੇ ਇਹ ਘਰ ਸੰਭਾਲੇਂਗੀ।
ਇਹ ਸੁਣ ਕੇ ਬਹੂ ਨਿਹਾਲ ਹੋ ਗਈ। ਉਸਨੂੰ ਸੱਸ ਦੇ ਰੂਪ ਵਿਚ ਆਪਣੀ ਮਾਂ ਨਜ਼ਰ ਆਈ।
ਅਗਲੀ ਸਵੇਰ ਜਦੋਂ ਬਹੂ ਸ਼ਿੰਗਾਰ ਕਰ ਰਹੀ ਸੀ ਤਾਂ ਉਸਦੀ ਸੱਸ ਨੇ ਕਮਰੇ ਵਿਚ ਆ ਕੇ ਕੁੱਝ ਰੁੱਖੀ ਆਵਾਜ਼ ਵਿਚ ਕਿਹਾ, ਬਹੂ, ਦਾਜ ਵਿਚ ਹੋਰ ਸਾਮਾਨ ਤਾਂ ਸਾਰਾ ਆ ਗਿਆ, ਪਰ ਨਕਦ ਰਕਮ ਦਿਖਈ ਨਹੀਂ ਦਿੱਤੀ?
ਇਸ ਤੇ ਬਹੂ ਨੇ ਬਡ਼ੀ ਹੀ ਸ਼ਾਲੀਨਤਾ ਨਾਲ ਆਖਿਆ, ਮਾਂ ਜੀ! ਮੇਰੇ ਮਾਪਿਆਂ ਕੋਲੋਂ ਜਿੰਨਾਂ ਵੱਧ ਤੋਂ ਵੱਧ ਹੋ ਸਕਿਆ, ਉਨ੍ਹਾਂ ਦੇ ਦਿੱਤਾ।
ਇਸ ਤੋਂ ਪਹਿਲਾਂ ਕਿ ਬਹੂ ਕੁੱਝ ਹੋਰ ਸਫਾਈ ਦਿੰਦੀ, ਸੱਸ ਨੇ ਡ੍ਰੈਸਿੰਗ ਟੇਬਲ ਤੇ ਪਿਆ ਚਾਬੀਆਂ  ਦਾ ਗੁੱਛਾ ਚੁੱਕਿਆ ਤੇ ਬਡ਼ਬਡ਼ਾਂਦੀ ਹੋਈ ਕਮਰੇ ਤੋਂ ਬਾਹਰ ਨਿਕਲ ਗਈ।
                                            -0-

Monday, July 26, 2010

ਹਿੰਦੀ/ ਜਗਿਆਸਾ


ਯਾਦਵੇਂਦਰ ਸ਼ਰਮਾ ‘ਚੰਦਰ’
ਉਸ ਦਿਨ ਟੀ.ਵੀ ਉੱਤੇ ‘ਮਹਾਭਾਰਤ’ ਦੇਖਦੇ ਹੋਏ ਮੇਰੇ ਪੋਤਰੇ ਸੋਨੂੰ ਨੇ  ਪੁੱਛਿਆ, ਬਾਬਾ ਜੀ, ਇਸ ਆਦਮੀ ਦੇ ਮੂੰਹ ’ਚੋਂ ਅੱਗ ਕਿਵੇਂ ਨਿਕਲ ਰਹੀ ਐ?
ਉਹਦਾ ਇਸ਼ਾਰਾ ਕ੍ਰਿਸ਼ਨ ਨੂੰ ਮਾਰਨ ਤੇ ਨੰਦ ਗਾਂਵ ਨੂੰ ਸਾੜਨ ਲਈ ਆਏ ਕੰਸ ਦੇ ਰਾਕਸ਼ਸਾਂ ਵੱਲ ਸੀ।
ਮੈਂ ਸਹਿਜ ਭਾਵ ਨਾਲ ਕਿਹਾ, ਇਹ ਰਾਕਸ਼ਸ ਹਨ।
ਰਾਕਸ਼ਸ? ਬਾਬਾ ਜੀ, ਇਹ ਤਾਂ ਆਦਮੀ ਹਨ। ਦੇਖੋ ਨਾ ਉਹਦੇ ਵੀ ਦੋ ਹੱਥ, ਇਕ ਮੂੰਹ, ਦੋ ਪੈਰ ਹਨ।
ਮੈਂ ਉਹਨੂੰ ਸਮਝਾਉਂਦੇ ਹੋਏ ਕਿਹਾ, ਜੋ ਬੁਰਾ ਕੰਮ ਕਰਦੇ ਹਨ, ਉਹ ਰਾਕਸ਼ਸ ਹੁੰਦੇ ਹਨ। ਦੇਖ ਇਹ ਨੰਦ ਗਾਂਵ ਨੂੰ ਸਾੜਨ ਆਏ ਹਨ।
ਪਰ ਉਨ੍ਹਾਂ ਦੇ ਮੂੰਹ ’ਚੋਂ ਅੱਗ ਕਿਵੇਂ ਨਿਕਲਦੀ ਐ? ਇਨ੍ਹਾਂ ਦੇ ਪੇਟ ’ਚ ਚੁੱਲ੍ਹਾ ਜਲਦਾ ਐ?
ਨਹੀਂ।
ਤਾਂ ਫਿਰ ਸਟੋਵ?ਉਹਨੇ ਤਾੜੀ ਮਾਰਦੇ ਹੋਏ ਕਿਹਾ, ਜ਼ਰੂਰ ਸਟੋਵ ਈ ਜਲਦਾ ਹੋਣੈ, ਉਸ ਵਰਗੀ ਆਵਾਜ਼ ਆਉਂਦੀ ਐ।
ਮੈਂ ਕਿਹਾ, ਨਹੀਂ ਬੇਟੇ, ਇਹ ਸਭ ਪ੍ਰਭੂ ਦੀ ਲੀਲਾ ਐ।
ਉਹਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ। ਉਹ ਵਾਰ ਵਾਰ ਪ੍ਰਸ਼ਨ ਕਰਦਾ ਜਾ ਰਿਹਾ ਸੀਇੰਨੇ ਵੱਡੇ ਆਦਮੀਆਂ ਨੂੰ ਇਹ ਬੱਚੇ ਕਿਵੇਂ ਉਛਾਲ ਸਕਦੇ ਹਨ? ਕ੍ਰਿਸ਼ਨ ਜੀ ਨੇ ਅਜਿਹਾ ਕੀ ਛੱਡਿਆ, ਜਿਸ ਨਾਲ ਉਹ ਰਾਕਸ਼ਸ ਭਸਮ ਹੋ ਗਿਆ?
ਮੈਂ ਆਪ ਦੱਸਣ ਵਿਚ ਅਸਮਰਥ ਸੀ। ਕੀ ਦੱਸਦਾ? ਇਹ ਕਹਿਣ ਦਾ ਹੌਂਸਲਾ ਵੀ ਨਹੀਂ ਸੀ ਕਿ ਇਹ ਸਭ ਕਲਪਨਾ ਹੈ, ਕਥਾਨਕ ਵਿਚ ਰੋਚਕਤਾ ਭਰਨ ਲਈ ਲਿਖਿਆ ਗਿਆ ਹੈ। ਉਸ ਬਾਲਪਨ ਉੱਤੇ ਗੈਰ-ਵਿਗਿਆਨਕ ਯਥਾਰਥ ਦੀ ਧੁੰਦ ਛਾਈ ਜਾ ਰਹੀ ਸੀ। ਮੈਂ ਸੋਚ ਰਿਹਾ ਸੀ ਕਿ ਇਕੀਵੀਂ ਸਦੀ ਵਿਚ ਜਾਣ ਵਾਲਾ ਇਹ ਦੇਸ਼ ਕਿਸ ਅੰਨ੍ਹੇਪਨ ਵੱਲ ਜਾ ਰਿਹਾ ਹੈ।
ਬਲਰਾਮ ਦਾ ਸਿੱਟਿਆ ਦੂਜਾ ਰਾਕਸ਼ਸ ਗੇਂਦ ਦੀ ਤਰ੍ਹਾਂ ਬੁੜ੍ਹਕਿਆ ਤਾਂ ਸੋਨੂੰ ਬੋਲਿਆ, ਬਾਬਾ ਜੀ, ਦੇਖੋ, ਉਸ ਬੱਚੇ ਨੇ ਇੰਨੇ ਵੱਡੇ ਆਦਮੀ ਨੂੰ ਉਛਾਲ ਦਿੱਤਾ। ਮੈਂ ਵੀ ਆਪਣੀ ਕਾਲੀ ਮੈਡਮ ਨੂੰ ਉਛਾਲ ਦਿਆਂਗਾ। ਉਹ ਮੈਨੂੰ ਡਾਂਟਦੀ ਐ।
ਮੈਂ ਬੇਬਸ ਹੋ ਕੇ ਆਪਣਾ ਹੱਥ ਉਹਦੇ ਮੂੰਹ ਉੱਤੇ ਰੱਖ ਦਿੱਤਾ।
                                                  -0-

Friday, July 16, 2010

ਹਿੰਦੀ/ ਦਾਵਾ

ਜਿਉਤੀ ਜੈਨ
             ਬਹਿਸ ਚੱਲ ਰਹੀ ਸੀ। ਸਾਰੇ ਆਪਣੇ ਦੇਸ਼ਭਗਤ ਹੋਣ ਦਾ ਦਾਵਾ ਪੇਸ਼ ਕਰ ਰਹੇ ਸਨ।
             ਅਧਿਆਪਕ ਦਾ ਕਹਿਣਾ ਸੀ, “ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਇਸਲਈ ਇਹ ਦੇਸ਼ ਦੀ ਵੱਡੀ ਸੇਵਾ ਹੈ।”
             ਡਾਕਟਰ ਦਾ ਕਹਿਣਾ ਸੀ, “ਅਸੀਂ ਦੇਸ਼ਵਾਸੀਆਂ ਦੀ ਜਾਨ ਬਚਾਉਂਦੇ ਹਾਂ, ਇਸਲਈ ਦੇਸ਼ਭਗਤੀ ਦਾ ਸਰਟੀਫਿਕੇਟ ਸਾਨੂੰ ਮਿਲਣਾ ਚਾਹੀਦਾ ਹੈ।”
             ਵੱਡੀਆਂ ਵੱਡੀਆਂ ਉਸਾਰੀਆਂ ਕਰਨ ਵਾਲੇ ਇੰਜਨੀਅਰਾਂ ਨੇ ਵੀ ਆਪਣਾ ਦਾਵਾ ਪੇਸ਼ ਕੀਤਾ ਤਾਂ ਵਪਾਰੀਆਂ ਅਤੇ ਕਿਸਾਨਾਂ ਨੇ ਦੇਸ਼ ਦੀ ਆਰਥਿਕ ਤਰੱਕੀ ਵਿਚ ਆਪਣਾ ਯੋਗਦਾਨ ਦਰਸਾਉਂਦੇ ਹੋਏ ਆਪਣਾ ਪੱਖ ਪੇਸ਼ ਕੀਤਾ।
             ਤਦ ਖੱਦਰਧਾਰੀ ਲੀਡਰ ਅੱਗੇ ਆਏ, “ਸਾਡੇ ਬਿਨਾਂ ਦੇਸ਼ ਦਾ ਵਿਕਾਸ ਸੰਭਵ ਨਹੀਂ ਹੈ। ਸਭ ਤੋਂ ਵੱਡੇ ਦੇਸ਼ਭਗਤ ਤਾਂ ਅਸੀਂ ਹਾਂ।”
             ਲੀਡਰ ਦੀ ਗੱਲ ਸੁਣ ਹੌਲੀ-ਹੌਲੀ ਸਾਰੇ ਖਿਸਕਣ ਲੱਗੇ।
             ਤਦ ਕਿਸੇ ਨੇ ਕਿਹਾ, “ਓਏ ਲਾਲ ਸਿੰਘ, ਤੂੰ ਆਪਣਾ ਪੱਖ ਨਹੀਂ ਰੱਖੇਂਗਾ?”
            “ਮੈਂ ਕੀ ਕਹਾਂ?” ਰਿਟਾਇਰਡ ਫੌਜੀ ਬੋਲਿਆ, “ਕਿਸ ਬਿਨਾ ਤੇ ਕੁਝ ਕਹਾਂ, ਮੇਰੇ ਕੋਲ ਤਾਂ ਕੁਝ ਵੀ ਨਹੀਂ। ਮੇਰੇ ਤਿੰਨੋਂ ਪੁੱਤਰ ਤਾਂ ਪਹਿਲਾਂ ਹੀ ਫੌਜ ’ਚ ਸ਼ਹੀਦ ਹੋ ਚੁੱਕੇ ਹਨ।”
                                                                           -0-

Sunday, July 11, 2010

ਹਿੰਦੀ / ਗੁੰਮਸੁੰਮ

ਸੁਧਾ ਭਾਰਗਵ
ਚਾਰ ਵਰ੍ਹਿਆਂ ਦਾ ਨਿਆਣਾ ਟੋਡੀ, ਮਾਂ ਦਾ ਲਾਡਲਾ, ਪਿਤਾ ਦਾ ਪਿਆਰਾ ਤੇ ਭੈਣ ਦਾ ਨਿਰਾਲਾ ‘ਰਾਜਾ ਵੀਰਾ’ ਸੀ। ਪੰਜਾਂ ਸਾਲਾਂ ਦਾ ਹੁੰਦੇ ਹੀ ਜਦੋਂ ਉਹ ਸਕੂਲ ਜਾਣ ਲੱਗਾ ਤਾ ਇਹ ਸਾਰੇ ਵਿਸ਼ੇਸ਼ਣ ਛੂਮੰਤਰ ਹੋ ਗਏ। ਸਕੂਲ ਜਾਂਦੇ ਸਮੇਂ ਮਾਂ ਹਿਦਾਇਤ ਦਿੰਦੀ ‘ਕਾਇਦੇ ਨਾਲ ਰਹੀਂ’। ਨਿਆਣਾ ਸਮਝ ਨਹੀਂ ਸਕਿਆ ਕਿ ‘ਕਾਇਦਾ’ ਕਿਸ ਨੂੰ ਕਹਿੰਦੇ ਹਨ।
ਪਿਤਾ ਬੋਲੇ, “ਜ਼ਿਆਦਾ ਗੱਲਾਂ ਨਹੀਂ ਕਰਨੀਆਂ।” ਨਿਆਣਾ ਭੌਂਚੱਕਾ ਰਹਿ ਗਿਆ–ਪਾਪਾ ਨੂੰ ਕੀ ਹੋ ਗਿਆ? ਮੇਰੀਆਂ ਗੱਲਾਂ ਸੁਣਕੇ ਹੱਸਦੇ ਸਨ, ਗਲ ਨਾਲ ਲਾਉਂਦੇ ਸਨ; ਉਹੀ ਕਹਿ ਰਹੇ ਹਨ–ਚੁੱਪ ਰਹੀਂ!
ਸਕੂਲ ਦਾ ਪਹਿਲਾ ਦਿਨ। ਬੱਚੇ ਹੌਲੀ ਹੌਲੀ ਸਕੂਲ ਦੇ ਮੈਦਾਨ ਵਿਚ ਕਦਮ ਰੱਖ ਰਹੇ ਸਨ। ਕਲਾਸ ਵਿਚ ਉਹ ਥੋੜੀ ਦੇਰ ਖਾਮੋਸ਼ ਰਹੇ, ਫਿਰ ਨਜ਼ਰਾਂ ਉੱਪਰ ਉੱਠੀਆਂ। ਨਜ਼ਰਾਂ ਇਕ ਦੂਜੇ ਨਾਲ ਟਕਰਾਈਆਂ ਤਾਂ ਚਿਹਰਿਆਂ ਉੱਪਰ ਧੁੱਪ ਜਿਹੀ ਫੈਲ ਗਈ। ਕਲਾਸ ਵਿਚ ਮੈਡਮ ਦੇ ਆਉਂਦੇ ਹੀ ਬੱਚੇ ਆਪਣੀ ਜਗ੍ਹਾ ਉੱਤੇ ਬੈਠ ਗਏ। ਚਹਿਲਕਦਮੀ, ਚਹਿਚਹਾਟ ਨਾਲ ਮੈਡਮ ਦੇ ਮੱਥੇ ਉੱਤੇ ਵੱਟ ਪੈ ਗਏ। ਟੋਡੀ ਮਨ ਹੀ ਮਨ ਦੁਹਰਾਉਣ ਲੱਗਾ–ਗੱਲਾਂ ਨਹੀਂ ਕਰਨੀਆਂ, ਕਾਇਦੇ ਨਾਲ ਰਹਿਣਾ ਹੈ।
ਦੋ ਬੱਚਿਆਂ ਨੇ ਇਕ ਦੂਜੇ ਵੱਲ ਦੇਖਿਆ। ਉਹ ਨਾਲ ਨਾਲ ਮੁਸਕਰਾਉਣ ਲੱਗੇ। ਮੈਡਮ ਨੂੰ ਉਹਨਾਂ ਦੀ ਭੋਲੀ ਮੁਸਕਾਣ ਕੰਡੇ ਵਾਂਗ ਚੁਭ ਗਈ। ਮੈਡਮ ਨੇ ਉਹਨਾਂ ਵੱਚੋਂ ਇਕ ਦਾ ਕੰਨ ਮਰੋੜ ਦਿੱਤਾ, ਦੂਜੇ ਨੂੰ ਮੁਰਗਾ ਬਣਾ ਦਿੱਤਾ–“ਹੁਣ ਭੁੱਲ ਜਾਉਂਗੇ ਸਾਰੀ ਸ਼ੈਤਾਨੀ।”
ਟੋਡੀ ਦੇ ਦਿਮਾਗ ਨੇ ਫਿਰ ਢੂੰਡਣਾ ਸ਼ੁਰੂ ਕਰ ਦਿੱਤਾ–ਇਹ ਸ਼ੈਤਾਨੀ ਕੀ ਹੁੰਦੀ ਹੈ? ਕੀ ਹੱਸਣ ਨੂੰ ਸ਼ੈਤਾਨੀ ਕਹਿੰਦੇ ਹਨ? ਉਹ ਗੁੰਮਸੁੰਮ ਹੋ ਗਿਆ।
ਘਰ ਪਹੁੰਚ ਕੇ ਉਹਨੇ ਸੁੱਖ ਦਾ ਸਾਹ ਲਿਆ।? ਉਹਦਾ ਸਰੀਰ ਘੱਟ ਤੇ ਮਨ ਜ਼ਿਆਦਾ ਥੱਕ ਚੁੱਕਾ ਸੀ।
“ਬੇਟੇ, ਥੱਕ ਗਿਆ ਹੋਏਂਗਾ, ਖਾਣਾ ਖਾ ਕੇ ਸੌਂ ਜਾ।” ਮਾਂ ਨੇ ਕਿਹਾ।
“ਮੰਮੀ, ਮੈਂ ਅੱਜ ਨਹੀਂ ਸੌਣਾ, ਤੁਸੀਂ ਸੌਂ ਜੋ।” ਕਹਿਕੇ ਉਹ ਆਪਣੇ ਖਿਡੌਣਿਆਂ ਵਿਚ ਉਲਝ ਕੇ ਮਨ ਦੀ ਥਕਾਵਟ ਦੂਰ ਕਰਨ ਲੱਗਾ।
“ਉਫ! ਕੀ ਖਟਪਟ ਲਾਈ ਐ? ਮੈਨੂੰ ਸੌਣ ਦੇ ਤੇ ਆਪ ਵੀ ਸੌਂ ਜਾ, ਨਹੀਂ ਤਾਂ ਤੇਰੀ ਮੈਡਮ ਨੂੰ ਕਹਿ ਦੂੰਗੀ।”
ਇਹ ਮੈਡਮ ਮੰਮੀ ਤੇ ਮੇਰੇ ਵਿਚਕਾਰ ਕਿੱਥੋਂ ਆ ਟਪਕੀ? ਉਹਨੂੰ ਉਹ ਮੁੰਡਾ ਦਿਖਾਈ ਦੇਣ ਲੱਗਾ ਜਿਸਦਾ ਮੈਡਮ ਨੇ ਕੰਨ ਮਰੋੜਿਆ ਸੀ। ਉਹ ਡਰ ਗਿਆ।
ਟੋਡੀ ਸਕੂਲ ਗਿਆ, ਪਰ ਸਹਿਮਿਆ ਸਹਿਮਿਆ ਜਿਹਾ। ਉਹ ਕਲਾਸ ਵਿਚ ਇਕਦਮ ਚੁੱਪ ਰਹਿਣ ਲੱਗਾ। ਮੈਡਮ ਨੇ ਪੁੱਛਿਆ, “ਪੰਜ ਫਲਾਂ ਦੇ ਨਾਂ ਦੱਸੋ?” ਤੇ ਟੋਡੀ ਵੱਲ ਇਸ਼ਾਰਾ ਕਰ ਦਿੱਤਾ–“ਤੂੰ ਹਮੇਸ਼ਾਂ ਚੁੱਪ ਬੈਠਾ ਰਹਿਨੈਂ। ਚੱਲ ਖੜਾ ਹੋ ਕੇ ਦੱਸ।”
ਨਿਆਣਾ ਟੋਡੀ ਜਾਣਦਾ ਸੀ, ਪਰ ਮੈਡਮ ਦੀ ਘੁੜਕੀ ਨਾਲ ਹਕਲਾਉਣ ਲੱਗਾ।
ਮੈਡਮ ਨੇ ਤੁਰੰਤ ਉਹਦੀ ਡਾਇਰੀ ਚੁੱਕੀ ਤੇ ਉਸ ਵਿਚ ਲਿਖਿਆ–‘ਤੁਹਾਡਾ ਬੱਚਾ ਬਹੁਤ ਸੁਸਤ ਹੈ, ਬਹੁਤ ਗੁੰਮਸੁੰਮ ਰਹਿੰਦਾ ਹੈ। ਹਕਲਾਉਂਦਾ ਵੀ ਹੈ। ਤੁਰੰਤ ਕਿਸੇ ਚੰਗੇ ਡਾਕਟਰ ਨੂੰ ਦਿਖਾਓ।’
                                                                           -0-

Thursday, July 8, 2010

ਹਿੰਦੀ/ ਜਲਤਰੰਗ


ਜਿਉਤੀ ਜੈਨ
ਜਦੋਂ ਦਾ ਦਾਦੀ ਨੇ ਸੁਣਿਆ ਸੀ ਕਿ ਗਨਗੌਰ(ਚੇਤ ਦੇ ਮਹੀਨੇ ਦੌਰਾਨ ਕੁੜੀਆਂ ਤੇ ਔਰਤਾਂ ਵੱਲੋਂ ਗਣੇਸ਼ ਅਤੇ ਗੌਰੀ ਦੀ ਪੂਜਾ ਦਾ ਉਤਸਵ) ਦੀ ਅੰਤਮ ਰਸਮ ਲਈ ਪੁਰਾਣੀ ਬਾਉੜੀ ਵਾਲੇ ਬਗੀਚੇ ਵਿਚ ਜਾ ਰਹੇ ਹਨ ਤਾਂ ਉਹ ਵਾਰ-ਵਾਰ ਆਪਣੀ ਪੋਤਰੀ ਸ਼੍ਰੀਤੀ ਤਾਈਂ ਉਸਨੂੰ ਵੀ ਨਾਲ ਲੈ ਜਾਣ ਲਈ ਕਹਿ ਰਹੀ ਸੀ।
ਤੂੰ ਕੀ ਕਰੇਂਗੀ ਦਾਦੀ?ਸ਼੍ਰੀਤੀ ਨੇ ਕਮਜ਼ੋਰ ਦੇਹ ਵਾਲੀ ਦਾਦੀ ਨੂੰ ਹੈਰਾਨੀ ਨਾਲ ਦੇਖਦੇ ਹੋਏ ਪੁੱਛਿਆ।
ਬੱਸ ਮੈਨੂੰ ਇਕ ਵਾਰ ਲੈ ਚੱਲ…।
ਇਸ ਤੋਂ ਪਹਿਲਾਂ ਕਿ ਦਾਦੀ ਦਾ ਪੁਰਾਣਾ ਰਿਕਾਰਡ ਵੱਜਣਾ ਸ਼ੁਰੂ ਹੁੰਦਾ, ਠੀਕ ਐ, ਸ਼ਾਮ ਨੂੰ ਚਾਰ ਵਜੇ ਚੱਲਾਂਗੇ।ਕਹਿਕੇ ਸ਼੍ਰੀਤੀ ਨੇ ਜਿਵੇਂ ਆਪਣਾ ਪਿੱਛਾ ਛੁਡਾਇਆ।
ਬਾਉੜੀ ਵਾਲੇ ਬਗੀਚੇ ਵਿਚ ਜਦੋਂ ਸਾਰੀਆਂ ਔਰਤਾਂ ਗਨਗੌਰ ਪੂਜਾ ਵਿਚ ਰੁੱਝੀਆਂ ਸਨ, ਉਦੋਂ ਉਸ ਕੂੜੇ-ਕਰਕਟ ਨਾਲ ਭਰ ਚੁੱਕੀ ਬਾਉੜੀ ਦੀ ਮੌਣ ਉੱਤੇ ਬੈਠੀ ਦਾਦੀ ਨੂੰ ਆਪਣਾ ਅਤੇ ਆਪਣੇ ਬਚਪਣ ਦੇ ਮਿੱਤਰ ਪ੍ਰਤਾਪ ਦੇ ਬਿੰਬ ਸਾਫ ਨਜ਼ਰ ਆ ਰਹੇ ਸਨ। ਪ੍ਰੇਮ ਦੀ ਪਰਿਭਾਸ਼ਾ ਤਾਂ ਸ਼ਾਇਦ ਉਦੋਂ ਉਹ ਨਹੀਂ ਜਾਣਦੀ ਸੀ, ਪਰ ਉਸ ਪਵਿੱਤਰ ਤੇ ਅਗਿਆਤ ਰਿਸ਼ਤੇ ਨੂੰ ਮਹਿਸੂਸ ਕਰ ਸਕਦੀ ਸੀ। ਪਰ ਕਿੱਥੇ ਉਹ ਖੁਦ ਗੌੜ ਬ੍ਰਾਹਮਣਾਂ ਦੀ ਕੁੜੀ ਤੇ ਕਿੱਥੇ ਉਹ ਰਾਜਪੂਤ ਪ੍ਰਤਾਪ। ਅਜਿਹੇ ਰਿਸ਼ਤੇ ਦੀ ਉਸ ਜ਼ਮਾਨੇ ਵਿਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।
ਚੱਲ ਨਾ ਦਾਦੀ! ਸਾਰੀਆਂ ਔਰਤਾਂ ਜਾ ਰਹੀਆਂ ਹਨ।ਸ਼੍ਰੀਤੀ ਨੇ ਉਹਦਾ ਮੋਢਾ ਛੂਹਿਆ ਤਾਂ ਉਹ ਤ੍ਰਭਕ ਉੱਠੀ। ਲੱਗਾ, ਜਿਵੇਂ ਪ੍ਰਤਾਪ ਨੇ ਬਾਉੜੀ ਵਿਚ ਕੰਕਰ ਸੁੱਟਿਆ ਹੋਵੇ। ਆਪਣੇ ਅੰਦਰ ਉਸ ਜਲ ਦੀਆਂ ਤਰੰਗਾਂ ਮਹਿਸੂਸ ਕਰਦੀ ਦਾਦੀ ਨੇ ਜਵਾਨ ਪੋਤਰੀ ਦਾ ਮਜਬੂਤ ਹੱਥ ਫੜਿਆ ਤੇ ਬਾਉੜੀ ਨੂੰ ਅੰਤਮ ਪ੍ਰਣਾਮ ਕਰਕੇ ਤੁਰ ਪਈ।
ਹੁਣ ਜਲਤਰੰਗ ਉਹਦੇ ਹਿਰਦੇ ਵਿਚ ਵੱਜ ਰਿਹਾ ਸੀ।
                                                -0-

Friday, June 4, 2010

ਹਿੰਦੀ/ ਸੁਫ਼ਨੇ ਤੇ ਸੁਫ਼ਨੇ

ਰਾਮੇਸ਼ਵਰ ਕੰਬੋਜ ਹਿਮਾਂਸ਼ੂ

ਤਿੰਨ ਬੱਚੇ ਰੇਤੇ ਦੇ ਘਰੌਂਦੇ ਬਣਾ ਕੇ ਖੇਡ ਰਹੇ ਸਨ ਕਿ ਸੇਠ ਗਣੇਸ਼ੀ ਲਾਲ ਦਾ ਬੇਟਾ ਬੋਲਿਆ, “ਰਾਤ ਮੈਨੂੰ ਬਹੁਤ ਚੰਗਾ ਸੁਫ਼ਨਾ ਆਇਆ ਸੀ।”
“ਸਾਨੂੰ ਵੀ ਦੱਸ।” ਬਾਕੀ ਦੋਨਾਂ ਬੱਚਿਆਂ ਨੇ ਜਾਣਨਾ ਚਾਹਿਆ।
ਉਹਨੇ ਦੱਸਿਆ, “ਮੈਂ ਸੁਫਨੇ ’ਚ ਬਹੁਤ ਦੂਰ ਘੁਮੰਣ ਗਿਆ, ਪਹਾੜਾਂ ਤੇ ਦਰਿਆਵਾਂ ਨੂੰ ਪਾਰ ਕਰਕੇ…।”
ਨਰਾਇਣ ਬਾਬੂ ਦਾ ਬੇਟਾ ਬੋਲਿਆ, “ਮੈਨੂੰ ਹੋਰ ਵੀ ਜ਼ਿਆਦਾ ਮਜ਼ੇਦਾਰ ਸੁਫਨਾ ਆਇਆ। ਮੈਂ ਸੁਫਨੇ ’ਚ ਬਹੁਤ ਤੇਜ਼ ਸਕੂਟਰ ਚਲਾਇਆ। ਸਭ ਨੂੰ ਪਿੱਛੇ ਛੱਡਤਾ।”
ਜੋਖੂ ਰਿਕਸ਼ੇਵਾਲੇ ਦੇ ਬੇਟੇ ਨੇ ਕਿਹਾ, “ਤੁਹਾਡੇ ਦੋਹਾਂ ਦੇ ਸੁਫਨੇ ਬਿਲਕੁਲ ਬੇਕਾਰ ਨੇ।”
“ਐਵੇਂ ਹੀ ਬੇਕਾਰ ਕਹਿ ਰਿਹੈਂ। ਪਹਿਲਾਂ ਆਪਣਾ ਸੁਫਨਾ ਤਾਂ ਸੁਣਾ।” ਬਾਕੀ ਦੋਹਾਂ ਨੇ ਕਿਹਾ।
ਇਸ ਤੇ ਖੁਸ਼ ਹੋ ਕੇ ਉਹ ਬੋਲਿਆ, “ਮੈਂ ਰਾਤ ਸੁਫਨੇ ’ਚ ਖੂਬ ਰੱਜ ਕੇ ਖਾਣਾ ਖਾਧਾ। ਕਈ ਰੋਟੀਆਂ ਖਾਧੀਆਂ, ਲੂਣ ਤੇ ਗੰਢਿਆਂ ਨਾਲ, ਪਰ…”
“ਪਰ ਕੀ?” ਦੋਹਾਂ ਨੇ ਟੋਕਿਆ।
“…ਮੈਨੂੰ ਅਜੇ ਤਕ ਭੁਖ ਲੱਗੀ ਐ।” ਕਹਿਕੇ ਉਹ ਰੋ ਪਿਆ।
-0-

Thursday, May 6, 2010

ਹਿੰਦੀ/ ਸੱਚ

ਸ਼ੇਫਾਲੀ ਪਾਂਡੇ

“ਇਹ ਮੇਰੇ ਸਾਈਨ ਨਹੀਂ ਹਨ, ਬੋਲ ਤੂੰ ਹੀ ਕੀਤੇ ਹਨ ਨਾ ਮੇਰੇ ਸਾਈਨ?” ਸੁਮਨ ਮੈਡਮ ਨੇ ਕਡ਼ਕ ਕੇ ਪੁੱਛਿਆ।
“ਨਹੀਂ ਮੈਡਮ।” ਨਾਂ ਦੇ ਅੰਗਰੇਜ਼ੀ ਮਾਧਿਅਮ ਸਕੂਲ ਦੀ ਤੀਜੀ ਜਮਾਤ ਵਿਚ ਪਡ਼੍ਹਨ ਵਾਲੀ ਰੇਖਾ ਨੇ ਡਰਦੇ ਹੋਏ ਉੱਤਰ ਦਿੱਤਾ।
“ਝੂਠ ਬੋਲਦੀ ਐਂ, ਹੱਥ ਪੁੱਠੇ ਕਰਕੇ ਮੇਜ ਉੱਤੇ ਰੱਖ।”
ਰੇਖਾ ਨੇ ਸਹਿਮਦੇ ਹੋਏ ਹੱਥ ਅੱਗੇ ਕਰ ਦਿੱਤੇ। ਮੈਡਮ ਨੇ ‘ਤਡ਼ਾਕ’ ਦੇਣੇ ਲੱਕਡ਼ ਦਾ ਡਸਟਰ ਉਹਦੇ ਕੋਮਲ ਹੱਥਾਂ ਉੱਤੇ ਦੇ ਮਾਰਿਆ। ਕੁਡ਼ੀ ਰੋਣ ਲੱਗ ਪਈ।
“ਜੇਕਰ ਤੂੰ ਸੱਚ ਦੱਸ ਦੇਂਗੀ ਤਾਂ ਮੈਂ ਤੈਨੂੰ ਛੱਡ ਦਿਆਂਗੀ। ਬੋਲ ਤੂੰ ਹੀ ਕੀਤੇ ਹਨ ਨਾ ਸਾਈਨ?”
“ਨਹੀਂ ਮੈਡਮ, ਮੈਂ ਸੱਚ ਕਹਿ ਰਹੀ ਆਂ, ਮੈਂ ਨਹੀਂ ਕੀਤੇ।” ਕੁਡ਼ੀ ਨੇ ਰੋਂਦੇ ਹੋਏ ਕਿਹਾ।
ਮੈਡਮ ਗੁੱਸੇ ਨਾਲ ਪਾਗਲ ਹੋ ਗਈ। ‘ਤਡ਼ਾਕ, ਤਡ਼ਾਕ ਤਡ਼ਾਕ’ ਮੈਡਮ ਨੇ ਮਾਸੂਮ ਹੱਥਾਂ ਉੱਪਰ ਬੇਹਿਸਾਬ ਮਾਰ ਮਾਰੀ।
ਕੁਡ਼ੀ ਤੋਂ ਦਰਦ ਸਹਿਣ ਨਹੀਂ ਹੋਇਆ ਤਾਂ ਉਹਨੇ ਮੰਨ ਲਿਆ ਕਿ ਉਹ ‘ਸਾਈਨ’ ਉਸਨੇ ਹੀ ਕੀਤੇ ਸਨ। ਤਦ ਮੈਡਮ ਦੇ ਚਿਹਰੇ ਉੱਤੇ ਜੇਤੂ ਮੁਸਕਾਨ ਤੈਰ ਗਈ, “ਆਖਰ ਸੱਚ ਉਗਲਵਾ ਹੀ ਲਿਆ।”
ਸ਼ਾਮੀਂ ਘਰ ਪਹੁੰਚ ਕੇ ਸੁਮਨ ਨੇ ਕਾਪੀਆਂ ਦਾ ਬੰਡਲ ਚੈੱਕ ਕਰਨ ਲਈ ਬੈਗ ਵਿੱਚੋਂ ਬਾਹਰ ਕੱਢਿਆ ਹੀ ਸੀ ਕਿ ਉਹਦਾ ਨਿੱਕਾ ਜਿਹਾ ਬੇਟਾ ਖੇਡਦਾ ਹੋਇਆ ਉਸ ਕੋਲ ਆ ਕੇ ਬੋਲਿਆ, “ਮੰਮੀ, ਮੈਨੂੰ ਤੁਹਾਡੀ ਤਰ੍ਹਾਂ ਕਾਪੀ ਚੈੱਕ ਕਰਨਾ ਬਹੁਤ ਚੰਗਾ ਲਗਦਾ ਹੈ। ਪਲੀਜ, ਇਕ ਕਾਪੀ ਮੈਨੂੰ ਵੀ ਦੇ ਦਿਓ।”
ਸੁਮਨ ਮੈਡਮ ਦਾ ਮੱਥਾ ਠਣਕਿਆ, “ਤੂੰ ਕੱਲ ਵੀ ਇੱਥੋਂ ਕਾਪੀ ਚੁੱਕੀ ਸੀ?”
“ਹਾਂ ਮੰਮੀ, ਬਹੁਤ ਮਜ਼ਾ ਆਇਆ। ਜਵਾਂ ਤੁਹਾਡੇ ਵਾਂਗ ਕਾਪੀ ਚੈੱਕ ਕੀਤੀ ਮੈਂ।”
ਸੁਮਨ ਨੇ ਆਪਣਾ ਮੱਥਾ ਫਡ਼ ਲਿਆ।
ਉੱਧਰ ਰੇਖਾ ਦੇ ਮਾਂ-ਪਿਉ ਉਸਦਾ ਸੁੱਜਿਆ ਹੋਇਆ ਹੱਥ ਦੇਖ ਕੇ ਸੁੰਨ ਰਹਿ ਗਏ। ਦਿਨ ਰਾਤ ਖੇਤਾਂ ਵਿਚ ਸਖਤ ਮਿਹਨਤ ਕਰਨ ਵਾਲੇ ਮਾਂ-ਪਿਉ ਦਾ ਸਿਰਫ ਇਕ ਹੀ ਮਕਸਦ ਸੀ ਕੀ ਉਹਨਾਂ ਦੀ ਧੀ ਕੁਝ ਪਡ਼੍ਹ-ਲਿਖ ਜਾਵੇ।
“ਅੱਗ ਲਾ ਅਜਿਹੇ ਸਕੂਲ ਨੂੰ, ਕੱਲ ਤੋਂ ਮੇਰੇ ਨਾਲ ਖੇਤ ’ਚ ਕੰਮ ਕਰਨ ਚੱਲੀਂ।” ਮਾਂ ਕੁਡ਼ੀ ਦੇ ਕੋਮਲ ਹੱਥਾਂ ਉੱਪਰ ਹਲਦੀ ਲਾਉਂਦੀ ਹੋਈ ਰੋਈ ਜਾ ਰਹੀ ਸੀ।
-0-

Monday, April 5, 2010

ਅਰਬੀ/ ਪ੍ਰਾਰਥਨਾ

ਨਜਹਬ ਮਹਿਫੂਜ


ਮੇਰੀ ਉਮਰ ਸੱਤ ਸਾਲ ਤੋਂ ਵੀ ਘੱਟ ਰਹੀ ਹੋਵੇਗੀ ਜਦੋਂ ਮੈਂ ਕ੍ਰਾਂਤੀ ਲਈ ਪ੍ਰਾਰਥਨਾ ਕੀਤੀ।

ਉਸ ਸਵੇਰ ਵੀ ਮੈਂ ਰੋਜ਼ ਵਾਂਗ ਨੌਕਰਾਨੀ ਦੀ ਉਂਗਲ ਫੜ ਕੇ ਪ੍ਰਾਇਮਰੀ ਸਕੂਲ ਵੱਲ ਜਾ ਰਿਹਾ ਸੀ। ਪਰ ਮੇਰੇ ਪੈਰ ਇਸ ਤਰ੍ਹਾਂ ਘਿਸੜ ਰਹੇ ਸਨ ਜਿਵੇਂ ਕੋਈ ਜਬਰਨ ਮੈਨੂੰ ਜੇਲ੍ਹ ਵੱਲ ਖਿੱਚ ਕੇ ਲਿਜਾ ਰਿਹਾ ਹੋਵੇ। ਮੇਰੇ ਹੱਥ ਵਿਚ ਕਾਪੀ, ਅੱਖਾਂ ਵਿਚ ਉਦਾਸੀ ਤੇ ਦਿਲ ਵਿਚ ਸਭ ਕੁਝ ਚਕਨਾਚੂਰ ਕਰ ਦੇਣ ਵਾਲੀ ਅਰਾਜਕ ਮਨੋਸਥਿਤੀ ਸੀ। ਨਿੱਕਰ ਹੇਠਾਂ ਨੰਗੀਆਂ ਲੱਤਾਂ ਉੱਤੇ ਹਵਾ ਬਰਛੀਆਂ ਵਾਂਗ ਚੁਭ ਰਹੀ ਸੀ।

ਸਕੂਲ ਪਹੁੰਚਣ ਤੇ ਬਾਹਰ ਦਾ ਦਰਵਾਜਾ ਬੰਦ ਮਿਲਿਆ। ਗੇਟ ਕੀਪਰ ਨੇ ਗੰਭੀਰ ਸ਼ਿਕਾਇਤੀ ਲਹਿਜੇ ਵਿਚ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਦੇ ਧਰਨੇ ਕਾਰਨ ਕਲਾਸਾਂ ਅੱਜ ਵੀ ਰੱਦ ਰਹਿਣਗੀਆਂ।

ਖੁਸ਼ੀ ਦੀ ਇਕ ਜਬਰਦਸਤ ਲਹਿਰ ਨੇ ਮੈਨੂੰ ਬਾਹਰ ਤੋਂ ਅੰਦਰ ਤੀਕ ਭਿਉਂ ਦਿੱਤਾ।

ਆਪਣੇ ਦਿਲ ਦੀ ਸਭ ਤੋਂ ਅੰਦਰੂਨੀ ਤਹਿ ਤੋਂ ਮੈਂ ਇਨਕਲਾਬ ਦੇ ਜ਼ਿੰਦਾਬਾਦ ਹੋਣ ਦੀ ਪ੍ਰਾਰਥਨਾ ਕੀਤੀ।

-0-

Saturday, April 3, 2010

ਹਿੰਦੀ/ਕੋਠਾ ਸੰਵਾਦ

ਮਹੇਸ਼ ਦਰਪਣ

“ਨੀ ਬੰਨੋਂ, ਤੇਰਾ ਵੀ ਕੋਈ ਭਰਾ ਹੈ ਕੀ?”
“ਨਹੀਂ ਤਾਂ!”
“ਤਾਂ ਇਹ ਰੱਖਡ਼ੀ ਫਡ਼ੀ ਕੀ ਸੋਚ ਰਹੀ ਐਂ?”
“ਸੋਚ ਰਈ ਆਂ ਕਿ ਕੋਈ ਭਰਾ ਹੁੰਦਾ ਰੱਖਡ਼ੀ ਬਨ੍ਹਾਉਣ ਨੂੰ, ਤਾਂ ਇਹ ਜ਼ਿੰਦਗੀ ਇਸ ਤਰ੍ਹਾਂ ਸੁਆਹ ਨਾ ਹੁੰਦੀ।”
“ਤੂੰ ਤਾਂ ਇਉਂ ਕਹਿ ਰਈ ਐਂ ਨੀਂ…ਜਿਵੇਂ ਅਸੀਂ ਬਿਨਾਂ ਭਰਾ ਦੇ ਆਂ…ਸਾਡਾ ਈ ਕੀ ਹੋ ਗਿਆ!”
-0-

Wednesday, March 24, 2010

ਹਿੰਦੀ / ਸਫਲਤਾ

ਨੰਦਲਾਲ ਭਾਰਤੀ

“ਰਾਹੁਲ, ਤੂੰ ਪੜ੍ਹਾਈ ’ਤੇ ਧਿਆਨ ਨਹੀਂ ਦੇ ਰਿਹਾ। ਪਤਾ ਐ ਤੇਰੀ ਪੜ੍ਹਾਈ ’ਤੇ ਕਿੰਨਾ ਖਰਚ ਹੋ ਰਿਹੈ?”
“ਹਾਂ ਪਾਪਾ।”
“ਪਤਾ ਐ ਤੇਰੇ ਤੋਂ ਕਿੰਨੀਆਂ ਉਮੀਦਾਂ ਹਨ?”
“ਹਾਂ ਪਾਪਾ, ਸਭ ਪਤਾ ਹੈ।”
“ਫਿਰ ਵੀ ਪੜ੍ਹਾਈ ’ਚ ਧਿਆਨ ਨਹੀਂ!”
“ਪਾਪਾ, ਮੈਂ ਰੱਟੂ ਤੋਤਾ ਨਹੀਂ ਬਣਨਾਂ।”
“ਫਿਰ ਕੀ ਬਣਨਾ ਚਾਹੁਨੈਂ?”
“ਲਾਇਕ।”
“ਸਫਲ ਹੋ ਜਾਵੇਂਗਾ?”
“ਰੱਟੂ ਤੋਤਾ ਬਣਕੇ ਤਾਂ ਨਹੀਂ।”
“ਕੀ?”
“ਹਾਂ ਪਾਪਾ। ਮਨ ਅਨੁਸਾਰ ਯੋਗਤਾ ਹਾਸਲ ਕਰਨ ਦਿਓ, ਸਫਲਤਾ ਮੇਰੇ ਪਿੱਛੇ-ਪਿੱਛੇ ਆਵੇਗੀ।”
-0-

Tuesday, March 23, 2010

ਇਨਸਾਫ

ਜਵਾਰਾਜ਼ੇਰ (ਇਜਰਾਈਲ)

ਜਵਾਰਾਜ ਦੇ ਰੱਬੀ ਵੁਲਫ ਦੀ ਪਤਨੀ ਨੇ ਇੱਕ ਦਿਨ ਆਪਣੀ ਨੌਕਰਾਨੀ ਉੱਤੇ ਦੋਸ਼ ਲਾਇਆ ਕਿ ਉਸਨੇ ਉਹਨਾਂ ਦੇ ਘਰੋਂ ਇਕ ਕੀਮਤੀ ਬਰਤਨ ਚੁਰਾਇਆ ਹੈ।
ਨੌਕਰਾਨੀ ਤੋਂ ਪੁੱਛਿਆ ਗਿਆ ਤਾਂ ਉਸਨੇ ਚੋਰੀ ਤੋਂ ਇਨਕਾਰ ਕਰ ਦਿੱਤਾ।
ਰੱਬੀ ਨੂੰ ਉਸ ਦੇ ਨਿਰਦੋਸ਼ ਹੋਣ ਦਾ ਪੂਰਾ ਵਿਸ਼ਵਾਸ ਸੀ, ਪਰ ਉਸਦੀ ਪਤਨੀ ਨੂੰ ਯਕੀਨ ਨਹੀਂ ਹੋਇਆ। ਆਖਰ ਉਸਨੇ ਕਿਹਾ ਕਿ ਉਹ ਅਦਾਲਤ ਵਿਚ ਜਾ ਕੇ ਨੌਕਰਾਨੀ ਨੂੰ ਸਜ਼ਾ ਦਿਵਾਏਗੀ।
ਜਦੋਂ ਉਹ ਜਾਣ ਲਈ ਤਿਆਰ ਹੋ ਰਹੀ ਸੀ ਤਾਂ ਰੱਬੀ ਵੀ ਤਿਆਰ ਹੋਣ ਲੱਗਾ। ਪਤਨੀ ਨੇ ਦੇਖਿਆ ਤਾਂ ਉਸ ਨੇ ਰੱਬੀ ਨੂੰ ਕਿਹਾ, “ਤੁਹਾਨੂੰ ਜਾਣ ਦੀ ਲੋਡ਼ ਨਹੀਂ। ਮੈਂ ਖੁਦ ਹੀ ਗੱਲ ਕਰ ਲੂੰਗੀ। ਅਦਾਲਤ ਦੇ ਕਾਇਦੇ ਕਾਨੂੰਨ ਮੈਂ ਜਾਣਦੀ ਹਾਂ।”
“ਬੇਸ਼ਕ ਤੂੰ ਜਾਣਦੀ ਹੈਂ,” ਰੱਬੀ ਨੇ ਕਿਹਾ, “ਪਰ ਸਾਡੀ ਗਰੀਬ ਨੌਕਰਾਨੀ ਨਹੀਂ ਜਾਣਦੀ। ਮੈਂ ਉਸ ਵੱਲੋਂ ਜਾ ਰਿਹਾ ਹਾਂ। ਮੇਰੇ ਹੁੰਦੇ ਹੋਏ ਬੇਇਨਸਾਫੀ ਕਿਵੇਂ ਹੋ ਸਕਦੀ ਹੈ।”
-0-

Monday, March 15, 2010

ਹਿੰਦੀ/ਮਜਬੂਰੀਆਂ

ਡਾ. ਯੋਗੇਂਦਰਨਾਥ ਸ਼ੁਕਲ

“ਭਾਬੀ ਜੀ, ਤੁਸੀਂ ਬੁਰਾ ਨਾ ਮੰਨਣਾ…ਮੈਂ ਤੁਹਾਨੂੰ ਇਕ ਗੱਲ ਕਹਿਣੀ ਐ…ਤੁਸੀਂ ਏਨਾ ਬਣ-ਸੰਵਰ ਕੇ ਆਫਿਸ ਕਿਉਂ ਜਾਂਦੇ ਓ? ਮੈਨੂੰ ਚੰਗਾ ਲਹੀਂ ਲੱਗਦਾ।”
ਆਪਣੇ ਦਿਉਰ ਕਮਲ ਦੇ ਮੂੰਹੋਂ ਇਹ ਗੱਲ ਸੁਣਕੇ ਭਾਬੀ ਅਨਮਨੀ ਜਿਹੀ ਬੋਲੀ, “ਇਹ ਸਭ ਤੂੰ ਨਹੀਂ ਸਮਝੇਂਗਾ। ਤੂੰ ਹੁਣੇ ਹੁਣੇ ਕਾਲਜ ਜਾਣਾ ਸ਼ੁਰੂ ਕੀਤਾ ਐ ਤੇ ਤੇਰੀ ਹੁਣੇ ਤੋਂ ਏਨੀ ਲੰਮੀਂ ਜਬਾਨ ਹੋ ਗਈ।”
ਥੋਡ਼੍ਹੀ ਦੇਰ ਕਮਰੇ ਵਿਚ ਸੱਨਾਟਾ ਰਿਹਾ। ਫਿਰ ਕਮਲ ਨੇ ਕਿਹਾ, “ਨਹੀਂ ਭਾਬੀ ਜੀ, ਇਹ ਗੱਲ ਨਹੀਂ…ਮੇਰੇ ਦੋਸਤ ਤੁਹਾਡੇ ਸ਼ਿੰਗਾਰ ਨੂੰ ਲੈਕੇ ਮੇਰਾ ਮਜ਼ਾਕ ਉਡਾਉਂਦੇ ਹਨ…ਇਸ ਲਈ ਹੀ ਮੈਂ ਤੁਹਾਨੂੰ ਕਿਹਾ…।”
ਭਾਬੀ ਨੇ ਘੂਰ ਕੇ ਕਮਲ ਵੱਲ ਦੇਖਿਆ, ਫਿਰ ਬੋਲੀ, “ਜੇਕਰ ਇਹ ਗੱਲ ਐ ਤਾਂ ਸੁਣ…ਮੈਨੂੰ ਆਫਿਸ ’ਚ ਵਿਚਾਰੀ ਬਣਨਾ ਪਸੰਦ ਨਹੀਂ। ਉਂਜ ਵੀ ਇਹ ਪ੍ਰਾਈਵੇਟ ਫਰਮ ਦੀ ਨੌਕਰੀ ਐ, ਜਿਸ ’ਚ ਸਧਾਰਨ ਵੇਸਭੂਸ਼ਾ ’ਚ ਅਪਮਾਨਤ ਹੋਣਾ ਪੈਂਦਾ ਹੈ। ਅਧਿਕਾਰੀ ਵਰਗ ਗਰੀਬ ਸਮਝਕੇ ਡੋਰੇ ਪਾਉਣੇ ਸ਼ੁਰੂ ਕਰ ਦਿੰਦਾ ਹੈ। ਹੋਰ ਤਾਂ ਹੋਰ ਸਿਟੀ ਬੱਸ ’ਚ ਕੋਈ ਆਪਣੀ ਸੀਟ ’ਤੇ ਨਹੀਂ ਬਿਠਾਉਂਦਾ।”
-0-

Saturday, March 13, 2010

ਉਰਦੂ / ਦੋਨੋਂ ਨੰਗੇ

ਰਤਨ ਸਿੰਘ

ਦੋਨੋਂ ਨੰਗੇ ਸਨ। ਮਜ਼ਦੂਰੀ ਦੇ ਪੈਸੇ ਵੰਡਣ ਸਮੇਂ ਦੋ ਮਜ਼ਦੂਰਾਂ ਦਾ ਆਪਸ ਵਿਚ ਝਗਡ਼ਾ ਹੋ ਗਿਆ। ਇਕ ਮਜ਼ਦੂਰ ਦੇ ਵਿਗਡ਼ੇ ਹੋਏ ਤੇਵਰ ਦੇਖ ਕੇ ਦੂਜਾ ਬੋਲਿਆ, “ਵੇਖ, ਸਾਡੀ ਇੱਜ਼ਤ ਨੂੰ ਹੱਥ ਨਾ ਪਾ, ਅਸੀਂ ਰਾਜਪੂਤ ਆਂ। ਸਾਡੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਤੁਹਾਡੀ ਪੱਗ ਲਾਹੁਣ ਨੂੰ ਜੋ ਹੱਥ ਅੱਗੇ ਵਧੇ, ਉਹ ਹੱਥ ਵੱਢ ਦਿਓ।”
“ਓਏ, ਐਸੀ ਦੀ ਤੈਸੀ ਤੇਰੀ ਪੱਗ ਦੀ। ਮੇਰੇ ਪੂਰੇ ਪੈਸੇ ਦੇ ਦੇ, ਨਹੀਂ ਤਾਂ ਜੁੱਤੀਆਂ ਮਾਰ ਮਾਰ ਕੇ ਸਿਰ ਗੰਜਾ ਕਰ ਦੂੰ।”
ਦੋਨੋਂ ਇਕ ਦੂਜੇ ਵੱਲ ਝਪਟੇ ਤੇ ਫਿਰ ਸ਼ਰਮਿੰਦੇ ਜਿਹੇ ਆਪਣੀ ਜਗ੍ਹਾ ਰੁਕ ਗਏ। ਇਕ ਦੇ ਸਿਰ ਉੱਤੇ ਪੱਗ ਨਹੀਂ ਸੀ ਤੇ ਦੂਜੇ ਦੇ ਪੈਰਾਂ ਵਿਚ ਜੁੱਤੀ।
-0-

Sunday, March 7, 2010

ਸਿੰਧੀ/ਦੀਨ ਦਿਆਲ

ਘਨਸ਼ਿਆਮ ਸਾਗਰ


ਅਗਲੇ ਮਹੀਨੇ ਦੀ ਪੰਜ ਤਰੀਕ ਦੇ ਉੱਜੈਨ ਦੇ ਪੰਜ ਟਿਕਟ ਚਾਹੀਦੇ ਨੇ।

ਵੀਹ ਤਰੀਕ ਤਕ ਫੁੱਲ ਐ।

ਉਸ ਆਦਮੀ ਨੇ ਟਿਕਟਾਂ ਲਈ ਫਿਰ ਬੇਨਤੀ ਕੀਤੀ।

ਕਿਹਾ ਨਾ ਕਿ ਵੀਹ ਤਰੀਕ ਤਕ ਫੁੱਲ ਐ।ਰੁੱਖਾ ਜਿਹਾ ਉੱਤਰ ਦਿੰਦੇ ਹੋਏ ਬੁਕਿੰਗ ਕਲਰਕ ਨੇ ਸਿਗਰਟ ਸੁਲਗਾਈ।

ਚੰਗਾ, ਇਹ ਮਿਸਟਰ ਦੀਨ ਦਿਆਲ ਕਿਸ ਖਿਡ਼ਕੀ ’ਤੇ ਮਿਲਣਗੇ?

ਉਹਦੀ ਨਾਈਟ ਡਿਊਟੀ ਐ, ਪਰ ਤੁਸੀਂ ਦੀਨ ਦਿਆਲ ਨੂੰ ਕਿਵੇਂ ਜਾਣਦੇ ਓ?

ਮੈਂ ਪਲੇਟਫਾਰਮ ’ਤੇ ਉਨ੍ਹਾਂ ਦੀ ਸੱਜਣਤਾ ਦੀ ਚਰਚਾ ਸੁਣੀ ਸੀ।

ਤੁਸੀਂ ਦੀਨ ਦਿਆਲ ਦਾ ਨਾਂ ਲਿਐ ਤਾਂ ਤੁਹਾਡੇ ਲਈ ਕੁਝ ਨਾ ਕੁਝ ਕਰਨਾ ਈ ਪਵੇਗਾ। ਤੁਹਾਨੂੰ ਪੰਜ ਟਿਕਟ ਚਾਹੀਦੇ ਐ ਨਾ? ਮੇਰੀ ਜਗ੍ਹਾ ਦੀਨ ਦਿਆਲ ਵੀ ਹੁੰਦਾ ਤਾਂ ਉਹ ਵੀ ਕੁਝ ਨਹੀਂ ਕਰ ਪਾਉਂਦਾ। ਸੁਣੋ, ਹੁਣ ਜਿਵੇਂ ਮੈਂ ਕਹਾਂ ਉਵੇਂ ਕਰੋ।

ਸ਼੍ਰੀਮਾਨ ਜੀ, ਜਰਾ ਖੁੱਲ੍ਹ ਕੇ ਗੱਲ ਕਰੋ। ਤੁਸੀਂ ਮੇਰੀ ਲੋਡ਼ ਪੂਰੀ ਕਰੋ, ਮੈਂ ਤੁਹਾਡੀ ਲੋਡ਼ ਪੂਰੀ ਕਰਾਂਗਾ।

ਬੁਕਿੰਗ ਕਲਰਕ ਨੇ ਪੰਜ ਟਿਕਟ ਬਣਾ ਕੇ ਦੇ ਦਿੱਤੇ ਤੇ ਮੁਸਕਰਾ ਕੇ ਪੈਸੇ ਲਏ।

ਤਦ ਖਿਡ਼ਕੀ ਉੱਤੇ ਇਕ ਹੋਰ ਆਵਾਜ਼ ਸੁਣਾਈ ਦਿੱਤੀ, ਉੱਜੈਨ ਦੀਆਂ ਇੱਕੀ ਤਰੀਕ ਦੀਆਂ ਦੋ ਟਿਕਟਾਂ ਚਾਹੀਦੀਆਂ ਹਨ।

ਬੁਕਿੰਗ ਕਲਰਕ ਨੇ ਸਿਰ ਹਿਲਾ ਕੇ ਨਾਂਹ ਕੀਤੀ, ਤੀਹ ਤਰੀਕ ਤਕ ਫੁੱਲ ਐ। ਆਰ.ਏ.ਸੀ. ਵੀ ਪੂਰਾ ਹੋ ਗਿਆ।

ਉਸੇ ਵੇਲੇ ਕਿਸੇ ਨੇ ਪਿਛੋਂ ਆ ਕੇ ਕਲਰਕ ਦੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ, ਭਰਾ ਦੀਨ ਦਿਆਲ, ਹੁਣ ਤਾਂ ਕੁਰਸੀ ਛੱਡ ਦੇ, ਟਾਈਮ ਹੋ ਗਿਆ।

-0-