Sunday, March 4, 2012

ਕਸ਼ਮੀਰੀ / ਸ਼ਰਾਫਤ


ਅਖਤਰ ਮੋਈਉਦੀਨ
ਚਾਰ-ਪੰਜ ਵਰ੍ਹਿਆਂ ਦਾ ਇਕ ਬੱਚਾ ਸਰੇ-ਬਜ਼ਾਰ ਅੜੀਅਲ ਘੋੜੇ ਵਾਂਗ ਬਿਫਰ ਗਿਆ। ਮੁੰਡੇ ਦੀ ਜਿੱਦ ਨੇ ਸਜਧਜ ਕੇ ਘਰੋਂ ਨਿਕਲੀ ਔਰਤ ਤਿਲਮਿਲਾ ਉੱਠੀ, ਸਿੱਧਾ ਹੋ ਕੇ ਚਲਦੈਂ ਕਿ ਲਾਵਾਂ ਤੇਰੋ ਦੋ…।
ਬਹੁਤ ਮਿੰਨਤਾਂ ਕਰਨ ਤੇ ਵੀ ਸਾਹਬਜ਼ਾਦਾ ਟਸ ਤੋਂ ਮਸ ਨਾ ਹੋਇਆ। ਸਗੋਂ ਮਿੱਟੀ ਵਿਚ ਲਿਟਣ ਲੱਗਾ।
ਲੋਕ ਲੁਕਛਿਪ ਕੇ ਇਸ ਨਜ਼ਾਰੇ ਦਾ ਅਨੰਦ ਲੈਣ ਲੱਗੇ। ਤਦੇ ਉੱਥੋਂ ਇਕ ਬਜ਼ੁਰਗ ਸੱਜਣ ਗੁਜ਼ਰੇ। ਸ਼ਰਾਫਤ ਉਹਨਾਂ ਦੇ ਅੰਗ-ਅੰਗ ਵਿੱਚੋਂ ਟਪਕ ਰਹੀ ਸੀ। ਔਰਤ ਦੀ ਪਰੇਸ਼ਾਨੀ ਨੇ ਉਹਨਾਂ ਵਿਚ ਹਮਦਰਦੀ ਦਾ ਭਾਵ ਪੈਦਾ ਕੀਤਾ। ਬੱਚੇ ਨੂੰ ਬਾਹਾਂ ਵਿਚ ਲੈ ਕੇ ਉਹਨਾਂ ਨੇ ਕਿਹਾ, ਬੇਟਾ ਇੰਜ ਨਹੀਂ ਕਰੀਦਾ। ਦੱਸ ਤੈਨੂੰ ਕੀ ਚਾਹੀਦੈ?
ਬੱਚੇ ਦੀਆਂ ਵਾਛਾਂ ਖਿੜ ਗਈਆਂ, ਅੰਕਲ ਜੀ, ਮੰਮੀ ਮੈਨੂੰ ਤਾਂਗੇ ’ਚ ਨਹੀਂ ਬਠਾਉਂਦੀ। ਪੈਦਲ ਚਲਾਉਂਦੀ ਐ।
ਉਸ ਸੱਜਣ ਨੇ ਤਾਂਗਾ ਬੁਲਾਇਆ ਤੇ ਮਾਂ-ਪੁੱਤ ਦੋਹਾਂ ਨੂੰ ਤਾਂਗੇ ਵਿਚ ਬਿਠਾ ਕੇ ਵਿਦਾ ਕੀਤਾ। ਬੱਚੇ ਨੇ ਟਾ-ਟਾ ਕਰਦਿਆਂ ਹੱਥ ਹਿਲਾਇਆ ਤੇ ਮਾਂ ਨੂੰ ਬੋਲਿਆ, ਮੰਮੀ ਅੰਕਲ ਬਹੁਤ ਚੰਗੇ ਐ! ਮੈਨੂੰ ਗੋਦੀ ਚੁੱਕਿਆ ਤੇ ਤਾਂਗੇ ’ਚ ਬਠਾਇਆ।
ਛੀ-ਛੀਹ, ਗੰਦਾ ਆਦਮੀ! ਉਸ ਵੱਲ ਨਾ ਦੇਖ।ਔਰਤ ਨੇ ਅੱਖਾ ਕੱਢਦੇ ਹੋਏ ਕਿਹਾ।
                                        -0-



No comments: