Monday, April 2, 2012

ਹਿੰਦੀ/ ਆਪਣੇ ਲਈ


ਡਾ. ਸ਼ੀਲ ਕੌਸ਼ਿਕ

ਪ੍ਰੋਵੀਡੈਂਟ ਫੰਡ ਵਿੱਚੋਂ  ਪੰਜਾਹ ਹਜ਼ਾਰ ਰੁਪਏ ਕਢਵਾਉਣ ਲਈ ਕਲਰਕ ਰਾਮ ਪ੍ਰਸਾਦ ਦੀ ਅਰਜੀ ਦੇਖ ਕੇ ਅਧਿਕਾਰੀ ਹੈਰਾਨ ਸੀ। ਉਸਨੇ ਰਾਮਪ੍ਰਸਾਦ ਨੂੰ ਸੱਦਿਆ ਤੇ ਕਿਹਾ, ਸਿਰਫ ਤਿੰਨ ਮਹੀਨਿਆਂ ਮਗਰੋਂ ਤੁਸੀਂ ਰਿਟਾਇਰ ਹੋ ਜਾਣਾ ਹੈ। ਸਾਰੀ ਰਕਮ ਇਕੱਠੀ ਮਿਲ ਹੀ ਜਾਣੀ ਹੈ। ਫਿਰ ਇਹ ਰਕਮ ਕਿਸ ਲਈ?
ਰਾਮ ਪ੍ਰਸਾਦ ਕੁਝ ਦੇਰ ਸੋਚਦਾ ਰਿਹਾ। ਫਿਰ ਬੋਲਿਆ, ਸਰ! ਜਦੋਂ ਦਾ ਸਰਵਿਸ ’ਚ ਆਇਆ ਹਾਂ, ਪਤਨੀ ਤੇ ਬੱਚਿਆਂ ਦੀਆਂ ਫਰਮਾਇਸ਼ਾਂ ਹੀ ਪੂਰੀਆਂ ਕਰਨ ’ਚ ਰਿਹਾ ਹਾਂ…ਸਰ, ਦੋਸਤ ਕਹਿੰਦੇ ਰਹੇ ਕਦੇ ਆਪਣੇ ਲਈ ਵੀ ਜੀ ਲੈ। ਸੱਤ ਕਿਲੋਮੀਟਰ ਸਾਇਕਲ ਚਲਾ ਕੇ ਦਫਤਰ ਆਉਂਦਾ ਹੈਂ, ਸਾਹ ਚੜ੍ਹ ਜਾਂਦਾ ਹੈ, ਇਕ ਸਕੂਟਰ ਕਿਉਂ ਨਹੀਂ ਲੈ ਲੈਂਦਾ।
ਰਾਮਪ੍ਰਸਾਦ ਨੂੰ ਰੁਕਿਆ ਦੇਖ ਕੇ ਅਧਿਕਾਰੀ ਬੋਲਿਆ, ਫਿਰ ਲਿਆ ਕਿਉਂ ਨਹੀਂ ਸਕੂਟਰ?
ਸਰ, ਕਿਵੇਂ ਲੈਂਦਾ? ਕਦੇ ਪੁੱਤਰ ਨੂੰ ਬਾਈਕ ਦਿਵਾਈ ਤੇ ਕਦੇ ਬੇਟੀ ਨੂੰ ਟੂਰ ’ਤੇ ਭੇਜਿਆ। ਸਾਰੀ ਜ਼ਿੰਦਗੀ ਪਰਿਵਾਰ ਲਈ ਹੀ ਖਪਾ ਦਿੱਤੀ। ਖੁਦ ਸਕੂਟਰ ਲਈ ਤਰਸਦਾ ਰਿਹਾ।
ਤਿੰਨ ਮਹੀਨੇ ਬਾਦ ਲੈ ਲੈਂਦਾ ਸਕੂਟਰ।ਅਧਿਕਾਰੀ ਨੇ ਕਿਹਾ।
ਸਰ! ਬੱਚਿਆਂ ਨੂੰ ਪਤਾ ਹੈ ਕਿ ਰਿਟਾਇਰਮੈਂਟ ’ਤੇ ਮੈਨੂੰ ਕਿੰਨੇ ਪੈਸੇ ਮਿਲਣਗੇ। ਉਹਨਾਂ ਨੇ ਪਹਿਲਾਂ ਹੀ ਆਪਣੀਆਂ ਜ਼ਰੂਰਤਾਂ ਦੀ ਲਿਸਟ ਬਣਾ ਲਈ ਹੋਣੀ ਹੈ। ਉਦੋਂ ਮੇਰਾ ਸਕੂਟਰ ਫਿਰ ਰਹਿ ਜਾਵੇਗਾ। ਇਸਲਈ ਮੈਂ ਪਹਿਲਾਂ ਹੀ…।
                                                  -0-



No comments: