Sunday, July 31, 2011

ਹਿੰਦੀ/ ਸੂਲ


ਹਰਭਗਵਾਨ ਚਾਵਲਾ
ਚੌਧਰੀ ਰਾਮ ਸਿੰਘ ਡੇਢ ਘੰਟੇ ਤੋਂ ਬਸ ਦੀ ਉਡੀਕ ਕਰ ਰਹੇ ਸਨ। ਕਡ਼ਕਦੀ ਧੁੱਪ ਸੀ ਤੇ ਸਿਰ ਉੱਤੇ  ਕਿੱਕਰ ਦੀ ਹਲਕੀ ਛਾਂ। ਉਸਨੂੰ ਪਿਆਸ ਵੀ ਲੱਗ ਗਈ ਸੀ। ਬੇਚੈਨੀ ਕਾਰਨ ਉਹ ਵਾਰ ਵਾਰ ਪਰਨੇ ਨਾਲ ਆਪਣਾ ਮੁੜ੍ਹਕਾ ਪੂੰਝ ਰਿਹਾ ਸੀ। ਤਦ ਹੀ ਉਹਦੇ ਕੋਲ ਇਕ ਸਕੂਟਰ  ਆ ਕੇ ਰੁਕਿਆ।
ਆਜੋ ਚੌਧਰੀ ਸਾਹਬ!ਸਕੂਟਰ ਤੋਂ ਉਤਰਕੇ ਮਾਸਟਰ ਓਮ ਪ੍ਰਕਾਸ਼ ਕਪੜੇ ਨਾਲ ਸੀਟ ਸਾਫ ਕਰਨ ਲੱਗਾ।
ਪੰਜ-ਸੱਤ ਕਿਲੋਮੀਟਰ ਚੱਲਣ ਮਗਰੋਂ ਇਕ ਵੱਡੇ ਪਿੰਡ ਦੇ ਬੱਸ ਅੱਡੇ ਉੱਤੇ ਚੌਧਰੀ ਸਾਹਬ ਉੱਤਰਨ ਲੱਗੇ ਤਾਂ ਓਮ ਪ੍ਰਕਾਸ਼ ਨੇ ਕਿਹਾ, ਬੈਠੇ ਰਹੋ ਚੌਧਰੀ ਸਾਹਬ, ਘਰ ਛੱਡ ਆਉਂਦਾ ਹਾਂ।
ਰਹਿਣ ਦੇ ਓਮ, ਮੈਂ ਚਲਾ ਜਾਊਂਗਾ।
ਏਨੀ ਧੁੱਪ ’ਚ ਜਾਓਗੇ! ਦੋ ਮਿੰਟ ਲੱਗਣਗੇ, ਹੁਣੇ ਛੱਡ ਆਉਂਦਾ ਹਾਂ।
ਓਮ ਪ੍ਰਕਾਸ਼ ਉਹਨੂੰ ਘਰ ਤੱਕ ਛੱਡ ਆਇਆ।
ਬਹੁਤ ਦਿਨਾਂ ਤੱਕ ਚੌਧਰੀ ਸਾਹਬ ਆਪਣੀ ਬਿਰਾਦਰੀ ਦੇ ਲੋਕਾਂ ਵਿੱਚ ਬੈਠਦੇ ਤਾਂ ਕਹਿੰਦੇ, ਓਮ ਪ੍ਰਕਾਸ਼ ਬਹੁਤ ਚੰਗਾ ਮੁੰਡਾ ਹੈ। ਮੈਨੂੰ ਸਕੂਟਰ ਉੱਤੇ ਬਿਠਾਉਣ ਤੋਂ ਪਹਿਲਾਂ ਸੀਟ ਸਾਫ ਕੀਤੀ, ਰਾਹ ਵਿੱਚ ਠੰਡਾ ਪਿਆਇਆ, ਘਰ ਤੱਕ ਛੱਡ ਕੇ ਗਿਆ। ਪਰ ਇੱਕ ਗੱਲ ਸੂਲ ਵਾਂਗ ਚੁਭਦੀ ਹੈ…ਹੁਣ ਇਹ ਛੋਟੀ ਜਾਤ ਵਾਲੇ ਸਾਡੇ ਉੱਤੇ ਮਿਹਰਬਾਨੀਆਂ ਕਰਨਗੇ…ਕੀ ਜ਼ਮਾਨਾ ਆ ਗਿਆ!
                                    -0-


Sunday, July 17, 2011

ਹਿੰਦੀ/ ਤਿਲ


ਹਰਿ ਮਰਿਦੁਲ

ਉਹਨੂੰ ਦਫਤਰ ਵਿੱਚ ਬੈਠੇ ਨੂੰ ਪਤਾ ਨਹੀਂ ਅਚਾਨਕ ਕਿਵੇਂ ਯਾਦ ਆਇਆ ਕਿ ਪਤਨੀ ਦੇ ਹੇਠਲੇ ਬੁੱਲ੍ਹ ਹੇਠ ਇਕ ਤਿਲ ਸੀ, ਜਿਹੜਾ ਉਸਦੀ ਖੂਬਸੂਰਤੀ ਨੂੰ ਕਈ ਗੁਣਾ ਵਧਾ ਦਿੰਦਾ ਸੀ। ਕੀ ਉਹ ਤਿਲ ਅੱਜ ਵੀ ਉੱਥੇ ਹੀ ਹੈ? ਬਹੁਤ ਸਮੇਂ ਤੋਂ ਉਹਨੂੰ ਇਸਦਾ ਧਿਆਨ ਹੀ ਨਹੀਂ ਆਇਆ।
ਘਰ ਪਹੁੰਚ ਕੇ ਉਸਨੇ ਪਹਿਲਾਂ ਪਤਨੀ ਦੇ ਚਿਹਰੇ ਨੂੰ ਦੇਖਿਆ, ਬੜੇ ਗੌਰ ਨਾਲ, ਕਿਸੇ ਜਾਸੂਸ ਦੀ ਤਰ੍ਹਾਂ। ਪਤਨੀ ਉਸਦੇ ਇਸ ਤਰ੍ਹਾਂ ਦੇਖਣ ਉੱਤੇ ਹੈਰਾਨ ਸੀ।
ਉਸਨੇ ਪੁੱਛਿਆ, ਕੀ ਦੇਖ ਰਹੇ ਹੋ?
ਉਹ ਤਿਲ ਕਿੱਥੇ ਗਿਆ ਜੋ ਵਿਆਹ ਤੋਂ ਪਹਿਲਾਂ ਮੈਂ ਤੇਰੇ ਹੋਠ ਕੋਲ ਦੇਖਿਆ ਸੀ?
ਹੈ ਨਾ ਤਿਲ, ਇੱਕ ਨਹੀਂ ਦੋ-ਦੋ। ਇੱਕ ਸੱਜੀ ਅੱਖ ਹੇਠ ਤੇ ਦੂਜਾ ਨੱਕ ਉੱਤੇ।
ਮੈਂ ਉਸ ਤਿਲ ਦੀ ਗੱਲ ਕਰ ਰਿਹਾ ਹਾਂ, ਜੋ ਹੇਠਲੇ ਹੋਠ ਦੇ ਕੋਲ ਸੀ…।
ਇਹ ਉਸੇ ਤਿਲ ਦੇ ਤਾਂ ਬੱਚੇ ਹਨ। ਇਨ੍ਹਾਂ ਤਾਈਂ ਮੈਨੂੰ ਸੌਂਪ ਕੇ ਉਹ ਤਿਲ ਮਿਟ ਗਿਆ ਹੈ।
ਉਹਨੇ ਦੇਖਿਆ, ਵਾਸਤਵ ਵਿੱਚ ਹੀ ਪਤਨੀ ਦੀ ਸੱਜੀ ਅੱਖ ਹੇਠ ਤੇ ਨੱਕ ਦੇ ਉੱਪਰ ਦੋ ਨਿੱਕੇ-ਨਿੱਕੇ ਤਿਲ ਉੱਭਰ ਆਏ ਸਨ।
ਪਤਨੀ ਦੇ ਚਿਹਰੇ ਉੱਤੇ ਝੁਕਿਆ ਹੋਇਆ ਉਹ ਹੈਰਾਨ ਸੀ।
ਏਨੇ ਵਿੱਚ ਉਹਦੇ ਦੋਨੋਂ ਬੱਚੇ ਭੱਜੇ ਆਏ।
ਮੰਮੀ ਦੇ ਚਿਹਰੇ ਨੂੰ ਏਨੇ ਧਿਆਨ ਨਾਲ ਕਿਉਂ ਦਖ ਰਹੇ ਹੋ, ਪਾਪਾ?
ਦੇਖ ਰਿਹਾ ਹਾਂ ਕਿ ਮੇਰੀ ਪਤਨੀ ਕਿਤੇ ਗੁੰਮ ਤਾਂ ਨਹੀਂ ਹੋ ਗਈ…।
ਇਹ ਸੁਣਕੇ ਬੱਚੇ ਹੀ-ਹੀਕਰਕੇ ਹੱਸ ਪਏ। ਪਤਨੀ ਵੀ ਮੁਸਕਰਾਈ।
ਪਰ ਉਹਦੇ ਚਿਹਰੇ ਉੱਪਰ ਹੁਣ ਵੀ ਹੈਰਾਨੀ ਮੌਜੂਦ ਸੀ।
                             -0-

Saturday, July 9, 2011

ਹਿੰਦੀ / ਸੰਸਕਾਰ


ਸ਼ਿਆਮ ਸੁੰਦਰ ਵਿਆਸ

ਪਾਣੀ ਦੀ ਸਰਕਾਰੀ ਟੂਟੀ ਤੋਂ ਪਾਣੀ ਭਰਣ ਵਾਲਿਆਂ ਦੀ ਭੀਡ਼ ਜਮਾਂ ਹੋ ਗਈ ਸੀ। ਘੜਾ ਭਰ ਗਿਆ ਸੀ। ਪਰ ਬੁੱਢੀ ਮਾਂ ਤੋ ਘੜਾ ਚੁੱਕਿਆ ਨਹੀਂ ਸੀ ਜਾ ਰਿਹਾ । ਲੋਕਾਂ ਦਾ ਧੀਰਜ ਬੁਡ਼ਬੁੜਾਹਟ ਵਿੱਚ ਬਦਲਣ ਲੱਗਾ।
ਮਣਕੂ ਨੇ ਘੜਾ ਹਟਾਕੇ ਆਪਣੀ ਬਾਲਟੀ ਟੂਟੀ ਹੇਠ ਕਰਦਿਆਂ ਕਿਹਾ, ਬਹੂ ਦੇ ਮਹਿੰਦੀ ਲੱਗੀ ਐ, ਜੋ ਤੂੰ ਆ ਗਈ?
ਲਾਚਾਰ ਆਵਾਜ਼ ਵਿੱਚ ਬੁੱਢੀ ਮੂੰਹੋਂ ਨਿਕਲਿਆ, ਉਹਦਾ ਪੈਰ ਭਾਰੀ ਐ।
ਮਣਕੂ ਨੂੰ ਲੱਗਾ ਜਿਵੇਂ ਕਿਸੇ ਨੇ ਉਸ ਉੱਤੇ ਕਈ ਘੜੇ ਪਾਣੀ ਪਾ ਦਿੱਤਾ ਹੋਵੇ। ਉਹਨੇ ਘੜਾ ਚੁੱਕਿਆ ਤੇ ਬੁੱਢੀ ਦੇ ਦਰਵਾਜੇ ਉੱਤੇ ਰੱਖ ਆਇਆ।
                        -0-

Saturday, July 2, 2011

ਹਿੰਦੀ/ ਹੰਝੂ


ਕਾਲੀਚਰਣ ਪ੍ਰੇਮੀ
ਠਾਕਰ ਸਾਹਬ ਦੇ ਘਰ ਅੱਜ ਖਾਸ ਮਹਿਮਾਨ ਆਉਣ ਵਾਲੇ ਸਨ। ਉਹਨਾਂ ਦੇ ਸੁਆਗਤ-ਸਤਿਕਾਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਕਿਤੇ ਕੋਈ ਕਸਰ ਬਾਕੀ ਨਹੀਂ ਰਹਿ ਗਈ ਸੀ। ਬਸ ਕੁਝ ਖਟਕ ਰਿਹਾ ਸੀ ਤਾਂ ਪਿਛਵਾੜਿਉਂ ਆ ਰਹੀਆਂ ਰੋਣ-ਪਿੱਟਣ ਦੀਆਂ ਆਵਾਜ਼ਾਂ।
ਹਰੀਏ ਦਾ ਜਵਾਨ ਮੁੰਡਾ ਬੀਮਾਰ ਚੱਲ ਰਿਹਾ ਸੀਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ
ਸਾਲਾ ਕਿਤੇ ਮਰ-ਮਰਾ ਨਾ ਜਾਵੇ। ਪੂਰਾ ਪਿਛਵਾੜਾ ਗਲਾ ਪਾਡ਼ਕੇ ਚੀਕੂਗਾ। ਸਾਡੇ ਮਹਿਮਾਨਾਂ ਦਾ ਸਾਰਾ ਮਜਾ ਕਿਰਕਿਰਾ ਹੋ ਜਾਵੇਗਾ। ਆਖਰ ਕੀਤਾ ਕੀ ਜਾਵੇ?ਠਾਕਰ ਸਾਹਬ ਚਹਿਲਕਦਮੀ ਕਰਨ ਲੱਗੇ।
ਕੁਝ ਸੋਚ, ਠਾਕਰ ਸਾਹਬ ਪਿਛਵਾੜੇ ਵਾਲੇ ਮਕਾਨ ਵਿੱਚ ਜਾ ਧਮਕੇ ਤੇ ਬੋਲੇ, ਭਰਾ ਹਰੀਏ! ਦੇਖ ਅੱਜ ਮੇਰੇ ਘਰ ਬਹੁਤ ਵੱਡੇ-ਵੱਡੇ ਆਦਮੀ ਆਉਣ ਵਾਲੇ ਹਨ। ਰੋਣ-ਪਿੱਟਣ ਦੀ ਜਵਾਂ ਲੋਡ਼ ਨਹੀਂ। ਥੋੜਾ ਧਿਆਨ ਰੱਖੀਂ।
ਤੇ ਉਸ ਰਾਤ ਹਰੀਆ ਆਪਣੇ ਜਵਾਨ ਬੇਟੇ ਦੀ ਮੌਤ ਉੱਤੇ ਵੀ ਰੋ ਨਹੀਂ ਸਕਿਆ।
                         -0-