Tuesday, August 27, 2013

ਹਿੰਦੀ/ ਭਿਖਾਰੀ



ਸ਼ਰਦ ਸਿੰਘ (ਡਾ.)

ਉਹ ਮੰਗਤੀ ਸੀ-ਜਵਾਨ ਤੇ ਸੁੰਦਰ ਮੰਗਤੀ। ਉਹ ਇਕ ਕਾਰ ਕੋਲ ਪਹੁੰਚੀ । ਉਸਨੇ ਕਾਰ ਅੰਦਰ ਬੈਠੇ ਆਦਮੀ ਨੂੰ ਗਿੜਗਿੜਾਉਂਦੇ ਹੋਏ ਕਿਹਾ, ਦੋ ਦਿਨਾਂ ਤੋਂ ਇਸ ਪਾਪੀ ਪੇਟ ’ਚ ਅੰਨ ਦਾ ਇਕ ਦਾਣਾ ਵੀ ਨਹੀਂ ਗਿਆ… ਕੁਝ ਦੇ ਦਿਓ, ਬਾਬੂ ਜੀ!…ਰੱਬ ਤੁਹਾਡਾ ਭਲਾ ਕਰੂਗਾ, ਬਾਬੂਜੀ!
ਮੰਗਤੀ ਦੀ ਗੱਲ ਸੁਣਕੇ ਕਾਰ ਵਿਚ ਬੈਠੇ ਹੋਏ ਆਦਮੀ ਨੇ ਇਕ ਭਰਪੂਰ ਨਜ਼ਰ ਉਸਦੇ ਸਰੀਰ ਉੱਤੇ ਮਾਰੀ ਤੇ ਲਲਚਾਈ ਆਵਾਜ਼ ਵਿਚ ਕਿਹਾ, …ਬਦਲੇ ’ਚ ਤੂੰ ਮੈਨੂੰ ਕੀ ਦੇਵੇਂਗੀ?
ਇਹ ਸੁਣਦੇ ਹੀ ਮੰਗਤੀ ਨੇ ਆਪਣੇ ਮੱਥੇ ਉੱਤੇ ਹੱਥ ਮਾਰਦੇ ਹੋਏ ਕਿਹਾ, ਧੱਤ ਤੇਰੇ ਦੀ! ਮੈਂ ਵੀ ਕਿਸ ਭਿਖਾਰੀ ਤੋਂ ਭੀਖ ਮੰਗ ਲਈ!
ਤੇ ਉਸ ਆਦਮੀ ਨੇ ਝੇਂਪ ਕੇ ਆਪਣੀ ਕਾਰ ਅੱਗੇ ਵਧਾ ਲਈ।
                                       -0-


Saturday, August 17, 2013

ਹਿੰਦੀ/ ਸ਼ਾਸਨ



  ਮਧੁਦੀਪ
 
ਸਟੇਸ਼ਨ ਦੇ ਸਾਹਮਣੇ ਉਸਦਾ ਟੀ ਸਟਾਲ ਸੀ। ਸ਼ੁਰੂ ਵਿੱਚ ਉਸਦੀ ਤੀਹ-ਚਾਲੀ ਕੱਪ ਚਾਹ ਹੀ ਵਿਕਦੀ ਸੀ। ਉਹ ਕੱਪ-ਪਲੇਟ ਆਪਣੇ ਹੱਥੀਂ ਸਾਫ਼ ਕਰਦਾ ਹੁੰਦਾ ਸੀ ਸਾਰੀਆਂ ਜਾਤਾਂ ਦੇ ਅਮੀਰ-ਗਰੀਬ ਉਸ ਤੋਂ ਚਾਹ ਪੀਂਦੇ ਸਨ।
ਹੁਣ ਉਹਦੀ ਦੁਕਾਨ ਚੱਲ ਪਈ ਹੈ। ਦਿਨ ਵਿੱਚ  ਸੈਂਕੜੇ  ਕੱਪ ਚਾਹ ਵਿਕਦੀ ਹੈ। ਉਸਨੇ ਇੱਕ ਮੁੰਡਾ ਕੱਪ-ਪਲੇਟ ਧੋਣ ਤੇ ਚਾਹ ਫੜਾਉਣ ਲਈ ਰੱਖ ਲਿਆ ਹੈ।  
ਅੱਜ ਪਿੰਡ ਵਿੱਚ ਪਸ਼ੂਆਂ ਦਾ ਮੇਲਾ ਸੀ। ਚਾਹ ਲਈ ਲੋਕਾਂ ਦੀ ਭੀੜ ਲੱਗੀ ਸੀ। ਦੁਪਹਿਰ ਬਾਦ ਕੰਮ ਕੁਝ ਘਟਿਆ ਤਾਂ ਉਹ ਸਮਾਨ ਲੈਣ ਲਈ ਘਰ ਆਇਆ। ਉਸਦੇ ਚਿਹਰੇ ਉੱਤੇ ਚੰਗੀ ਵਿਕਰੀ ਹੋਣ ਦਾ ਉਤਸ਼ਾਹ ਸੀ।
ਹੁਣ ਕੀ ਹਾਲ ਐ ਛਿਣ ਭਰ ਲਈ ਉਹ ਬੀਮਾਰ ਪਤਨੀ ਕੋਲ ਬੈਠਾ।
ਦਰਦ ਨਾਲ ਮਰੀ ਜਾ ਰਹੀ ਆਂ। ਉੱਠਦੀ ਆਂ ਤਾਂ ਚੱਕਰ ਆਉਂਦੇ ਨੇ। ਸਰੀਰ ਬਹੁਤ ਦਰਦ ਕਰ ਰਿਹੈਜਰਾਜਰਾ ਇੱਕ ਕੱਪ ਚਾਹ ਬਣਾ ਦਿਓ। ਪਤਨੀ ਦਰਦ ਨਾਲ  ਹਾਇ-ਹਾਇ ਕਰਨ ਲੱਗੀ ਸੀ।
ਹੂੰ! ਪਟਰਾਣੀ ਐਂ ਜੋ ਤੇਰੇ ਲਈ ਚਾਹ ਬਣਾਵਾਂ।
ਪਤਨੀ ਨੇ ਹੈਰਾਨੀ ਨਾਲ ਉਸ ਵੱਲ ਵੇਖਿਆ।
ਘੂਰਦੀ ਕਾਹਤੋਂ ਐਂ, ਜੋਰੂ ਦਾ ਗੁਲਾਮ ਨਹੀਂ, ਜੋ ਪੈਰ ਦਬਾਵਾਂਹੂੰਹ ਹੰਕਾਰ ਨਾਲ ਧੌਣ ਅਕੜਾਈ ਉਹ ਦੁਕਾਨ ਉੱਤੇ ਜਾ ਪਹੁੰਚਿਆ।
ਓ ਲਾਲਾ! ਇੱਕ ਬਟਾ ਦੋ ਇੱਕ ਗ੍ਰਾਹਕ ਦੀ ਕਠੋਰ ਆਵਾਜ਼ ਉੱਭਰੀ ਤੇ ਉਹ ਗਰਦਨ ਝੁਕਾ ਕੇ ਚਾਹ ਬਣਾਉਣ ਲੱਗਾ।
                                          -0-
                                           

Monday, August 12, 2013

ਹਿੰਦੀ / ਸੁਫ਼ਨਾ



ਅਸ਼ੋਕ ਭਾਟੀਆ (ਡਾ.)

ਦੁਪਹਿਰੇ ਬੱਚਾ ਸਕੂਲੋਂ ਮੁੜਿਆ, ਉਦੋਂ ਚਿੜੀ ਦਰੱਖਤ ਉੱਤੇ ਆਰਾਮ ਕਰ ਰਹੀ ਸੀ। ਬੱਚੇ ਦੀ ਮਾਂ ਨੇ ਉਸਨੂੰ ਦੁਲਾਰਿਆ, ਖਾਣਾ ਖੁਆਇਆ ਤੇ ਕਿਹਾ, ਬੇਟੇ, ਹੋਮ ਵਰਕ ਕਰ ਤੇ ਨਾਲ ਈ ਪੇਪਰਾਂ ਦੀ ਤਿਆਰੀ ਵੀ ਕਰ।
ਬੱਚਾ ਪੜ੍ਹਨ ਬੈਠ ਗਿਆ। ਚਿੜੀ ਨੇ ਦਾਣਾ ਚੁਗਿਆ, ਪਾਣੀ ਵਿਚ ਕਲੋਲਾਂ ਕੀਤੀਆਂ। ਬੱਚਾ ਪੜ੍ਹਦਾ ਰਿਹਾ, ਪਰ ਉਹਦਾ ਧਿਆਨ ਆਪਣੇ ਖਿਡੌਣਿਆਂ ਵੱਲ ਸੀ।
ਸ਼ਾਮ ਨੂੰ ਚਿੜੀ ਆਲ੍ਹਣੇ ਵਿਚ ਮੁੜ ਆਈ। ਬੱਚਾ ਬਿਸਤਰੇ ਵਿਚ ਬੈਠਾ ਪੜ੍ਹ ਰਿਹਾ ਸੀ।
ਸੁਬ੍ਹਾ ਚਿੜੀ ਅਸਮਾਨ ਵਿਚ ਚਹਿਕ ਰਹੀ ਸੀ, ਜਦੋਂ ਬੱਚਾ ਪੜ੍ਹਨ ਬੈਠਾ ਸੀ। ਸਕੂਲ ਜਾਣ ਤੋਂ ਪਹਿਲਾਂ  ਉਸਨੇ ਕਿਹਾ, ਮਾਂ, ਜਦੋਂ ਮੈਂ ਯੁਨਿਵਰਸਿਟੀ ਪੜ੍ਹ ਲਵਾਂਗਾ, ਉਸ ਤੋਂ ਬਾਦ ਖੂਬ ਖੇਡਾਂਗਾ। ਉਦੋਂ ਮੈਂ ਕੋਈ ਕੰਮ ਨਹੀਂ ਕਰਾਂਗਾ।
                                    -0-

Sunday, August 4, 2013

ਹਿੰਦੀ /ਜਨਮ ਦਿਨ ਦਾ ਤੋਹਫਾ



 ਰਾਮ ਕੁਮਾਰ ਘੋਟੜ(ਡਾ.)

ਅੱਜ ਉਹ ਆਪਣਾ ਜਨਮ ਦਿਨ ਪਹਿਲੀ ਵਾਰ ਮਣਾ ਰਿਹਾ ਸੀ। ਉਂਜ ਤਾਂ ਜ਼ਿੰਦਗੀ ਦਾ ਇਕ ਦਹਾਕਾ ਬੀਤ ਗਿਆ ਸੀ, ਪਰ ਜਨਮ ਦਿਨ ਮਣਾਉਣ ਦੀ ਸਮਝ ਤੇ ਪਰਪੱਕਤਾ ਨਹੀਂ ਆਈ ਸੀ। ਮਾਂ ਦੇ ਨਾਲ ਸਾਹਬ ਲੋਕਾਂ ਦੇ ਘਰ ਕੰਮ ਕਰਨ, ਉਹ ਅਕਸਰ ਜਾਂਦਾ ਰਿਹਾ ਹੈ। ਉਹਨਾਂ ਵੱਡੇ ਘਰਾਂ ਵਿਚ ਬੱਚਿਆਂ ਦੇ ਜਨਮ ਦਿਨ ਮਣਾਉਣ ਦੇ ਤੌਰ-ਤਰੀਕੇ ਤੇ ਅਨਮੋਲ ਤੋਹਫ਼ਿਆਂ ਨੇ ਉਸ ਦੇ ਮਨ ਵਿਚ ਵੀ ਜਨਮ ਦਿਨ ਮਣਾਉਣ ਦੀ ਲਾਲਸਾ ਪੈਦਾ ਕਰ ਦਿੱਤੀ। ਮਾਂ ਭੋਜਣ ਬਣਾਉਣ ਦਾ ਕੰਮ ਕਰ ਰਹੀ ਸੀ। ਬਾਪੂ ਅਜੇ ਸ਼ਹਿਰ ਤੋਂ ਨਹੀਂ ਮੁੜਿਆ ਸੀ। ਉਹ ਆਂਢ ਗੁਆਂਢ ਦੇ ਪੰਜ-ਸੱਤ ਬੱਚਿਆਂ ਨਾਲ ਘਿਰਿਆ, ਮੋਮਬੱਤੀਆਂ ਜਗਾਉਂਦੇ ਸਮੇਂ ਅਸੀਮ ਖੁਸ਼ੀ ਦਾ ਅਨੁਭਵ ਕਰ ਰਿਹਾ ਸੀ। ਇਹ ਉਹੀ ਬੱਚੇ ਸਨ, ਜਿਹੜੇ ਕੂੜੇ ਕਰਕਟ ਦੇ ਢੇਰਾਂ ਵਿੱਚੋਂ ਕੁਝ ਲੱਭਣ ਲਈ ਸਾਰਾ ਦਿਨ ਉਹਦੇ ਨਾਲ ਰਹਿੰਦੇ ਸਨ।
ਉਹਨੇ ਕਾਫੀ ਸਮੇਂ ਤਕ ਭੈਭੀਤ ਮਨ ਨਾਲ ਬਾਪੂ ਦੇ ਘਰ ਆਉਣ ਦੀ ਉਡੀਕ ਕੀਤੀ। ਹਨੇਰਾ ਹੋਣ ਲੱਗਾ ਤਾਂ ਬੱਚੇ ਘਰ ਜਾਣ ਲਈ ਉਤਾਵਲੇ ਹੋਣ ਲੱਗੇ।
ਅੰਤ ਉਹਨੇ ਛੋਟਾ ਜਿਹਾ ਕੇਕ ਕੱਟਕੇ ਮੋਮਬੱਤੀਆਂ ਬੁਝਾਉਣ ਦੀ ਰਸਮ ਅਦਾ ਕੀਤੀ। ਬੱਚੇ ਤਾੜੀਆਂ ਮਾਰਕੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਨੱਚਣ ਲੱਗੇ। ਤੋਹਫ਼ੇ ਵਿਚ ਕੋਈ ਗੁਬਾਰਾ, ਕੋਈ ਚਿਉਂਗਮ ਤਾਂ ਕੋਈ ਕੂੜੇ ਕਰਕਟ ਦੇ ਢੇਰ ਵਿਚੋਂ ਸਮਾਨ ਚੁਗਣ ਲਈ ਥੈਲਾ ਲੈ ਕੇ ਆਇਆ ਸੀ।
ਇੰਨੇ ਵਿਚ ਫਟਾਕ ਦੇਣੇ ਬਾਹਰ ਦਾ ਦਰਵਾਜਾ ਖੁਲ੍ਹਿਆ ਤੇ ਬਦਬੂਦਾਰ ਹਵਾ ਦੇ ਇਕ ਝੌਂਕੇ ਨਾਲ ਬਾਪੂ ਅੰਦਰ ਆਇਆ।
ਓਏ ਕਾਲੀਏ!…ਕੀ ਐ ਇਹ ਸਭ?…ਕੀ ਖੁਰਾਫਾਤ ਕਰ ਰਿਹੈਂ ਇਨ੍ਹਾਂ ਬੱਚਿਆਂ ਨਾਲ…ਹੈਂ?
ਬਾਪੂ…!ਉਹ ਆਪਣੇ ਬਾਪੂ ਦੇ ਪੈਰਾਂ ਨਾਲ ਚਿੰਬੜ ਜਿਹਾ ਗਿਆ, ਬਾਪੂ, ਅੱਜ ਮੇਰਾ ਜਨਮ ਦਿਨ ਐ! ਅੱਜ ਮਾਂ ਨੇ ਚੰਗੀ ਖੀਰ ਬਣਾਈ ਐ, ਨਾਲ ਬਹਿਕੇ ਖਾਵਾਂਗੇ। ਮੈਂ ਤੇਰੇ ਤੋਂ ਕੁਝ ਵੀ ਨਹੀਂ ਮੰਗਦਾ। ਬੱਸ, ਅੱਜ ਦੀ ਰਾਤ ਮੈਨੂੰ ਤੇ ਮਾਂ ਨੂੰ ਮਾਰੀਂ ਨਾ! ਮੈਂ ਇਸ ਨੂੰ ਹੀ ਜਨਮ ਦਿਨ ਦਾ ਤੋਹਫਾ ਸਮਝੂੰਗਾ।
ਸ਼ਰਾਬ ਦੀ ਅੱਧੀ ਬੋਤਲ, ਬਾਪੂ ਦੇ ਹੱਥੋਂ ਛੁੱਟ ਕੇ ਵਿਹੜੇ ਵਿਚ ਡਿੱਗ ਪਈ। ਬਾਪੂ ਨੇ ਬੱਚੇ ਨੂੰ ਉਠਾ ਕੇ ਗਲ ਨਾਲ ਲਾ ਲਿਆ।
                                     -0-