Thursday, September 23, 2010

ਯੁਗੋਸਲਾਵ/ ਬੱਚੇ ਤੇ ਯੁੱਧ


 ਇਵਾਨ ਕੈਂਕਰ
ਹਰ ਰਾਤ ਸੌਣ ਤੋਂ ਪਹਿਲਾਂ ਉਸ ਘਰ ਦੇ ਚਾਰੋਂ ਬੱਚੇ ਗੱਪਸ਼ੱਪ ਕਰਦੇ ਸਨ। ਉਹ ਬਿਸਤਰੇ ਦੇ ਇੱਕ ਕਿਨਾਰੇ ਬੈਠ ਕੇ ਦਿਮਾਗ ਵਿਚ ਜੋ ਆਉਂਦਾ, ਉਸ ਬਾਰੇ ਗੱਲਾਂ ਕਰਦੇ। ਉਹਨਾਂ ਦੀਆਂ ਗੱਲਾਂ ਤੇ ਕਹਾਣੀਆਂ ਦਾ ਮੂੰਹ-ਸਿਰ ਕੁਝ ਵੀ ਨਹੀਂ ਹੁੰਦਾ ਸੀ, ਪਰ ਉਹ ਉਹਨਾਂ ਲਈ ਅਨੰਦਦਾਇਕ ਸਨ। ਪਰੰਤੂ ਉਸ ਦਿਨ ਉਹ ਆਪਣੇ ਪਿਤਾ ਬਾਰੇ ਚਿੰਤਤ ਸਨ। ਉਹਨਾਂ ਨੂੰ ਇਕ ਗੁਮਨਾਮ ਪੱਤਰ ਮਿਲਿਆ ਸੀ ਕਿ ਉਹਨਾਂ ਦੇ ਪਿਤਾ ਯੁੱਧ ਵਿਚ ਮਾਰੇ ਗਏ ਸਨ।
ਪਾਪਾ ਕਦੋਂ ਵਾਪਸ ਆਉਣਗੇ? ਚਾਰ ਸਾਲ ਦੇ ਮੁੰਡੇ ਨੇ ਪੁੱਛਿਆ।
ਦਸ ਸਾਲ ਦੇ ਮੁੰਡੇ ਨੇ ਗੁੱਸੇ ਨਾਲ ਉਸ ਵੱਲ ਦੇਖਿਆ, ਜਦੋਂ ਉਹ ਮਾਰੇ ਹੀ ਗਏ ਤਾਂ ਆਉਣਗੇ ਕਿਵੇਂ?
ਮੈਂ ਵੀ ਯੁੱਧ ਵਿਚ ਜਾ ਰਿਹਾ ਹਾਂ।ਅਚਾਣਕ ਸੱਤ ਸਾਲਾ ਮੁੰਡਾ ਬੋਲਿਆ।
ਤੂੰ ਅਜੇ ਬਹੁਤ ਛੋਟਾ ਐਂ
ਯੁੱਧ ਕੀ ਹੁੰਦਾ ਐ?ਪਹਿਲੀ ਵਾਰ ਪੰਜ ਸਾਲਾ ਮੁੰਡਾ ਬੋਲਿਆ।
ਯੁੱਧ ’ਚ ਲੋਕ ਇਕ-ਦੂਜੇ ਦੇ ਛੁਰਾ ਘੋਂਪਧੇ ਹਨ…ਤੇ ਇਕਦੂਜੇ ਨੂੰ ਬੰਦੂਕ ਨਾਲ ਭੁੰਨ ਦਿੰਦੇ ਹਨ। ਸਭ ਤੋਂ ਵੱਡੇ ਯਾਨੀ ਦਸ ਵਰ੍ਹਿਆਂ ਦੇ ਮੁੰਡੇ ਨੇ ਦੱਸਿਆ।
ਕਮਰੇ ਵਿਚ ਗਹਿਰੀ ਚੁੱਪ ਛਾ ਗਈ।
ਮੈਂ ਯੁੱਧ ’ਚ ਦੁਸ਼ਮਣ ਨੂੰ ਮਾਰਨ ਜਾ ਰਿਹੈਂ।ਸੱਤ ਸਾਲਾ ਮੁੰਡਾ ਬੋਲਿਆ।
ਦੁਸ਼ਮਣ ਕੌਣ ਹੁੰਦੈ?ਚਾਰ ਸਾਲਾ ਮੁੰਡੇ ਨੇ ਜਗਿਆਸਾ ਪ੍ਰਗਟਾਈ, ਕੀ ਉਹ ਬਹੁਤ ਨੁਕਸਾਨ ਕਰਦੈ?
ਬਿਲਕੁਲ! ਨਹੀਂ ਤਾਂ ਉਹ ਦੁਸ਼ਮਣ ਕਿਉਂ ਹੁੰਦਾ।
ਮੈਨੂੰ ਤਾਂ ਵਿਸ਼ਵਾਸ ਨਹੀਂ ਹੁੰਦਾ ਕਿ ਪਿਤਾ ਜੀ ਮਾਰੇ ਗਏ…ਉਹ ਤਾਂ ਸਾਡੇ ਵਰਗੇ ਹਨ।ਚਾਰ ਸਾਲਾ ਮੁੰਡਾ ਬੋਲਿਆ।
ਪਰ ਇਕ ਆਦਮੀ ਯੁੱਧ ਲਈ ਤਿਆਰ ਕਿਉਂ ਹੁੰਦੈ?…ਇਹ ਤਾਂ ਨਿਰਾ ਜੰਗਲੀਪੁਣਾ ਐ। ਸੱਤ ਸਾਲਾ ਮੁੰਡਾ ਬੋਲਿਆ।
ਉਨ੍ਹਾਂ ਸਾਰਿਆਂ ਨੇ ਉਨ੍ਹਾਂ ਨੂੰ ਮਾਰ ਦਿੱਤਾ।ਦਸ ਸਾਲਾ ਮੁੰਡੇ ਨੇ ਕਿਹਾ।
ਮਾਰ ਦਿੱਤਾ!ਸਭ ਹੈਰਾਨ ਸਨ, ਜਿਵੇਂ ਇਹ ਖ਼ਬਰ ਪਹਿਲੀ ਵਾਰ ਸੁਣੀ ਹੋਵੇ। ਇਕ ਵਾਰ ਫੇਰ ਸੰਨਾਟਾ ਛਾ ਗਿਆ।
ਉਸ ਘਰ ਵਿਚ ਉਹਨਾਂ ਬੱਚਿਆਂ ਦੇ ਦਾਦਾ-ਦਾਦੀ ਇਕ ਦੂਜੇ ਜਾ ਹੱਥ ਫੜ ਕੇ ਰੋ ਰਹੇ ਸਨ। ਚੁਪਚਾਪ। ਬਿਨਾਂ ਆਵਾਜ਼ ਕੀਤੇ।
                                                    -0-

Monday, September 13, 2010

ਹਿੰਦੀ/ਪਿਆਰ

ਆਰਤੀ ਝਾ

            ਝੀਲ ਦੇ ਨੀਲੇ ਪਾਣੀ ਨੂੰ ਇਕਟਕ ਦੇਖਣਾ ਚੰਗਾ ਲੱਗ ਰਿਹਾ ਸੀ। ਚੱਪੂ ਦੀ ਆਵਾਜ਼ ਸੁਰੀਲੀ ਸੀ। ਬੋਟ ਵਾਲਾ ਮੁੰਡਾ ਇੱਕੀ-ਬਾਈ ਵਰ੍ਹਿਆਂ ਦਾ ਹੋਵੇਗਾ। ਉਹਦੀਆਂ ਗਹਿਰੀਆਂ-ਭੂਰੀਆਂ ਅੱਖਾਂ ਜਿਵੇਂ ਕੁਝ ਖੋਜ਼ ਰਹੀਆਂ ਸਨ।
            “ਕੀ ਕਰਦੇ ਓ ਬੋਟ ਚਲਾਉਣ ਤੋਂ ਇਲਾਵਾ?” ਮੈਂ ਪੁੱਛਿਆ।
            “ਪਡ਼੍ਹਾਈ। ਕਾਮਰਸ ਕਰ ਰਿਹੈਂ। ਇਹ ਪਾਰਟ ਟਾਈਮ ਜਾਬ ਐ। ਹੁਣ ਪੀਕ ਸੀਜਨ ਐ। ਟੂਰਿਸਟਾਂ ਦੀ ਭੀਡ਼ ਰਹਿੰਦੀ ਐ, ਇਸਲਈ ਚੰਗੀ ਕਮਾਈ ਹੋ ਜਾਂਦੀ ਐ।”
            “ਬੋਟ ਕੀ ਤੇਰੀ ਆਪਣੀ ਐ?”
            “ਨਹੀਂ, ਮਾਲਕ ਦੀ ਐ। ਆਪਣੀ ਕਿੱਥੇ…!” ਥੋਡ਼ੀ ਦੇਰ ਚੁੱਪ ਰਹਿ ਉਹ ਕੁਝ ਸੋਚਦਾ ਰਿਹਾ। ਫਿਰ ਬੋਲਿਆ, “ਲੱਕਡ਼ ਮਹਿੰਗੀ ਐ। ਤੀਹ-ਚਾਲੀ ਹਜ਼ਾਰ ਲੱਗ ਜਾਂਦੇ ਐ ਇਕ ਚੰਗੀ ਚੇ ਮਜਬੂਤ ਬੋਟ ਬਣਾਉਣ ’ਚ।”
            “ਤੁਸੀਂ ਉਹ ਪਹਾਡ਼ ਦੇਖ ਰਹੀ ਓ ਨਾ…ਉਹ ਸੂਸਾਈਡਲ ਪੁਆਇਂਟ ਐ।”
            ਉਹਦੀ ਗੱਲ ਸੁਣ ਮੇਰਾ ਸਿਰ ਚਕਰਾ ਗਿਆ। “ਕੀ? ਕੀ ਕਿਹਾ?” ਮੈਂ ਬਹੁਤ ਹੈਰਾਨ ਹੋ ਉਸਨੂੰ ਗਹਿਰੀ ਨਿਗ੍ਹਾ ਨਾਲ ਦੇਖਿਆ।
             “ਹਾਂ ਸੱਚ! ਲੋਕ ਉੱਥੋਂ ਕੁੱਦ ਕੇ ਜਾਨ ਦੇ ਦਿੰਦੇ ਹਨ। ਅਜੇ ਕੱਲ੍ਹ ਦੀ ਹੀ ਗੱਲ ਐ…ਇਕ ਕੁਡ਼ੀ ਉੱਥੋਂ ਕੁੱਦ ਕੇ ਮਰ ਗਈ। ਉਸਦੇ ਨਾਲ ਮੁੰਡੇ ਨੇ ਵੀ ਕੁੱਦਣਾ ਸੀ, ਪਰ ਕੁੱਦ ਨਹੀਂ ਸਕਿਆ…ਹੁਣ ਉਹ ਜੇਲ੍ਹ ’ ਬੰਦ ਐ।” ਉਹਦੇ ਚਿਹਰੇ ਉੱਤੇ ਉਦਾਸੀ ਛਾ ਗਈ। ਉਹ ਕਿਸੇ ਦੂਜੀ ਦੁਨੀਆ ਵਿਚ ਗੁਆਚ ਜਿਹਾ ਗਿਆ। ਮੈਂ ਕੁਝ ਕਹਿਣਾ ਚਾਹੁੰਦੀ ਸੀ ਕਿ ਤਦੇ ਉਹ ਜਿਵੇਂ ਕਿਸੇ ਸੁਫਨੇ ਤੋਂ ਜਾਗ ਕੇ ਬੋਲਣ ਲੱਗਾ, “ਬਹੁਤ ਪਿਆਰ ਕਰਦਾ ਸੀ ਕੁਡ਼ੀ ਨੂੰ…ਨਾਲ-ਨਾਲ ਜਿਉਣ ਮਰਨ ਦੀਆਂ ਕਸਮਾਂ ਖਾਂਦਾ ਹੁੰਦਾ ਸੀ। ਪਰ ਪਤਾ ਨਹੀਂ ਕਿਉਂ ਕੁੱਦਣ ਦੀ ਹਿੰਮਤ ਨਹੀਂ ਕਰ ਪਾਇਆ।”
           ਮੈਂ ਉਸ ਨੂੰ ਕੁਰੇਦਿਆ, “ ਕੀ ਕਹਿਣਾ ਚਾਹੁੰਦਾ ਔਂ, ਪਿਆਰ ’ਚ ਕਮੀ ਸੀ ਉਹਦੇ? ਪਿਆਰ ਕੀ ਐ ਤੇਰੀ ਨਜ਼ਰ ’ਚ?”
           ਉਹਦੀਆਂ ਗਹਿਰੀਆਂ ਭੂਰੀਆਂ ਅੱਖਾਂ ਬਿਲਕੁਲ ਸਥਿਰ ਸਨ, ਝੀਲ ਦੀ ਤਰ੍ਹਾਂ। ਉਹ ਬੋਲਿਆ, “ਮੈਂ ਕੁਝ ਦਿਖਾਉਂਦਾ ਹਾਂ ਤੁਹਾਨੂੰ… ਝੀਲ ਦੇ ਉਸ ਪਾਰ ਇਕ ਮੰਦਰ ਐ। ਪੂਰਾ ਤਾਂ ਨਹੀਂ, ਬੱਸ ਇਕ ਹਿੱਸਾ ਦਿਖਾਈ ਦੇ ਰਿਹੈ।”
           “ਕਿਵੇਂ ਦੇਖਾਂ? ਹਲਚਲ ਹੋ ਰਹੀ ਐ ਚੱਪੂ ਨਾਲ…ਪਾਣੀ ਹਿੱਲ ਰਿਹੈ…।”
           “ਠਹਿਰੋ! ਚੱਪੂ ਚਲਾਉਣਾ ਬੰਦ ਕਰਦੈਂ…ਹੁਣ ਦੇਖੋ…ਦਿੱਸਿਆ?”
           “ਹਾਂ! ਕੁਝ ਹਿੱਸਾ ਦਿੱਸ ਤਾਂ ਰਿਹੈ, ਧੁੰਦਲਾ ਜਿਹਾ” ਮੈਂ ਕਿਹਾ।
           ਉਹ ਬੋਲਿਆ, “ਅਜਿਹਾ ਹੀ ਹੁੰਦੈ ਪਿਆਰ ਵੀ। ਹਲਚਲਾਂ ਵਿਚਕਾਰ ਸਥਿਰ ਜਿਹੀ ਕੋਈ ਚੀਜ…ਕੁਝ ਦੇਖਿਆ ਤੇ ਬਹੁਤ ਕੁਝ ਅਨਦੇਖਿਆ…।”
                                                                            -0-