Wednesday, March 24, 2010

ਹਿੰਦੀ / ਸਫਲਤਾ

ਨੰਦਲਾਲ ਭਾਰਤੀ

“ਰਾਹੁਲ, ਤੂੰ ਪੜ੍ਹਾਈ ’ਤੇ ਧਿਆਨ ਨਹੀਂ ਦੇ ਰਿਹਾ। ਪਤਾ ਐ ਤੇਰੀ ਪੜ੍ਹਾਈ ’ਤੇ ਕਿੰਨਾ ਖਰਚ ਹੋ ਰਿਹੈ?”
“ਹਾਂ ਪਾਪਾ।”
“ਪਤਾ ਐ ਤੇਰੇ ਤੋਂ ਕਿੰਨੀਆਂ ਉਮੀਦਾਂ ਹਨ?”
“ਹਾਂ ਪਾਪਾ, ਸਭ ਪਤਾ ਹੈ।”
“ਫਿਰ ਵੀ ਪੜ੍ਹਾਈ ’ਚ ਧਿਆਨ ਨਹੀਂ!”
“ਪਾਪਾ, ਮੈਂ ਰੱਟੂ ਤੋਤਾ ਨਹੀਂ ਬਣਨਾਂ।”
“ਫਿਰ ਕੀ ਬਣਨਾ ਚਾਹੁਨੈਂ?”
“ਲਾਇਕ।”
“ਸਫਲ ਹੋ ਜਾਵੇਂਗਾ?”
“ਰੱਟੂ ਤੋਤਾ ਬਣਕੇ ਤਾਂ ਨਹੀਂ।”
“ਕੀ?”
“ਹਾਂ ਪਾਪਾ। ਮਨ ਅਨੁਸਾਰ ਯੋਗਤਾ ਹਾਸਲ ਕਰਨ ਦਿਓ, ਸਫਲਤਾ ਮੇਰੇ ਪਿੱਛੇ-ਪਿੱਛੇ ਆਵੇਗੀ।”
-0-

Tuesday, March 23, 2010

ਇਨਸਾਫ

ਜਵਾਰਾਜ਼ੇਰ (ਇਜਰਾਈਲ)

ਜਵਾਰਾਜ ਦੇ ਰੱਬੀ ਵੁਲਫ ਦੀ ਪਤਨੀ ਨੇ ਇੱਕ ਦਿਨ ਆਪਣੀ ਨੌਕਰਾਨੀ ਉੱਤੇ ਦੋਸ਼ ਲਾਇਆ ਕਿ ਉਸਨੇ ਉਹਨਾਂ ਦੇ ਘਰੋਂ ਇਕ ਕੀਮਤੀ ਬਰਤਨ ਚੁਰਾਇਆ ਹੈ।
ਨੌਕਰਾਨੀ ਤੋਂ ਪੁੱਛਿਆ ਗਿਆ ਤਾਂ ਉਸਨੇ ਚੋਰੀ ਤੋਂ ਇਨਕਾਰ ਕਰ ਦਿੱਤਾ।
ਰੱਬੀ ਨੂੰ ਉਸ ਦੇ ਨਿਰਦੋਸ਼ ਹੋਣ ਦਾ ਪੂਰਾ ਵਿਸ਼ਵਾਸ ਸੀ, ਪਰ ਉਸਦੀ ਪਤਨੀ ਨੂੰ ਯਕੀਨ ਨਹੀਂ ਹੋਇਆ। ਆਖਰ ਉਸਨੇ ਕਿਹਾ ਕਿ ਉਹ ਅਦਾਲਤ ਵਿਚ ਜਾ ਕੇ ਨੌਕਰਾਨੀ ਨੂੰ ਸਜ਼ਾ ਦਿਵਾਏਗੀ।
ਜਦੋਂ ਉਹ ਜਾਣ ਲਈ ਤਿਆਰ ਹੋ ਰਹੀ ਸੀ ਤਾਂ ਰੱਬੀ ਵੀ ਤਿਆਰ ਹੋਣ ਲੱਗਾ। ਪਤਨੀ ਨੇ ਦੇਖਿਆ ਤਾਂ ਉਸ ਨੇ ਰੱਬੀ ਨੂੰ ਕਿਹਾ, “ਤੁਹਾਨੂੰ ਜਾਣ ਦੀ ਲੋਡ਼ ਨਹੀਂ। ਮੈਂ ਖੁਦ ਹੀ ਗੱਲ ਕਰ ਲੂੰਗੀ। ਅਦਾਲਤ ਦੇ ਕਾਇਦੇ ਕਾਨੂੰਨ ਮੈਂ ਜਾਣਦੀ ਹਾਂ।”
“ਬੇਸ਼ਕ ਤੂੰ ਜਾਣਦੀ ਹੈਂ,” ਰੱਬੀ ਨੇ ਕਿਹਾ, “ਪਰ ਸਾਡੀ ਗਰੀਬ ਨੌਕਰਾਨੀ ਨਹੀਂ ਜਾਣਦੀ। ਮੈਂ ਉਸ ਵੱਲੋਂ ਜਾ ਰਿਹਾ ਹਾਂ। ਮੇਰੇ ਹੁੰਦੇ ਹੋਏ ਬੇਇਨਸਾਫੀ ਕਿਵੇਂ ਹੋ ਸਕਦੀ ਹੈ।”
-0-

Monday, March 15, 2010

ਹਿੰਦੀ/ਮਜਬੂਰੀਆਂ

ਡਾ. ਯੋਗੇਂਦਰਨਾਥ ਸ਼ੁਕਲ

“ਭਾਬੀ ਜੀ, ਤੁਸੀਂ ਬੁਰਾ ਨਾ ਮੰਨਣਾ…ਮੈਂ ਤੁਹਾਨੂੰ ਇਕ ਗੱਲ ਕਹਿਣੀ ਐ…ਤੁਸੀਂ ਏਨਾ ਬਣ-ਸੰਵਰ ਕੇ ਆਫਿਸ ਕਿਉਂ ਜਾਂਦੇ ਓ? ਮੈਨੂੰ ਚੰਗਾ ਲਹੀਂ ਲੱਗਦਾ।”
ਆਪਣੇ ਦਿਉਰ ਕਮਲ ਦੇ ਮੂੰਹੋਂ ਇਹ ਗੱਲ ਸੁਣਕੇ ਭਾਬੀ ਅਨਮਨੀ ਜਿਹੀ ਬੋਲੀ, “ਇਹ ਸਭ ਤੂੰ ਨਹੀਂ ਸਮਝੇਂਗਾ। ਤੂੰ ਹੁਣੇ ਹੁਣੇ ਕਾਲਜ ਜਾਣਾ ਸ਼ੁਰੂ ਕੀਤਾ ਐ ਤੇ ਤੇਰੀ ਹੁਣੇ ਤੋਂ ਏਨੀ ਲੰਮੀਂ ਜਬਾਨ ਹੋ ਗਈ।”
ਥੋਡ਼੍ਹੀ ਦੇਰ ਕਮਰੇ ਵਿਚ ਸੱਨਾਟਾ ਰਿਹਾ। ਫਿਰ ਕਮਲ ਨੇ ਕਿਹਾ, “ਨਹੀਂ ਭਾਬੀ ਜੀ, ਇਹ ਗੱਲ ਨਹੀਂ…ਮੇਰੇ ਦੋਸਤ ਤੁਹਾਡੇ ਸ਼ਿੰਗਾਰ ਨੂੰ ਲੈਕੇ ਮੇਰਾ ਮਜ਼ਾਕ ਉਡਾਉਂਦੇ ਹਨ…ਇਸ ਲਈ ਹੀ ਮੈਂ ਤੁਹਾਨੂੰ ਕਿਹਾ…।”
ਭਾਬੀ ਨੇ ਘੂਰ ਕੇ ਕਮਲ ਵੱਲ ਦੇਖਿਆ, ਫਿਰ ਬੋਲੀ, “ਜੇਕਰ ਇਹ ਗੱਲ ਐ ਤਾਂ ਸੁਣ…ਮੈਨੂੰ ਆਫਿਸ ’ਚ ਵਿਚਾਰੀ ਬਣਨਾ ਪਸੰਦ ਨਹੀਂ। ਉਂਜ ਵੀ ਇਹ ਪ੍ਰਾਈਵੇਟ ਫਰਮ ਦੀ ਨੌਕਰੀ ਐ, ਜਿਸ ’ਚ ਸਧਾਰਨ ਵੇਸਭੂਸ਼ਾ ’ਚ ਅਪਮਾਨਤ ਹੋਣਾ ਪੈਂਦਾ ਹੈ। ਅਧਿਕਾਰੀ ਵਰਗ ਗਰੀਬ ਸਮਝਕੇ ਡੋਰੇ ਪਾਉਣੇ ਸ਼ੁਰੂ ਕਰ ਦਿੰਦਾ ਹੈ। ਹੋਰ ਤਾਂ ਹੋਰ ਸਿਟੀ ਬੱਸ ’ਚ ਕੋਈ ਆਪਣੀ ਸੀਟ ’ਤੇ ਨਹੀਂ ਬਿਠਾਉਂਦਾ।”
-0-

Saturday, March 13, 2010

ਉਰਦੂ / ਦੋਨੋਂ ਨੰਗੇ

ਰਤਨ ਸਿੰਘ

ਦੋਨੋਂ ਨੰਗੇ ਸਨ। ਮਜ਼ਦੂਰੀ ਦੇ ਪੈਸੇ ਵੰਡਣ ਸਮੇਂ ਦੋ ਮਜ਼ਦੂਰਾਂ ਦਾ ਆਪਸ ਵਿਚ ਝਗਡ਼ਾ ਹੋ ਗਿਆ। ਇਕ ਮਜ਼ਦੂਰ ਦੇ ਵਿਗਡ਼ੇ ਹੋਏ ਤੇਵਰ ਦੇਖ ਕੇ ਦੂਜਾ ਬੋਲਿਆ, “ਵੇਖ, ਸਾਡੀ ਇੱਜ਼ਤ ਨੂੰ ਹੱਥ ਨਾ ਪਾ, ਅਸੀਂ ਰਾਜਪੂਤ ਆਂ। ਸਾਡੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਤੁਹਾਡੀ ਪੱਗ ਲਾਹੁਣ ਨੂੰ ਜੋ ਹੱਥ ਅੱਗੇ ਵਧੇ, ਉਹ ਹੱਥ ਵੱਢ ਦਿਓ।”
“ਓਏ, ਐਸੀ ਦੀ ਤੈਸੀ ਤੇਰੀ ਪੱਗ ਦੀ। ਮੇਰੇ ਪੂਰੇ ਪੈਸੇ ਦੇ ਦੇ, ਨਹੀਂ ਤਾਂ ਜੁੱਤੀਆਂ ਮਾਰ ਮਾਰ ਕੇ ਸਿਰ ਗੰਜਾ ਕਰ ਦੂੰ।”
ਦੋਨੋਂ ਇਕ ਦੂਜੇ ਵੱਲ ਝਪਟੇ ਤੇ ਫਿਰ ਸ਼ਰਮਿੰਦੇ ਜਿਹੇ ਆਪਣੀ ਜਗ੍ਹਾ ਰੁਕ ਗਏ। ਇਕ ਦੇ ਸਿਰ ਉੱਤੇ ਪੱਗ ਨਹੀਂ ਸੀ ਤੇ ਦੂਜੇ ਦੇ ਪੈਰਾਂ ਵਿਚ ਜੁੱਤੀ।
-0-

Sunday, March 7, 2010

ਸਿੰਧੀ/ਦੀਨ ਦਿਆਲ

ਘਨਸ਼ਿਆਮ ਸਾਗਰ


ਅਗਲੇ ਮਹੀਨੇ ਦੀ ਪੰਜ ਤਰੀਕ ਦੇ ਉੱਜੈਨ ਦੇ ਪੰਜ ਟਿਕਟ ਚਾਹੀਦੇ ਨੇ।

ਵੀਹ ਤਰੀਕ ਤਕ ਫੁੱਲ ਐ।

ਉਸ ਆਦਮੀ ਨੇ ਟਿਕਟਾਂ ਲਈ ਫਿਰ ਬੇਨਤੀ ਕੀਤੀ।

ਕਿਹਾ ਨਾ ਕਿ ਵੀਹ ਤਰੀਕ ਤਕ ਫੁੱਲ ਐ।ਰੁੱਖਾ ਜਿਹਾ ਉੱਤਰ ਦਿੰਦੇ ਹੋਏ ਬੁਕਿੰਗ ਕਲਰਕ ਨੇ ਸਿਗਰਟ ਸੁਲਗਾਈ।

ਚੰਗਾ, ਇਹ ਮਿਸਟਰ ਦੀਨ ਦਿਆਲ ਕਿਸ ਖਿਡ਼ਕੀ ’ਤੇ ਮਿਲਣਗੇ?

ਉਹਦੀ ਨਾਈਟ ਡਿਊਟੀ ਐ, ਪਰ ਤੁਸੀਂ ਦੀਨ ਦਿਆਲ ਨੂੰ ਕਿਵੇਂ ਜਾਣਦੇ ਓ?

ਮੈਂ ਪਲੇਟਫਾਰਮ ’ਤੇ ਉਨ੍ਹਾਂ ਦੀ ਸੱਜਣਤਾ ਦੀ ਚਰਚਾ ਸੁਣੀ ਸੀ।

ਤੁਸੀਂ ਦੀਨ ਦਿਆਲ ਦਾ ਨਾਂ ਲਿਐ ਤਾਂ ਤੁਹਾਡੇ ਲਈ ਕੁਝ ਨਾ ਕੁਝ ਕਰਨਾ ਈ ਪਵੇਗਾ। ਤੁਹਾਨੂੰ ਪੰਜ ਟਿਕਟ ਚਾਹੀਦੇ ਐ ਨਾ? ਮੇਰੀ ਜਗ੍ਹਾ ਦੀਨ ਦਿਆਲ ਵੀ ਹੁੰਦਾ ਤਾਂ ਉਹ ਵੀ ਕੁਝ ਨਹੀਂ ਕਰ ਪਾਉਂਦਾ। ਸੁਣੋ, ਹੁਣ ਜਿਵੇਂ ਮੈਂ ਕਹਾਂ ਉਵੇਂ ਕਰੋ।

ਸ਼੍ਰੀਮਾਨ ਜੀ, ਜਰਾ ਖੁੱਲ੍ਹ ਕੇ ਗੱਲ ਕਰੋ। ਤੁਸੀਂ ਮੇਰੀ ਲੋਡ਼ ਪੂਰੀ ਕਰੋ, ਮੈਂ ਤੁਹਾਡੀ ਲੋਡ਼ ਪੂਰੀ ਕਰਾਂਗਾ।

ਬੁਕਿੰਗ ਕਲਰਕ ਨੇ ਪੰਜ ਟਿਕਟ ਬਣਾ ਕੇ ਦੇ ਦਿੱਤੇ ਤੇ ਮੁਸਕਰਾ ਕੇ ਪੈਸੇ ਲਏ।

ਤਦ ਖਿਡ਼ਕੀ ਉੱਤੇ ਇਕ ਹੋਰ ਆਵਾਜ਼ ਸੁਣਾਈ ਦਿੱਤੀ, ਉੱਜੈਨ ਦੀਆਂ ਇੱਕੀ ਤਰੀਕ ਦੀਆਂ ਦੋ ਟਿਕਟਾਂ ਚਾਹੀਦੀਆਂ ਹਨ।

ਬੁਕਿੰਗ ਕਲਰਕ ਨੇ ਸਿਰ ਹਿਲਾ ਕੇ ਨਾਂਹ ਕੀਤੀ, ਤੀਹ ਤਰੀਕ ਤਕ ਫੁੱਲ ਐ। ਆਰ.ਏ.ਸੀ. ਵੀ ਪੂਰਾ ਹੋ ਗਿਆ।

ਉਸੇ ਵੇਲੇ ਕਿਸੇ ਨੇ ਪਿਛੋਂ ਆ ਕੇ ਕਲਰਕ ਦੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ, ਭਰਾ ਦੀਨ ਦਿਆਲ, ਹੁਣ ਤਾਂ ਕੁਰਸੀ ਛੱਡ ਦੇ, ਟਾਈਮ ਹੋ ਗਿਆ।

-0-

Monday, March 1, 2010

ਹਿੰਦੀ/ ਪਾਠ/ ਅਭਿਮਨਿਊ ਅਨਤ

ਇੰਗਲੈਂਡ ਦਾ ਇਕ ਸੁੰਦਰ ਸ਼ਹਿਰ। ਇੱਜ਼ਤਦਾਰ ਅੰਗਰੇਜ਼ ਪਰਿਵਾਰ ਦਾ ਹੇਨਰੀ। ਉਮਰ ਅਗਲੀ ਕ੍ਰਿਸਮਸ ਨੂੰ ਅੱਠ ਸਾਲ। ਸਕੂਲ ਤੋਂ ਮੁੜਦੇ ਹੀ ਉਹ ਆਪਣੀ ਮਾਂ ਕੋਲ ਜਾ ਕੇ ਬੋਲਿਆ, “ਮੰਮੀ, ਕੱਲ ਨੂੰ ਮੈਂ ਆਪਣੇ ਇਕ ਦੋਸਤ ਨੂੰ ਆਪਣੇ ਘਰ ਭੋਜਨ ‘ਤੇ ਸੱਦਿਆ ਹੈ।”
“ਸੱਚ! ਤੂੰ ਤਾਂ ਬੜਾ ਸ਼ੋਸ਼ਲ ਹੁੰਦਾ ਜਾ ਰਿਹੈਂ।”
“ਠੀਕ ਹੈ ਨਾ ਮੰਮੀ?”
“ਹਾਂ ਬੇਟੇ, ਬਹੁਤ ਠੀਕ ਹੈ। ਦੋਸਤਾਂ ਦਾ ਇਕ ਦੂਜੇ ਦੇ ਆਉਣਾ-ਜਾਣਾ ਚੰਗਾ ਰਹਿੰਦਾ ਹੈ। ਕੀ ਨਾਂ ਹੈ ਤੇਰੇ ਦੋਸਤ ਦਾ?”
“ਵਿਲਿਅਮ।”
“ਬਹੁਤ ਸੁੰਦਰ ਨਾਂ ਹੈ।”
“ਉਹ ਮੇਰਾ ਬੜਾ ਹੀ ਨਜ਼ਦੀਕੀ ਹੈ, ਮੰਮੀ। ਕਲਾਸ ’ਚ ਮੇਰੇ ਨਾਲ ਹੀ ਬੈਠਦਾ ਹੈ।”
“ਬਹੁਤ ਚੰਗਾ ਹੈ।”
“ਤਾਂ ਫੇਰ ਕੱਲ ਨੂੰ ਉਸ ਨੂੰ ਲੈ ਆਵਾਂਗਾ।”
“ਹਾਂ ਹੇਨਰੀ, ਜ਼ਰੂਰ ਲੈ ਆਵੀਂ।”
ਹੇਨਰੀ ਕਮਰੇ ਵਿੱਚੋਂ ਚਲਾ ਗਿਆ। ਕੁਝ ਦੇਰ ਬਾਦ ਉਹਦੀ ਮਾਂ ਉਸ ਲਈ ਦੁੱਧ ਲੈ ਕੇ ਆਈ। ਹੇਨਰੀ ਜਦੋਂ ਦੁੱਧ ਪੀਣ ਲੱਗਾ ਤਾਂ ਉਸਦੀ ਮਾਂ ਪੁੱਛ ਬੈਠੀ, “ਕੀ ਨਾਂ ਦੱਸਿਆ ਸੀ ਆਪਣੇ ਦੋਸਤ ਦਾ?”
“ਵਿਲਿਅਮ।”
“ਰੰਗ ਕੀ ਹੈ ਵਿਲਿਅਮ ਦਾ?”
ਹੇਨਰੀ ਨੇ ਦੁੱਧ ਪੀਣਾ ਛੱਡ ਕੇ ਆਪਣੀ ਮਾਂ ਵੱਲ ਦੇਖਿਆ। ਕੁਝ ਉਧੇੜਬੁਣ ਵਿਚ ਪਏ ਨੇ ਕਿਹਾ, “ਰੰਗ? ਮੈਂ ਕੁਝ ਸਮਝਿਆ ਨਹੀਂ।”
“ਮਤਲਬ ਇਹ ਕਿ ਤੇਰਾ ਦੋਸਤ ਸਾਡੇ ਵਾਂਗ ਗੋਰਾ ਹੈ ਜਾਂ ਕਾਲਾ?”
ਇਕ ਛਿਣ ਚੁੱਪ ਰਹਿ, ਅਗਲੇ ਛਿਣ ਪੂਰੀ ਮਾਸੂਮੀਅਤ ਨਾਲ ਹੇਨਰੀ ਨੇ ਪੁੱਛਿਆ, “ਰੰਗ ਦਾ ਪ੍ਰਸ਼ਨ ਜ਼ਰੂਰੀ ਹੈ ਕੀ, ਮੰਮੀ?”
“ਹਾਂ ਹੇਨਰੀ, ਤਦ ਹੀ ਤਾਂ ਪੁੱਛ ਰਹੀ ਹਾਂ।”
“ਗੱਲ ਇਹ ਹੈ ਮੰਮੀ ਕਿ ਉਸਦਾ ਰੰਗ ਦੇਖਣਾ ਤਾਂ ਮੈਂ ਭੁੱਲ ਹੀ ਗਿਆ।”
-0-