Monday, December 28, 2009

ਹਿੰਦੀ/ਰਾਹ ਦਸੇਰਾ/ਅੰਜੁ ਦੁਆ ਜੈਮਿਨੀ

‘ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤਮਾਕੂ ਜਾਂ ਤਮਾਕੂ ਤੋਂ ਬਣੀਆਂ ਵਸਤਾਂ ਵੇਚਣਾ ਸਜ਼ਾਯੋਗ ਅਪਰਾਧ ਹੈ।

ਸ਼ਹਿਰ ਵਿਚ ਪਾਨ ਦੀਆਂ ਦੁਕਾਨਾਂ ਉੱਤੇ ਇਹ ਬੋਰਡ ਲੱਗੇ ਸਨ। ਸਕੂਲ ਦੇ ਮੁੰਡੇ ਸਿਗਰਟ ਪੀਣਾ ਚਾਹ ਰਹੇ ਸਨ।

ਓਏ, ਜਾ ਲੈ ਆ ਸਿਗਰਟ।

ਮੈਂ ਨਹੀਂ ਜਾਂਦਾ। ਪਾਨ ਵਾਲਾ ਨਹੀਂ ਦੇਵੇਗਾ।

ਓਏ ਆਖਦੀਂ, ਪਾਪਾ ਨੇ ਮੰਗਵਾਈ ਐ।

ਸਕੂਲ ’ਚ…?

ਚੱਲ ਸ਼ਾਮੀਂ ਨੁੱਕੜ ’ਤੇ ਮਿਲਾਂਗੇ।

ਠੀਕ ਐ।

ਵੀਰ ਜੀ, ਇਕ ਸਿਗਰਟ ਦੀ ਡੱਬੀ ਦੇਣਾ। ਹਾਂ, ਇਕ ਗੁਟਕਾ ਵੀ।

ਮੁੰਡਿਆ, ਅਜੇ ਤੂੰ ਬਹੁਤ ਛੋਟਾ ਐਂ। ਤੈਨੂੰ ਨਹੀਂ ਮਿਲ ਸਕਦੇ।

ਅੰਕਲ, ਮੇਰੇ ਪਾਪਾ ਨੇ ਮੰਗਵਾਈ ਐ। ਆਹ ਲਓ ਪੈਸੇ।

ਓਹ! ਤੂੰ ਵਰਮਾ ਸਾਬ ਦਾ ਬੇਟਾ ਐਂ।

ਪਾਨਵਾਲੇ ਨੇ ਖੁਸ਼ੀ ਨਾਲ ਉਹਨੂੰ ਸਮਾਨ ਦੇ ਦਿੱਤਾ।

ਕੁਝ ਦਿਨ ਬਾਦ…

ਰਾਮ-ਰਾਮ ਵਰਮਾ ਸਾਬ! ਅੱਜਕਲ ਬੇਟੇ ਤੋਂ ਬਹੁਤ ਸਿਗਰਟ ਮੰਗਾਉਣ ਲੱਗੇ ਓ। ਰੋਜ਼ ਸ਼ਾਮ ਨੂੰ ਆ ਜਾਂਦੈ।

ਸੁਣਕੇ ਵਰਮਾ ਸਾਹਬ ਦੇ ਹੱਥੋਂ ਸਿਗਰਟ ਡਿੱਗ ਪਈ।

-0-


Monday, December 21, 2009

ਹਿੰਦੀ / ਕਲੰਕ/ ਅਨਿਲ ਸ਼ੂਰ ਆਜ਼ਾਦ

ਮੇ ਆਈ ਕਮ ਇਨ, ਸਰ!”
ਮਾਥੁਰ ਸਰ ਨੇ ਹਾਂ ਵਿਚ ਸਿਰ ਹਿਲਾ ਦਿੱਤਾ
“ਸਰ, ਉਹ ਅਟੈਂਡੈਂਸ…!” ਹਕਲਾਉਂਦੇ ਹੋਏ ਅਜੈ ਨੇ ਬੇਨਤੀ ਕੀਤੀ
“ਵ੍ਹਾਟ ਨਾਨਸੈਂਸ!…ਸਾਰਾ ਸਾਲ ਮਟਰਗਸ਼ਤੀ ਕਰਦੇ ਓ, ਹੁਣ ਉਹਦੀ ਸਜ਼ਾ ਵੀ ਭੁਗਤੋ
ਸਰ ਦੇ ਵਿਗੜੇ ਤੇਵਰ ਦੇਖ ਕੇ ਅਜੈ ਵਾਪਸ ਚਲਾ ਗਿਆ
ਥੋੜੀ ਦੇਰ ਬਾਦ ਉਹ ਫਿਰ ਆਇਆ, “ ਮੇ ਆਈ ਕਮ ਇਨ, ਸਰ!”
“ਤੂੰ ਫਿਰ ਆ ਗਿਆ…” ਉਹਨੂੰ ਦੇਖਦੇ ਹੀ ਪ੍ਰੋਫੈਸਰ ਮਾਥੁਰ ਫਿਰ ਭੜਕ ਪਏ
“ਗੱਲ ਦਰਅਸਲ ਇਹ ਹੈ ਸਰ…ਮੈਂ ਤੁਹਾਡੇ ਕੋਲ ਟਿਊਸ਼ਨ…”
“ਹਾਂ-ਹਾਂ, ਕਿਉਂ ਨਹੀਂ ਬੇਟੇ, ਆ ਬੈਠ…” ਮਾਥੁਰ ਸਰ ਦੀ ਆਵਾਜ਼ ਵਿਚ ਮਿਸ਼ਰੀ ਘੁਲਣ ਲੱਗੀ ਸੀ
“ਪਰ ਸਰ!…ਉਹ ਮੇਰੀ ਅਟੈਂਡੈਂਸ…” ਲੋਹਾ ਗਰਮ ਦੇਖ ਕੇ ਅਜੈ ਨੇ ਵਾਰ ਕੀਤਾ
“ ਓ, ਡੋਂਟ ਵਰੀ ਮਾਈ ਬੁਆਏ…ਆਖਰ ਮੈਂ ਕਿਸ ਮਰਜ਼ ਦੀ ਦਵਾ ਹਾਂ ਹੀਂ…ਹੀਂ…ਹੀਂ…
“ਵੈਰੀ ਵੈਰੀ ਥੈਂਕਯੂ ਸਰ!” ਇੰਜ ਸਰ ਪ੍ਰਤੀ ਧੰਨਵਾਦ ਪ੍ਰਗਟਾਉਂਦਾ ਹੋਇਆ ਅਮੀਰ ਬਾਪ ਦਾ ਵਿਗੜਿਆ ਮੁੰਡਾ ਅਜੈ, ਕਲਾਸ ਤੋਂ ਬਾਹਰ ਨਿਕਲ ਗਿਆ
-0-

ਫਾਰਸੀ/ ਭੁੱਖ ਦਾ ਈਮਾਨ / ਏ.ਜੀ. ਕੇਲਸੀ (ਈਰਾਨ)

ਇਕ ਸੁੱਕਾ ਜਿਹਾ ਆਦਮੀ ਸੀ। ਉਹ ਕਈ ਦਿਨਾਂ ਤੋਂ ਭੁੱਖਾ ਸੀ। ਉਹਦੀ ਹਾਲਤ ਅਜਿਹੀ ਹੋ ਗਈ ਸੀ ਕਿ ਮੌਤ ਉਸਨੂੰ ਕਦੇ ਵੀ ਦਬੋਚ ਸਕਦੀ ਸੀ।

ਸ਼ੈਤਾਨ ਤਾਂ ਅਜਿਹੇ ਮੌਕਿਆਂ ਦੀ ਭਾਲ ਵਿਚ ਹੀ ਰਹਿੰਦਾ ਹੈ। ਉਹ ਲਗਾਤਾਰ ਉਸ ਆਦਮੀ ਉੱਤੇ ਨਿਗਾਹ ਰੱਖ ਰਿਹਾ ਸੀ। ਜਦੋਂ ਉਸਨੇ ਵੇਖਿਆ ਕਿ ਉਹ ਆਦਮੀ ਭੁੱਖ ਅੱਗੇ ਬੇਬਸ ਹੋ ਚੁੱਕਾ ਹੈ ਤਾਂ ਉਸਨੂੰ ਲੱਗਾ ਕਿ ਉਹ ਹੁਣ ਉਸ ਨੂੰ ਆਪਣੀ ਟੋਲੀ ਵਿਚ ਸ਼ਾਮਲ ਕਰ ਸਕਦਾ ਹੈ।

ਉਹ ਉਸ ਭੁੱਖੇ ਆਦਮੀ ਕੋਲ ਪਹੁੰਚਿਆ ਤੇ ਕਿਹਾ, ਤੂੰ ਭੁੱਖ ਨਾਲ ਮਰ ਰਿਹਾ ਹੈਂ, ਤੂੰ ਚਾਹੇ ਤਾਂ ਮੈਂ ਤੈਨੂੰ ਖਾਣਾ ਦੇ ਸਕਦਾ ਹਾਂ।

ਅੰਨ੍ਹਾਂ ਕੀ ਮੰਗੇ, ਦੋ ਅੱਖਾਂ। ਭੁੱਖਾ ਝੱਟ ਬੋਲਿਆ, ਲਿਆਓ, ਛੇਤੀ ਲਿਆਓ, ਨਹੀਂ ਤਾਂ ਮੈਂ ਮਰ ਜਾਵਾਂਗਾ।

ਸ਼ੈਤਾਨ ਨੇ ਆਪਣੀ ਸ਼ਰਤ ਉਹਦੇ ਅੱਗੇ ਰੱਖੀ, ਪਰ ਤੈਨੂੰ ਆਪਣਾ ਈਮਾਨ ਮੈਨੂੰ ਦੇਣਾ ਪਵੇਗਾ।

ਭੁੱਖਾ ਮੰਨ ਗਿਆ। ਉਹ ਬਹੁਤ ਖੁਸ਼ ਸੀ।

ਸ਼ੈਤਾਨ ਨੇ ਉਸਨੂੰ ਭੋਜਨ ਦਿੱਤਾ। ਭੁੱਖੇ ਆਦਮੀ ਨੇ ਭਰਪੇਟ ਭੋਜਨ ਕਰਦੇ ਹੋਏ ਸ਼ੈਤਾਨ ਨੂੰ ਦੁਆਵਾਂ ਦਿੱਤੀਆਂ। ਉਹ ਖਾਂਦਾ ਜਾਂਦਾ ਤੇ ਦੁਆਵਾਂ ਦੇਈ ਜਾਂਦਾ।

ਜਦੋਂ ਭੁੱਖੇ ਦਾ ਢਿੱਡ ਭਰ ਗਿਆ ਤਾਂ ਉਹਦੇ ਚਿਹਰੇ ਉੱਤੇ ਸੰਤੁਸ਼ਟੀ ਦੇ ਭਾਵ ਉਭਰ ਆਏ। ਤਦ ਸ਼ੈਤਾਨ ਨੇ ਉਸਨੂੰ ਕਿਹਾ, ਚੰਗਾ, ਹੁਣ ਆਪਣਾ ਈਮਾਨ ਮੈਨੂੰ ਦੇ ਦਿਓ।

ਉਹ ਆਦਮੀ ਆਪਣੇ ਪੇਟ ਉੱਤੇ ਹੱਥ ਫੇਰਦਾ ਹੋਇਆ ਜ਼ੋਰ ਨਾਲ ਹੱਸਿਆ ਤੇ ਬੋਲਿਆ, ਮੇਰੇ ਭਰਾ! ਆਪਣਾ ਈਮਾਨ ਮੈਂ ਉਦੋਂ ਵੇਚਿਆ ਸੀ ਜਦੋਂ ਭੁੱਖਾ ਸੀ। ਪਰ ਉਦੋਂ ਈਮਾਨ ਸੀ ਹੀ ਕਿੱਥੇ। ਭੁੱਖੇ ਦਾ ਵੀ ਕੋਈ ਈਮਾਨ ਹੁੰਦਾ ਹੈ ਕੀ?

-0-

Saturday, December 12, 2009

ਹਿੰਦੀ/ ਮੌਤ/ ਪ੍ਰਤਾਪ ਸਿੰਘ ਸੋਢੀ

ਮਈ ਮਹੀਨੇ ਦੀ ਚਿਲਚਿਲਾਉਂਦੀ ਗਰਮੀ ਵਿਚ ਸਫੈਦ ਚਾਦਰ ਓਢੀ ਫੁਟਪਾਥ ਉੱਤੇ ਲੇਟੇ ਹੋਏ ਮੰਸੇ ਨੂੰ ਇਕ ਘੰਟੇ ਤੋਂ ਵੱਧ ਹੋ ਗਿਆ ਸੀ। ਉਹਦੀ ਪਿੱਠ ਅੰਗਾਰਿਆਂ ਵਾਂਗ ਜਲ ਰਹੇ ਫੁਟਪਾਥ ਨਾਲ ਚਿਪਕ ਜਿਹੀ ਗਈ ਸੀ। ਉਹਦੇ ਸ਼ਰੀਰ ਉੱਪਰ ਥਾਂ ਥਾਂ ਤੇ ਛਾਲੇ ਹੋ ਗਏ ਸਨ। ਉਹਦਾ ਸਾਥੀ ਨਨਕੂ ਆਪਣੇ ਭਰਾ ਦੀ ਮੌਤ ਦੀ ਦੁਹਾਈ ਦਿੰਦੇ ਹੋਏ ਆਉਣ ਜਾਣ ਵਾਲਿਆਂ ਦੇ ਦਿਲਾਂ ਵਿਚ ਰਹਿਮ ਪੈਦਾ ਕਰ ਰਿਹਾ ਸੀ। ਰਾਹਗੀਰ ਸ਼ਰਧਾ ਨਾਲ ਸਫੈਦ ਚਾਦਰ ਉੱਤੇ ਸਿੱਕੇ ਸੁੱਟ ਜਾਂਦੇ ਸਨ।

ਚਾਦਰ ਨੂੰ ਇਕ ਪਾਸਿਓਂ ਥੋੜਾ ਜਿਹਾ ਹਟਾ ਕੇ, ਘੁਟੀ ਜਿਹੀ ਆਵਾਜ਼ ਵਿਚ ਮੰਸਾ ਗਿੜਗਿੜਾਇਆ, ਹੁਣ ਹੋਰ ਸਹਿਣ ਨਹੀਂ ਹੁੰਦਾ। ਸਾਰਾ ਸ਼ਰੀਰ ਝੁਲਸ ਗਿਆ, ਦਮ ਘੁਟ ਰਿਹੈ। ਮੌਤ ਦਾ ਨਾਟਕ ਕਰਦਾ-ਕਰਦਾ ਮੈਂ ਸਚਮੁਚ ਮਰ ਜੂੰਗਾ। ਮੈਂ ਏਨੀ ਛੋਟੀ ਉਮਰ ’ਚ ਮਰਨਾ ਨਹੀਂ ਚਾਹੁੰਦਾ।

ਨਨਕੂ ਬੋਲਿਆ, ਓਏ, ਚੁਪਚਾਪ ਪਿਆ ਰਹਿ, ਜੇ ਕਿਸੇ ਨੇ ਵੇਖ ਲਿਆ ਤਾਂ ਸਾਡੇ ਦੋਨਾਂ ਦੀਆਂ ਕਬਰਾਂ ਇਸ ਫੁਟਪਾਥ ਤੇ ਈ ਬਣ ਜਾਣਗੀਆਂ। ਬਸ ਥੋੜੀ ਦੇਰ ਹੋਰ ਸਹਿਣ ਕਰ ਲੈ, ਥੋੜੇ ਪੈਸੇ ਹੋਰ ਜਮਾਂ ਹੋ ਜਾਣ।

ਅਚਾਨਕ ਮੰਸੇ ਨੇ ਇਕ ਝਟਕੇ ਨਾਲ ਚਾਦਰ ਲਾਹ ਸੁੱਟੀ। ਚਾਦਰ ਉੱਤੇ ਪਏ ਸਿੱਕੇ ਖਣਖਣਾਉਂਦੇ ਹੋਏ ਫੁਟਪਾਥ ਦੇ ਆਸਪਾਸ ਖਿੱਲਰ ਗਏ। ਨਨਕੂ ਕੁਝ ਕਹੇ, ਇਸ ਤੋਂ ਪਹਿਲਾਂ ਹੀ ਮੰਸਾ ਭੱਜ ਖੜਾ ਹੋਇਆ।

ਭੈਭੀਤ ਨਨਕੂ ਮੰਸੇ ਨੂੰ ਵੇਖਦਾ ਰਹਿ ਗਿਆ। ਫਿਰ ਉਹਨੇ ਵੀ ਫੁਰਤੀ ਨਾਲ ਚਾਦਰ ਚੁੱਕੀ ਤੇ ਭੀੜ ਵਿਚ ਗੁਆਚ ਗਿਆ।

ਸੜਕ ਉੱਤੇ ਸਿੱਕੇ ਹੀ ਸਿੱਕੇ ਖਿਲਰੇ ਪਏ ਸਨ।

-0-

ਹਿੰਦੀ/ ਪਰਖ/ ਹਰੀਸ਼ ਪੰਡਿਆ

ਸਟੇਸ਼ਨ ਪਹੁੰਚਣ ਉੱਤੇ ਰਾਕੇਸ਼ ਨੇ ਰੰਜਨਾ ਨੂੰ ਪੁੱਛਿਆ, “ਗਹਿਣੇ ਤੇ ਪੈਸੇ ਤਾਂ ਨਾਲ ਲੈ ਕੇ ਆਈ ਐਂ ਨਾ, ਭੁੱਲ ਤਾਂ ਨਹੀਂ ਗਈ?”
“ਗੱਲ ਤਾਂ ਯਾਦ ਸੀ, ਪਰ ਕੀ ਕਰਦੀ? ਅਲਮਾਰੀ ਦੀ ਚਾਬੀ ਈ ਨਹੀਂ ਮਿਲੀ। ਇਸਲਈ ਗਹਿਣੇ ਤੇ ਪੈਸੇ ਨਹੀਂ ਲਿਆ ਸਕੀ।” ਰੰਜਨਾ ਦੇ ਚਿਹਰੇ ਤੋਂ ਬੇਬਸੀ ਝਲਕ ਰਹੀ ਸੀ।
“ਕੀ! ਕੁਝ ਨਹੀਂ ਲਿਆਈ? ਪਰ ਪੈਸਿਆਂ ਦੇ ਬਿਨਾਂ ਸਾਡਾ ਗੁਜ਼ਾਰਾ ਕਿਵੇਂ ਹੋਵੇਗਾ, ਅਸੀਂ ਰਹਾਂਗੇ ਕਿੱਥੇ?” ਇੰਨਾ ਕਹਿ ਕੇ ਰਾਕੇਸ਼ ਕੁਝ ਸੋਚਣ ਲੱਗ ਪਿਆ।
“ਹੁਣ ਕੀ ਕਰਨੈ? ਟ੍ਰੇਨ ਚੱਲਣ ਵਾਲੀ ਐ।” ਰੰਜਨਾ ਰਾਕੇਸ਼ ਦੀ ਬਦਲਦੀ ਸੂਰਤ ਨੂੰ ਭਾਂਪਦੇ ਹੋਏ ਬੋਲੀ।
“ਨਹੀਂ, ਅਸੀਂ ਅੱਜ ਨਹੀਂ ਜਾ ਸਕਾਂਗੇ। ਕੱਲ੍ਹ ਇਸੇ ਗੱਡੀ ਤੋਂ ਚਲਾਂਗੇ। ਤੇ ਹਾਂ ਤੂੰ ਗਹਿਣੇ ਤੇ ਪੈਸੇ ਲਿਆਉਣੇ ਨਾ ਭੁੱਲੀਂ।” ਰਾਕੇਸ਼ ਹੱਸਦਾ ਹੋਇਆ ਬੋਲਿਆ।
“ਚੰਗਾ, ਮੈਂ ਚਲਦੀ ਆਂ।” ਕਹਿ ਰੰਜਨਾ ਬੈਗ ਤੇ ਪਰਸ ਚੁੱਕ ਤੁਰ ਪਈ। ਦਸ ਕੁ ਕਦਮ ਚੱਲ ਕੇ ਉਹ ਰੁਕੀ। ਉਹਨੇ ਮੁੜ ਕੇ ਵੇਖਿਆ, ਰਾਕੇਸ਼ ਜਾ ਚੁੱਕਾ ਸੀ। ਉਹਦੇ ਹੋਠਾਂ ਉੱਪਰ ਹਲਕੀ ਜਿਹੀ ਮੁਸਕਾਨ ਆਈ। ਉਹਨੇ ਗਹਿਣੇ ਤੇ ਪੈਸਿਆਂ ਵਾਲੇ ਪਰਸ ਨੂੰ ਘੁੱਟ ਕੇ ਫੜਿਆ ਤੇ ਘਰ ਵੱਲ ਤੁਰ ਪਈ।
-0-

Friday, December 4, 2009

ਤਮਿਲ/ ਸ਼ਾਸ਼ਤਰੀ ਜੀ ਦਾ ਕੰਮ

ਸੁਬਰਾਮਾਣਿਅਮ ਭਾਰਤੀ

ਇਕ ਬ੍ਰਾਹਮਣ ਦਾ ਮੁੰਡਾ ਰੋਂਦਾ ਹੋਇਆ ਸੜਕ ਉੱਤੇ ਜਾ ਰਿਹਾ ਸੀ। ਉਸ ਦੇ ਹੱਥ ਵਿਚ ਗੱਡੀ ਦੀ ਸ਼ਕਲ ਦਾ ਇਕ ਖਿਡੌਣਾ ਸੀ, ਜਿਸਦੇ ਪਹੀਏ ਨਿਕਲ ਗਏ ਸਨ। ਉਸਨੂੰ ਵੇਖ ਕੇ ਇਕ ਸਿਪਾਹੀ ਨੇ ਪੁੱਛਿਆ, “ਬੱਚੇ ਰੋ ਕਿਉਂ ਰਿਹੈਂ?”
“ਇਹ ਗੱਡੀ ਟੁੱਟ ਗਈ।”
“ਰੋ ਨਾ, ਘਰ ਚਲਾ ਜਾ। ਤੇਰੇ ਪਿਤਾ ਜੀ ਇਸ ਗੱਡੀ ਦੇ ਪਹੀਏ ਠੀਕ ਕਰ ਕੇ ਲਾ ਦੇਣਗੇ।”
“ਮੇਰੇ ਪਿਤਾ ਜੀ ਸ਼ਾਸਤਰੀ ਹਨ। ਉਹ ਗੱਡੀ ਠੀਕ ਕਰਨਾ ਨਹੀਂ ਜਾਣਦੇ। ਉਨ੍ਹਾਂ ਨੂੰ ਤਾਂ ਕੋਈ ਕੰਮ ਨਹੀਂ ਆਉਂਦਾ। ਉਨ੍ਹਾਂ ਨੂੰ ਤਾਂ ਸਿਰਫ ਇਹੀ ਆਉਂਦਾ ਹੈ ਕਿ ਕੋਈ ਉਨ੍ਹਾਂ ਨੂੰ ਚੌਲ ਦੇਵੇ ਤਾਂ ਉਹ ਉਨ੍ਹਾਂ ਨੂੰ ਚੁੱਕ ਕੇ ਘਰ ਲੈ ਆਉਂਦੇ ਹਨ।”
-0-

ਹਿੰਦੀ/ ਨੀਵੀਂ ਜਾਤ

ਪਵਿੱਤਰਾ ਅਗਰਵਾਲ


ਬੀਬੀ ਜੀ, ਤੁਹਾਡੀ ਗੁਆਂਢਣ ਨੂੰ ਕੰਮਵਾਲੀ ਦੀ ਲੌੜ ਐ, ਝਾੜੂ-ਪੋਚਾ, ਭਾਂਡੇ ਤੇ ਕਪੜੇ ਦਾ ਕੰਮ ਕਰਨ ਨੂੰ ਕਹਿ ਰਹੀ ਐ। ਕਿਹੋ ਜਿਹੇ ਆਦਮੀ ਨੇ? ਲੜਾਈ ਝਗੜਾ ਕਰਨ ਵਾਲੇ ਤਾਂ ਨਹੀਂ?

ਚੰਗੇ ਆਦਮੀ ਐ। ਤੈਨੂੰ ਵੀ ਕੰਮ ਦੀ ਲੌੜ ਐ, ਕਰ ਲੈ।

ਤਿੰਨ-ਚਾਰ ਦਿਨਾਂ ਬਾਦ ਉਹ ਬੋਲੀ, ਬੀਬੀ ਜੀ, ਇੰਨੇ ਕੰਮ ਨਾਲ ਗੁਜਾਰਾ ਨਹੀਂ ਹੁੰਦਾ, ਥੋਡੀ ਜਾਣ-ਪਛਾਣ ’ਚ ਕਿਸੇ ਨੂੰ ਕੰਮਵਾਲੀ ਦੀ ਲੌੜ ਹੋਵੇ ਤਾਂ ਦੱਸਿਓ।

ਤੇਰੇ ਕੋਲ ਕੰਮ ਕਰਨ ਨੂੰ ਸਮਾਂ ਹੁਣ ਬਚਿਆ ਈ ਕਿੱਥੇ ਐ। ਹੁਣੇ ਤਾਂ ਤੂੰ ਨਾਲ ਵਾਲਿਆਂ ਦਾ ਕੰਮ ਫੜਿਐ।

ਉਹ ਕੰਮ ਤਾਂ ਛੱਡ ’ਤਾ, ਬੀਬੀ ਜੀ।

ਕੱਲ ਤਕ ਤਾਂ ਤੂੰ ਉਨ੍ਹਾਂ ਦੀ ਏਨੀ ਵਡਿਆਈ ਕਰਦੀ ਸੀ…ਅੱਜ ਕੰਮ ਛੱਡ ਆਈ। ਕਿਉਂ? ਪੈਸੇ ਘੱਟ ਦਿੰਦੇ ਸੀ ਜਾਂ ਕੰਮ ਜ਼ਿਆਦਾ ਸੀ ਜਾਂ ਬੰਦੇ ਝਗੜੇ ਵਾਲੇ ਸਨ?

ਨਹੀਂ ਬੀਬੀ ਜੀ! ਊਂ ਤਾਂ ਸਭ ਠੀਕ ਸੀ…ਪਰ ਅੱਜ ਈ ਮੈਨੂੰ ਪਤਾ ਲੱਗਾ ਕਿ ਉਹ ਸਾਡੇ ਤੋਂ ਨੀਵੀਂ ਜਾਤ ਦੇ ਨੇ। ਨੀਵੀਂ ਜਾਤ ਵਾਲਿਆਂ ਦੇ ਜੂਠੇ ਭਾਂਡੇ ਕਿਵੇਂ ਮਾਂਜ ਸਕਦੀ ਆਂ!

-0-