Monday, March 26, 2012

ਹਿੰਦੀ/ ਜੰਗ

ਡਾ. ਰਾਜਿੰਦਰ ਕੁਮਾਰ ਕਨੌਜੀਆ
ਸਰਹੱਦ ਉੱਪਰ ਦੋਹਾਂ ਪਾਸਿਆਂ ਦੀਆਂ ਫੌਜਾਂ ਡਟੀਆਂ ਸਨ। ਛੋਡ਼ੀ ਦੇਰ ਤੋਂ ਗੋਲੀਬਾਰੀ ਬੰਦ ਸੀ। ਇਕ ਪਾਸੇ ਦੇ ਫੌਜੀਆਂ ਵਿੱਚੋਂ ਇਕ ਨੇ ਆਪਣੀ ਬੰਦੂਕ ਉੱਥੇ ਪਾਸ ਦੇ ਇਕ ਦਰੱਖਤ ਨਾਲ ਟਿਕਾ ਦਿੱਤੀ, ਥੋਡ਼ੀ ਦੇਰ ਸੁੱਖ ਦਾ ਸਾਹ ਲੈਂਦਾ ਹਾਂ…
ਕਿਉਂ ਕਰਦੇ ਨੇ ਇਹ ਜੰਗ? ਕੀ ਮਿਲੂਗਾ ਉਨ੍ਹਾਂ ਨੂੰ ਤੇ ਕੀ ਖੱਟਲੂ ਉਹ? ਉਹੀ ਦੋ ਵਕਤ ਦੀ ਰੋਟੀ। ਧੱਤ!
ਉਹਨੇ ਆਸਪਾਸ ਦੇਖਿਆ, ਨਾਲ ਦੇ ਖੇਤਾਂ ਵਿਚ ਸਰ੍ਹੋਂ ਦੇ ਫੁੱਲ ਖਿਡ਼੍ਹੇ ਸਨ। ਇਕ ਜੰਗਲੀ ਫੁੱਲ ਵੀ ਖਿਡ਼ਿਆ ਹੈ। ਇਕ ਤਿਤਲੀ ਪਤਾ ਨਹੀਂ ਕਿੱਧਰੋਂ ਆਈ ਤੇ ਉਸ ਉੱਤੇ ਮੰਡਰਾਉਣ ਲੱਗੀ। ਬੰਦੂਕ ਦੀ ਨਲੀ ਦੇ ਆਸਪਾਸ ਸ਼ਾਇਦ ਕੁਝ ਲੱਗਾ ਸੀ। ਤਿਤਲੀ ਖੂਬਸੂਰਤ ਹੈ। ਗਹਿਰੇ ਚਟਕ ਪੀਲੇ ਫੁੱਲ ਵਿਚ ਲਾਲ ਤਿਤਲੀ। ਬਿਲਕੁਲ ਉਹਦੀ ਨੰਨ੍ਹੀ ਬੇਟੀ ਵਰਗੀ।
ਕਿੰਨਾ ਚੰਗਾ ਹੋਵੇ ਜੇਕਰ ਜੰਗ ਖਤਮ ਹੋਵੇ ਤੇ ਉਹ ਘਰ ਜਾਵੇ।
ਉਹ ਇਕ ਟੱਕ ਅਸਮਾਨ ਵੱਲ ਦੇਖਦਾ ਰਿਹਾ।
ਅਚਾਨਕ ‘ਟੀਂਅ’ ਕਰਦੀ ਇਕ ਗੋਲੀ ਸਰਹੱਦ ਦੇ ਉਸ ਪਾਰ ਤੋਂ ਚੱਲੀ ਤੇ ਉਹ ਬਾਲਬਾਲ ਬਚਿਆ।
ਉਹਨੇਂ ਵੀ ਪੁਜੀਸ਼ਨ ਲੈ ਲਈ ਤੇ ਗੋਲਿਆਂ ਚਲਾ ਦਿੱਤੀਆਂ। ਥੋਡ਼ੀ ਦੇਰ ਬਾਦ ਗੋਲੀਬਾਰੀ ਬੰਦ ਹੋ ਗਈ ਸੀ। ਉਹ ਫੌਜੀ ਉੱਥੇ ਹੀ ਢੇਰ ਹੋ ਗਿਆ ਸੀ। ਉਹਦੀ ਬੰਦੂਕ ਉੱਥੇ ਹੀ ਪਈ ਸੀ। ਉਸ ਵਿਚੋਂ ਨਿਕਲ ਰਿਹਾ ਧੂੰਆਂ ਸ਼ਾਂਤ ਹੋ ਗਿਆ ਸੀ। ਤਿਤਲੀ ਹੁਣ ਵੀ ਉਸ ਉੱਤੇ ਮੰਡਰਾ ਰਹੀ ਸੀ।
                                            -0-

No comments: