Monday, December 26, 2011

ਹਿੰਦੀ/ ਇਹ ਲੋਕ


ਉਰਮਿ ਕ੍ਰਿਸ਼ਣ
                           
ਮੈਂ ਆਪਣਾ ਬਿੱਲ ਲੈ ਕੇ ਪਹੁੰਚਿਆ ਤਾਂ ਉਹ ਮਜ਼ਦੂਰਾਂ ਨੂੰ ਛੁੱਟੀ ਕਰਕੇ ਉਹਨਾਂ ਦਾ ਹਿਸਾਬ ਕਰ ਰਹੇ ਸਨ। ਆਖਰੀ ਮਜ਼ਦੂਰ ਨਾਲ ਉਹਨਾਂ ਦੀ ਕਾਫੀ ਬਹਿਸ ਹੋਈ। ਉਹ ਆਪਣੀਆਂ ਪੰਜ ਦਿਹਾੜੀਆਂ ਦੇ ਪੂਰੇ ਪੈਸੇ ਮੰਗ ਰਿਹਾ ਸੀ, ਜਦੋਂ ਕਿ ਉਹ ਇਕ ਦਿਹਾੜੀ ਦੇ ਪੈਸੇ ਰੋਕ ਕੇ ਰੱਖਣ ਲਈ ਬਜਿੱਦ ਸਨ। ਮਜ਼ਦੂਰ ਦਾ ਤਰਕ ਸੀ ਕਿ ਉਹਨੇ ਪੈਸੇ ਘਰ ਭੇਜਣੇ ਹਨ। ਚਿੱਠੀ ਆਈ ਹੈ, ਬੱਚਾ ਬੀਮਾਰ ਹੈ। ਪਰ ਉਹ ਨਹੀਂ ਮੰਨੇ। ਅੰਤ ਉਹ ਚਾਰ ਦਿਹਾੜੀਆਂ ਦੇ ਪੈਸੇ ਲੈ ਕੇ ਹੀ ਚਲਾ ਗਿਆ।
ਮੇਰਾ ਬਿੱਲ ਦੇਖਕੇ ਉਹ ਬੋਲੇ, ਤੁਸੀਂ ਇਨ੍ਹਾਂ ਲੋਕਾਂ ਨੂੰ ਨਹੀਂ ਜਾਣਦੇ। ਇਨ੍ਹਾਂ ਦਾ ਕੋਈ ਦੀਨ-ਈਮਾਨ ਨਹੀਂ। ਪੂਰੇ ਪੈਸੇ ਦੇ ਦਿੰਦਾ ਤਾਂ ਇਹਨੇ ਕੱਲ੍ਹ ਸ਼ਕਲ ਨਹੀਂ ਸੀ ਦਿਖਾਉਣੀ। ਫਿਰ ਨਵਾਂ ਮਜ਼ਦੂਰ ਲੱਭੋ, ਉਸ ਨਾਲ ਮੱਥਾ ਮਾਰੋ ਨਵੇਂ ਸਿਰਿਓਂ।
ਇੰਨੇ ਵਿੱਚ ਦੇਖਿਆ ਕਿ ਉਹੀ ਮਜ਼ਦੂਰ ਵਾਪਸ ਆ ਰਿਹਾ ਹੈ। ਉਹ ਆਕੇ ਬੋਲਿਆ, ਬਾਬੂ ਜੀ, ਤੁਸੀਂ ਵੱਧ ਪੈਸੇ ਦੇਤੇ, ਦਸ ਦੀ ਜਗ੍ਹਾ ਪੰਜਾਹ ਦਾ ਨੋਟ ਦੇਤਾ। ਰਾਸ਼ਨ ਵਾਲੇ ਨੂੰ ਪੈਸੇ ਦੇਣ ਲੱਗਾ ਤਾਂ ਦੇਖਿਆ।
ਉਹਨਾਂ ਨੇ ਫੁਰਤੀ ਨਾਲ ਉਹਦੇ ਹੱਥੋਂ ਨੋਟ ਝਪਟ ਲਿਆ। ਫਿਰ ਉਸਨੂੰ ਦਸ ਦਾ ਨੋਟ ਦਿੰਦੇ ਹੋਏ ਕਿਹਾ, ਰਾਮਦੀਨ, ਤੂੰ ਤਾਂ ਆਪਣਾ ਖਾਸ ਆਦਮੀ ਐਂ। ਸਾਡੇ ਨਾਲ ਬੇਈਮਾਨੀ ਕਿਵੇਂ ਕਰ ਸਕਦੈਂ, ਇਸਲਈ ਅਸੀਂ ਵੀ ਧਿਆਨ ਨਾਲ ਨਹੀਂ ਗਿਣੇ। ਯਾਦ ਰੱਖ ਬਰਕਤ ਮਿਹਨਤ ਦੀ ਕਮਾਈ ਨਾਲ ਹੁੰਦੀ ਐ, ਬੇਈਮਾਨੀ ਨਾਲ ਨਹੀਂ।
ਰਾਮਦੀਨ ਚਲਾ ਗਿਆ ਤਾਂ ਉਹ ਬੋਲੇ, ਮੈਂ ਕਿਹਾ ਸੀ ਨਾ, ਤੁਸੀਂ ਇਨ੍ਹਾਂ ਲੋਕਾਂ ਨੂੰ ਨਹੀਂ ਜਾਣਦੇ। ਸਿਰੇ ਦੇ ਮੂਰਖ ਤੇ ਬੇਅਕਲ ਨੇ। ਹੱਥ ਆਈ ਲੱਛਮੀ ਨੂੰ ਦੁਤਕਾਰਦਾ ਐ ਭਲਾ ਕੋਈ। ਇਹ ਕਦੇ  ਉੱਪਰ ਨਹੀਂ ਉੱਠਣਗੇ।
                                             -0-

Monday, December 19, 2011

ਹਿੰਦੀ/ ਮਾਂ


ਚੇਤਨਾ ਭਾਟੀ
ਉਹ ਪ੍ਰਸਿੱਧ ਨਰਤਕੀ ਸੀ। ਪਰ ਪੁੱਤਰ ਦੀ ਬੇਵਕਤ ਮੌਤ ਨੇ ਉਸਨੂੰ ਇਸ ਤਰ੍ਹਾਂ ਤੋੜ ਦਿੱਤਾ ਕਿ ਫਿਰ ਕਦੇ ਉਹਦੇ ਪੈਰ ਨਹੀਂ ਥਿਰਕੇ। ਉਹ ਵ੍ਹੀਲ-ਚੇਅਰ ਉੱਤੇ ਆ ਗਈ।
ਸ਼ਹਿਰ ਵਿਚ ਹੋਏ ਦੰਗਿਆਂ ਦਾ ਸ਼ਿਕਾਰ ਹੋਇਆ ਕੰਮਵਾਲੀ ਦਾ ਜਵਾਨ ਪੁੱਤਰ ਚੱਲ ਵੱਸਿਆ। ਗਰੀਬ ਵਿਧਵਾ ਨੇ ਬੜੀ ਮੁਸ਼ਕਿਲ ਨਾਲ ਪਾਲਿਆ ਪੋਸਿਆ ਸੀ, ਲੋਕਾਂ ਦੇ ਘਰਾਂ ਵਿਚ ਜੂਠੇ ਭਾਂਡੇ ਮਾਂਜ-ਮਾਂਜ ਕੇ।
ਕੁਝ ਦਿਨਾਂ ਬਾਦ ਉਹ ਫਿਰ ਕੰਮ ਤੇ ਪਹੁੰਚ ਗਈ। ਮਾਲਕਨ ਨੇ ਪੁੱਛਿਆ, ਆ ਗਈ ਬਾਈ?
ਜੀ ਬੀਬੀ ਜੀ!ਕਹਿਕੇ ਹੰਝੂ ਪੀਂਦੇ ਹੋਏ ਉਹ ਸੋਚ ਰਹੀ ਸੀ–‘ਮੇਰੇ ਕੋਲ ਕਿੱਥੇ ਹੈ ਪਹੀਆਂ ਵਾਲੀ ਕੁਰਸੀ! ਖੜੇ ਹੋਣ ਨੂੰ ਜਗ੍ਹਾ ਨਹੀਂ ਤਾ ਚੱਲਣਾ ਹੀ ਪੈਣਾ ਹੈ।’
                                                -0-

Sunday, December 11, 2011

ਨੀਂਦ


ਜਿਉਤੀ ਜੈਨ
ਮਖਮਲੀ ਗੱਦੇ ਉੱਪਰ ਇੱਧਰ-ਉੱਧਰ ਕਰਵਟਾਂ ਬਦਲ ਰਹੇ ਰਾਕੇਸ਼ ਤੇ ਮਾਇਆ ਇਕ ਦੂਜੇ ਨੂੰ ਦੇਖਦੇ ਖਿਝ ਕੇ ਆਖਰ ਉੱਠ ਹੀ ਗਏ। ਦੋਹਾਂ ਨੂੰ ਨੀਂਦ ਨਾ ਆਉਣ ਦੀ ਵੱਡੀ ਬੀਮਾਰੀ ਸੀ।
‘ਕੰਬਖਤ ਏ.ਸੀ. ’ਚ ਵੀ ਘੁਟਨ ਹੁੰਦੀ ਹੈ।’ ਬੁੜਬੁੜਾਉਂਦੇ ਹੋਏ ਰਾਕੇਸ਼ ਪੈਰਾਂ ਵਿਚ ਸਲੀਪਰ ਪਾ ਬਾਲਕੋਨੀ ਵਿਚ ਆ ਖੜਾ ਹੋਇਆ।
ਤਦੇ ਥੋੜੀ ਦੂਰ ਤੋਂ ਆ ਰਹੀ ਖਰਾਟਿਆਂ ਦੀ ਆਵਾਜ਼ ਸੁਣ ਉਹਦੇ ਕੰਨ ਤੇ ਅੱਖਾਂ ਉਸ ਦਿਸ਼ਾ ਵੱਲ ਧਿਆਨ ਦੇਣ ਲੱਗੇ। ਇਹ ਆਵਾਜ਼ਾਂ ਉਹਨਾਂ ਦੇ ਸਰਵੈਂਟ ਕੁਆਟਰ ਦੀ ਛੱਤ ਤੋਂ ਆ ਰਹੀਆਂ ਲਗਦੀਆਂ ਸਨ। ਉਹਨੇ ਧਿਆਨ ਨਾਲ ਦੇਖਿਆ ਤਾਂ ਉੱਥੇ ਉਹਨਾਂ ਦਾ ਨੌਕਰ ਰਾਧੇ ਤੇ ਉਹਦੀ ਪਤਨੀ ਲਾਲੀ ਦਿਨ ਭਰ ਦੀ ਥਕਾਵਟ ਤੋਂ ਬਾਦ ਸਕੂਨ ਭਰੀ ਗਹਿਰੀ ਨੀਂਦ ਦੀ ਬੁੱਕਲ ਵਿਚ ਸਨ।
ਹਲਕੇ-ਹਲਕੇ ਖਰਾਟੇ ਰਾਕੇਸ਼ ਨੂੰ ਚੰਗੇ ਲੱਗ ਰਹੇ ਸਨ।
                                              -0-

Sunday, December 4, 2011

ਹਿੰਦੀ/ ਮੁਆਵਜਾ


ਵਿਕਰਮ ਸੋਨੀ
ਉਹ ਬੋਝਲ ਕਦਮਾਂ ਨਾਲ ਹਸਪਤਾਲ ਦੀਆਂ ਪੌੜੀਆਂ ਉਤਰ ਰਿਹਾ ਸੀ। ਉਹਦੇ ਪਿੱਛੇ ਪਿੱਛੇ ਉਹਦੀ ਪਤਨੀ ਸੁਬਕਦੀ ਹੋਈ ਤੁਰੀ ਆ ਰਹੀ ਸੀ। ਦੋਹਾਂ ਹੱਥਾਂ ਦੇ ਸਮਾਨਅੰਤਰ ਫੈਲਾਅ ਉੱਤੇ ਉਹਦੇ ਸੱਤ ਕੁ ਸਾਲ ਦੇ ਬੱਚੇ ਦੀ ਲਾਸ਼ ਬੇਕਫ਼ਨ ਪਸਰੀ ਹੋਈ ਸੀ। ਬਾਹਰ ਹੁਣ ਵੀ ਵਰਖਾ ਹੋ ਰਹੀ ਸੀ।
ਪਿਛਲੇ ਕਈ ਦਿਨਾਂ ਤੋਂ ਮੀਂਹ ਰੁਕਿਆ ਨਹੀਂ ਸੀ। ਤੇ ਉਹ ਸੀ ਦਿਹਾੜੀਆ ਮਜ਼ਦੂਰ। ਚੌਥੇ ਦਿਨ ਦੇ ਢਲਦੇ ਢਲਦੇ ਬੱਚਾ ਭੁੱਖ ਤੇ ਤੇਜ਼ ਬੁਖਾਰ ਨਾਲ ਬਿਲਬਿਲਾਉਣ ਲੱਗਾ ਸੀ। ਘਰ ਵਿਚ ਬਚਿਆ ਖੁਚਿਆ ਜੋ ਵੀ ਸੀ, ਦਾਣਾ ਦਾਣਾ ਖਾ ਲਿਆ ਗਿਆ ਸੀ। ਬੱਚੇ ਨੂੰ ਪੋਲੀਥੀਨ ਦੇ ਛੱਪਰ ਹੇਠ ਬਹੁਤਾ ਸਮਾਂ ਨਹੀਂ ਰੱਖਿਆ ਜਾ ਸਕਦਾ ਸੀ। ਪੁਰਾਣੇ ਕਪੜਿਆਂ ਦੀ ਚਾਦਰ ਵਿਚ ਬੱਚੇ ਨੂੰ ਲਪੇਟ ਸਵੇਰੇ ਹੀ ਉਹ ਸਰਕਾਰੀ ਹਸਪਤਾਲ ਜਾ ਪਹੁੰਚਿਆ। ਬੱਚੇ ਨੂੰ ਭਰਤੀ ਕਰ ਲਿਆ ਗਿਆ । ਉਹਦੇ ਹੱਥ ਵਿਚ ਦਵਾਈ ਦੀ ਪਰਚੀ ਤੇ ਦੁੱਧ-ਫ਼ਲ ਦੀਆਂ ਹਦਾਇਤਾਂ ਦਿੱਤੀਆਂ ਹੀ ਗਈਆਂ ਸਨ ਕਿ ਬੱਚੇ ਨੇ ਦਮ ਤੋਡ਼ ਦਿੱਤਾ। ਡਾਕਟਰ ਨੇ ਲਾਸ਼ ਛੇਤੀ ਲੈ ਜਾਣ ਦੀ ਕਹਿੰਦੇ ਹੋਏ ਸਲਾਹ ਦਿੱਤੀ, ਕੋਲ ਹੀ ਸਰਕਾਰੀ ਰਾਹਤ ਕੈਂਪ ਹੈ। ਉੱਥੇ ਚਲੇ ਜਾਓ। ਬਰਸਾਤ ’ਚ ਹੋਏ ਨੁਕਸਾਨ ਦਾ ਮੁਆਵਜਾ ਮਿਲਜੂਗਾ। ਤੇ ਤੁਸੀਂ ਦੋਨੋਂ ਵੀ ਸੁਰੱਖਿਅਤ ਰਹੋਗੇ।
ਉਹ ਬੱਚੇ ਨੂੰ ਚੁੱਕ ਹੀ ਰਿਹਾ ਸੀ ਕਿ ਨਰਸ ਨੇ ਕੁੜ੍ਹਦੇ ਹਏ ਕਿਹਾ, ਬੱਚਾ ਬਰਸਾਤੀ ਪਾਣੀ ਵਿਚ ਡੁੱਬ ਕੇ ਮਰਦਾ ਤਾਂ ਮੁਆਵਜਾ ਮਿਲਦਾ। ਇਹ ਤਾਂ ਭੁੱਖ ਨਾਲ ਮਰਿਆ ਹੈ।
ਆਖਰੀ ਪੌੜੀ ਉੱਤੇ ਪਹੁੰਚਦੇ ਪਹੁੰਚਦੇ ਉਹਦੀ ਪਤਨੀ ਦੇ ਖਾਲੀ ਪੇਟ ਵਿਚ ਜ਼ੋਰਦਾਰ ਮਰੋਡ਼ ਉੱਠਿਆ। ਰੋਣ ਕਾਰਨ ਇਕ ਇਕ ਨਸ ਵਿਚ ਖਿੱਚ ਜਿਹੀ ਪੈ ਰਹੀ ਸੀ। ਉਹਨੇ ਪਤਨੀ ਨੂੰ ਦਿਲਾਸਾ ਦਿੱਤਾ ਤੇ ਦੋਨੋਂ ਭਿੱਜਦੇ ਹੋਏ ਹੀ ਗੋਡੇ ਗੋਡੇ ਪਾਣੀ ਵਿਚ ਤੁਰ ਪਏ। ਸਡ਼ਕ ਖਾਲੀ ਪਈ ਸੀ। ਸਾਹਮਣਿਉਂ ਇਕ ਬੱਸ ਆਦਮੀਆਂ, ਔਰਤਾਂ ਤੇ ਬੱਚਿਆਂ ਨਾਲ ਠਸਾਠਸ ਭਰੀ ਆ ਰਹੀ ਸੀ। ਉਹਨੇ ਬੱਸ ਨੂੰ ਰੋਕਣਾ ਚਾਹਿਆ, ਪਰ ਉਦੋਂ ਹੀ ਬੱਸ ਲਡ਼ਖੜਾਈ ਤੇ ਖੱਬੇ ਪਾਸੇ ਕੰਧ ਨਾਲ ਟਕਰਾ ਕੇ ਅੱਧ-ਉਲਟੀ ਹੋ ਕੇ ਰੁਕ ਗਈ। ਕਈ ਜਿਸਮ ਹੇਠਾਂ ਪਾਣੀ ਵਿਚ ਡਿੱਗ ਕੇ ਛਟਪਟਾਉਣ ਲੱਗੇ। ਕੋਹਰਾਮ ਮੱਚ ਗਿਆ। ਉਹ ਬੱਚੇ ਦੀ ਲਾਸ਼ ਨੂੰ ਸਿੱਟ ਕੇ ਛਟਪਟਾ ਰਹੇ ਲੋਕਾਂ ਵਿਚ ਖੜਾ ਹੋ ਕੇ ਚਿੱਲਾਉਣ ਲੱਗਾ, ਹਾਏ ਮੇਰਾ ਬੱਚਾ, ਹਾਏ ਮੇਰੀ ਔਰਤ!
ਉਹਦੀ ਨਿਗ੍ਹਾ ਪਿੱਛੇ ਆ ਰਹੀ ਪਤਨੀ ਨੂੰ ਲੱਭ ਰਹੀ ਸੀ ਤੇ ਉਹਦੀ ਪਤਨੀ ਆਪਣੇ ਹੀ ਨੇੜੇ ਤੈਰਦੀ ਬੱਚੇ ਦੀ ਲਾਸ਼ ਤੋਂ ਪਰੇ ਹਿਲੋਰੇ ਖਾਂਦੀ ਡਬਲ ਰੋਟੀ ਤੇ ਝਪਟਣ ਦੀ ਕੋਸ਼ਿਸ਼ ਕਰ ਰਹੀ ਸੀ।
                                         -0-

 


Sunday, November 27, 2011

ਹਿੰਦੀ/ ਸਹੁਰਾ-ਘਰ


ਡਾ. ਪੂਨਮ ਗੁਪਤ
ਦੌਰੇ ਤੋਂ ਮੁਡ਼ਿਆ ਤਾਂ ਵੱਡੇ ਭਰਾ ਦਾ ਫੋਨ ਮਿਲਿਆ, ਤਿੰਨ ਦਿਨ ਹੋ ਗਏ, ਨੀਰਜਾ ਆਈ ਹੋਈ ਐ।
ਅੱਠ ਮਹੀਨੇ ਪਹਿਲਾਂ ਹੀ ਨੀਰਜਾ ਦਾ ਵਿਆਹ ਹੋਇਆ ਸੀ। ਨੀਰਜਾਵੀਰ ਜੀ ਦੀ ਇਕਲੌਤੀ ਧੀ ਸੀ, ਸੁੰਦਰ ਤੇ ਸਮਝਦਾਰ। ਪਤਾ ਨਹੀਂ ਕਿਉਂ ਉਹ ਸਹੁਰੇ ਘਰ ਖੁਸ਼ ਨਹੀਂ ਸੀ। ਜਦੋਂ ਵੀ ਉਸ ਨਾਲ ਫੋਨ ਉੱਤੇ ਗੱਲ ਕਰਦਾ, ਉਹ ਰੋ ਪੈਂਦੀ।
ਵੀਰ ਜੀ ਦੇ ਘਰ ਪਹੁੰਚਿਆ ਤਾਂ ਨੀਰਜਾ ਮੇਰੇ ਗਲ ਨਾਲ ਲੱਗ ਕੇ ਰੋ ਪਈ। ਕਾਫੀ ਕਮਜ਼ੋਰ ਲੱਗ ਰਹੀ ਸੀ ਉਹ। ‘ਮੈਂ ਵਾਪਸ ਨਹੀਂ ਜਾਣਾ,’ ਇਕ ਹੀ ਰੱਟ ਸੀ ਉਸਦੀ। ਮੈਂ ਸਮਝਾਉਣਾ ਚਾਹਿਆ ਤਾਂ ਬੋਲੀ, ਸੱਸ ਗੱਲ-ਗੱਲ ਤੇ ਤਾਹਨੇ ਮਾਰਦੀ ਰਹਿੰਦੀ ਐ। ਹਰ ਗੱਲ ’ਚ ਟੋਕਦੀ ਐ। ਹੁਣ ਮੇਰੇ ਤੋਂ ਨਹੀਂ ਸਹਿਆ ਜਾਂਦਾ।
ਮੈਂ ਸਮਝਾਇਆ ਕਿ ਇਕ-ਦੂਜੇ ਨੂੰ ਸਮਝਣ ਵਿਚ ਵਕਤ ਲਗਦਾ ਹੈ, ਫਿਰ ਹੌਲੇ-ਹੌਲੇ ਸਭ ਠੀਕ ਹੋ ਜਾਂਦਾ ਹੈ।
ਉੱਥੇ ਕੁਝ ਨਹੀਂ ਸੁਧਰੇਗਾ ਚਾਚਾ ਜੀ! ਮੈਂ ਈ ਭਾਵੇਂ…ਉਹ ਫਿਰ ਰੋ ਪਈ।
ਉਹਦਾ ਮਨ ਬਹਿਲਾਉਣ ਲਈ ਮੈਂ ਉਸਨੂੰ ਬਾਹਰ ਲਾਨ ਵਿਚ ਲੈ ਗਿਆ। ਟਹਿਲਦੇ ਹੋਏ ਉਸ ਨਾਲ ਇੱਧਰ-ਉੱਧਰ ਦੀਆਂ ਗੱਲਾਂ ਕਰਨ ਲੱਗਾ। ਤਦ ਹੀ ਨੀਰਜਾ ਦਾ ਧਿਆਨ ਕੁਝ ਮੁਰਝਾਏ ਹੋਏ ਪੌਦਿਆਂ ਵੱਲ ਗਿਆ। ਉਹ ਬੋਲੀ, ਮਾਲੀ ਅੰਕਲ, ਇਹ ਜਿਹਡ਼ੇ ਪੌਦੇ ਤੁਸੀਂ ਪਰਸੋਂ ਲਾ ਕੇ ਗਏ ਸੀ, ਇਹ ਤਾਂ ਮੁਰਝਾਈ ਜਾ ਰਹੇ ਹਨ। ਸੁੱਕ ਜਾਣਗੇ ਤਾਂ ਬੁਰੇ ਲੱਗਣਗੇ। ਇਨ੍ਹਾਂ ਨੂੰ ਪੁੱਟ ਕੇ ਸੁੱਟ ਦਿਓ।
ਨਹੀਂ ਬਿਟੀਆ, ਯੇ ਸੂਖੇਂਗੇ ਨਹੀਂ। ਯੇ ਨਰਸਰੀ ਮੇਂ ਪੈਦਾ ਹੁਏ ਥੇ, ਵਹਾਂ ਸੇ ਉਖਾਡ਼ ਕਰ ਯਹਾਂ ਲਗਾਇਆ ਹੈ। ਨਈ ਜਗਹ ਹੈ, ਜਡ਼ੇਂ ਪਕਡ਼ਨੇ ਮੇਂ ਥੋਡ਼ਾ ਵਕਤ ਤੋ ਲਗੇਗਾ।
ਮਾਲੀ ਦੀ ਗੱਲ ਸੁਣ ਨੀਰਜਾ ਕਿਸੇ ਸੋਚ ਵਿਚ ਡੁੱਬ ਗਈ। ਛੇਤੀ ਹੀ ਉਹ ਸਹੁਰੇਘਰ ਜਾਣ ਦੀ ਤਿਆਰੀ ਕਰਨ ਲੱਗੀ।
                                          -0-



Sunday, November 20, 2011

ਹੰਗੇਰੀ/ ਬੰਧਕ


ਇਸਤਵਾਨ ਇਯੋਰਸੀ (ਹੰਗਰੀ)

ਤੁਸੀਂ ਰਾਜਨੀਤਕ ਸੇਵਾ ਹੀ ਕਿਉਂ ਚੁਣੀ?ਕਈ ਸਾਲ ਪਹਿਲਾਂ ਮੇਰੇ ਨਿਜੀ ਸਕੱਤਰ ਨੇ ਮੈਨੂੰ ਪੁੱਛਿਆ ਸੀ।
ਇਸ ਲਈ ਕਿ ਮੈਂ ਕਈ ਭਾਸ਼ਾਵਾਂ ਜਾਣਦਾ ਹਾਂ।
ਫਿਰ ਤੁਸੀਂ ਭਾਸ਼ਾ ਵਿਦਵਾਨ ਕਿਉਂ ਨਹੀਂ ਬਣ ਗਏ?ਉਹ ਜਾਣਦਾ ਸੀ ਕਿ ਮੈਂ ਭਾਸ਼ਾ ਵਿਦਵਾਨ ਬਣਨਾ ਚਾਹੁੰਦਾ ਸੀ।
ਕਿਉਂਕਿ ਇਕ ਸਿਆਸਤਦਾਨ ਕੰਮ ਘੱਟ ਕਰਦਾ ਹੈ ਤੇ ਕਮਾਉਂਦਾ ਜ਼ਿਆਦਾ ਹੈ।ਮੈਂ  ਉਸਦੇ ਗੋਡੇ ਨੂੰ ਥਪਥਪਾਇਆ।
ਉਹਨੇ ਅਪਣੱਤ ਭਰੀ ਮੁਸਕਾਨ ਖਿਲੇਰੀ। ਕੁਝ ਨਾ ਕਹਿ ਪਾਉਣ ਦੀ ਸਥਿਤੀ ਵਿਚ ਉਹ ਅਕਸਰ ਮੁਸਕਰਾ ਦਿੰਦਾ ਹੈ।
ਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਭਾਸ਼ਾ ਵਿਦਵਾਨ ਨੂੰ ਜਵਾਨ, ਸੁੰਦਰ ਤੇ ਪੈਸੇ ਵਾਲੀ ਪਤਨੀ ਦਾ ਮਿਲਣਾ ਜਰਾ ਮੁਸ਼ਕਲ ਹੁੰਦਾ ਹੈ। ਕਿਵੇਂ ਲੱਗੀ ਇਹ ਦਲੀਲ?
                        -0-

Wednesday, November 16, 2011

ਹਿੰਦੀ/ ਪਤਨੀ


ਅਸ਼ਵਨੀ ਕੁਮਾਰ ਆਲੋਕ
ਵੱਡੇ ਭਰਾ ਦਾ ਵਿਆਹ ਉਦੋਂ ਹੋਇਆ ਸੀ, ਜਦੋਂ ਉਹ ਨੌਕਰੀ ਕਰਨ ਲੱਗੇ ਸਨ। ਇਸਲਈ ਉਹਨਾਂ ਦੀ ਪਤਨੀ ਸੁੰਦਰ ਵੀ ਹੈ ਤੇ ਪਡ਼੍ਹੀ ਲਿਖੀ ਵੀ। ਛੋਟੇ ਭਰਾ ਦੀ ਪਤਨੀ ਭਾਵੇਂ ਜ਼ਿਆਦਾ ਪਡ਼੍ਹੀ ਲਿਖੀ ਨਹੀਂ ਹੈ, ਪਰ ਉਹਦੇ ਵਸਤਰ ਤੇ ਗਹਿਣੇ ਉਸ ਨੂੰ ਕਿਸੇ ਤੋਂ ਘੱਟ ਨਹੀਂ ਰਹਿਣ ਦਿੰਦੇ। ਮੇਰੀ ਪਤਨੀ ਬਹੁਤ ਭੋਲੀ ਹੈ, ਅਨਪਡ਼੍ਹ ਹੈ ਤੇ ਜ਼ਿਆਦਾ ਸੋਹਣੀ ਵੀ ਨਹੀਂ ਹੈ। ਪਰ ਮੈਂ ਬਹੁਤ ਡਰਦਾ ਹਾਂ ਉਸ ਤੋਂ, ਸ਼ਾਇਦ ਉਸਤੋਂ ਵੀ ਵੱਧ ਉਹ ਮੈਨੂੰ ਚਾਹੁੰਦੀ ਹੈ।
ਵੱਡਾ ਭਰਾ ਸ਼ਹਿਰ ਵਿਚ ਹੈ, ਛੋਟਾ ਭਰਾ ਆਪਣੀ ਪਤਨੀ ਨਾਲ ਘਰ ਵਿਚ ਹੀ ਰਹਿੰਦਾ ਹੈ। ਪਤਾ ਨਹੀਂ ਇਹਨੀਂ ਦਿਨੀਂ ਦੋਹਾਂ ਭਰਾਵਾਂ ਦੀ ਨਿਗ੍ਹਾ ਵਿਚ ਮੈਂ ਕਿਉਂ ਰਡ਼ਕ ਰਿਹਾ ਹਾਂ। ਪਿਤਾ ਜੀ ਮੇਰੇ ਨਾਲ ਰਹਿੰਦੇ ਹਨ, ਬਜ਼ੁਰਗ ਮਾਂ ਮੇਰੀ ਪਤਨੀ ਦੇ ਕੰਮਾਂ ਵਿਚ ਥੋਡ਼ੀ ਮਦਦ ਕਰ ਦਿੰਦੀ ਹੈ। ਇਸ ਨਾਲ ਦੋਨੋਂ ਭਰਾ ਕੁਡ਼੍ਹਦੇ ਰਹਿੰਦੇ ਹਨ। ਸ਼ਹਿਰ ਤੋਂ ਭਾਬੀ ਆਉਂਦੀ ਹੈ ਤਾਂ ਤਾਹਨੇਂ ਮਾਰਦੀ ਹੈ। ਇੱਧਰ ਛੋਟਾ ਭਰਾ ਵੀ ਗੱਲ ਗੱਲ ਤੇ ਮਖੌਲ ਉਡਾਉਂਦਾ ਹੈ। ਦੋਹਾਂ ਦੀ ਨਿਗ੍ਹਾ ਵਿਚ ਮੈਂ ਪਿਤਾ ਜੀ ਦੀ ਪੈਨਸ਼ਨ ਨਾਲ ਆਪਣੇ ਜਵਾਨ ਹੋ ਰਹੇ ਬੱਚਿਆਂ ਦੀ ਪਡ਼੍ਹਾਈ ਦਾ ਖਰਚ ਚਲਾ ਰਿਹਾ ਹਾਂ।
ਮੇਰਾ ਦਿਮਾਗ ਇਹਨੀਂ ਦਿਨੀਂ ਬਹੁਤ ਪਰੇਸ਼ਾਨ ਰਹਿੰਦਾ ਹੈ। ਮਨ ਕਰਦਾ ਹੈ ਕਿ ਜਾਂ ਤਾਂ ਭਰਾਵਾਂ ਦੇ ਸਿਰ ਪਾਡ਼ ਦਿਆਂ ਜਾਂ ਫਿਰ ਆਤਮਘਾਤ ਕਰ ਲਵਾਂ। ਕਦੇ ਕਦੇ ਸੋਚਦਾ ਹਾਂ ਕਿ ਪਿਤਾ ਜੀ ਨੂੰ ਕਹਿ ਦਿਆਂ ਕਿ ਉਹ ਆਪਣਾ ਅੱਡ ਪ੍ਰਬੰਧ ਕਰ ਲੈਣ। ਪਰ ਦੋਨੋਂ ਭਰਾਵਾਂ ਵਿੱਚੋਂ ਕੋਈ ਉਹਨਾਂ ਨੂੰ ਨਾਲ ਰੱਖਣਾ ਵੀ ਤਾਂ ਚਾਹੇ, ਤਦ ਹੀ ਉਹ ਉਹਨਾਂ ਨਾਲ ਰਹਿਣਗੇ।
ਘਰ ਵਿਚ ਮਨ ਨਹੀਂ ਲਗਦਾ। ਦਿਨ-ਰਾਤ ਦੀ ਚਿਕ ਚਿਕ ਨਾਲ ਮਨ ਦੁਖੀ ਹੋ ਗਿਆ ਹੈ। ਸ਼ਹਿਰੋਂ ਭਾਬੀ ਵੀ ਆਈ ਹੋਈ ਹੈ। ਛੋਟਾ ਵੀ ਉਹਨਾਂ ਵੱਲ ਹੀ ਹੈ।
ਦੇਰ ਰਾਤ ਨੂੰ ਘਰ ਮੁਡ਼ਿਆ ਤਾਂ ਪਤਨੀ ਮੇਰੀ ਉਡੀਕ ਕਰ ਰਹੀ ਸੀ। ਭੋਜਨ ਕਰਨ ਲੱਗਾ ਤਾਂ ਪਤਨੀ ਨੇ ਪੱਖਾ ਝੱਲਦੇ ਹੋਏ ਕਿਹਾ, ਬਾਊ ਜੀ ਅੱਜਕਲ ਬਹੁਤ ਪਰੇਸ਼ਾਨ ਰਹਿੰਦੇ ਹਨ। ਤੁਸੀਂ ਵੀ ਦੇਰ ਨਾਲ ਘਰ ਆ ਰਹੇ ਓ।
ਤਾਂ ਮੈਂ ਕੀ ਕਰਾਂ?ਮੈਂ ਚੀਕ ਪਿਆ, ਤੈਨੂੰ ਮੇਰੀ ਤਕਲੀਫ ਦਿਖਾਈ ਨਹੀਂ ਦਿੰਦੀ। ਸਾਰਿਆਂ ਨੂੰ ਮੇਰੇ ’ਚ ਈ ਦੋਸ਼ ਨਜ਼ਰ ਆਉਂਦੈ। ਕਹਿ ਦਿਓ ਬਾਊ ਜੀ ਨੂੰ, ਜਿੱਥੇ ਜੀਅ ਕਰੇ ਚਲੇ ਜਾਣ। ਮੈਂ ਭੋਜਨ ਛੱਡ, ਸਿਰ ਫਡ਼ ਕੇ ਬਹਿ ਗਿਆ।
ਕਮਰੇ ਵਿਚ ਹੁੰਮਸ ਵੱਧ ਗਈ। ਪਤਨੀ ਨੇ ਪੱਖਾ ਝੱਲਣਾ ਬੰਦ ਕਰ ਦਿੱਤਾ। ਉਹਨੇ ਜਿਉਂ ਹੀ ਮੇਰੇ ਮੱਥੇ ਉੱਤੇ ਹੱਥ ਰੱਖਿਆ, ਜੀਅ ਕੀਤਾ ਕਿ ਉਹਦਾ ਹੱਥ ਝਟਕ ਦਿਆਂ ਤੇ ਭੋਜਨ ਛੱਡ ਕੇ ਚਲਾ ਜਾਵਾਂ। ਪਰੰਤੂ ਜਿਵੇਂ ਹੀ ਮੈਂ ਸਿਰ ਉਠਾ ਕੇ ਦੇਖਿਆ, ਉਹਦੀਆਂ ਅੱਖਾਂ ਵਿਚੋਂ ਹੰਝੂ ਦੀਆਂ ਧਾਰਾਂ ਵਹਿ  ਰਹੀਆਂ ਸਨ।
ਮੈਂ ਤੁਹਾਨੂੰ ਕਿਉਂ ਦੋਸ਼ ਦਿਆਂਗੀ। ਪਤੀ ਦੀ ਤਕਲੀਫ ਨੂੰ ਪਤਨੀ ਸਮਝਦੀ ਹੀ ਨਹੀਂ, ਭੋਗਦੀ ਵੀ ਹੈ। ਮੈਨੂੰ ਬਾਊ ਜੀ ਦੀ ਹਾਲਤ ਦੇਖ ਕੇ ਰੋਣਾ ਆਉਂਦਾ ਹੈ। ਹੁਣ ਇਸ ਉਮਰ ’ਚ ਉਹ ਕਿੱਥੇ ਜਾਣਗੇ?
ਉਹਦੀ  ਰੋਣਹਾਕੀ ਆਵਾਜ਼ ਮੇਰੇ ਕਲੇਜੇ ਨੂੰ ਚੀਰ ਗਈ। ਮੈਂ ਇਕ ਵਾਰ ਉਸ ਨੂੰ ਗੌਰ ਨਾਲ ਦੇਖਿਆ ਤੇ ਫਿਰ ਉਹਦੀ ਗੋਦੀ ਵਿਚ ਚਿਹਰਾ ਛੁਪਾ ਲਿਆ।
                                       -0-