ਇਵਾਨ ਤੁਰਗਨੇਵ
ਸ਼ਿਕਾਰ ਤੋਂ ਮੁੜਦੇ ਹੋਏ ਮੈਂ ਬਗੀਚੇ ਦੇ ਵਿਚਕਾਰ ਬਣੇ ਰਸਤੇ ਉੱਤੇ
ਤੁਰਿਆ ਜਾ ਰਿਹਾ ਸੀ। ਮੇਰਾ ਕੁੱਤਾ ਮੇਰੇ ਅੱਗੇ-ਅਗੇ ਭੱਜ ਰਿਹਾ ਸੀ। ਅਚਾਣਕ ਉਸਨੇ ਚੌਂਕ ਕੇ ਆਪਣੇ
ਕਦਮ ਛੋਟੇ ਕਰ ਦਿੱਤੇ ਤੇ ਫਿਰ ਦੱਬੇ ਪੈਰੀਂ ਤੁਰਨ ਲੱਗਾ, ਜਿਵੇਂ ਉਸਨੇ ਸ਼ਿਕਾਰ ਸੁੰਘ ਲਿਆ ਹੋਵੇ।
ਮੈਂ ਰਸਤੇ ਦੇ ਕਿਨਾਰੇ ਧਿਆਨ ਨਾਲ ਦੇਖਿਆ। ਮੇਰੀ ਨਿਗਾਹ ਚਿੜੀ ਦੇ ਉਸ ਬੱਚੇ ਉੱਤੇ ਪਈ ਜਿਸਦੀ ਚੁੰਝ ਪੀਲੀ ਤੇ ਸਿਰ
ਰੋਏਂਦਾਰ ਸੀ। ਤੇਜ਼ ਹਵਾ ਬਗੀਚੇ ਦੇ ਦਰੱਖਤਾਂ ਨੂੰ ਝੰਜੋੜ ਰਹੀ ਸੀ। ਬੱਚਾ ਆਲ੍ਹਣੇ ਤੋਂ ਹੇਠਾਂ ਡਿੱਗ ਪਿਆ ਸੀ ਤੇ
ਆਪਣੇ ਅਰਧਵਿਕਸਿਤ ਖੰਭਾਂ ਨੂੰ ਫੜਫੜਾਉਂਦਾ ਹੋਇਆ ਬੇਵਸ ਜਿਹਾ ਪਿਆ ਸੀ।
ਕੁੱਤਾ ਹੌਲੀ-ਹੌਲੀ ਉਸਦੇ ਨੇੜੇ ਪਹੁੰਚ ਗਿਆ ਸੀ। ਤਦ ਹੀ ਨੇੜੇ ਦੇ ਇਕ ਦਰੱਖਤ ਤੋਂ ਕਾਲੀ ਛਾਤੀ ਵਾਲੀ ਇਕ ਚਿੜੀ ਇਕਦਮ ਕਿਸੇ ਪੱਥਰ ਵਾਂਗ ਕੁੱਤੇ ਦੇ ਮੂੰਹ ਅੱਗੇ ਆ ਡਿੱਗੀ ਤੇ ਦਿਲ ਨੂੰ ਟੁੰਬਣ ਵਾਲੀ
‘ਚੀਂ…ਚੀਂ…ਚੂੰ…ਚੂੰ…ਚੇਂ…ਚੇਂ’ ਨਾਲ ਕੁੱਤੇ ਦੇ ਚਮਕਦੇ ਦੰਦਾਂ ਵਾਲੇ
ਖੁੱਲ੍ਹੇ ਜਬੜੇ ਵੱਲ ਫੜਫੜਾਉਣ ਲੱਗੀ।
ਉਹ ਬੱਚੇ ਨੂੰ
ਬਚਾਉਣ ਲਈ ਝਪਟੀ ਤੇ ਆਪਣੇ ਫੜਫੜਾਉਂਦੇ ਖੰਭਾਂ ਨਾਲ ਉਸਨੂੰ ਢਕ ਲਿਆ। ਪਰ ਉਹਦੀ ਨੰਨ੍ਹੀ ਜਾਨ ਡਰ
ਦੇ ਕਾਰਨ ਕੰਬ ਰਹੀ ਸੀ, ਉਸਦੀ ਆਵਾਜ਼ ਫਟ ਗਈ ਸੀ ਤੇ ਸੁਰ ਬੈਠ ਗਿਆ ਸੀ। ਉਸਨੇ ਬੱਚੇ ਦੀ ਰਾਖੀ ਲਈ
ਖੁਦ ਨੂੰ ਮੌਤ ਦੇ ਮੂੰਹ ਵਿਚ ਝੋਕ ਦਿੱਤਾ ਸੀ।
ਉਹਨੂੰ ਕੁੱਤਾ
ਕਿੰਨਾਂ ਭਿਆਨਕ ਜਾਨਵਰ ਨਜ਼ਰ ਆਇਆ ਹੋਵੇਗਾ। ਫਿਰ ਵੀ ਇਹ ਚਿੜੀ ਆਪਣੀ ਉੱਚੀ ਤੇ ਸੁਰੱਖਿਅਤ ਟਾਹਣੀ
ਉੱਤੇ ਬੈਠੀ ਨਹੀਂ ਰਹਿ ਸਕੀ। ਖੁਦ ਨੂੰ ਬਚਾਈ ਰੱਖਣ ਦੀ ਇੱਛਾ ਤੋਂ ਵੱਡੀ ਤਾਕਤ ਨੇ ਉਹਨੂੰ ਟਾਹਣੀ
ਤੋਂ ਉਤਰਨ ਲਈ ਮਜ਼ਬੂਰ ਕਰ ਦਿੱਤਾ ਸੀ। ਕੁੱਤਾ ਰੁਕ ਗਿਆ, ਪਿੱਛੇ ਹਟ ਗਿਆ, ਜਿਵੇਂ ਉਸਨੇ ਵੀ ਇਸ
ਤਾਕਤ ਨੂੰ ਮਹਿਸੂਸ ਕਰ ਲਿਆ ਸੀ।
ਮੈਂ ਕੁੱਤੇ ਨੂੰ
ਛੇਤੀ ਦੇਣੇ ਵਾਪਸ ਬੁਲਾਇਆ ਤੇ ਸਨਮਾਣਪੂਰਵਕ ਪਿੱਛੇ ਹਟ ਗਿਆ। ਹੱਸੋ ਨਾ। ਮੇਰੇ
ਵਿਚ ਉਸ ਨੰਨ੍ਹੀ ਬਹਾਦਰ ਚਿੜੀ ਪ੍ਰਤੀ, ਉਸਦੇ ਪ੍ਰੇਮ ਦੇ ਵੇਗ ਪ੍ਰਤੀ ਸ਼ਰਧਾ ਹੀ ਉਤਪੰਨ ਹੋਈ।
ਮੈਂ ਸੋਚਿਆ,
ਪ੍ਰੇਮ ਮੌਤ ਅਤੇ ਮੌਤ ਦੇ ਡਰ ਤੋਂ ਕਿਤੇ ਵੱਧ ਤਾਕਤਵਰ ਹੈ। ਕੇਵਲ ਪ੍ਰੇਮ ਤੇ ਹੀ ਜੀਵਨ ਟਿਕਿਆ
ਹੋਇਆ ਹੈ ਤੇ ਅੱਗੇ ਵਧ ਰਿਹਾ ਹੈ।
-0-
No comments:
Post a Comment