ਜੇਮਜ ਥਰਬਰ
ਇਕ ਨਿੱਕੀ ਜਿਹੀ ਕੁੜੀ ਨੂੰ ਉਹਦੇ ਸੱਤਵੇਂ ਜਨਮ-ਦਿਨ ਉੱਤੇ ਤਸਵੀਰਾਂ ਵਾਲੀਆਂ ਬਹੁਤ ਸਾਰੀਆਂ ਪੁਸਤਕਾਂ ਮਿਲੀਆਂ। ਉਸਦੇ ਪਿਤਾ ਨੇ ਸੋਚਿਆ ਕਿ ਉਹਨਾਂ ਵਿੱਚੋਂ ਇਕ-ਦੋ ਪੁਸਤਕਾਂ ਗੁਆਂਢੀਆਂ ਦੇ ਮੁੰਡੇ ਰਾਬਰਟ ਨੂੰ ਦੇ ਦੇਣੀਆਂ ਚਾਹੀਦੀਆਂ ਹਨ, ਜਿਹੜਾ ਉਸ ਮੌਕੇ ਉੱਥੇ ਆ ਗਿਆ ਸੀ।
ਕਿਸੇ ਨਿੱਕੀ ਜਿਹੀ ਕੁੜੀ ਤੋਂ ਕੋਈ ਚੀਜ਼ ਲੈਣਾ ਆਸਾਨ ਨਹੀਂ ਹੁੰਦਾ,ਪਰ ਪਿਤਾ ਨੇ ਕੁੜੀ ਨੂੰ ਸਮਝਾ-ਬੁਝਾ ਕੇ ਉਸਤੋਂ ਦੋ ਪੁਸਤਕਾਂ ਲੈ ਕੇ ਮੁੰਡੇ ਨੂੰ ਦੇ ਦਿੱਤੀਆਂ। ਫਿਰ ਉਸ ਨੇ ਕੁੜੀ ਨੂੰ ਕਿਹਾ, “ ਹੁਣ ਵੀ ਤੇਰੇ ਕੋਲ ਨੌਂ ਪੁਸਤਕਾਂ ਬਚ ਗਈਆਂ ਹਨ।”
ਕੁਝ ਦਿਨਾਂ ਮਗਰੋਂ ਪਿਤਾ ਆਪਣੀ ਲਾਇਬਰੇਰੀ ਵਿਚ ਗਿਆ ਤਾਕਿ ਕਈ ਜਿਲਦਾਂ ਵਾਲੀ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿਚ ‘ਪਿਤਾ’ ਸ਼ਬਦ ਸਾਹਮਣੇ ਪਿਤਾ ਦੀ ਪ੍ਰਸ਼ੰਸ਼ਾ ਵਿਚ ਲਿਖੀਆਂ ਗੱਲਾਂ ਪੜ੍ਹ ਸਕੇ। ਪਰ ਉਹ ਜਿਲਦ ਉੱਥੇ ਨਹੀਂ ਸੀ। ਖੋਜਣ ਉੱਤੇ ਪਤਾ ਲੱਗਾ ਕਿ ਤਿੰਨ ਹੋਰ ਜਿਲਦਾਂ ਵੀ ਗਾਇਬ ਸਨ।
ਜਦੋ ਘਰ ਵਿਚ ਉਹਨਾਂ ਜਿਲਦਾਂ ਦੀ ਤਲਾਸ਼ ਸ਼ੁਰੂ ਹੋਈ ਤਾਂ ਉਹਦੀ ਧੀ ਨੇ ਦੱਸਿਆ, “ਅੱਜ ਸਵੇਰੇ ਇਕ ਆਦਮੀ ਇੱਥੇ ਆਇਆ ਸੀ। ਉਹਨੂੰ ਪਤਾ ਨਹੀਂ ਸੀ ਕਿ ਇੱਥੋਂ ਟਾਕਿੰਗਟਨ ਜਾਂ ਟਾਕਿੰਗਟਨ ਤੋਂ ਵਾਈਸਟੈਂਡ ਕਿਵੇਂ ਜਾਵੇ? ਉਹ ਬਹੁਤ ਚੰਗਾ ਸੀ– ਰਾਬਰਟ ਤੋਂ ਕਿਤੇ ਚੰਗਾ। ਇਸ ਲਈ ਮੈਂ ਉਸ ਨੂੰ ਤੁਹਾਡੀਆਂ ਚਾਰ ਕਿਤਾਬਾਂ ਦੇ ਦਿੱਤੀਆਂ। ਆਖਰ ਡਿਕਸ਼ਨਰੀ ਦੀਆਂ ਤੇਰ੍ਹਾਂ ਕਿਤਾਬਾਂ ਸਨ, ਜਿਨ੍ਹਾਂ ’ਚੋਂ ਅਜੇ ਵੀ ਤੁਹਾਡੇ ਕੋਲ ਨੌਂ ਬਾਕੀ ਬਚ ਗਈਆਂ ਹਨ।”
-0-
No comments:
Post a Comment