Sunday, May 6, 2012

ਹਿੰਦੀ / ਅਮਾਨਤ


 ਉਰਮਿ ਕ੍ਰਿਸ਼ਣ

ਸਾਰਾ ਸਮਾਨ ਟਰੱਕ ਵਿਚ ਲੱਦਿਆ ਜਾ ਚੁੱਕਾ ਸੀ। ਕਵਿ ਸ਼ਿਵਾ ਅੱਜ ਨਵੇਂ ਮਕਾਨ ਵਿਚ ਜਾ ਰਹੇ ਸਨ। ਉਹਨਾਂ ਦੀ ਪਤਨੀ ਸਰਿਤਾ ਨੇ ਉੱਚੀ ਆਵਾਜ਼ ਵਿਚ ਪੁਕਾਰਿਆ, ਗੁੱਡੀਏ ਚੱਲ, ਸਾਰਾ ਸਮਾਨ ਲੱਦਿਆ ਜਾ ਚੁੱਕੈ।
ਚਾਰ ਸਾਲ ਦੀ ਗੁੱਡੀ ਹੌਲੀ-ਹੌਲੀ ਚੱਲ ਕੇ ਬਾਹਰ ਆ ਰਹੀ ਸੀ। ਉਸਦੀ ਫਰਾਕ ਦੀ ਝੋਲੀ ਵਿਚ ਕੰਕਰ-ਪੱਥਰਾਂ ਦਾ ਭਾਰ ਲੱਦਿਆ ਹੋਇਆ ਸੀ। ਦੇਖਦੇ ਹੀ ਮਾਂ ਚਿੱਲਾਈ, ਇਹ ਕੀ? ਪੱਥਰਾਂ ਦਾ ਕੀ ਕਰੇਂਗੀ? ਸਿੱਟ ਦੇ ਇੱਥੇ ਈ।ਮਾਂ ਨੇ ਗੁੱਡੀ ਦੇ ਸਾਰੇ ਪੱਥਰ ਫਰਸ਼ ਉੱਤੇ ਖਿਲਾਰ ਦਿੱਤੇ। ਦੋ ਪਲ ਗੁੱਡੀ ਪੱਥਰ ਬਣੀ ਖਿਲਰੇ ਪੱਥਰਾਂ ਨੂੰ ਦੇਖਦੀ ਰਹੀ ਤੇ ਫਿਰ ਫੁੱਟ-ਫੁੱਟ ਕੇ ਰੋ ਪਈ।
ਕੀ ਹੋਇਆ ਬੇਟੇ?ਪਿਤਾ ਨੇ ਗੋਦੀ ਚੁੱਕਦੇ ਹੋਏ ਗੁੱਡੀ ਨੂੰ ਪੁੱਛਿਆ।
ਗੁੱਡੀ ਰੋਈ ਜਾ ਰਹੀ ਸੀ। ਮਾਂ ਨੇ ਅੱਗੇ ਹੋ ਕੇ ਕਿਹਾ, ਵੇਖੋ, ਤੁਹਾਡੀ ਲਾਡਲੀ ਇਹ ਪੱਥਰ ਫਰਾਕ ’ਚ ਭਰਕੇ ਲਿਜਾ ਰਹੀ ਸੀ। ਨਵੀਂ ਫਰਾਕ ਖਰਾਬ ਕਰਲੀ।
ਓਹੋ ਸਰਿਤਾ! ਉਹਦੇ ਪੱਥਰ ਸਿੱਟਣ ਤੋਂ ਪਹਿਲਾਂ ਕੁਝ ਤਾਂ ਸੋਚਦੀ। ਇਹ ਉਹਦੇ ਬਚਪਣ ਦੀ ਅਮਾਨਤ ਹਨ। ਤੇਰੇ ਟਰੱਕ ਭਰੇ ਸਮਾਨ ਤੋਂ ਵੀ ਜ਼ਿਆਦਾ ਕੀਮਤ ਹੈ ਗੁੱਡੀ ਲਈ ਇਨ੍ਹਾਂ ਪੱਥਰਾਂ ਦੀ।
ਸਰਿਤਾ ਨੇ ਗੁੱਡੀ ਨੂੰ ਗਲ ਨਾਲ ਲਾਉਂਦੇ ਹੋਏ ਕਿਹਾ, ਮੈਨੂੰ ਮਾਫ਼ ਕਰ ਦੇ ਬੇਟੇ! ਮੈਂ ਤੇਰਾ ਮਨ ਦੁਖਾਇਆ।
ਤੇ ਤਿੰਨੇਂ ਖਿਲਰੇ ਹੋਏ ਪੱਥਰ ਇਕੱਠੇ ਕਰਨ ਲੱਗੇ।
                                         -0-