Sunday, May 25, 2014

ਹਿੰਦੀ/ ਬੁਢਾਪੇ ਦੀ ਦੌਲਤ



ਮਾਲਤੀ ਬਸੰਤ

ਦੋ ਬਜ਼ੁਰਗ ਆਪਣੇ ਪੁੱਤਰਾਂ ਦੀ ਚਰਚਾ ਵਿਚ ਮਸਤ ਸਨ। ਇਕ ਬੋਲਿਆ, ਮੇਰਾ ਬੇਟਾ ਅਮਰੀਕਾ ’ਚ ਐ। ਉੱਥੇ ਡਾਲਰਾਂ ’ਚ ਏਨਾ ਧਨ ਕਮਾਉਂਦੈ ਕਿ ਇੱਥੇ ਉਹਦਾ ਮੁੱਲ ਲੱਖਾਂ ਰੁਪਏ ਦੇ ਬਰਾਬਰ ਹੁੰਦੈ।
ਦੂਜਾ ਬਜ਼ੁਰਗ ਬੋਲਿਆ, ਮੇਰਾ ਬੇਟਾ ਤਾਂ ਅਰਬ ਦੇਸ਼ ’ਚ ਰਹਿੰਦੈ। ਉੱਥੇ ਤਾਂ ਸੋਨਾ ਮੀਂਹ ਵਾਂਗ ਵਰ੍ਹਦਾ ਐ।
 ਉੱਥੇ ਇਕ ਤੀਜਾ ਬਜ਼ੁਰਗ ਵੀ ਸੀ ਜਿਹਾ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ। ਉਸ ਤੋਂ ਰਿਹਾ ਨਾ ਗਿਆ। ਉਹ ਬੋਲਿਆ, ਵਿਦੇਸ਼ ’ਚ ਰਹਿ ਰਹੇ ਤੁਹਾਡੇ ਪੁੱਤਰਾਂ ਦੀ ਲੱਖਾਂ ਦੀ ਕਮਾਈ ਤੁਹਾਡੇ ਕਿਸ ਕੰਮ ਦੀ ਐ? ਬੁਢਾਪੇ ਦੀ ਦੌਲਤ ਤਾਂ ਔਲਾਦ ਹੁੰਦੀ ਐ, ਜੋ ਬੁਢਾਪੇ ’ਚ ਆਉਣ ਵਾਲੇ ਦੁੱਖ-ਤਕਲੀਫਾਂ ਤੇ ਬੀਮਾਰੀਆਂ ਵਿਚ ਸਹਾਰਾ ਦਿੰਦੀ ਐ। ਮੇਰਾ ਬੇਟਾ ਭਾਵੇਂ ਥੋ੍ਹਾ ਈ ਕਮਾਉਂਦੈ, ਪਰ ਸਾਡੇ ਨਾਲ ਰਹਿਕੇ ਦੁੱਖ-ਸੁੱਖ ਦਾ ਸਾਥੀ ਬਣਦੈ।
ਤੀਜੇ ਆਦਮੀ ਦੀ ਗੱਲ ਸੁਣਕੇ ਅਮਰੀਕਨ ਤੇ ਅਰਬੀ ਬੇਟੇ ਦੇ ਪਿਉ ਬਗਲਾਂ ਝਾਕ ਰਹੇ ਸਨ।
                                       -0-

Thursday, May 15, 2014

ਉਰਦੂ/ ਸਫਾਈ ਪਸੰਦ



ਸਆਦਤ ਹਸਨ ਮੰਟੋ

ਗੱਡੀ ਰੁਕੀ ਹੋਈ ਸੀ।
ਤਿੰਨ ਆਦਮੀ ਇੱਕ ਡੱਬੇ ਕੋਲ ਆਏ। ਉਹਨਾਂ ਕੋਲ ਬੰਦੂਕਾਂ ਸਨ। ਉਹਨਾਂ ਨੇ ਤਾਕੀ ਵਿੱਚ ਦੀ ਦੇਖ ਕੇ ਪੁੱਛਿਆ, ਕੋਈ ਮੁਰਗਾ ਹੈ?”
ਇੱਕ ਯਾਤਰੀ ਕੁੱਝ ਕਹਿੰਦਾ ਕਹਿੰਦਾ ਰਹਿ ਗਿਆ। ਬਾਕੀ ਯਾਤਰੀਆਂ ਨੇ ਉੱਤਰ ਦਿੱਤਾ, ਜੀ ਨਹੀਂ।
ਥੋ੍ਹੇ ਚਿਰ ਬਾਅਦ ਚਾਰ ਆਦਮੀ ਹੋਰ ਆ ਗਏ। ਉਹਨਾਂ ਕੋਲ ਨੇਜੇ ਸਨ। ਉਹਨਾਂ ਨੇ ਤਾਕੀਆਂ ਵਿੱਚਦੀ ਅੰਦਰ ਦੇਖਿਆ, ਫਿਰ ਯਾਤਰੀਆਂ ਤੋਂ ਪੁੱਛਿਆ, ਕਿਊਂ ਬਈ ਕੋਈ ਮੁਰਗਾ ਨਹੀਂ ਹੈ?”
ਉਹ ਮੁਸਾਫਰ ਜੋ ਪਹਿਲਾਂ ਕੁਝ ਕਹਿੰਦਾ ਕਹਿੰਦਾ ਰਹਿ ਗਿਆ ਸੀ, ਇਸ ਵਾਰ ਝਟ ਬੋਲਿਆ, “ਜੀ ਪਤਾ ਨਹੀਂ, ਤੁਸੀਂ ਅੰਦਰ ਟੱਟੀਖਾਨੇ ਵਿੱਚ ਦੇਖ ਲਓ।”
ਨੇਜਿਆ ਵਾਲੇ ਅੰਦਰ ਆ ਗਏ।
ਉਹਨਾਂ ਨੇ ਟੱਟੀਖਾਨੇ ਦਾ ਦਰਵਾਜਾ ਤੋੜਿਆ ਤਾਂ ਉਸ ਵਿੱਚੋਂ ਇੱਕ ਮੁਰਗਾ ਨਿਕਲਿਆ।
ਇੱਕ ਨੇਜੇ ਵਾਲੇ ਨੇ ਕਿਹਾ, “ਇਸ ਨੂੰ ਹਲਾਕ ਕਰ ਦਿਓ।”
ਦੂਸਰੇ ਨੇ ਕਿਹਾ, “ਨਹੀਂ ਇੱਥੇ ਨਹੀਂ, ਡੱਬਾ ਖਰਾਬ ਹੋ ਜਾਵੇਗਾ, ਬਾਹਰ ਲੈ ਚੱਲੋ।”
                                        -0-

Friday, May 2, 2014

ਹਿੰਦੀ/ ਗੁਰੂ ਦੱਛਣਾ



ਰੰਗਨਾਥ ਦਿਵਾਕਰ

ਪਿੰਡ ਮਹਿਰੈਲ ਦਾ ਮਿਡਲ ਸਕੂਲ। ਇਕ ਕਾਲੇ-ਕਲੂਟੇ ਵਿਦਿਆਰਥੀ ਨੂੰ ਇਕ ਅਧਿਆਪਕ ਲਗਾਤਾਰ ਮਾਰੀ ਜਾ ਰਿਹਾ ਸੀ। ਮੁੰਡੇ ਨੂੰ ਜ਼ੋਰ-ਜ਼ੋਰ ਨਾਲ ਚਿੱਲਾਉਂਦੇ ਦੇਖਕੇ ਇਕ ਅਧਿਆਪਕ ਨੇ ਉਹਨਾਂ ਨੂੰ ਰੋਕਿਆ, ਬਹੁਤ ਹੋ ਗਿਆ ਝਾ ਜੀ! ਹੁਣ ਛੱਡ ਦਿਓ, ਨਹੀਂ ਤਾਂ ਕੱਲ੍ਹ ਤੋਂ ਸਕੂਲ ਆਉਣਾ ਈ ਬੰਦ ਕਰ ਦੂਗਾ।
ਓਏ, ਇਹ ਬਦਮਾਸ਼ ਕਿੱਥੇ ਛੱਡਦਾ ਐ ਸਕੂਲ?ਤੇ ਮੁੰਡੇ ਦੇ ਅੱਠ-ਦੱਸ ਡੰਡੇ ਮਾਰ ਕੇ ਹੱਸੇ।
ਉਸੇ ਸਮੇਂ ਸਕੂਲ ਵਿਚ ਇਕ ਜੀਪ ਆ ਕੇ ਰੁਕੀ। ਝਾ ਜੀ ਨੇ ਹੌਲੇ ਜਿਹੇ ਡੰਡਾ ਪਾਸੇ ਕਰ ਦਿੱਤਾ। ਇਕ ਅਧਿਆਪਕ ਨੇ ਆਉਣ ਵਾਲੇ ਨੂੰ ਪਛਾਣ ਲਿਆਜ਼ਿਲਾ ਸਿੱਖਿਆ ਅਫਸਰ। ਇਕ ਦਿਨ ਪਹਿਲਾਂ ਹੀ ਤਾਂ ਮਧੁਬਨੀ ਵਿਚ ਚਾਰਜ ਲਿਆ ਸੀ।
ਜ਼ਿਲਾ ਸਿੱਖਿਆ ਅਫਸਰ ਦੀ ਨਿਗ੍ਹਾ ਉਸ ਕਰਾਹ ਰਹੇ ਬੱਚੇ ਉੱਤੇ ਪਈ। ਇਕ ਛਿਣ ਠਿਠਕ ਕੇ ਉਹ ਮੁਸਕਰਾਉਣ ਲੱਗੇ ਤੇ ਬੋਲੇ, ਆਓ, ਮੈਂ ਤੁਹਾਨੂੰ ਸਾਰਿਆਂ ਨੂੰ ਆਪਣਾ ਦਿਵ-ਗਿਆਨ ਦਿਖਾਉਂਦਾ ਹਾਂ।
ਸੁਆਗਤ-ਸਤਿਕਾਰ ਨੂੰ ਨਕਾਰਦੇ ਹੋਏ ਜ਼ਿਲਾ ਸਿੱਖਿਆ ਅਫਸਰ ਉਸ ਕਰਾਹ ਰਹੇ ਬੱਚੇ ਕੋਲ ਪਹੁੰਚੇ। ਫਿਰ ਬੋਲੇ, ਮੇਰਾ ਦਿਵ-ਗਿਆਨ ਕਹਿੰਦਾ ਹੈ ਕਿ ਇਹ ਮੁੰਡਾ ਨਿਸ਼ਚਿਤ ਰੂਪ ਨਾਲ ਦਲਿਤ ਹੈ। ਇਹਨੂੰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮਾਰ ਪੈ ਰਹੀ ਹੈ। ਇਹਨੂੰ ਮਾਰਨ ਵਾਲੇ ਅਧਿਆਪਕ ਝਾ ਜੀ ਹੋਣਗੇ, ਜਿਹੜੇ ਲਗਭਗ ਵੀਹ ਸਾਲਾਂ ਤੋਂ ਇੱਥੇ ਪੜ੍ਹਾ ਰਹੇ ਹਨ। ਮੈਂ ਚਾਹਾਂ ਤਾਂ ਇੰਨੇ ਅਧਿਆਪਕਾਂ ’ਚੋਂ ਝਾ ਜੀ ਕਿਹੜੇ ਹਨ, ਇਹ ਵੀ ਦੱਸ ਸਕਦਾ ਹਾਂ।
ਸਾਰਾ ਸਕੂਲ ਇਕਦਮ ਸ਼ਾਂਤ ਹੋ ਗਿਆ। ਅਧਿਆਪਕਾ ਹੈਰਾਨ ਸਨ। ਕੁਝ ਦੇਰ ਬਾਦ ਉਹਨਾਂ ਨੇ ਝਾ ਜੀ ਨੂੰ ਪਛਾਣਦੇ ਹੋਏ ਕਿਹਾ, ਕਿਉਂ ਝਾ ਜੀ? ਅਚੰਭਾ ਹੋ ਰਿਹਾ ਹੈ ਨਾ ਮੇਰੇ ਦਿਵ-ਗਿਆਨ ’ਤੇ?…ਮੈਨੂੰ ਇਹ ਦਿਵ-ਗਿਆਨ ਤੁਹਾਡੇ ਡੰਡੇ ਨੇ ਈ ਦਿੱਤਾ ਐ। ਕਿਸੇ ਦਲਿਤ  ਨੂੰ ਮਿਡਲ ਪਾਸ ਨਾ ਕਰਨ ਦੇਣ ਦੇ ਤੁਹਾਡੇ ਸੰਕਲਪ ਨੂੰ ਤੋੜ ਕੇ ਗੁਰੂ ਦੱਛਣਾ ਚੁਕਾਉਣ ਲਈ ਮੈਂ ਤੁਹਾਡੇ ਸਾਹਮਣੇ ਖੜਾ ਹਾਂ। ਨਹੀਂ ਪਛਾਣਿਆ ਮੈਨੂੰ? ਮੈਂ ਸ਼ਿਵਚਰਣ ਰਾਮ…ਤੁਹਾਡਾ ਸਿਬੁਆ…।
ਸਕੂਲ ਤਾਂ ਜਿਵੇਂ ਜੜ੍ਹ ਹੋ ਗਿਆ। ਝਾ ਜੀ ਪਸੀਨੋ-ਪਸੀਨੀ ਹੋ ਗਏ। ਜ਼ਿਲਾ ਸਿੱਖਿਆ ਅਫਸਰ ਨੇ ਕਾਗਜ਼ ਉੱਤੇ ਕੁਝ ਲਿਖਿਆ ਤੇ ਚਪਰਾਸੀ ਨੂੰ ਦੇ ਦਿੱਤਾ। ਪ੍ਰਾਪਤੀ ਰਸੀਦ ਉੱਤੇ ਹਸਤਾਖਰ ਕਰਦਿਆਂ ਝਾ ਜੀ ਦਾ ਹੱਥ ਕੰਬ ਰਿਹਾ ਸੀ।
                                        -0-