ਸਤੀਸ਼ ਦੁਬੇ (ਡਾ.)
ਅਫਸਰ ਦੀ ਮਰਜ਼ੀ ਅਨੁਸਾਰ ਫਾਈਲਾਂ ਪੁੱਟਅਪ ਨਾ ਕਰਨ
ਕਾਰਨ ਉਹਨੂੰ ਝੂਠੇ ਦੋਸ਼ ਲਾ ਕੇ ਸਸਪੈਂਡ ਕਰ ਦਿੱਤਾ ਗਿਆ ਸੀ। ਇਸੇ ਗ਼ਮ ਕਾਰਣ ਉਹ ਜੀਵਨ ਤੋਂ
ਨਿਰਾਸ਼ ਹੋ ਕੇ ਮੰਜੇ ਉੱਤੇ ਲੇਟਿਆ ਹੋਇਆ ਸੀ।
“ਬਿੰਦੂ! ਮੈਂ ਲੜਦੇ-ਲੜਦੇ ਜ਼ਿੰਦਗੀ ਤੋਂ ਹਾਰ ਗਿਆ
ਹਾਂ। ਮੈਂ ਜਿਉਣਾ ਨਹੀਂ ਚਾਹੁੰਦਾ।” ਉਹਦੀਆਂ ਅੱਖਾਂ ਵਿਚ ਹੰਝੂ ਭਰ ਆਏ ਸਨ।
ਪਤਨੀ ਚੁੱਪ ਸੀ।
“ਤੂੰ ਵੀ ਮੇਰੀ ਪਰਵਾਹ ਨਹੀ ਕਰ ਰਹੀ!”
“ਨਹੀਂ ਤਾਂ!”
“ਉੱਪਰ ਕੀ ਵੇਖ ਰਹੀ ਐਂ?”
“ਘੜੀ ਵੱਲ ਵੇਖੋ ਨਾ”
ਉਹਨੇ ਕੰਧ ਉੱਤੇ ਲੱਗੀ ਪੁਰਾਣੀ ਘੜੀ ਵੱਲ ਵੇਖਦਿਆਂ ਸਵਾਲ ਕੀਤਾ, “ਕੀ ਹੈ ਉੱਥੇ?”
“ਵੇਖੋ ਨਾ, ਪੈਂਡਲਮ 'ਤੇ ਚੂਹਾ ਚੜ੍ਹ ਗਿਆ। ਉਹ
ਵੇਖੋ, ਵਕਤ ਨਾਲ ਕਿਵੇਂ ਲੜ ਰਿਹੈ…ਉਹ ਚਾਹੁੰਦਾ ਹੈ ਕਿ ਚਲਦੇ ਸਮੇਂ ਨੂੰ ਵੀ ਰੋਕ ਦੇਵੇ।”
ਉਹਨੇ ਇਕ ਵਾਰ ਬਿੰਦੂ ਵੱਲ ਵੇਖਿਆ, ਫਿਰ ਚੂਹੇ ਦੇ ਛੋਟੇ ਜਿਹੇ ਬੱਚੇ
ਵੱਲ ਅਤੇ ਫਿਰ ਇਕਦਮ ਚਹਿਕ ਉੱਠਿਆ।
ਉਹਦੀਆਂ ਅੱਖਾਂ ਵਿਚ ਚਮਕ ਆ ਗਈ। ਉਹ ਤੇਜ਼ੀ ਨਾਲ ਮੰਜੇ ਉੱਤੇ ਬੈਠ ਗਿਆ
ਤੇ ਫਿਰ ਕੁਝ ਕਰ ਗੁਜ਼ਰਨ ਦੀ ਮੁਦ੍ਰਾ ਵਿਚ ਖੜਾ ਹੋ ਗਿਆ।
-0-
No comments:
Post a Comment