Tuesday, April 10, 2012

ਕਸ਼ਮੀਰੀ/ ਸ਼ਮਸ਼ਾਨ ਦੀ ਦਾਸਤਾਨ


ਨਾਸਿਰ ਮੰਸੂਰ

ਇਕ ਰਾਤ ਸਭਨਾਂ ਦੀਆਂ ਨਜ਼ਰਾਂ ਤੋਂ ਬਚਕੇ ਉਹ ਚੁੱਪਚਾਪ ਬਸਤੀ ਤੋਂ ਭੱਜ ਖੜਾ ਹੋਇਆ ਤੇ ਬਹੁਤ ਦੂਰ ਇਕ ਜੰਗਲ ਵਿਚ ਰਹਿਣ ਲੱਗਾ। ਇਕ ਦਿਨ ਜਦੋਂ ਉਹ ਘੁੰਮਣ ਲਈ ਨਿਕਲਿਆ ਤਾਂ ਉਹਨੂੰ ਇਕ ਤਲਾਅ ਨਜ਼ਰ ਆਇਆ। ਉਹ ਉਸ ਵੱਲ ਵਧਿਆ। ਤਲਾਅ ਨੇੜੇ ਪਹੁੰਚ ਕੇ ਉਸਨੇ ਇਕ ਅਜੀਬ ਨਜ਼ਾਰਾ ਦੇਖਿਆ ਤਲਾਅ ਦੇ ਉਸ ਪਾਰ ਗਿਰਝਾਂ, ਇੱਲਾਂ ਤੇ ਕਾਂ ਕਿਸੇ ਮਰਨ ਕਿਨਾਰੇ ਪਏ ਆਦਮੀ ਨੂੰ ਬੇਰਹਮੀ ਨਾਲ ਠੂੰਗਾਂ ਮਾਰ ਮਾਰ ਕੇ ਜ਼ਖ਼ਮੀ ਕਰ ਰਹੇ ਸਨ। ਉਹ ਦੌਡ਼ਦਾ ਹੋਇਆ ਉੱਥੇ ਪਹੁੰਚਿਆ ਤਾਂ ਮਾਸਖੋਰੇ ਪੰਛੀਆਂ ਵਿਚ ਭਾਜਡ਼ ਮੱਚ ਗਈ ਤੇ ਉਹ ਇੱਧਰ-ਉੱਧਰ ਖਿੰਡ ਗਏ।
‘ਓਏ, ਇਹ ਤਾਂ ਆਪਣਾ ਹੀ ਭਰਾ ਹੈ। ਅਣਜਾਣ ਹੈ ਤਾਂ ਕੀ ਹੋਇਆ, ਹੈ ਤਾਂ ਇਨਸਾਨ।’ ਉਸ ਵਿਚ ਮਾਨਵੀ ਸੰਵੇਦਨਾ ਜਾਗ ਉੱਠੀ।
‘ਇਸ ’ਚ ਅਜੇ ਸਾਹ ਬਾਕੀ ਹਨ।ਉਸਦੀ ਛਾਤੀ ਉੱਤੇ ਹੱਥ ਫੇਰਦਾ ਹੋਇਆ ਉਹ ਸੋਚਣ ਲੱਗਾ।
ਉਹ ਤਲਾਅ ਵੱਲ ਭੱਜਿਆ।  ਬੁੱਕ ਵਿਚ ਪਾਣੀ ਭਰਕੇ ਉਹਨੂੰ ਪਿਆਇਆ। ਟਿਮਟਿਮਾਉਂਦਾ ਦੀਵਾ ਬੁਝਣ ਤੋਂ ਬਚ ਗਿਆ। ਫਰਿਸ਼ਤੇ ਬੋਲ ਉੱਠੇ ਮਾਨਵਤਾ ਦੇ ਪੁਜਾਰੀ ਦੀ ਜੈ!
ਖੂੰਖਾਰ ਪੰਛੀਆਂ ਨੇ ਜਦੋਂ ਆਪਣੇ ਸ਼ਿਕਾਰ ਨੂੰ ਹੱਥੋਂ ਨਿਕਲਦਿਆਂ ਦੇਖਿਆ ਤਾਂ ਉਹ ਮਾਨਵਤਾ ਦੇ ਪੁਜਾਰੀ ਤੇ ਹੀ ਟੁੱਟ ਪਏ। ਇਹ ਦੇਖ ਪਹਿਲਾ ਆਦਮੀ ਦੱਬੇ ਪੈਰੀਂ ਉੱਥੋਂ ਭੱਜ ਖੜਾ ਹੋਇਆ।
                                                 -0-



No comments: