Thursday, February 18, 2010

ਹਿੰਦੀ/ਉਪਚਾਰ/ਨੀਲਮ

ਉਹ ਬੇਹਦ ਉਦਾਸ ਤੇ ਬੇਚੈਨ ਦਫਤਰੋਂ ਪਰਤਿਆ ਤੇ ਬਿਨਾਂ ਕਪੜੇ ਬਦਲੇ ਆਰਾਮ ਕੁਰਸੀ ਵਿਚ ਧਸ ਗਿਆ। ਚਿਹਰੇ ਤੋਂ ਲੱਗ ਰਿਹਾ ਸੀ ਜਿਵੇਂ ਉਹ ਕੋਈ ਫੈਸਲਾ ਕਰਨ ਦੀ ਕੋਸ਼ਿਸ਼ ਵਿਚ ਇਕ ਖਾਸ ‘ਆਪਣੇਪਣ’ ਨਾਲ ਲੜ ਰਿਹਾ ਹੋਵੇ। ਤਦ ਹੀ ਵ੍ਹੀਲਚੇਅਰ ਰੇੜ੍ਹਦੀ ਸੀਮਾ ਆ ਗਈ। ਉਸਨੇ ਪਤਨੀ ਨੂੰ ਘੂਰ ਕੇ ਦੇਖਿਆ। ਬੋਲਿਆ, ਸੀਮਾ, ਕੀ ਤੂੰ ਆਪਣੇ ਪੇਕੇ ਜਾਣਾ ਚਾਹੇਂਗੀ?

ਕਿਉਂ?ਆਪਣੇ ਪਤੀ ਦੀ ਆਵਾਜ਼ ਉਹਨੂੰ ਓਪਰੀ ਜਿਹੀ ਲੱਗੀ, ਇੱਥੇ ਰਹਿਕੇ ਮੈਂ ਜ਼ਿਆਦਾ ਖੁਸ਼ ਆਂ, ਘੱਟੋਘਟ ਘਰ ਦੀ ਦੇਖਭਾਲ ਕਰਦੀ ਰਹੂੰਗੀ। ਮੈਂ ਤੁਹਾਡੇ ਕਿਸੇ ਕੰਮ ’ਚ ਰੁਕਾਵਟ ਨਹੀਂ ਬਣੂੰਗੀ, ਪਰ ਮੈਨੂੰ ਬੋਝ…ਸੀਮਾ ਦੀਆਂ ਅੱਖਾਂ ਭਰ ਆਈਆਂ।

ਵਿਨੋਦ ਨੇ ਉਹਦੀ ਗੱਲ ਕੱਟਦਿਆਂ ਕਿਹਾ, ਮੈਂ ਤੈਨੂੰ ਬੋਝ ਜਵਾਂ ਨਹੀਂ ਮੰਨਦਾ, ਪਹਿਲਾਂ ਜਿੰਨਾ ਪਿਆਰ ਵੀ ਕਰਦਾ ਹਾਂ। ਤੇਰੀ ਦੇਖਭਾਲ ਤੇ ਇਲਾਜ ਉੱਥੇ ਵਧੀਆ ਢੰਗ ਨਾਲ ਹੋ ਸਕਦਾ ਹੈ।

ਮੈਨੂੰ ਨਾ ਭੇਜੋ। ਮੇਰੇ ਗਰੀਬ ਮਾਂ-ਪਿਓ…

ਮੇਰੇ ’ਤੇ ਵਿਸ਼ਵਾਸ ਨਹੀਂ ਹੈ ਨਾ?

ਹੈ, ਆਪਣੇ ਤੋਂ ਵੀ ਜ਼ਿਆਦਾ। ਜਿਸਨੇ ਬਿਨਾਂ ਇਕ ਵੀ ਪੈਸਾ ਲਏ ਮੇਰੇ ਨਾਲ ਵਿਆਹ ਕੀਤਾ, ਜੋ ਅੱਜ ਵੀ ਮੇਰੇ ਪਰਿਵਾਰ ਦਾ ਖਰਚਾ ਉਠਾ ਰਿਹੈ, ਉਸ ਦੇਵਤਾ ਵਰਗੇ ਪਤੀ ’ਤੇ ਭਲਾ ਮੈਂ ਵਿਸ਼ਵਾਸ ਨਹੀਂ ਕਰੂੰਗੀ…ਪਰੰਤੂ ਅੱਜ ਜਦੋਂ ਮੈਂ ਲਕਵਾਗ੍ਰਸਤ ਆਂ, ਤਾਂ ਚਾਹੁੰਦੀ ਆਂ ਕਿ ਤੁਹਾਡੀ ਖੁਸ਼ੀ ਵੇਖਦੀ ਤੁਹਾਡੇ ਸਾਹਮਣੇ ਮਰਾਂ।ਉਹ ਸਿਸਕ ਉੱਠੀ।

ਸੀਮਾ, ਇਹੀ ਸਭ ਸਥਿਤੀਆਂ ਮੇਰੇ ਹੱਥਾਂ-ਪੈਰਾਂ ਦੀਆਂ, ਇੱਥੋਂ ਤਕ ਕਿ ਦਿਮਾਗ ਦੀਆਂ ਬੇੜੀਆਂ ਬਣਦੀਆਂ ਜਾ ਰਹੀਆਂ ਹਨ। ਲੋਕ ਕਹਿਣ ਲੱਗੇ ਹਨ ਕਿ ਦਾਜ ਦੇ ਲਾਲਚ ’ਚ ਮੈਂ ਹੀ ਤੈਨੂੰ ਅਜਿਹੀ ਦਵਾਈ ਦਿੱਤੀ ਐ ਜਿਸ ਨਾਲ ਤੂੰ ਅਪਾਹਜ ਹੋ ਗਈ। ਕੱਲ੍ਹ ਨੂੰ ਮੇਰੇ ’ਤੇ ਇਹ ਇਲਜ਼ਾਮ ਵੀ ਲੱਗੇਗਾ ਕਿ ਮੈਂ ਹੀ ਤੈਨੂੰ ਮਾਰ ਦਿੱਤੈ।

ਜਦੋਂ ਮੈਂ ਕਹਿੰਦੀ ਹਾਂ ਕਿ…

ਤੇਰੀ ਜਾਂ ਮੇਰੀ ਕੌਣ ਸੁਣਦਾ ਐ। ਸੁਣ, ਮੈਂ ਆਪਣੀ ਬਦਲੀ ਕਰਾਲੀ ਐ ਦੂਰ ਦੀ, ਤੇ ਤੂੰ…ਕਹਿੰਦਾ-ਕਹਿੰਦਾ ਉਹ ਰੁਕ ਗਿਆ।

ਮੈਂ ਪੇਕੇ ਜਾਣ ਨੂੰ ਤਿਆਰ ਆਂ। ਸੀਮਾ ਨੇ ਦ੍ਰਿੜ ਆਵਾਜ਼ ਵਿਚ ਕਿਹਾ।

ਉਹ ਵ੍ਹੀਲਚੇਅਰ ਘੁਮਾ ਕੇ ਜਾ ਰਹੀ ਸੀ ਕਿ ਵਿਨੋਦ ਨੇ ਉਸਨੂੰ ਰੋਕਦੇ ਹੋਏ ਕਿਹਾ, ਪਾਗਲ, ਤੂੰ ਵੀ ਮੇਰੇ ਨਾਲ ਚੱਲੇਂਗੀ।

ਉਹ ਖੁਸ਼ੀ ਦੇ ਮਾਰੇ ਕੁਰਸੀ ਤੋਂ ਲਗਭਗ ਉੱਠ ਖੜੀ ਹੋਈ।

-0-