Saturday, April 27, 2013

ਅਰਬੀ/ ਸਹਾਰਾ



ਯੂਸਫ ਅਲ ਸ਼ਰੂਨੀ(ਮਿਸਰ)

ਇਕ ਸ਼ਾਮ ਮੈਂ ਆਪਣੀ ਧੀ ਨੂੰ ਗੋਦ ਵਿਚ ਚੁੱਕ ਕੇ ਲਈ ਜਾ ਰਿਹਾ ਸੀ। ਉਸਨੇ ਮੇਰੇ ਮੋਢੇ ਉੱਤੇ ਸਿਰ ਟਿਕਾਇਆ ਹੋਇਆ ਸੀ ਤੇ ਆਪਣੀਆਂ ਨਿੱਕੀਆਂ-ਨਿੱਕੀਆਂ ਬਾਹਾਂ ਮੇਰੀ ਗਰਦਨ ਦੁਆਲੇ ਲਪੇਟੀਆਂ ਹੋਈਆਂ ਸਨ। ਅਚਾਣਕ ਇਕ ਜਗ੍ਹਾ ਮੇਰਾ ਪੈਰ ਫਿਸਲ ਗਿਆ। ਮੈਂ ਮੂੰਹ ਦੇ ਭਾਰ ਡਿੱਗਣ ਹੀ ਵਾਲਾ ਸੀ ਕਿ ਬੱਚੀ ਨੇ ਮੇਰੀ ਗਰਦਨ ਦੇ ਦੁਆਲੇ ਆਪਣੀਆਂ ਬਾਹਾਂ ਦੀ ਪਕੜ ਪੀੜੀ ਕਰਦੇ ਹੋਏ ਕਿਹਾ, ਪਾਪਾ, ਡਰੋ ਨਾ, ਮੈਂ ਤੁਹਾਨੂੰ ਕਸ ਕੇ ਫੜਿਆ ਹੋਇਆ ਹੈ।
ਤੇ ਜਦੋਂ ਮੈਂ ਡਿੱਗਣ ਤੋਂ ਬਚ ਗਿਆ ਤਾਂ ਬੱਚੀ ਬਹੁਤ ਖੁਸ਼ ਹੋਈ ਕਿ ਉਸਨੇ ਸਚਮੁਚ ਮੈਨੂੰ ਡਿੱਗਣ ਤੋਂ ਬਚਾ ਲਿਆ।
                                     -0-

Monday, April 22, 2013

ਬੰਗਲਾ/ ਆਖਰੀ ਆਦਮੀ



ਸੰਜੀਵ

ਜਾਦੂਗਰ ਦੀ ਹੱਡੀ ਦੀ ਤਰ੍ਹਾਂ ਐਸ.ਪੀ. ਦੀ ਕਿਰਪਾਨ ਹਵਾ ਵਿੱਚ ਲਹਿਰਾਈ ਤਾਂ ਕਤਾਰ-ਦਰ-ਕਤਾਰ ਸਿਪਾਹੀਆਂ ਦੇ ਬੁੱਤਾਂ ਵਿੱਚ ਹਰਕਤ ਹੋਈ। ਫਿਰ ਇੰਸਪੈਕਸ਼ਨ, ਭਾਸ਼ਨ ਤੇ ਹਰੇਕ ਟੁਕੀ ਦੀ ਸਲਾਮੀ ਦਾ ਦੌਰ ਚੱਲਿਆ। ਹੌਲੀ-ਹੌਲੀ ਆਯੋਜਨ ਸਮਾਪਤੀ ਦੇ ਕਿਨਾਰੇ ਤਕ ਪੁੱਜਾ। ਸਭ ਤੋਂ ਪਹਿਲਾਂ ਪ੍ਰਥਮ ਪੁਰਸ਼ ਵਿਦਾ ਹੋਏ, ਆਈ.ਜੀ. ਸਮੇਤ ਅਧਿਕਾਰੀਆਂ ਤੇ ਜਵਾਨਾਂ ਦਾ ਸਲਾਮ ਗ੍ਰਹਿਣ ਕਰਦੇ ਹੋਏ। ਕ੍ਰਮਵਾਰ ਆਈ.ਜੀ., ਐਸ.ਐਸ.ਪੀ., ਡੀ.ਐਸ.ਪੀ. ਤੇ ਇੰਸਪੈਕਟਰ ਵੀ ਵਿਦਾ ਹੋਏ। ਆਪਣੇ ਤੋਂ ਹੇਠਾਂ ਵਾਲਿਆਂ ਦਾ ਸਲਾਮ ਹਾਸਲ ਕਰ। ਛਟਦਾ ਗਿਆ ਬਾਹਰ ਦਾ ਮਜਮਾ, ਛਟਦਾ ਗਿਆ ਰੋਹਬ।
ਅੰਤ ਵਿੱਚ ਹਵਲਦਾਰ ਵਗੈਰਾ ਵੀ ਸਿਪਾਹੀਆਂ ਦਾ ਸਲਾਮ ਬਟੋਰ ਕੇ ਵਿਦਾ ਹੋਏ। ਤਦ ਸਿਪਾਹੀਆਂ ਵਿੱਚ ਜਾਤ-ਪਾਤ ਦੇ ਹਿਸਾਬ ਨਾਲ ਦੁਆ-ਸਲਾਮ ਦਾ ਦੌਰ ਚੱਲਿਆ। ਇਸ ਲੀ ਦੇ ਅੰਤਮ ਬਿੰਦੂ ਤੇ ਬਚ ਗਿਆ ਸੀ, ਇਕ ਸਿਪਾਹੀ ਤੇ ਮਜਮੇ ਦੇ ਨਾਂ ਉੱਤੇ ਇਕ ਖੋਮਚੇ ਵਾਲਾ ਖੋਮਚੇ ਵਾਂਗ ਵਾਛਾਂ ਖਿਲਾਰੇ ਹੋਏ।
ਪੁਲਿਸ ਦੇ ਇਸ ਸਧਾਰਨ ਜਵਾਨ ਦੇ ਹਿੱਸੇ ਵਿੱਚ ਬਸ ਉਹੀ ਬਚਿਆ ਸੀ। ਨਿਰਾਸ਼ਾ ਵਿੱਚ ਸਿਪਾਹੀ ਨੇ ਆਪਣੀ ਢਿੱਲੀ ਪੈਂਟ ਨੂੰ ਉੱਪਰ ਖਿੱਚਿਆ। ਜ਼ਰਦਾ ਮਲ ਕੇ ਹੋਠਾਂ ਵਿੱਚ ਦਬਾਇਆ, ਖੋਮਚੇ ਵਾਲੇ ਨੂੰ ਕੱਸ ਕੇ ਡੰਡਾ ਮਾਰਿਆ ਤੇ ਪਹਿਲੀ ਪੀਕ ਸਕ ਉੱਤੇ ਦਾਗ, ਅੱਗੇ ਨਿਕਲ ਗਿਆ।
                                             -0-

Sunday, April 14, 2013

ਅੱਖ ਦਾ ਤਿਲ



ਰਾਮੇਸ਼ਵਰ ਕੰਬੋਜ ਹਿਮਾਂਸ਼ੂ


ਕਮਲਾ ਹੱਥ ਲਹਿਰਾ ਲਹਿਰਾ ਕੇ ਆਪਣੀ ਨੂੰਹ ਉਮਾ ਨੂੰ ਤਾਹਨਿਆਂ-ਮਿਹਣਿਆਂ ਨਾਲ ਛਿੱਲਣ ਉੱਤੇ ਤੁਲੀ ਹੋਈ ਸੀ, “ਪਿਓ ਦੇ ਘਰੋਂ ਪੋਟਲੀ ਬਗਲ ਚ ਦਬਾ ਕੇ ਚਲੀ ਆਈ। ਕੰਗਾਲ ਦੇ ਘਰੋਂ ਵੀ ਕੋਈ ਇਸ ਤਰ੍ਹਾਂ ਨਹੀਂ ਆਉਂਦਾ। ਦਾਜ ਨਹੀਂ ਲਿਆਏਂਗੀ ਤਾਂ ਤੈਨੂੰ ਇੱਥੇ ਇਕ ਮਿੰਟ ਵੀ ਨਹੀਂ ਟਿਕਣ ਦਿਆਂਗੀ। ਤੂੰ ਸਮਝਿਆ ਕੀ ਐ?
ਉਮਾ ਚੁਪਚਾਪ ਬੁੱਤ ਬਣੀ ਖੜੀ ਸੀ, ਭਾਵਹੀਣ। ਉਸ ਨੂੰ ਇਸ ਤਰ੍ਹਾਂ ਚੁਪਚਾਪ ਖੜੀ ਦੇਖ, ਸ਼ਰਮਾ ਜੀ ਅੰਦਰ ਤੱਕ ਦਹਿਲ ਗਏ।  ਉਹ ਕਮਲਾ ਕੋਲ ਆ ਕੇ ਰੁਕ ਗਏ।  ਕਮਲਾ ਫਿਰ ਵੀ ਬਕੀ ਜਾ ਰਹੀ ਸੀ। ਤਦ ਸ਼ਰਮਾ ਜੀ ਨੇ ਦ੍ਰਿੜ੍ਹ ਆਵਾਜ਼ ਵਿਚ ਕਿਹਾ, “ਸੁਣ, ਦਾਜ ਤਾਂ ਤੂੰ ਵੀ ਨਹੀਂ ਸੀ ਲਿਆਈ। ਫਿਰ ਵੀ ਮੇਰੇ ਨਾਲ ਪੱਚੀ ਸਾਲ ਤੋਂ ਇਸ ਘਰ ਚ ਰਹਿ ਰਹੀ ਐਂ। ਉਮਾ ਵੀ ਬਿਨਾ ਦਾਜ ਲਿਆਏ ਪੱਚੀ ਸਾਲ ਤੱਕ ਤਾਂ ਇਸ ਘਰ ਚ ਰਹਿ ਈ ਸਕਦੀ ਐ।
ਕਮਲਾ ਦਾ ਚਿਹਰਾ ਉਤਰ ਗਿਆ। ਉਸਨੇ ਹੌਲੇ ਜਿਹੇ ਉਮਾ ਦਾ ਹੱਥ ਆਪਣੇ ਹੱਥ ਵਿਚ ਲੈ ਲਿਆ।
                               -0-