Sunday, September 20, 2015

ਹਿੰਦੀ/ ਦੂਜਾ ਪੱਖ



ਬਲਰਾਮ ਅਗਰਵਾਲ

ਦੂਜਾ ਪੈੱਗ ਚ੍ਹਾ ਕੇ ਜਿਵੇਂ ਹੀ ਮੈਂ ਗਿਲਾਸ  ਥੱਲੇ ਰੱਖਿਆ, ਸਾਹਮਣੇ ਬੈਠੇ ਨੌਜਵਾਨ ਉੱਤੇ ਮੇਰੀਆਂ ਨਜ਼ਰਾਂ ਟਿਕ ਗਈਆਂ। ਉਹਨੇ ਵੀ ਮੇਰੇ ਨਾਲ ਹੀ ਆਪਣਾ ਗਿਲਾਸ ਬੁੱਲ੍ਹਾਂ ਤੋਂ ਹਟਾਇਆ ਸੀ। ਮੇਰੀ ਮੇਜ ਉੱਪਰ ਆ ਬੈਠਣ ਤੇ ਪੀਣਾ ਸ਼ੁਰੂ ਕਰ ਦੇਣ ਦੀ ਗੁਸਤਾਖੀ ਉੱਤੇ ਮੈਨੂੰ ਗੁੱਸਾ ਆਇਆ। ਪਰ ਬੋਤਲ ਜਦੋਂ ਵਿਚਕਾਰ ਪਈ ਹੋਵੇ ਤਾਂ ਕੋਈ ਵੀ  ਛੋਟਾ, ਵੱਡਾ ਜਾਂ ਗੁਸਤਾਖ ਨਹੀਂ ਹੁੰਦਾ’—ਆਪਣੇ ਇਕ ਹਮਪਿਆਲਾ ਦੀ ਇਹ ਗੱਲ ਮੈਨੂੰ ਯਾਦ ਆ ਗਈ। ਇਸ ਦੌਰਾਨ ਜਦੋਂ ਵੀ ਮੈਂ ਉਸ ਵੱਲ ਦੇਖਿਆ, ਉਹ ਮੇਨੂੰ ਘੂਰਦਾ ਹੋਇਆ ਹੀ ਨਜ਼ਰ ਆਇਆ।
ਜੇਕਰ ਮੈਂ ਤੈਨੂੰ ਇਸ ਕਦਰ ਬੇਹਿਸਾਬ ਪੀਣ ਦੀ ਵਜ੍ਹਾ ਪੁੱਛਾਂ ਤਾਂ ਤੂੰ ਬੁਰਾ ਤਾਂ ਨਹੀਂ ਮੰਨੇਗਾ ਦੋਸਤ!” ਮੈਂ ਉਸਨੂੰ ਕਿਹਾ।
“ਗਰੀਬੀ…ਮਹਿੰਗਾਈ…ਚਾਹੁੰਦੇ ਹੋਏ ਵੀ ਭ੍ਰਿਸ਼ਟ ਤੇ ਬੇਪਰਵਾਹ ਸਿਸਟਮ ਨੂੰ ਨਾ ਬਦਲ ਪਾਉਣ ਦਾ ਨਪੁੰਸਕ-ਆਕ੍ਰੋਸ਼…ਕੋਈ ਵੀ ਆਮ ਵਜ੍ਹਾ ਸਮਝ ਲਓ।” ਉਹ ਬੋਲਿਆ, “ਤੂਂ ਸੁਣਾ।”
“ਮੈਂ!” ਮੈਂ ਝਿਜਕਿਆ। ਇਸ ਵਿਚਕਾਰ ਦੋ ‘ਨੀਟ’ ਗਟਕ ਚੁੱਕਿਆ ਉਹ ਡਰਾਉਨਾ ਜਿਹਾ ਹੋ ਗਿਆ। ਅੱਖਾਂ ਬਾਹਰ ਵੱਲ਼ ਉਬਲ ਆਈਆਂ ਸਨ ਤੇ ਉਹਨਾਂ ਦਾ ਬਾਰੀਕ ਤੋਂ ਬਾਰੀਕ ਰੇਸ਼ਾ ਵੀ ਇਸ ਕਦਰ ਸੁਰਖ ਹੋ ਉੱਠਿਆ ਸੀ ਕਿ ਇਕ-ਇਕ ਨੂੰ ਆਸਾਨੀ ਨਾਲ ਗਿਣਿਆ ਜਾ ਸਕਦਾ ਸੀ। ਮੈਨੂੰ ਲੱਗਾ ਕਿ ਕੁਝ ਹੀ ਛਿਣਾਂ ਵਿਚ ਉਹ ਬੇਹੋਸ਼ ਹੋ ਕੇ ਮੇਜ ਉੱਪਰ ਵਿਛ ਜਾਵੇਗਾ।
“ਹੈ ਕੁਝ ਦੱਸਣ ਦਾ ਮੂਡ?” ਉਹ ਫਿਰ ਬੋਲਿਆ। ਅਚਾਨਕ ਕੌੜੀ ਡਕਾਰ ਦਾ ਕੋਈ ਹਿੱਸਾ ਸ਼ਾਇਦ ਉਸਦੇ ਦਿਮਾਗ ਨਾਲ ਜਾ ਟਕਰਾਇਆ। ਉਸਦਾ ਸਿਰ ਪੂਰੀ ਤਰ੍ਹਾਂ ਨਾਲ ਝਣਝਣਾ ਉੱਠਿਆ। ਹੱਥ ਖੜ੍ਹਾ ਕਰਕੇ ਉਸਨੇ ਸਰੂਰ ਦੇ ਉਸ ਦੌਰ ਦੇ ਗੁਜਰ ਜਾਣ ਤੱਕ ਮੈਨੂੰ ਚੁੱਪ ਬੈਠਣ ਦਾ ਇਸ਼ਾਰਾ ਕੀਤਾ ਅਤੇ ਸਿਰ ਫੜ ਕੇ ਅੱਖਾਂ ਬੰਦ ਕਰ ਬੈਠਾ ਰਿਹਾ। ਨਸ਼ਾ ਉਸ ਉੱਤੇ ਹਾਵੀ ਹੋਣ ਦੀ ਕੋਸ਼ਿਸ਼ ਵਿਚ ਸੀ ਤੇ ਉਹ ਨਸ਼ੇ ਉੱਤੇ, ਪਰ ਗਜਬ ਦੀ ‘ਕੈਪੇਸਿਟੀ’ਸੀ ਬੰਦੇ  ਦੀਸਰੂਰ ਦੇ ਇਸ ਝਟਕੇ ਨੂੰ ਬਰਦਾਸ਼ਤ ਕਰਕੇ ਕੁਝ ਹੀ ਦੇਰ ਵਿਚ ਉਹ ਸਿੱਧਾ ਹੋ ਕੇ ਬੈਠ ਗਿਆ। ਕੋਈ ਵੀ ਬਹਾਦਰ ਸਿਪਾਹੀ ਵਿਰੋਧੀ ਅੱਗੇ ਸੌਖਿਆਂ ਹਾਰ ਨਹੀਂ ਮੰਨਦਾ।
“ਮੈਂ…ਇਕ ਹਾਦਸਾ ਸੁਣਾਉਂਦਾ ਹਾਂ…” ਸਿੱਧਾ ਹੋ ਬੈਠਦਿਆਂ ਉਸਨੇ ਸਵਾਲੀਆ ਨਿਗਾਹ ਮੇਰੇ ਉੱਪਰ ਪਾਈ ਤਾਂ ਮੈਂ ਬੋਲਣਾ ਸ਼ੁਰੂ ਕੀਤਾ, “ਪਰੰਤੂ ਉਸਦਾ ਸਬੰਧ ਮੇਰੇ ਪੀਣ ਨਾਲ ਨਹੀਂ ਹੈ…ਅਸੀਂ ਤਿੰਨ ਭਰਾ ਹਾਂ…ਤਿੰਨੋਂ ਸ਼ਾਦੀਸ਼ੁਦਾ…ਬਾਲ-ਬੱਚੇ ਵਾਲੇ…ਮਾਂ ਬਹੁਤ ਸਾਲ ਪਹਿਲਾਂ ਗੁਜਰ ਗਈ ਸੀ…ਤੇ ਪਿਓ ਬੁਢਾਪੇ ਤੇ ਕਮਜ਼ੋਰੀ ਦੀ ਵਜ੍ਹਾ ਨਾਲ ਮੰਜੇ ਤੇ ਪਿਐ…ਇਕ-ਇਕ ਪੈਸਾ ਕਰਕੇ…ਜੱਦੀ ਜਾਇਦਾਦ ਨੂੰ …ਉਸਨੇ ਪੰਜਾਹ-ਸੱਠ ਲੱਖ ਦੀ ਹੈਸੀਅਤ ਤੱਕ ਪੁਚਾਇਆ…ਪਰ …ਤਿੰਨਾਂ ’ਚੋਂ ਕੋਈ ਵੀ ਭਰਾ ਉਸ ਜਾਇਦਾਦ ਦਾ…ਆਪਣੀ ਮਰਜੀ ਨਾਲ…ਇਸਤੇਮਾਲ ਨਹੀਂ ਕਰ ਸਕਦਾ…
“ਕਿਉਂ?” ਮੈਂ ਮਹਿਸੂਸ ਕੀਤਾ ਕਿ ਉਹ ਮੁੜ ਨਸ਼ੇ ਨਾਲ ਲੜ ਰਿਹਾ ਹੈ। ਅੱਖਾਂ ਕੁਝ ਹੋਰ ਉਬਲ ਆਈਆਂ ਸਨ ਅਤੇ ਰੇਸ਼ੇ ਸੁਰਖ ਧਾਰੀਆਂ ਵਿਚ ਤਬਦੀਲ ਹੋ ਗਏ ਸਨ।
“ਬੁੱਢਾ ਸੋਚਦਾ ਹੈ ਕਿ…ਅਸੀਂ ਬੇਵਕੂਫ ਤੇ ਅੱਯਾਸ਼ ਹਾਂ…ਸ਼ਰਾਬ ਅਤੇ ਜੂਏ ਵਿਚ ਗਵਾ ਦਿਆਂਗੇ ਜਾਇਦਾਦ ਨੂੰ…” ਮੈਂ ਕੁੜੱਤਣ ਨਾਲ ਬੋਲਿਆ…“ਪੈਸਾ ਕਮਾਉਣਾ…ਬਚਾਉਣਾ ਤੇ ਵਧਾਉਣਾ…ਪੁਰਖੇ ਵੀ ਇਹੀ ਕਰਦੇ ਰਹੇ…ਨਾ ਆਪ ਖਾਇਆ-ਪਾਇਆ…ਨਾ ਬੱਚਿਆਂ ਨੂੰ ਖਾਣ-ਪਾਣ ਦਿੱਤਾ…ਬਾਕੀ ਦੋਹੇਂ ਭਰਾ ਤਾਂ ਸੰਤੋਖੀ ਨਿਕਲੇ…ਲੱਤ ਮਾਰ ਕੇ ਚਲੇ ਗਏ ਸਾਲੀ ਪ੍ਰਾਪਰਟੀ ਨੂੰ…ਪਰ ਮੈਂ…ਮੈਂ ਇਸ ਹਰਾਮਜਾਦੇ ਦੇ ਮਰਨ ਦੀ ਉਡੀਕ ਕਰ ਰਿਹੈਂ…”
“ਤੂੰ…ਅ…ਅ!” ਮੇਰੀ ਕੁਟਿਲਤਾ ਤੇ ਉਹ ਇਕਦਮ ਆਪੇ ਤੋਂ ਬਾਹਰ ਹੋ ਗਿਆ, “ਪਿਓ ਨੂੰ ਗਾਲ੍ਹਾਂ ਕੱਢਦੈਂ…ਕੁੱਤੇ!…ਲਾਹਨਤ ਹੈ…ਲਾਹਨਤ ਹੈ ਤੇਰੇ ਜਿਹੀ ਨਿਕੰਮੀ ਔਲਾਦ ਦੇ…
ਗੁੱਸੇ ਨਾਲ ਉਹ ਮੇਰੇ ਵੱਲ ਝਪਟਿਆ। ਮੈਂ ਵੀ ਭਲਾ ਕਿਉਂ ਚੁੱਪ ਬੈਠਦਾਫੁਰਤੀ ਨਾਲ ਉਸਨੂੰ ਹੇਠਾਂ ਡੇਗ ਕੇ ਉਸਦੀ ਛਾਤੀ ਉੱਤੇ ਚੜ੍ਹ ਬੈਠਾ ਤੇ ਇਕ, ਦੋ, ਤਿੰਨ…ਤੜਾਤੜ ਪਤਾ ਨਹੀਂ ਕਿੰਨੇ ਮੁੱਕੇ ਮੈਂ  ਉਸਦੇ ਮੂੰਹ ਉੱਤੇ ਜੜ ਦਿੱਤੇ। ਇਸ ਮਾਰਧਾੜ ਵਿਚ ਮੇਜ ਉੱਤੇ ਪਏ  ਬੋਤਲ, ਗਿਲਾਸ, ਪਲੇਟ ਸਭ ਹੇਠਾਂ ਡਿੱਗ ਕੇ ਟੁੱਟ-ਭੱਜ ਗਏ। ਨਸ਼ੇ ਨੂੰ ਨਾ ਝੱਲ ਸਕਣ ਕਰਕੇ ਆਖਰ ਮੈਂ ਬੇਹੋਸ਼ ਹੋ ਕੇ ਡਿੱਗ ਪਿਆ।
ਹੋਸ਼ ਆਇਆ ਤਾਂ ਆਪਣੇ ਆਪ ਨੂੰ ਬਿਸਤਰੇ ਵਿਚ ਪਾਇਆ। ਹੱਥਾਂ ਉੱਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਅਤੇ ਮੱਥੇ ਉੱਪਰ ਰੂੰ ਦੇ ਫੰਭੇ ਵਰਗਾ ਧੁੱਪ ਦਾ ਇਕ ਟੁਕੜਾ ਆ ਟਿਕਿਆ ਸੀ।
“ਹੁਣ ਕਿਵੇਂ ਹੋ?” ਅੱਖਾਂ ਖੋਲ੍ਹੀਆਂ ਤਾਂ ਸਿਰਹਾਣੇ ਬੈਠਕੇ ਮੇਰੇ ਵਾਲਾਂ ਵਿਚ ਆਪਣੀਆਂ ਉਂਗਲਾਂ ਫੇਰ ਰਹੀ ਪਤਨੀ ਨੇ ਪੁੱਛਿਆ।
“ਇਹ ਪੱਟੀਆਂ…?” ਦੋਨੋਂ ਹੱਥ ਉੱਪਰ ਚੁੱਕ ਕੇ ਉਸਨੂੰ ਦਿਖਾਉਂਦੇ ਹੋਏ ਮੈਂ ਪੁੱਛਿਆ।
ਇਸੇ ਲਈ ਪੀਣ ਤੋਂ ਰੋਕਦੀ ਹਾਂ ਮੈਂ।ਉਹ ਬੋਲੀ, ਡਰੈਸਿੰਗ ਟੇਬਲ ਤੇ ਉਸਦਾ ਸ਼ੀਸ਼ਾ ਤੋੜ ਦਿੱਤਾ, ਉਹ ਤਾਂ ਕੋਈ ਗੱਲ ਨਹੀਂ, ਪਰ ਗਾਲ੍ਹਾਂ ਦਾ ਇਹ ਹਾਲ ਕਿ ਬੱਚਿਆਂ ਨੂੰ ਬਾਹਰ ਭਜਾਉਣਾ ਪਿਆਰਾਤੀਂ ਹੀ ਪੱਟੀ ਨਾ ਹੁੰਦੀ ਤਾਂ ਸਵੇਰ ਤੱਕ ਪਤਾ ਨਹੀਂ ਕਿੰਨਾਂ ਖੂਨ ਵਗ ਜਾਣਾ ਸੀ
ਮੈਨੂੰ ਰਾਤ ਦਾ ਦ੍ਰਿਸ਼ ਯਾਦ ਹੋ ਆਇਆ। ਅੱਖਾਂ ਅਜੇ ਤੱਕ ਬੋਝਲ ਸਨ।
“ਵਾਸ਼ ਬੇਸਨ ਤੇ ਲਿਜਾ ਕੇ ਮੇਰਾ ਮੂੰਹ ਤੇ ਅੱਖਾਂ ਸਾਫ ਕਰਦੇ।” ਬਿਸਤਰ ਤੋਂ ਉਠਦਿਆਂ ਮੈਂ ਪਤਨੀ ਨੂੰ ਕਿਹਾ।
                                                 -0-

No comments: