Friday, June 4, 2010

ਹਿੰਦੀ/ ਸੁਫ਼ਨੇ ਤੇ ਸੁਫ਼ਨੇ

ਰਾਮੇਸ਼ਵਰ ਕੰਬੋਜ ਹਿਮਾਂਸ਼ੂ

ਤਿੰਨ ਬੱਚੇ ਰੇਤੇ ਦੇ ਘਰੌਂਦੇ ਬਣਾ ਕੇ ਖੇਡ ਰਹੇ ਸਨ ਕਿ ਸੇਠ ਗਣੇਸ਼ੀ ਲਾਲ ਦਾ ਬੇਟਾ ਬੋਲਿਆ, “ਰਾਤ ਮੈਨੂੰ ਬਹੁਤ ਚੰਗਾ ਸੁਫ਼ਨਾ ਆਇਆ ਸੀ।”
“ਸਾਨੂੰ ਵੀ ਦੱਸ।” ਬਾਕੀ ਦੋਨਾਂ ਬੱਚਿਆਂ ਨੇ ਜਾਣਨਾ ਚਾਹਿਆ।
ਉਹਨੇ ਦੱਸਿਆ, “ਮੈਂ ਸੁਫਨੇ ’ਚ ਬਹੁਤ ਦੂਰ ਘੁਮੰਣ ਗਿਆ, ਪਹਾੜਾਂ ਤੇ ਦਰਿਆਵਾਂ ਨੂੰ ਪਾਰ ਕਰਕੇ…।”
ਨਰਾਇਣ ਬਾਬੂ ਦਾ ਬੇਟਾ ਬੋਲਿਆ, “ਮੈਨੂੰ ਹੋਰ ਵੀ ਜ਼ਿਆਦਾ ਮਜ਼ੇਦਾਰ ਸੁਫਨਾ ਆਇਆ। ਮੈਂ ਸੁਫਨੇ ’ਚ ਬਹੁਤ ਤੇਜ਼ ਸਕੂਟਰ ਚਲਾਇਆ। ਸਭ ਨੂੰ ਪਿੱਛੇ ਛੱਡਤਾ।”
ਜੋਖੂ ਰਿਕਸ਼ੇਵਾਲੇ ਦੇ ਬੇਟੇ ਨੇ ਕਿਹਾ, “ਤੁਹਾਡੇ ਦੋਹਾਂ ਦੇ ਸੁਫਨੇ ਬਿਲਕੁਲ ਬੇਕਾਰ ਨੇ।”
“ਐਵੇਂ ਹੀ ਬੇਕਾਰ ਕਹਿ ਰਿਹੈਂ। ਪਹਿਲਾਂ ਆਪਣਾ ਸੁਫਨਾ ਤਾਂ ਸੁਣਾ।” ਬਾਕੀ ਦੋਹਾਂ ਨੇ ਕਿਹਾ।
ਇਸ ਤੇ ਖੁਸ਼ ਹੋ ਕੇ ਉਹ ਬੋਲਿਆ, “ਮੈਂ ਰਾਤ ਸੁਫਨੇ ’ਚ ਖੂਬ ਰੱਜ ਕੇ ਖਾਣਾ ਖਾਧਾ। ਕਈ ਰੋਟੀਆਂ ਖਾਧੀਆਂ, ਲੂਣ ਤੇ ਗੰਢਿਆਂ ਨਾਲ, ਪਰ…”
“ਪਰ ਕੀ?” ਦੋਹਾਂ ਨੇ ਟੋਕਿਆ।
“…ਮੈਨੂੰ ਅਜੇ ਤਕ ਭੁਖ ਲੱਗੀ ਐ।” ਕਹਿਕੇ ਉਹ ਰੋ ਪਿਆ।
-0-