Sunday, November 27, 2011

ਹਿੰਦੀ/ ਸਹੁਰਾ-ਘਰ


ਡਾ. ਪੂਨਮ ਗੁਪਤ
ਦੌਰੇ ਤੋਂ ਮੁਡ਼ਿਆ ਤਾਂ ਵੱਡੇ ਭਰਾ ਦਾ ਫੋਨ ਮਿਲਿਆ, ਤਿੰਨ ਦਿਨ ਹੋ ਗਏ, ਨੀਰਜਾ ਆਈ ਹੋਈ ਐ।
ਅੱਠ ਮਹੀਨੇ ਪਹਿਲਾਂ ਹੀ ਨੀਰਜਾ ਦਾ ਵਿਆਹ ਹੋਇਆ ਸੀ। ਨੀਰਜਾਵੀਰ ਜੀ ਦੀ ਇਕਲੌਤੀ ਧੀ ਸੀ, ਸੁੰਦਰ ਤੇ ਸਮਝਦਾਰ। ਪਤਾ ਨਹੀਂ ਕਿਉਂ ਉਹ ਸਹੁਰੇ ਘਰ ਖੁਸ਼ ਨਹੀਂ ਸੀ। ਜਦੋਂ ਵੀ ਉਸ ਨਾਲ ਫੋਨ ਉੱਤੇ ਗੱਲ ਕਰਦਾ, ਉਹ ਰੋ ਪੈਂਦੀ।
ਵੀਰ ਜੀ ਦੇ ਘਰ ਪਹੁੰਚਿਆ ਤਾਂ ਨੀਰਜਾ ਮੇਰੇ ਗਲ ਨਾਲ ਲੱਗ ਕੇ ਰੋ ਪਈ। ਕਾਫੀ ਕਮਜ਼ੋਰ ਲੱਗ ਰਹੀ ਸੀ ਉਹ। ‘ਮੈਂ ਵਾਪਸ ਨਹੀਂ ਜਾਣਾ,’ ਇਕ ਹੀ ਰੱਟ ਸੀ ਉਸਦੀ। ਮੈਂ ਸਮਝਾਉਣਾ ਚਾਹਿਆ ਤਾਂ ਬੋਲੀ, ਸੱਸ ਗੱਲ-ਗੱਲ ਤੇ ਤਾਹਨੇ ਮਾਰਦੀ ਰਹਿੰਦੀ ਐ। ਹਰ ਗੱਲ ’ਚ ਟੋਕਦੀ ਐ। ਹੁਣ ਮੇਰੇ ਤੋਂ ਨਹੀਂ ਸਹਿਆ ਜਾਂਦਾ।
ਮੈਂ ਸਮਝਾਇਆ ਕਿ ਇਕ-ਦੂਜੇ ਨੂੰ ਸਮਝਣ ਵਿਚ ਵਕਤ ਲਗਦਾ ਹੈ, ਫਿਰ ਹੌਲੇ-ਹੌਲੇ ਸਭ ਠੀਕ ਹੋ ਜਾਂਦਾ ਹੈ।
ਉੱਥੇ ਕੁਝ ਨਹੀਂ ਸੁਧਰੇਗਾ ਚਾਚਾ ਜੀ! ਮੈਂ ਈ ਭਾਵੇਂ…ਉਹ ਫਿਰ ਰੋ ਪਈ।
ਉਹਦਾ ਮਨ ਬਹਿਲਾਉਣ ਲਈ ਮੈਂ ਉਸਨੂੰ ਬਾਹਰ ਲਾਨ ਵਿਚ ਲੈ ਗਿਆ। ਟਹਿਲਦੇ ਹੋਏ ਉਸ ਨਾਲ ਇੱਧਰ-ਉੱਧਰ ਦੀਆਂ ਗੱਲਾਂ ਕਰਨ ਲੱਗਾ। ਤਦ ਹੀ ਨੀਰਜਾ ਦਾ ਧਿਆਨ ਕੁਝ ਮੁਰਝਾਏ ਹੋਏ ਪੌਦਿਆਂ ਵੱਲ ਗਿਆ। ਉਹ ਬੋਲੀ, ਮਾਲੀ ਅੰਕਲ, ਇਹ ਜਿਹਡ਼ੇ ਪੌਦੇ ਤੁਸੀਂ ਪਰਸੋਂ ਲਾ ਕੇ ਗਏ ਸੀ, ਇਹ ਤਾਂ ਮੁਰਝਾਈ ਜਾ ਰਹੇ ਹਨ। ਸੁੱਕ ਜਾਣਗੇ ਤਾਂ ਬੁਰੇ ਲੱਗਣਗੇ। ਇਨ੍ਹਾਂ ਨੂੰ ਪੁੱਟ ਕੇ ਸੁੱਟ ਦਿਓ।
ਨਹੀਂ ਬਿਟੀਆ, ਯੇ ਸੂਖੇਂਗੇ ਨਹੀਂ। ਯੇ ਨਰਸਰੀ ਮੇਂ ਪੈਦਾ ਹੁਏ ਥੇ, ਵਹਾਂ ਸੇ ਉਖਾਡ਼ ਕਰ ਯਹਾਂ ਲਗਾਇਆ ਹੈ। ਨਈ ਜਗਹ ਹੈ, ਜਡ਼ੇਂ ਪਕਡ਼ਨੇ ਮੇਂ ਥੋਡ਼ਾ ਵਕਤ ਤੋ ਲਗੇਗਾ।
ਮਾਲੀ ਦੀ ਗੱਲ ਸੁਣ ਨੀਰਜਾ ਕਿਸੇ ਸੋਚ ਵਿਚ ਡੁੱਬ ਗਈ। ਛੇਤੀ ਹੀ ਉਹ ਸਹੁਰੇਘਰ ਜਾਣ ਦੀ ਤਿਆਰੀ ਕਰਨ ਲੱਗੀ।
                                          -0-



Sunday, November 20, 2011

ਹੰਗੇਰੀ/ ਬੰਧਕ


ਇਸਤਵਾਨ ਇਯੋਰਸੀ (ਹੰਗਰੀ)

ਤੁਸੀਂ ਰਾਜਨੀਤਕ ਸੇਵਾ ਹੀ ਕਿਉਂ ਚੁਣੀ?ਕਈ ਸਾਲ ਪਹਿਲਾਂ ਮੇਰੇ ਨਿਜੀ ਸਕੱਤਰ ਨੇ ਮੈਨੂੰ ਪੁੱਛਿਆ ਸੀ।
ਇਸ ਲਈ ਕਿ ਮੈਂ ਕਈ ਭਾਸ਼ਾਵਾਂ ਜਾਣਦਾ ਹਾਂ।
ਫਿਰ ਤੁਸੀਂ ਭਾਸ਼ਾ ਵਿਦਵਾਨ ਕਿਉਂ ਨਹੀਂ ਬਣ ਗਏ?ਉਹ ਜਾਣਦਾ ਸੀ ਕਿ ਮੈਂ ਭਾਸ਼ਾ ਵਿਦਵਾਨ ਬਣਨਾ ਚਾਹੁੰਦਾ ਸੀ।
ਕਿਉਂਕਿ ਇਕ ਸਿਆਸਤਦਾਨ ਕੰਮ ਘੱਟ ਕਰਦਾ ਹੈ ਤੇ ਕਮਾਉਂਦਾ ਜ਼ਿਆਦਾ ਹੈ।ਮੈਂ  ਉਸਦੇ ਗੋਡੇ ਨੂੰ ਥਪਥਪਾਇਆ।
ਉਹਨੇ ਅਪਣੱਤ ਭਰੀ ਮੁਸਕਾਨ ਖਿਲੇਰੀ। ਕੁਝ ਨਾ ਕਹਿ ਪਾਉਣ ਦੀ ਸਥਿਤੀ ਵਿਚ ਉਹ ਅਕਸਰ ਮੁਸਕਰਾ ਦਿੰਦਾ ਹੈ।
ਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਭਾਸ਼ਾ ਵਿਦਵਾਨ ਨੂੰ ਜਵਾਨ, ਸੁੰਦਰ ਤੇ ਪੈਸੇ ਵਾਲੀ ਪਤਨੀ ਦਾ ਮਿਲਣਾ ਜਰਾ ਮੁਸ਼ਕਲ ਹੁੰਦਾ ਹੈ। ਕਿਵੇਂ ਲੱਗੀ ਇਹ ਦਲੀਲ?
                        -0-

Wednesday, November 16, 2011

ਹਿੰਦੀ/ ਪਤਨੀ


ਅਸ਼ਵਨੀ ਕੁਮਾਰ ਆਲੋਕ
ਵੱਡੇ ਭਰਾ ਦਾ ਵਿਆਹ ਉਦੋਂ ਹੋਇਆ ਸੀ, ਜਦੋਂ ਉਹ ਨੌਕਰੀ ਕਰਨ ਲੱਗੇ ਸਨ। ਇਸਲਈ ਉਹਨਾਂ ਦੀ ਪਤਨੀ ਸੁੰਦਰ ਵੀ ਹੈ ਤੇ ਪਡ਼੍ਹੀ ਲਿਖੀ ਵੀ। ਛੋਟੇ ਭਰਾ ਦੀ ਪਤਨੀ ਭਾਵੇਂ ਜ਼ਿਆਦਾ ਪਡ਼੍ਹੀ ਲਿਖੀ ਨਹੀਂ ਹੈ, ਪਰ ਉਹਦੇ ਵਸਤਰ ਤੇ ਗਹਿਣੇ ਉਸ ਨੂੰ ਕਿਸੇ ਤੋਂ ਘੱਟ ਨਹੀਂ ਰਹਿਣ ਦਿੰਦੇ। ਮੇਰੀ ਪਤਨੀ ਬਹੁਤ ਭੋਲੀ ਹੈ, ਅਨਪਡ਼੍ਹ ਹੈ ਤੇ ਜ਼ਿਆਦਾ ਸੋਹਣੀ ਵੀ ਨਹੀਂ ਹੈ। ਪਰ ਮੈਂ ਬਹੁਤ ਡਰਦਾ ਹਾਂ ਉਸ ਤੋਂ, ਸ਼ਾਇਦ ਉਸਤੋਂ ਵੀ ਵੱਧ ਉਹ ਮੈਨੂੰ ਚਾਹੁੰਦੀ ਹੈ।
ਵੱਡਾ ਭਰਾ ਸ਼ਹਿਰ ਵਿਚ ਹੈ, ਛੋਟਾ ਭਰਾ ਆਪਣੀ ਪਤਨੀ ਨਾਲ ਘਰ ਵਿਚ ਹੀ ਰਹਿੰਦਾ ਹੈ। ਪਤਾ ਨਹੀਂ ਇਹਨੀਂ ਦਿਨੀਂ ਦੋਹਾਂ ਭਰਾਵਾਂ ਦੀ ਨਿਗ੍ਹਾ ਵਿਚ ਮੈਂ ਕਿਉਂ ਰਡ਼ਕ ਰਿਹਾ ਹਾਂ। ਪਿਤਾ ਜੀ ਮੇਰੇ ਨਾਲ ਰਹਿੰਦੇ ਹਨ, ਬਜ਼ੁਰਗ ਮਾਂ ਮੇਰੀ ਪਤਨੀ ਦੇ ਕੰਮਾਂ ਵਿਚ ਥੋਡ਼ੀ ਮਦਦ ਕਰ ਦਿੰਦੀ ਹੈ। ਇਸ ਨਾਲ ਦੋਨੋਂ ਭਰਾ ਕੁਡ਼੍ਹਦੇ ਰਹਿੰਦੇ ਹਨ। ਸ਼ਹਿਰ ਤੋਂ ਭਾਬੀ ਆਉਂਦੀ ਹੈ ਤਾਂ ਤਾਹਨੇਂ ਮਾਰਦੀ ਹੈ। ਇੱਧਰ ਛੋਟਾ ਭਰਾ ਵੀ ਗੱਲ ਗੱਲ ਤੇ ਮਖੌਲ ਉਡਾਉਂਦਾ ਹੈ। ਦੋਹਾਂ ਦੀ ਨਿਗ੍ਹਾ ਵਿਚ ਮੈਂ ਪਿਤਾ ਜੀ ਦੀ ਪੈਨਸ਼ਨ ਨਾਲ ਆਪਣੇ ਜਵਾਨ ਹੋ ਰਹੇ ਬੱਚਿਆਂ ਦੀ ਪਡ਼੍ਹਾਈ ਦਾ ਖਰਚ ਚਲਾ ਰਿਹਾ ਹਾਂ।
ਮੇਰਾ ਦਿਮਾਗ ਇਹਨੀਂ ਦਿਨੀਂ ਬਹੁਤ ਪਰੇਸ਼ਾਨ ਰਹਿੰਦਾ ਹੈ। ਮਨ ਕਰਦਾ ਹੈ ਕਿ ਜਾਂ ਤਾਂ ਭਰਾਵਾਂ ਦੇ ਸਿਰ ਪਾਡ਼ ਦਿਆਂ ਜਾਂ ਫਿਰ ਆਤਮਘਾਤ ਕਰ ਲਵਾਂ। ਕਦੇ ਕਦੇ ਸੋਚਦਾ ਹਾਂ ਕਿ ਪਿਤਾ ਜੀ ਨੂੰ ਕਹਿ ਦਿਆਂ ਕਿ ਉਹ ਆਪਣਾ ਅੱਡ ਪ੍ਰਬੰਧ ਕਰ ਲੈਣ। ਪਰ ਦੋਨੋਂ ਭਰਾਵਾਂ ਵਿੱਚੋਂ ਕੋਈ ਉਹਨਾਂ ਨੂੰ ਨਾਲ ਰੱਖਣਾ ਵੀ ਤਾਂ ਚਾਹੇ, ਤਦ ਹੀ ਉਹ ਉਹਨਾਂ ਨਾਲ ਰਹਿਣਗੇ।
ਘਰ ਵਿਚ ਮਨ ਨਹੀਂ ਲਗਦਾ। ਦਿਨ-ਰਾਤ ਦੀ ਚਿਕ ਚਿਕ ਨਾਲ ਮਨ ਦੁਖੀ ਹੋ ਗਿਆ ਹੈ। ਸ਼ਹਿਰੋਂ ਭਾਬੀ ਵੀ ਆਈ ਹੋਈ ਹੈ। ਛੋਟਾ ਵੀ ਉਹਨਾਂ ਵੱਲ ਹੀ ਹੈ।
ਦੇਰ ਰਾਤ ਨੂੰ ਘਰ ਮੁਡ਼ਿਆ ਤਾਂ ਪਤਨੀ ਮੇਰੀ ਉਡੀਕ ਕਰ ਰਹੀ ਸੀ। ਭੋਜਨ ਕਰਨ ਲੱਗਾ ਤਾਂ ਪਤਨੀ ਨੇ ਪੱਖਾ ਝੱਲਦੇ ਹੋਏ ਕਿਹਾ, ਬਾਊ ਜੀ ਅੱਜਕਲ ਬਹੁਤ ਪਰੇਸ਼ਾਨ ਰਹਿੰਦੇ ਹਨ। ਤੁਸੀਂ ਵੀ ਦੇਰ ਨਾਲ ਘਰ ਆ ਰਹੇ ਓ।
ਤਾਂ ਮੈਂ ਕੀ ਕਰਾਂ?ਮੈਂ ਚੀਕ ਪਿਆ, ਤੈਨੂੰ ਮੇਰੀ ਤਕਲੀਫ ਦਿਖਾਈ ਨਹੀਂ ਦਿੰਦੀ। ਸਾਰਿਆਂ ਨੂੰ ਮੇਰੇ ’ਚ ਈ ਦੋਸ਼ ਨਜ਼ਰ ਆਉਂਦੈ। ਕਹਿ ਦਿਓ ਬਾਊ ਜੀ ਨੂੰ, ਜਿੱਥੇ ਜੀਅ ਕਰੇ ਚਲੇ ਜਾਣ। ਮੈਂ ਭੋਜਨ ਛੱਡ, ਸਿਰ ਫਡ਼ ਕੇ ਬਹਿ ਗਿਆ।
ਕਮਰੇ ਵਿਚ ਹੁੰਮਸ ਵੱਧ ਗਈ। ਪਤਨੀ ਨੇ ਪੱਖਾ ਝੱਲਣਾ ਬੰਦ ਕਰ ਦਿੱਤਾ। ਉਹਨੇ ਜਿਉਂ ਹੀ ਮੇਰੇ ਮੱਥੇ ਉੱਤੇ ਹੱਥ ਰੱਖਿਆ, ਜੀਅ ਕੀਤਾ ਕਿ ਉਹਦਾ ਹੱਥ ਝਟਕ ਦਿਆਂ ਤੇ ਭੋਜਨ ਛੱਡ ਕੇ ਚਲਾ ਜਾਵਾਂ। ਪਰੰਤੂ ਜਿਵੇਂ ਹੀ ਮੈਂ ਸਿਰ ਉਠਾ ਕੇ ਦੇਖਿਆ, ਉਹਦੀਆਂ ਅੱਖਾਂ ਵਿਚੋਂ ਹੰਝੂ ਦੀਆਂ ਧਾਰਾਂ ਵਹਿ  ਰਹੀਆਂ ਸਨ।
ਮੈਂ ਤੁਹਾਨੂੰ ਕਿਉਂ ਦੋਸ਼ ਦਿਆਂਗੀ। ਪਤੀ ਦੀ ਤਕਲੀਫ ਨੂੰ ਪਤਨੀ ਸਮਝਦੀ ਹੀ ਨਹੀਂ, ਭੋਗਦੀ ਵੀ ਹੈ। ਮੈਨੂੰ ਬਾਊ ਜੀ ਦੀ ਹਾਲਤ ਦੇਖ ਕੇ ਰੋਣਾ ਆਉਂਦਾ ਹੈ। ਹੁਣ ਇਸ ਉਮਰ ’ਚ ਉਹ ਕਿੱਥੇ ਜਾਣਗੇ?
ਉਹਦੀ  ਰੋਣਹਾਕੀ ਆਵਾਜ਼ ਮੇਰੇ ਕਲੇਜੇ ਨੂੰ ਚੀਰ ਗਈ। ਮੈਂ ਇਕ ਵਾਰ ਉਸ ਨੂੰ ਗੌਰ ਨਾਲ ਦੇਖਿਆ ਤੇ ਫਿਰ ਉਹਦੀ ਗੋਦੀ ਵਿਚ ਚਿਹਰਾ ਛੁਪਾ ਲਿਆ।
                                       -0-

Monday, November 7, 2011

ਹਿੰਦੀ/ ਸੰਬੋਧਨ


ਖੁਦੇਜਾ ਖਾਨ
ਬਾਹਰੋਂ ਕਿਸੇ ਬੁੱਢੇ ਭਿਖਾਰੀ ਨੇ ਪੁਕਾਰ ਲਾਈ, ਮਾਂ……ਇਕ ਮੁੱਠੀ ਚੌਲ ਦੇ ਦੇ ਮਾਂ…!
ਇੰਨਾ ਸੁਣਦੇ ਹੀ ਬਜ਼ੁਰਗ ਔਰਤ ਚਾਵਲਾਂ ਦਾ ਕਟੋਰਾ ਭਰ  ਉਸ ਬੁੱਢੇ ਭਿਖਾਰੀ ਦੀ ਝੋਲੀ ਵਿਚ ਪਾਉਣ ਲਈ ਦੌਡ਼ ਪਈ।
ਇਕ ਤਾਂ ਇਸ ਬੁੱਢੇ ਭਿਖਾਰੀ ਨੂੰ ਉੱਚਾ ਸੁਣਦਾ ਹੈ, ਜਦੋਂ ਤੱਕ ਬਾਹਰ ਨਿਕਲਿਆ ਬੰਦਾ ਦਿੱਸ ਨਾ ਜਾਵੇ ਤਦ ਤੱਕ ਪੁਕਾਰਦਾ ਰਹਿੰਦਾ ਹੈ। ਉਹਦੀ ਪੁਕਾਰ ਨਾਲ ਬਜ਼ੁਰਗ ਆਦਮੀ ਖਿਝ ਜਾਂਦਾ ਹੈ, ਤੂੰ ਬਹੁਤ ਚਮ੍ਹਲਾ ਲਿਆ ਐ ਉਸਨੂੰ। ਬੇਵਕਤ ਆ ਕੇ  ਇੰਜ ਚਿੱਲਾਉਂਦੈ ਜਿਵੇਂ ਉਹਦਾ ਕਰਜ਼ਾ ਦੇਣਾ ਹੋਵੇ।  ਇਕੱਠਾ ਰਾਸ਼ਨ ਕਿਉਂ ਨਹੀਂ ਦੇ ਦਿੰਦੀ ਉਸਨੂੰ?
ਬਜ਼ੁਰਗ ਔਰਤ ਬਡ਼ੇ ਸ਼ਾਂਤ ਮਨ ਨਾਲ ਬੋਲੀ, ਇਕੱਠਾ ਰਾਸ਼ਨ ਦੇ ਵੀ ਦਿਆਂ, ਪਰ ਉਹ ਜੋ ‘ਮਾਂ’ ਕਹਿਕੇ ਬੁਲਾਉਂਦਾ ਹੈ, ਉਸ ’ਚ ਬਡ਼ਾ ਆਪਣਾਪਨ ਝਲਕਦਾ ਹੈ। ਹੁਣ ਆਪਣੇ ਬੱਚੇ ਤਾਂ ਨਾਲ ਰਹਿੰਦੇ ਨਹੀਂ, ‘ਮਾਂ’ ਸੁਣਨ ਨੂੰ ਤਰਸਦਾ ਹੈ ਮਨ। ਘੱਟੋ-ਘੱਟ  ਇਹ ਅਭਾਗਾ ਆਕੇ ਮੇਰੀ ਮਮਤਾ ਨੂੰ ਤਾਂ ਛੂਹ ਜਾਂਦਾ ਹੈ।
ਬਜ਼ੁਰਗ ਪਤੀ, ਪਤਨੀ ਦੇ ਦਰਦ ਨੂੰ ਸਮਝ ‘ਸੰਬੋਧਨ’ ਦੀ ਨਮੀ ਵਿਚ ਭਿੱਜ ਗਿਆ।
                                         -0-