Wednesday, April 20, 2011

ਹਿੰਦੀ/ ਕਮਾਲ


                                                        
ਘਨਸ਼ਿਆਮ ਅਗਰਵਾਲ

ਸਰਕਾਰ ਬਾਲਣ ਦੀ ਕਮੀ ਨਾਲ ਜੂਝ ਰਹੀ ਸੀ। ਬਾਲਣ ਦੇ ਬਦਲ ਲਈ ਉਪਾਅ ਖੋਜੇ ਜਾ ਰਹੇ ਸਨ। ਅਜਿਹੇ ਵਿਚ ਇਕ ਜਾਦੂਗਰ ਵਿਧਾਨ ਸਭਾ ਵਿਚ ਆਇਆ। ਪਹਿਲਾਂ ਉਹਨੇ ਜਾਦੂ ਦੇ ਦੋ-ਚਾਰ ਕਰਤਬ ਵਿਖਾਏ, ਫਿਰ ਕਿਹਾ, ਹੁਣ ਮੈਂ ਤੁਹਾਨੂੰ ਇਕ ਖਾਸ ਕਮਾਲ ਦਿਖਾਉਂਦਾ ਹਾਂ। ਬਿਨਾਂ ਬਾਲਣ ਤੋਂ ਭੋਜਨ ਪਕਾਉਣ ਦਾ ਕਮਾਲ। ਸਾਡੇ ਬਾਬੇ ਦੇ ਬਾਬੇ ਨੇ ਇਕ ਵਾਰ ਭ੍ਰਿਸ਼ਟਾਚਾਰ ਮਿਟਾਉਣ ਲਈ ਰਾਜਾ ਨੂੰ ਸਦਾਚਾਰ ਦਾ ਇਕ ਤਵੀਤ ਬਣਾ ਕੇ ਦਿੱਤਾ ਸੀ। ਅਸੀਂ ਉਨ੍ਹਾਂ ਦੇ ਵੰਸ਼ਜ ਹਾਂ।
ਇਹ ਕਹਿ ਕੇ ਉਸਨੇ ਇਕ ਕਟੋਰਾ ਕੱਢਿਆ। ਕਟੋਰੇ ਵਿਚ ਪਾਣੀ ਅਤੇ ਥੋੜੇ ਜਿਹੇ ਚਾਉਲ ਪਾਏ। ਫਿਰ ਕਟੋਰਾ ਕੋਲ ਹੀ ਖੜੇ ਇਕ ਨੇਤਾ ਦੇ ਸਿਰ ਉੱਤੇ ਰੱਖਿਆ ਤੇ ਮੰਤਰ ਪੜ੍ਹਨ ਲੱਗਾ। ਉਸਦੇ ਮੰਤਰ ਪੜ੍ਹਦੇ ਪੜ੍ਹਦੇ ਪਾਣੀ ਗਰਮ ਹੋ ਕੇ ਉਬਲਣ ਲੱਗ ਪਿਆ। ਦੋ ਮਿੰਟਾਂ ਵਿਚ ਮੰਤਰ ਖਤਮ ਹੋਇਆ ਤਾਂ ਚਾਉਲ ਪੱਕ ਗਏ ਸਨ। ਸਾਰਾ ਭਵਨ ਤਾੜੀਆਂ ਨਾਲ ਗੂੰਜ ਉੱਠਿਆ।
ਜਾਦੂਗਰ ਨੇ ਸਰਕਾਰ ਨੂੰ ਕਿਹਾ, ਇਹ ਹੈ ਤੁਹਾਡੀ ਪਰੇਸ਼ਾਨੀ ਦਾ ਹੱਲ। ਜੇ ਤੁਸੀਂ ਮੈਨੂੰ ਬਹੁਤ ਸਾਰਾ ਅਨੁਦਾਨ ਦਿਓਂ ਤਾਂ ਮੈਂ ਇਹ ਕਮਾਲ ਸਭ ਨੂੰ ਸਿਖਾ ਸਕਦਾ ਹਾਂ।
ਵੇਖੋ ਜਾਦੂਗਰ ਜੀ, ਹੁਣ ਰਾਜਤੰਤਰ ਤਾਂ ਰਿਹਾ ਨਹੀਂ, ਲੋਕਤੰਤਰ ਹੈ। ਅਨੁਦਾਨ ਦਿੰਦੇ ਸਮੇਂ ਸਾਨੂੰ ਵਿਰੋਧੀ ਧਿਰ, ਮੀਡੀਆ ਤੇ ਤਰਕਸ਼ੀਲਾਂ ਆਦਿ ਨੂੰ ਵੀ ਵਿਸ਼ਵਾਸ ਵਿਚ ਲੈਣਾ ਪਵੇਗਾ। ਅਸੀਂ ਛੇਤੀ ਹੀ ਨਿਰਣਾ ਲੈ ਲਵਾਂਗੇ। ਉਦੋਂ ਤਕ ਤੁਸੀਂ ਸਰਕਟ ਹਾਊਸ ਵਿਚ ਆਰਾਮ ਕਰੋ।
ਸਰਕਾਰ ਨੇ ਜਾਸੂਸਾਂ ਤੋਂ ਇਸ ਕਮਾਲ ਦੀ ਜਾਂਚ ਕਰਵਾਈ। ਜਾਸੂਸਾਂ ਨੇ ਆਪਣੀ ਰਿਪੋਰਟ ਵਿਚ ਕਿਹਾ–‘ਇਸ ਵਿਚ ਕੋਈ ਕਮਾਲ ਨਹੀਂ ਹੈ। ਬਿਨਾਂ ਬਾਲਣ ਦੇ ਚਾਉਲ ਨਹੀਂ ਪੱਕ ਸਕਦੇ। ਜਾਦੂਗਰ ਦਾ ਕਟੋਰਾ ਨੇਤਾ ਦੇ ਸਿਰ ਉੱਪਰ ਰੱਖਿਆ ਸੀ। ਸਾਨੂੰ ਲਗਦਾ ਹੈ ਕਿ ਇਹ ਸਭ ਗੋਬਰ-ਗੈਸ ਪਲਾਂਟ ਦਾ ਕਮਾਲ ਹੈ। ਜਾਦੂਗਰ ਨੂੰ ਕਹੋ ਕਿ ਉਹ ਇਕ ਆਮ ਆਦਮੀ ਦੇ ਸਿਰ ਉੱਤੇ ਕਟੋਰਾ ਰੱਖ ਕੇ ਚਾਉਲ ਪਕਾ ਕੇ ਵਿਖਾਵੇ।’
ਇਸ ਰਿਪੋਰਟ ਦੇ ਆਉਂਦੇ ਹੀ ਜਾਦੂਗਰ ਸਰਕਟ ਹਾਊਸ ਵਿੱਚੋਂ ਗਾਇਬ ਹੋ ਗਿਆ।
                                       -0-

Thursday, April 7, 2011

ਹਿੰਦੀ/ ਦੇਸ਼ ਦਾ ਸੇਵਕ


                                                                          
ਪ੍ਰੇਮ ਚੰਦ
ਦੇਸ਼ ਦੇ ਸੇਵਕ ਨੇ ਕਿਹਾਦੇਸ਼ ਦੀ ਮੁਕਤੀ ਦਾ ਇੱਕ ਹੀ ਉਪਾਅ ਹੈ ਤੇ ਉਹ ਹੈ, ਨੀਵਿਆਂ ਨਾਲ ਭਾਈਚਾਰੇ ਵਾਲਾ ਸਲੂਕ, ਪਤਿਤਾਂ ਨਾਲ ਬਰਾਬਰੀ ਵਾਲਾ ਵਿਵਹਾਰ। ਦੁਨੀਆਂ ਵਿਚ ਸਾਰੇ ਭਾਈ-ਭਾਈ ਹਨ, ਕੋਈ ਨੀਵਾਂ ਨਹੀਂ, ਕੋਈ ਉੱਚਾ ਨਹੀਂ।
ਦੁਨੀਆਂ ਨੇ ਜੈ ਜੈ ਕਾਰ ਕੀਤੀ–‘ਕਿੰਨੀ ਵਿਸ਼ਾਲ ਦ੍ਰਿਸ਼ਟੀ ਹੈ, ਕਿੰਨਾ ਭਾਵੁਕ ਮਨ ਹੈ।
ਉਹਦੀ ਸੁੰਦਰ ਕੁੜੀ ਇੰਦਰਾ ਨੇ ਸੁਣਿਆ ਤੇ ਚਿੰਤਾ ਦੇ ਸਮੁੰਦਰ ਵਿਚ ਡੁੱਬ ਗਈ।
ਦੇਸ਼ ਦੇ ਸੇਵਕ ਨੇ ਨੀਵੀਂ ਜਾਤ ਦੇ ਨੌਜਵਾਨ ਨੂੰ ਗਲ ਨਾਲ ਲਾਇਆ।
ਲੋਕਾਂ ਨੇ ਕਿਹਾ–‘ਇਹ ਫਰਿਸ਼ਤਾ ਹੈ, ਦੇਸ਼ ਦੀ ਕਿਸ਼ਤੀ ਦਾ ਖੇਵਟ ਹੈ।
ਇੰਦਰਾ ਨੇ ਦੇਖਿਆ ਤਾਂ ਉਹਦਾ ਚਿਹਰਾ ਚਮਕਣ ਲੱਗਾ।
ਦੇਸ਼ ਦਾ ਸੇਵਕ ਨੀਵੀਂ ਜਾਤ ਦੇ ਨੌਜਵਾਨ ਨੂੰ ਮੰਦਰ ਵਿਚ ਲੈ ਗਿਆ, ਦੇਵਤਾ ਦੇ ਦਰਸ਼ਨ ਕਰਵਾਏ ਤੇ ਕਿਹਾ–‘ਸਾਡਾ ਦੇਵਤਾ ਗਰੀਬੀ ਵਿਚ ਹੈ, ਜਿੱਲਤ ਚ ਹੈ, ਘਾਟ ਚ ਹੈ।
ਲੋਕਾਂ ਨੇ ਕਿਹਾ–‘ਕਿੰਨੇ ਸ਼ੁੱਧ ਮਨ ਦਾ ਆਦਮੀ ਹੈ! ਕਿੰਨਾ ਗਿਆਨੀ ਹੈ!
ਇੰਦਰਾ ਦੇਸ਼ ਦੇ ਸੇਵਕ ਕੋਲ ਜਾ ਕੇ ਬੋਲੀ–‘ਸਤਿਕਾਰ ਯੋਗ ਪਿਤਾ ਜੀ, ਮੈਂ ਮੋਹਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ।
ਦੇਸ਼ ਦੇ ਸੇਵਕ ਨੇ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਪੁੱਛਿਆ–‘ਮੋਹਨ ਕੌਣ ਹੈ?’
ਇੰਦਰਾ ਨੇ ਉਤਸ਼ਾਹ ਭਰੀ ਆਵਾਜ਼ ਵਿਚ ਕਿਹਾ–‘ਮੋਹਨ ਉਹੀ ਨੌਜਵਾਨ ਹੈ ਜਿਸ ਨੂੰ ਤੁਸੀਂ ਆਪਣੇ ਗਲ ਨਾਲ ਲਾਇਆ, ਜਿਸਨੂੰ ਤੁਸੀਂ ਮੰਦਰ ਚ ਲੈ ਕੇ ਗਏਜੋ ਸੱਚਾ, ਬਹਾਦਰ ਤੇ ਨੇਕ ਹੈ।
ਦੇਸ਼ ਦੇ ਸੇਵਕ ਨੇ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਉਸ ਵੱਲ ਦੇਖਿਆ ਤੇ ਮੂੰਹ ਮੋਡ਼ ਲਿਆ।
                                                                                      -0-