Sunday, September 11, 2011

ਉਰਦੂ/ ਬੇਖ਼ਬਰੀ ਦਾ ਫਾਇਦਾ


ਸਆਦਤ ਹਸਨ ਮੰਟੋ

ਘੋੜਾ ਦਬਿਆ। ਪਿਸਤੌਲ ਵਿੱਚੋਂ ਗੋਲੀ ਝੁੰਜਲਾ ਕੇ ਬਾਹਰ ਨਿਕਲੀ। ਖਿਡ਼ਕੀ ਵਿੱਚੋਂ ਬਾਹਰ ਝਾਕਣ ਵਾਲਾ ਆਦਮੀ ਉੱਥੇ ਹੀ ਦੂਹਰਾ ਹੋ ਗਿਆ।
ਘੋੜਾ ਥੋੜ੍ਹੀ ਦੇਰ ਬਾਦ ਫਿਰ ਦਬਿਆ, ਦੂਜੀ ਗੋਲੀ ਭਿਣਭਿਣਾਉਂਦੀ ਹੋਈ ਬਾਹਰ ਨਿਕਲੀ। ਸਡ਼ਕ ਉੱਤੇ ਮਾਸ਼ਕੀ ਦੀ ਮਸ਼ਕ ਪਾਟ ਗਈ। ਉਹ ਮੂਧੇ ਮੂੰਹ ਡਿੱਗਾ ਤੇ ਉਹਦਾ ਲਹੂ ਮਸ਼ਕ ਦੇ ਪਾਣੀ ਵਿਚ ਮਿਲਕੇ ਵਗਣ ਲੱਗਾ।
ਘੋੜਾ ਤੀਜੀ ਵਾਰ ਦਬਿਆ, ਨਿਸ਼ਾਨਾ ਸਹੀ ਨਹੀਂ ਲੱਗਾ। ਗੋਲੀ ਇਕ ਗਿੱਲੀ ਕੰਧ ਵਿਚ ਜਜ਼ਬ ਹੋ ਗਈ। ਚੌਥੀ ਗੋਲੀ ਇਕ ਬੁੱਢੀ ਔਰਤ ਦੀ ਪਿੱਠ ਵਿਚ ਲੱਗੀ। ਉਹ ਚੀਕ ਵੀ ਨਾ ਸਕੀ ਤੇ ਉੱਥੇ ਹੀ ਢੇਰ ਹੋ ਗਈ। ਪੰਜਵੀਂ ਤੋ ਛੇਵੀਂ ਦੋਨੋਂ ਗੋਲੀਆਂ ਬੇਕਾਰ ਗਈਆਂ। ਨਾ ਕੋਈ ਮਰਿਆ, ਨਾ ਜ਼ਖਮੀ ਹੋਇਆ। ਗੋਲੀਆਂ ਚਲਾਉਣ ਵਾਲਾ ਖਿਝ ਗਿਆ। ਅਚਾਣਕ ਸਡ਼ਕ ਉੱਤੇ ਇਕ ਛੋਟਾ ਜਿਹਾ ਬੱਚਾ ਦੌਡ਼ਦਾ ਹੋਇਆ ਦਿਖਾਈ ਦਿੱਤਾ। ਗੋਲੀਆਂ ਚਲਾਉਣ ਵਾਲੇ ਨੇ ਪਿਸਤੌਲ ਦਾ ਮੂੰਹ ਉਸ ਵੱਲ ਮੋੜਿਆ।
ਉਸਦੇ ਸਾਥੀ ਨੇ ਕਿਹਾ, “ਇਹ ਕੀ ਕਰਦੇ ਹੋ?”
ਗੋਲੀਆਂ ਚਲਾਉਣ ਵਾਲੇ ਨੇ ਪੁੱਛਿਆ, “ਕਿਉਂ?”
“ਗੋਲੀਆਂ ਤਾਂ ਖਤਮ ਹੋ ਚੁੱਕੀਆਂ ਹਨ।”
“ਤੂੰ ਚੁੱਪ ਰਹਿ, ਬੱਚੇ ਨੂੰ ਕੀ ਪਤਾ।”
                           -0-

Saturday, September 3, 2011

ਹਿੰਦੀ/ ਕੰਬਲ


ਉਰਮਿ ਕ੍ਰਿਸ਼ਣ

ਮੰਦਰ ਦੇ ਬਾਹਰ, ਕੰਧ ਨਾਲ ਜੁਡ਼ ਕੇ ਉਹ ਲੇਟਿਆ ਕਰਦਾ ਸੀ। ਠੰਡ ਤੇ ਮੀਂਹ ਤੋਂ ਬਚਣ ਲਈ, ਦੋ ਡੰਡਿਆਂ ਦੇ ਸਹਾਰੇ ਉਹਨੇ ਟਾਟ ਦੀਆਂ ਬੋਰੀਆਂ ਬੰਨ੍ਹੀਆਂ ਹੋਈਆਂ ਸਨ। ਕੱਲ੍ਹ ਕਡ਼ਾਕੇ ਦੀ ਠੰਡ ਵਾਲੀ ਰਾਤ ਵਿਚ  ਕੋਈ ਦਿਆਲੂ ਉਸ ਉੱਤੇ ਇਕ ਕੰਬਲ ਪਾ ਗਿਆ ਸੀ। ਅੱਜ ਉਸੇ ਕੰਬਲ ਨੂੰ ਉੱਪਰ ਲਈ ਉਹ ਅੱਧੀ ਰਾਤ ਸਮੇਂ ਪਿਸ਼ਾਬ ਕਰਨ ਲਈ ਉੱਠਿਆ। ਉਹਨੇਂ ਕੁਝ ਦੂਰੀ ਉੱਤੇ ਸੁੱਤੇ ਬਾਬੂ ਨੂੰ ਕਰਾਹੁੰਦੇ ਹੋਏ ਦੇਖਿਆ।
ਬਾਬੂ ਕੁਝ ਦਿਨ ਪਹਿਲਾਂ ਹੀ ਕੰਮ ਦੀ ਤਲਾਸ਼ ਵਿਚ ਪਿੰਡੋਂ ਆਇਆ ਸੀ। ਬੁੱਢੇ ਬਾਬੇ ਨਾਲ ਉਹਦੀ ਦੋਸਤੀ ਹੋ ਗਈ ਤੇ ਇੱਥੇ ਮੰਦਰ ਦੇ ਬਾਹਰ ਹੀ ਉਹਨੇ ਡੇਰਾ ਲਾ ਲਿਆ। ਜਦੋਂ ਉਹ ਕੰਮ ਦੀ ਭਾਲ ਵਿਚ ਜਾਂਦਾ ਤਾਂ ਉਹਦੀ ਇੱਕ ਮਾਤਰ ਗੁਦਡ਼ੀ ਦੀ ਰਖਵਾਲੀ ਬੁੱਢਾ ਬਾਬਾ ਹੀ ਕਰਦਾ ਸੀ।
“ਬਾਬੂ, ਕਿਉਂ ਕਰਾਹ ਰਿਹੈਂ?” ਬਾਬੇ ਨੇ ਪਿਆਰ ਨਾਲ ਪੁੱਛਿਆ। ਉਹਨੇ ਬਾਬੂ ਦੇ ਸਿਰ ਉੱਤੇ ਹੱਥ ਰੱਖਿਆ ਤੇ ਕਿਹਾ, “ਤੂੰ ਤਾਂ ਤਪ ਰਿਹੈਂ। ਹੁਣ ਮੈਂ ਕੀ ਕਰਾਂ? ਦਵਾ-ਦਾਰੂ ਤਾਂ ਮੇਰੇ ਕੋਲ ਕੋਈ ਹੈ ਨਹੀਂ।”
ਫਿਰ ਉਹ ਆਪਣਾ ਕੰਬਲ ਬਾਬੂ ਉੱਤੇ ਢੱਕ ਕੇ ਆ ਗਿਆ।
ਸਵੇਰੇ ਬਾਬੂ ਦੇਰ ਨਾਲ ਉੱਠਿਆ । ਕੰਬਲ ਦੇ ਨਿੱਘ ਤੇ ਬੁਖਾਰ ਕਾਰਨ ਉਹ ਛੇਤੀ ਨਹੀਂ ਉੱਠ ਸਕਿਆ ਸੀ। ਬਾਬੇ ਨੂੰ ਕੰਬਲ ਮੋਡ਼ਦਾ ਹੋਇਆ ਬੋਲਿਆ, “ਬਾਬਾ, ਕਿੰਨੀ ਧੁੱਪ ਚਡ਼੍ਹ ਗਈ, ਤੁਸੀਂ ਅਜੇ ਤਕ ਉੱਠੇ ਨਹੀਂ! ਤੁਸੀਂ ਤਾਂ ਮੂੰਹ ਹਨੇਰੇ ਹੀ ਉੱਠ ਖਡ਼ਦੇ ਹੋ।”
ਉਹਨੇ ਬਾਬੇ ਨੂੰ ਕਈ ਵਾਰ ਪੁਕਾਰਿਆ, ਪਰ ਬਾਬੇ ਦੇ ਸਰੀਰ ਵਿਚ ਕੋਈ ਹਲਚਲ ਨਹੀਂ ਹੋਈ। ਤਦ ਉਹਨੇਂ ਬਾਬੇ ਉੱਤੋਂ ਚਾਦਰ ਹਟਾਈ। ਬਾਬੇ ਦੀਆਂ ਅੱਖਾਂ ਖੁੱਲ੍ਹੀਆਂ ਸਨ ਤੇ ਸਰੀਰ ਆਕਡ਼ਿਆ ਹੋਇਆ ਸੀ। ਦਾਦਾ, ਬਾਪੂ, ਮਾਂ ਸਮੇਤ ਬਾਬੂ ਕਈ ਮੌਤਾਂ ਦੇਖ ਚੁੱਕਿਆ ਸੀ। ਉਹ ਫਟੀਆਂ ਅੱਖਾਂ ਨਾਲ ਬਾਬੇ ਨੂੰ ਦੇਖਦਾ ਰਹਿ ਗਿਆ। ਰਾਤ ਨੂੰ ਉਸ ਉੱਤੇ ਕੰਬਲ ਢਕਦੇ ਸਮੇਂ ਬਾਬੇ ਨੇ ਕਿਹਾ ਸੀ, ‘ਮੇਰਾ ਕੀ ਐ ਪੁੱਤ, ਚਾਰ ਦਿਨ ਘੱਟ ਜੀ ਲੂੰ ਤਾ ਕੀ ਐ। ਉਂਜ ਵੀ ਮਰੇ ਵਰਗਾ ਈ ਆਂ। ਤੂੰ ਅਜੇ ਜਵਾਨ ਐਂ। ਬਹੁਤ ਦਿਨ ਜੀਏਂਗਾ, ਕਮਾਏਂਗਾ, ਘਰ ਵਾਲਿਆਂ ਨੂੰ ਪਾਲੇਂਗਾ।’
ਬਾਬੂ ਦੇ ਹੱਥਾਂ ਵਿਚ ਕੰਬਲ ਸੀ। ਉਹਦੀਆਂ ਅੱਖਾਂ ਤੋਂ  ਫਿਸਲ ਕੇ ਦੋ ਵੱਡੀਆਂ ਬੂੰਦਾਂ ਕੰਬਲ ਉੱਤੇ ਅਟਕ ਗਈਆਂ।
                                       -0-

Saturday, August 27, 2011

ਹਿੰਦੀ/ ਤੀਜਾ ਪੁੱਤਰ


                        
ਸੂਰਯਕਾਂਤ ਨਾਗਰ

ਘਬਰਾਈ ਹੋਈ ਬਿਰਧ ਔਰਤ ਦਿਲ ਦੇ ਦੌਰੇ ਕਾਰਨ ਕਰਾਹ ਰਹੇ ਪਤੀ ਨੂੰ ਰਿਕਸ਼ੇ ਵਿਚ ਪਾ ਕੇ ਪ੍ਰਾਈਵੇਟ ਹਸਪਤਾਲ ਵਿਚ ਲੈ ਆਈ ਸੀ। ਸਟਰੈਚਰ ਉੱਪਰ ਲਿਟਾ ਕੇ ਜਦੋਂ ਪਤੀ ਨੂੰ ਡਾਕਟਰ ਸਾਹਮਣੇ ਲਿਆਂਦਾ ਗਿਆ ਤਾਂ ਨੌਜਵਾਨ ਡਾਕਟਰ ਨੇ ਕਿਹਾ, “ਮਾਂ ਜੀ, ਕੀ ਤੁਸੀਂ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰ ਦਿੱਤੀਆਂ ਹਨ?”
“ਜਿਵੇਂ ਹੀ ਇਨ੍ਹਾਂ ਦੀ ਤਬੀਅਤ ਖਰਾਬ ਹੋਈ, ਇਨ੍ਹਾਂ ਨੂੰ ਲੈ ਕੇ ਮੈਂ ਇੱਥੇ ਚਲੀ ਆਈ। ਸਵੇਰੇ ਬੈਂਕ ਖੁਲ੍ਹਦੇ ਹੀ ਪੈਸੇ ਜਮਾ ਕਰਵਾ ਦਿਆਂਗੀ।” ਹਸਪਤਾਲ ਦੇ ਪਿਛਲੇ ਅਨੁਭਵਾਂ ਦੀ ਮਾਰੀ ਬਿਰਧ ਔਰਤ ਨੇ ਕਿਹਾ।
“ਕੀ ਤੁਸੀਂ ਇੱਕਲੇ ਹੋ?” ਮਰੀਜ ਦੀ ਗੰਭੀਰ ਹਾਲਤ ਦੇਖ ਡਾਕਟਰ ਨੇ ਪੁੱਛਿਆ।
“ਦੋ ਬੇਟੇ ਨੇ, ਪਰ ਦੋਨੋਂ ਬਹੁਤ ਦੂਰ ਨੇ। ਫੋਨ ਕਰਵਾਊਂਗੀ ਤਾਂ ਵੀ ਉਨ੍ਹਾਂ ਨੂੰ ਪਹੁੰਚਣ ’ਚ ਪੰਦਰਾਂ-ਵੀਹ ਘੰਟੇ ਲੱਗ ਜਾਣਗੇ। ਪਤਾ ਨਹੀਂ ਤਦ ਤੱਕ ਕੀ ਬਣੇਗਾ।” ਬਦਹਵਾਸ ਬੁੱਢੀ ਦੀਆਂ ਅੱਖਾਂ ਵਗਣ ਲੱਗੀਆਂ ਸਨ।
“ਘਬਰਾਓ ਨਾ ਮਾਂ ਜੀ, ਤੁਹਾਡਾ ਤੀਜਾ ਪੁੱਤਰ ਇੱਥੇ ਮੌਜੂਦ ਹੈ।” ਡਾਕਟਰ ਨੇ ਬਿਰਧ ਔਰਤ ਦੇ ਮੋਢਿਆਂ ਉੱਤੇ ਹੱਥ ਰੱਖਕੇ ਕਿਹਾ ਤਾਂ ਉਹਦੀਆਂ ਅੱਖਾਂ ਫਿਰ ਤੋਂ ਛਲਕ ਪਈਆਂ।
ਰੋਗੀ ਨੂੰ ਲੱਗਾ ਅਪਣੱਤ ਭਰੀ ਛੂਹ ਨੇ ਉਹਦੀ ਪੀਡ਼ ਦੂਰ ਕਰ ਦਿੱਤੀ ਹੈ।
                                               -0-

Saturday, August 13, 2011

ਹਿੰਦੀ/ ਪਹਿਲ


ਡਾ. ਸ਼ੀਲ ਕੌਸ਼ਿਕ

 “ਸਰ, ਅਸੀਂ ਰਾਮਦਿਆਲ ਜੀ ਦੇ ਘਰ ਜਾਣਾ ਹੈ। ਕੱਲ੍ਹ ਉਹਦੇ ਮਾਤਾ ਜੀ ਸੁਰਗਵਾਸ ਹੋ ਗਏ। ਕਿਰਪਾ ਕਰ ਕੇ ਸਾਨੂੰ ਦੋ ਘੰਟੇ ਦੀ ਛੁੱਟੀ ਦੇ ਦਿਓ। ਅਸੀਂ ਛੇਤੀ ਮੁਡ਼ ਆਵਾਂਗੇ।” ਦਫਤਰ ਦੇ ਸਾਰੇ ਕਰਮਚਾਰੀ ਅਫਸਰ ਕੋਲ ਬੇਨਤੀ ਕਰਨ ਆਏ।
ਅਫਸਰ ਨੂੰ ਇਹ ਗੱਲ ਸੂਲ ਵਾਂਗ ਚੁਭੀ। ਉਹ ਸੋਚਣ ਲੱਗੇ ਕਿ ਇਹ ਲੋਕ ਡਿਊਟੀ ਤੋਂ ਬਾਦ ਜਾਂ ਛੁੱਟੀ ਵਾਲੇ ਦਿਨ ਕਿਉਂ ਨਹੀਂ ਜਾਂਦੇ। ਜਦੋਂ ਵੀ ਕਿਸੇ ਕਰਮਚਾਰੀ ਦੇ ਰਿਸ਼ਤੇਦਾਰ ਜਾਂ ਪਰਿਵਾਰ ਦੇ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਸਭ ਦਫ਼ਤਰ ਦੇ ਸਮੇਂ ਹੀ ਉੱਥੇ ਜਾਣ ਲਈ ਛੁੱਟੀ ਚਾਹੁੰਦੇ ਹਨ। ਪਰ ਉਹ ਇਹ ਸੋਚ ਕੇ ਚੁੱਪ ਕਰ ਗਏ ਕਿ ਮੌਤ ਜਿਹਾ ਸੰਵੇਦਨਸ਼ੀਲ ਮਾਮਲਾ ਹੈ।
ਕੁਝ ਦਿਨਾਂ ਬਾਦ ਅਫਸਰ ਦੇ ਪਿਤਾ ਦੀ ਅਚਾਨਕ  ਮੌਤ ਹੋ ਗਈ। ਉਹਨਾਂ ਦਾ ਸਾਰਾ ਪਰਿਵਾਰ ਸੋਗ ਵਿਚ ਡੁੱਬਾ ਸੀ। ਉਹਨਾਂ ਅਧੀਨ ਕੰਮ ਕਰਦੇ ਕਰਮਚਾਰੀ ਡਿਊਟੀ ਸਮੇਂ ਉਹਨਾ ਕੋਲ ਅਫਸੋਸ ਪ੍ਰਗਟ ਕਰਨ ਆਉਣਾ ਚਾਹੁੰਦੇ ਸਨ। ਪਰੰਤੂ ਇਸ ਵਾਰ ਅਫਸਰ ਨੇ ਸਪੱਸ਼ਟ ਕਿਹਾ, “ਡਿਊਟੀ ਸਮੇਂ ਕੋਈ ਵੀ ਕਰਮਚਾਰੀ ਅਫਸੋਸ ਪ੍ਰਗਟਾਉਣ ਨਾ ਆਵੇ। ਡਿਊਟੀ ਤੋਂ ਬਾਦ ਜਦੋਂ ਵੀ ਸਮਾਂ ਮਿਲੇ, ਉਦੋਂ ਆ ਸਕਦੇ ਹਨ।”
ਕੁਝ ਲੋਕਾਂ ਨੇ ਅਫਸਰ ਨੂੰ ਸੰਵੇਦਨਹੀਣ, ਅਸਮਾਜਿਕ ਤੇ ਪਤਾ ਨਹੀਂ ਕੀ ਕੀ ਕਿਹਾ। ਪਰ ਉਸਤੋਂ ਬਾਦ ਉਹਨਾਂ ਨੇ ਮਾਤਮਪੁਰਸੀ ਲਈ ਡਿਊਟੀ ਸਮੇਂ ਜਾਣਾ ਛੱਡ ਦਿੱਤਾ।
                                           -0-

Friday, August 5, 2011

ਹਿੰਦੀ/ ਦਰੱਖਤ


ਦਿਨੇਸ਼ ਸਿੰਦਲ

ਪਿੰਡ ਦੇ ਮਦਾਨ ਵਿਚ ਇਕ ਦਰੱਖਤ ਸੀ। ਦਰੱਖਤ ਦੀ ਸੰਘਣੀ ਛਾਂ ਸੀ। ਛਾਂ ਵਿਚ ਖੇਡਦੇ ਸਨ ਬੱਚੇ। ਪਿੰਡ ਦਾ ਪੰਡਤ ਲਾਉਂਦਾ ਸੀ ਪਾਠਸ਼ਾਲਾ। ਮੌਲਵੀ ਲਾਹੁੰਦਾ ਸੀ ਪ੍ਰੇਤ। ਗੱਡਦਾ ਸੀ ਦਰੱਖਤ ਵਿੱਚ ਕਿੱਲ, ਕਿੱਲ ਵਿੱਚ ਪ੍ਰੇਤ। ਔਰਤਾਂ ਕਰਦੀਆਂ ਸਨ ਪੂਜਾ ਉਸ ਦਰੱਖਤ ਦੀ। ਬੰਨ੍ਹਦੀਆਂ ਸਨ ਧਾਗਾ ਦਰੱਖਤ ਦੇ, ਆਪਣੇ ਜੀਵਨ ਦਾ ਧਾਗਾ ਮਜਬੂਤ ਕਰਨ ਲਈ। ਮੰਗਦੀਆਂ ਸਨ ਮੰਨਤਾਂ। ਪਿੰਡ ਦੀ ਪੰਚਾਇਤ ਕਰਦੀ ਸੀ ਫ਼ੈਸਲੇ ਉਸ ਦਰੱਖਤ ਹੇਠ। ਵੱਡੇ ਬਜ਼ੁਰਗ ਤੈਅ ਕਰਦੇ ਸਨ ਬੱਚਿਆਂ ਦੇ ਰਿਸ਼ਤੇ। ਸਰਕਾਰ ਦੀ ਗੱਡੀ ਦਿਖਾਉਂਦੀ ਸੀ ਫਿਲਮ। ਕਬੂਤਰ ਪਾਉਂਦੇ ਸਨ ਆਪਣੇ ਆਲ੍ਹਣੇ। ਪ੍ਰੇਮੀ ਜੋੜੇ ਲਿਖਦੇ ਸਨ ਆਪਣੇ ਨਾਂ ਦਰੱਖਤ ਦੇ ਤਣੇ ਉੱਪਰ।
ਸਾਰੇ ਬਦਲਦੇ ਮੌਸਮਾਂ ਦੇ ਬਾਵਜੂਦ ਉਹ ਦਰੱਖਤ ਹਰਾ ਸੀ, ਸਭਨਾਂ ਦੇ ਅੰਦਰ। ਇਕ ਦਿਨ ਪਿੰਡ ਵਿੱਚ ਦੰਗਾ ਹੋ ਗਿਆ। ਪਿੰਡ ਵਿੱਚ ਕੀ, ਨਾਲ ਦੇ ਸ਼ਹਿਰ ਵਿੱਚ ਦੰਗਾ ਹੋ ਗਿਆ ਤੇ ਉਸਦੀ ਖ਼ਬਰ ਪਿੰਡ ਵਿੱਚ ਫੈਲ ਗਈ। ਬੱਚੇ ਲੁਕੇ ਰਹੇ ਆਪਣੇ ਘਰਾਂ ਵਿੱਚ। ਪੰਡਤ ਨੇ ਨਹੀਂ ਲਾਈ ਆਪਣੀ ਪਾਠਸ਼ਾਲਾ। ਮੌਲਵੀ ਨਹੀਂ ਆਇਆ ਪ੍ਰੇਤ ਉਤਾਰਨ। ਔਰਤਾਂ ਭੁੱਲ ਗਈਆਂ ਪੂਜਾ ਦੇ ਸ਼ਲੋਕ। ਗਾਉਂਦੀ ਹੋਈ ਕੋਇਲ ਦਾ ਸੰਘ ਰੁਕ ਗਿਆ। ਕਬੂਤਰ ਦਾ ਆਲ੍ਹਣਾ ਉੱਜਡ਼ ਗਿਆ।  ਕੋਈ ਮੁਸਾਫਰ ਨਹੀਂ ਆਇਆ ਉਸ ਪਾਸੇ। ਨਹੀਂ ਜੁੜੀ ਪੰਚਾਇਤ ਉਸ ਦਰੱਖਤ ਹੇਠ।
ਲੋਕਾਂ ਨੇ ਆਪਣੇ ਘਰਾਂ ਦੀਆਂ ਖਿਡ਼ਕੀਆਂ ਵਿੱਚੋਂ ਝਾਕ ਕੇ ਦੇਖਿਆ, ਉਹ ਦਰੱਖਤ ਹੌਲੇ-ਹੌਲੇ ਸੁੱਕ ਰਿਹਾ ਸੀ।
                         -0-

Sunday, July 31, 2011

ਹਿੰਦੀ/ ਸੂਲ


ਹਰਭਗਵਾਨ ਚਾਵਲਾ
ਚੌਧਰੀ ਰਾਮ ਸਿੰਘ ਡੇਢ ਘੰਟੇ ਤੋਂ ਬਸ ਦੀ ਉਡੀਕ ਕਰ ਰਹੇ ਸਨ। ਕਡ਼ਕਦੀ ਧੁੱਪ ਸੀ ਤੇ ਸਿਰ ਉੱਤੇ  ਕਿੱਕਰ ਦੀ ਹਲਕੀ ਛਾਂ। ਉਸਨੂੰ ਪਿਆਸ ਵੀ ਲੱਗ ਗਈ ਸੀ। ਬੇਚੈਨੀ ਕਾਰਨ ਉਹ ਵਾਰ ਵਾਰ ਪਰਨੇ ਨਾਲ ਆਪਣਾ ਮੁੜ੍ਹਕਾ ਪੂੰਝ ਰਿਹਾ ਸੀ। ਤਦ ਹੀ ਉਹਦੇ ਕੋਲ ਇਕ ਸਕੂਟਰ  ਆ ਕੇ ਰੁਕਿਆ।
“ਆਜੋ ਚੌਧਰੀ ਸਾਹਬ!” ਸਕੂਟਰ ਤੋਂ ਉਤਰਕੇ ਮਾਸਟਰ ਓਮ ਪ੍ਰਕਾਸ਼ ਕਪੜੇ ਨਾਲ ਸੀਟ ਸਾਫ ਕਰਨ ਲੱਗਾ।
ਪੰਜ-ਸੱਤ ਕਿਲੋਮੀਟਰ ਚੱਲਣ ਮਗਰੋਂ ਇਕ ਵੱਡੇ ਪਿੰਡ ਦੇ ਬੱਸ ਅੱਡੇ ਉੱਤੇ ਚੌਧਰੀ ਸਾਹਬ ਉੱਤਰਨ ਲੱਗੇ ਤਾਂ ਓਮ ਪ੍ਰਕਾਸ਼ ਨੇ ਕਿਹਾ, “ਬੈਠੇ ਰਹੋ ਚੌਧਰੀ ਸਾਹਬ, ਘਰ ਛੱਡ ਆਉਂਦਾ ਹਾਂ।”
“ਰਹਿਣ ਦੇ ਓਮ, ਮੈਂ ਚਲਾ ਜਾਊਂਗਾ।”
“ਏਨੀ ਧੁੱਪ ’ਚ ਜਾਓਗੇ! ਦੋ ਮਿੰਟ ਲੱਗਣਗੇ, ਹੁਣੇ ਛੱਡ ਆਉਂਦਾ ਹਾਂ।”
ਓਮ ਪ੍ਰਕਾਸ਼ ਉਹਨੂੰ ਘਰ ਤੱਕ ਛੱਡ ਆਇਆ।
ਬਹੁਤ ਦਿਨਾਂ ਤੱਕ ਚੌਧਰੀ ਸਾਹਬ ਆਪਣੀ ਬਿਰਾਦਰੀ ਦੇ ਲੋਕਾਂ ਵਿੱਚ ਬੈਠਦੇ ਤਾਂ ਕਹਿੰਦੇ, ‘ਓਮ ਪ੍ਰਕਾਸ਼ ਬਹੁਤ ਚੰਗਾ ਮੁੰਡਾ ਹੈ। ਮੈਨੂੰ ਸਕੂਟਰ ਉੱਤੇ ਬਿਠਾਉਣ ਤੋਂ ਪਹਿਲਾਂ ਸੀਟ ਸਾਫ ਕੀਤੀ, ਰਾਹ ਵਿੱਚ ਠੰਡਾ ਪਿਆਇਆ, ਘਰ ਤੱਕ ਛੱਡ ਕੇ ਗਿਆ। ਪਰ ਇੱਕ ਗੱਲ ਸੂਲ ਵਾਂਗ ਚੁਭਦੀ ਹੈ…ਹੁਣ ਇਹ ਛੋਟੀ ਜਾਤ ਵਾਲੇ ਸਾਡੇ ਉੱਤੇ ਮਿਹਰਬਾਨੀਆਂ ਕਰਨਗੇ…ਕੀ ਜ਼ਮਾਨਾ ਆ ਗਿਆ!’
                                    -0-


Sunday, July 17, 2011

ਹਿੰਦੀ/ ਤਿਲ


ਹਰਿ ਮਰਿਦੁਲ

ਉਹਨੂੰ ਦਫਤਰ ਵਿੱਚ ਬੈਠੇ ਨੂੰ ਪਤਾ ਨਹੀਂ ਅਚਾਨਕ ਕਿਵੇਂ ਯਾਦ ਆਇਆ ਕਿ ਪਤਨੀ ਦੇ ਹੇਠਲੇ ਬੁੱਲ੍ਹ ਹੇਠ ਇਕ ਤਿਲ ਸੀ, ਜਿਹੜਾ ਉਸਦੀ ਖੂਬਸੂਰਤੀ ਨੂੰ ਕਈ ਗੁਣਾ ਵਧਾ ਦਿੰਦਾ ਸੀ। ਕੀ ਉਹ ਤਿਲ ਅੱਜ ਵੀ ਉੱਥੇ ਹੀ ਹੈ? ਬਹੁਤ ਸਮੇਂ ਤੋਂ ਉਹਨੂੰ ਇਸਦਾ ਧਿਆਨ ਹੀ ਨਹੀਂ ਆਇਆ।
ਘਰ ਪਹੁੰਚ ਕੇ ਉਸਨੇ ਪਹਿਲਾਂ ਪਤਨੀ ਦੇ ਚਿਹਰੇ ਨੂੰ ਦੇਖਿਆ, ਬੜੇ ਗੌਰ ਨਾਲ, ਕਿਸੇ ਜਾਸੂਸ ਦੀ ਤਰ੍ਹਾਂ। ਪਤਨੀ ਉਸਦੇ ਇਸ ਤਰ੍ਹਾਂ ਦੇਖਣ ਉੱਤੇ ਹੈਰਾਨ ਸੀ।
ਉਸਨੇ ਪੁੱਛਿਆ, “ਕੀ ਦੇਖ ਰਹੇ ਹੋ?”
“ਉਹ ਤਿਲ ਕਿੱਥੇ ਗਿਆ ਜੋ ਵਿਆਹ ਤੋਂ ਪਹਿਲਾਂ ਮੈਂ ਤੇਰੇ ਹੋਠ ਕੋਲ ਦੇਖਿਆ ਸੀ?”
“ਹੈ ਨਾ ਤਿਲ, ਇੱਕ ਨਹੀਂ ਦੋ-ਦੋ। ਇੱਕ ਸੱਜੀ ਅੱਖ ਹੇਠ ਤੇ ਦੂਜਾ ਨੱਕ ਉੱਤੇ।”
“ਮੈਂ ਉਸ ਤਿਲ ਦੀ ਗੱਲ ਕਰ ਰਿਹਾ ਹਾਂ, ਜੋ ਹੇਠਲੇ ਹੋਠ ਦੇ ਕੋਲ ਸੀ…।”
“ਇਹ ਉਸੇ ਤਿਲ ਦੇ ਤਾਂ ਬੱਚੇ ਹਨ। ਇਨ੍ਹਾਂ ਤਾਈਂ ਮੈਨੂੰ ਸੌਂਪ ਕੇ ਉਹ ਤਿਲ ਮਿਟ ਗਿਆ ਹੈ।”
ਉਹਨੇ ਦੇਖਿਆ, ਵਾਸਤਵ ਵਿੱਚ ਹੀ ਪਤਨੀ ਦੀ ਸੱਜੀ ਅੱਖ ਹੇਠ ਤੇ ਨੱਕ ਦੇ ਉੱਪਰ ਦੋ ਨਿੱਕੇ-ਨਿੱਕੇ ਤਿਲ ਉੱਭਰ ਆਏ ਸਨ।
ਪਤਨੀ ਦੇ ਚਿਹਰੇ ਉੱਤੇ ਝੁਕਿਆ ਹੋਇਆ ਉਹ ਹੈਰਾਨ ਸੀ।
ਏਨੇ ਵਿੱਚ ਉਹਦੇ ਦੋਨੋਂ ਬੱਚੇ ਭੱਜੇ ਆਏ।
“ਮੰਮੀ ਦੇ ਚਿਹਰੇ ਨੂੰ ਏਨੇ ਧਿਆਨ ਨਾਲ ਕਿਉਂ ਦਖ ਰਹੇ ਹੋ, ਪਾਪਾ?”
“ਦੇਖ ਰਿਹਾ ਹਾਂ ਕਿ ਮੇਰੀ ਪਤਨੀ ਕਿਤੇ ਗੁੰਮ ਤਾਂ ਨਹੀਂ ਹੋ ਗਈ…।”
ਇਹ ਸੁਣਕੇ ਬੱਚੇ ‘ਹੀ-ਹੀ’ ਕਰਕੇ ਹੱਸ ਪਏ। ਪਤਨੀ ਵੀ ਮੁਸਕਰਾਈ।
ਪਰ ਉਹਦੇ ਚਿਹਰੇ ਉੱਪਰ ਹੁਣ ਵੀ ਹੈਰਾਨੀ ਮੌਜੂਦ ਸੀ।
                             -0-