Saturday, September 3, 2011

ਹਿੰਦੀ/ ਕੰਬਲ


ਉਰਮਿ ਕ੍ਰਿਸ਼ਣ

ਮੰਦਰ ਦੇ ਬਾਹਰ, ਕੰਧ ਨਾਲ ਜੁਡ਼ ਕੇ ਉਹ ਲੇਟਿਆ ਕਰਦਾ ਸੀ। ਠੰਡ ਤੇ ਮੀਂਹ ਤੋਂ ਬਚਣ ਲਈ, ਦੋ ਡੰਡਿਆਂ ਦੇ ਸਹਾਰੇ ਉਹਨੇ ਟਾਟ ਦੀਆਂ ਬੋਰੀਆਂ ਬੰਨ੍ਹੀਆਂ ਹੋਈਆਂ ਸਨ। ਕੱਲ੍ਹ ਕਡ਼ਾਕੇ ਦੀ ਠੰਡ ਵਾਲੀ ਰਾਤ ਵਿਚ  ਕੋਈ ਦਿਆਲੂ ਉਸ ਉੱਤੇ ਇਕ ਕੰਬਲ ਪਾ ਗਿਆ ਸੀ। ਅੱਜ ਉਸੇ ਕੰਬਲ ਨੂੰ ਉੱਪਰ ਲਈ ਉਹ ਅੱਧੀ ਰਾਤ ਸਮੇਂ ਪਿਸ਼ਾਬ ਕਰਨ ਲਈ ਉੱਠਿਆ। ਉਹਨੇਂ ਕੁਝ ਦੂਰੀ ਉੱਤੇ ਸੁੱਤੇ ਬਾਬੂ ਨੂੰ ਕਰਾਹੁੰਦੇ ਹੋਏ ਦੇਖਿਆ।
ਬਾਬੂ ਕੁਝ ਦਿਨ ਪਹਿਲਾਂ ਹੀ ਕੰਮ ਦੀ ਤਲਾਸ਼ ਵਿਚ ਪਿੰਡੋਂ ਆਇਆ ਸੀ। ਬੁੱਢੇ ਬਾਬੇ ਨਾਲ ਉਹਦੀ ਦੋਸਤੀ ਹੋ ਗਈ ਤੇ ਇੱਥੇ ਮੰਦਰ ਦੇ ਬਾਹਰ ਹੀ ਉਹਨੇ ਡੇਰਾ ਲਾ ਲਿਆ। ਜਦੋਂ ਉਹ ਕੰਮ ਦੀ ਭਾਲ ਵਿਚ ਜਾਂਦਾ ਤਾਂ ਉਹਦੀ ਇੱਕ ਮਾਤਰ ਗੁਦਡ਼ੀ ਦੀ ਰਖਵਾਲੀ ਬੁੱਢਾ ਬਾਬਾ ਹੀ ਕਰਦਾ ਸੀ।
ਬਾਬੂ, ਕਿਉਂ ਕਰਾਹ ਰਿਹੈਂ?ਬਾਬੇ ਨੇ ਪਿਆਰ ਨਾਲ ਪੁੱਛਿਆ। ਉਹਨੇ ਬਾਬੂ ਦੇ ਸਿਰ ਉੱਤੇ ਹੱਥ ਰੱਖਿਆ ਤੇ ਕਿਹਾ, ਤੂੰ ਤਾਂ ਤਪ ਰਿਹੈਂ। ਹੁਣ ਮੈਂ ਕੀ ਕਰਾਂ? ਦਵਾ-ਦਾਰੂ ਤਾਂ ਮੇਰੇ ਕੋਲ ਕੋਈ ਹੈ ਨਹੀਂ।
ਫਿਰ ਉਹ ਆਪਣਾ ਕੰਬਲ ਬਾਬੂ ਉੱਤੇ ਢੱਕ ਕੇ ਆ ਗਿਆ।
ਸਵੇਰੇ ਬਾਬੂ ਦੇਰ ਨਾਲ ਉੱਠਿਆ । ਕੰਬਲ ਦੇ ਨਿੱਘ ਤੇ ਬੁਖਾਰ ਕਾਰਨ ਉਹ ਛੇਤੀ ਨਹੀਂ ਉੱਠ ਸਕਿਆ ਸੀ। ਬਾਬੇ ਨੂੰ ਕੰਬਲ ਮੋਡ਼ਦਾ ਹੋਇਆ ਬੋਲਿਆ, ਬਾਬਾ, ਕਿੰਨੀ ਧੁੱਪ ਚਡ਼੍ਹ ਗਈ, ਤੁਸੀਂ ਅਜੇ ਤਕ ਉੱਠੇ ਨਹੀਂ! ਤੁਸੀਂ ਤਾਂ ਮੂੰਹ ਹਨੇਰੇ ਹੀ ਉੱਠ ਖਡ਼ਦੇ ਹੋ।
ਉਹਨੇ ਬਾਬੇ ਨੂੰ ਕਈ ਵਾਰ ਪੁਕਾਰਿਆ, ਪਰ ਬਾਬੇ ਦੇ ਸਰੀਰ ਵਿਚ ਕੋਈ ਹਲਚਲ ਨਹੀਂ ਹੋਈ। ਤਦ ਉਹਨੇਂ ਬਾਬੇ ਉੱਤੋਂ ਚਾਦਰ ਹਟਾਈ। ਬਾਬੇ ਦੀਆਂ ਅੱਖਾਂ ਖੁੱਲ੍ਹੀਆਂ ਸਨ ਤੇ ਸਰੀਰ ਆਕਡ਼ਿਆ ਹੋਇਆ ਸੀ। ਦਾਦਾ, ਬਾਪੂ, ਮਾਂ ਸਮੇਤ ਬਾਬੂ ਕਈ ਮੌਤਾਂ ਦੇਖ ਚੁੱਕਿਆ ਸੀ। ਉਹ ਫਟੀਆਂ ਅੱਖਾਂ ਨਾਲ ਬਾਬੇ ਨੂੰ ਦੇਖਦਾ ਰਹਿ ਗਿਆ। ਰਾਤ ਨੂੰ ਉਸ ਉੱਤੇ ਕੰਬਲ ਢਕਦੇ ਸਮੇਂ ਬਾਬੇ ਨੇ ਕਿਹਾ ਸੀ, ‘ਮੇਰਾ ਕੀ ਐ ਪੁੱਤ, ਚਾਰ ਦਿਨ ਘੱਟ ਜੀ ਲੂੰ ਤਾ ਕੀ ਐ। ਉਂਜ ਵੀ ਮਰੇ ਵਰਗਾ ਈ ਆਂ। ਤੂੰ ਅਜੇ ਜਵਾਨ ਐਂ। ਬਹੁਤ ਦਿਨ ਜੀਏਂਗਾ, ਕਮਾਏਂਗਾ, ਘਰ ਵਾਲਿਆਂ ਨੂੰ ਪਾਲੇਂਗਾ।’
ਬਾਬੂ ਦੇ ਹੱਥਾਂ ਵਿਚ ਕੰਬਲ ਸੀ। ਉਹਦੀਆਂ ਅੱਖਾਂ ਤੋਂ  ਫਿਸਲ ਕੇ ਦੋ ਵੱਡੀਆਂ ਬੂੰਦਾਂ ਕੰਬਲ ਉੱਤੇ ਅਟਕ ਗਈਆਂ।
                                       -0-

No comments: