Sunday, September 11, 2011

ਉਰਦੂ/ ਬੇਖ਼ਬਰੀ ਦਾ ਫਾਇਦਾ


ਸਆਦਤ ਹਸਨ ਮੰਟੋ

ਘੋੜਾ ਦਬਿਆ। ਪਿਸਤੌਲ ਵਿੱਚੋਂ ਗੋਲੀ ਝੁੰਜਲਾ ਕੇ ਬਾਹਰ ਨਿਕਲੀ। ਖਿਡ਼ਕੀ ਵਿੱਚੋਂ ਬਾਹਰ ਝਾਕਣ ਵਾਲਾ ਆਦਮੀ ਉੱਥੇ ਹੀ ਦੂਹਰਾ ਹੋ ਗਿਆ।
ਘੋੜਾ ਥੋੜ੍ਹੀ ਦੇਰ ਬਾਦ ਫਿਰ ਦਬਿਆ, ਦੂਜੀ ਗੋਲੀ ਭਿਣਭਿਣਾਉਂਦੀ ਹੋਈ ਬਾਹਰ ਨਿਕਲੀ। ਸਡ਼ਕ ਉੱਤੇ ਮਾਸ਼ਕੀ ਦੀ ਮਸ਼ਕ ਪਾਟ ਗਈ। ਉਹ ਮੂਧੇ ਮੂੰਹ ਡਿੱਗਾ ਤੇ ਉਹਦਾ ਲਹੂ ਮਸ਼ਕ ਦੇ ਪਾਣੀ ਵਿਚ ਮਿਲਕੇ ਵਗਣ ਲੱਗਾ।
ਘੋੜਾ ਤੀਜੀ ਵਾਰ ਦਬਿਆ, ਨਿਸ਼ਾਨਾ ਸਹੀ ਨਹੀਂ ਲੱਗਾ। ਗੋਲੀ ਇਕ ਗਿੱਲੀ ਕੰਧ ਵਿਚ ਜਜ਼ਬ ਹੋ ਗਈ। ਚੌਥੀ ਗੋਲੀ ਇਕ ਬੁੱਢੀ ਔਰਤ ਦੀ ਪਿੱਠ ਵਿਚ ਲੱਗੀ। ਉਹ ਚੀਕ ਵੀ ਨਾ ਸਕੀ ਤੇ ਉੱਥੇ ਹੀ ਢੇਰ ਹੋ ਗਈ। ਪੰਜਵੀਂ ਤੋ ਛੇਵੀਂ ਦੋਨੋਂ ਗੋਲੀਆਂ ਬੇਕਾਰ ਗਈਆਂ। ਨਾ ਕੋਈ ਮਰਿਆ, ਨਾ ਜ਼ਖਮੀ ਹੋਇਆ। ਗੋਲੀਆਂ ਚਲਾਉਣ ਵਾਲਾ ਖਿਝ ਗਿਆ। ਅਚਾਣਕ ਸਡ਼ਕ ਉੱਤੇ ਇਕ ਛੋਟਾ ਜਿਹਾ ਬੱਚਾ ਦੌਡ਼ਦਾ ਹੋਇਆ ਦਿਖਾਈ ਦਿੱਤਾ। ਗੋਲੀਆਂ ਚਲਾਉਣ ਵਾਲੇ ਨੇ ਪਿਸਤੌਲ ਦਾ ਮੂੰਹ ਉਸ ਵੱਲ ਮੋੜਿਆ।
ਉਸਦੇ ਸਾਥੀ ਨੇ ਕਿਹਾ, ਇਹ ਕੀ ਕਰਦੇ ਹੋ?
ਗੋਲੀਆਂ ਚਲਾਉਣ ਵਾਲੇ ਨੇ ਪੁੱਛਿਆ, ਕਿਉਂ?
ਗੋਲੀਆਂ ਤਾਂ ਖਤਮ ਹੋ ਚੁੱਕੀਆਂ ਹਨ।
ਤੂੰ ਚੁੱਪ ਰਹਿ, ਬੱਚੇ ਨੂੰ ਕੀ ਪਤਾ।
                           -0-

No comments: