ਦਿਨੇਸ਼ ਸਿੰਦਲ
ਪਿੰਡ ਦੇ ਮਦਾਨ ਵਿਚ ਇਕ ਦਰੱਖਤ ਸੀ। ਦਰੱਖਤ ਦੀ ਸੰਘਣੀ ਛਾਂ ਸੀ। ਛਾਂ ਵਿਚ ਖੇਡਦੇ ਸਨ ਬੱਚੇ। ਪਿੰਡ ਦਾ ਪੰਡਤ ਲਾਉਂਦਾ ਸੀ ਪਾਠਸ਼ਾਲਾ। ਮੌਲਵੀ ਲਾਹੁੰਦਾ ਸੀ ਪ੍ਰੇਤ। ਗੱਡਦਾ ਸੀ ਦਰੱਖਤ ਵਿੱਚ ਕਿੱਲ, ਕਿੱਲ ਵਿੱਚ ਪ੍ਰੇਤ। ਔਰਤਾਂ ਕਰਦੀਆਂ ਸਨ ਪੂਜਾ ਉਸ ਦਰੱਖਤ ਦੀ। ਬੰਨ੍ਹਦੀਆਂ ਸਨ ਧਾਗਾ ਦਰੱਖਤ ਦੇ, ਆਪਣੇ ਜੀਵਨ ਦਾ ਧਾਗਾ ਮਜਬੂਤ ਕਰਨ ਲਈ। ਮੰਗਦੀਆਂ ਸਨ ਮੰਨਤਾਂ। ਪਿੰਡ ਦੀ ਪੰਚਾਇਤ ਕਰਦੀ ਸੀ ਫ਼ੈਸਲੇ ਉਸ ਦਰੱਖਤ ਹੇਠ। ਵੱਡੇ ਬਜ਼ੁਰਗ ਤੈਅ ਕਰਦੇ ਸਨ ਬੱਚਿਆਂ ਦੇ ਰਿਸ਼ਤੇ। ਸਰਕਾਰ ਦੀ ਗੱਡੀ ਦਿਖਾਉਂਦੀ ਸੀ ਫਿਲਮ। ਕਬੂਤਰ ਪਾਉਂਦੇ ਸਨ ਆਪਣੇ ਆਲ੍ਹਣੇ। ਪ੍ਰੇਮੀ ਜੋੜੇ ਲਿਖਦੇ ਸਨ ਆਪਣੇ ਨਾਂ ਦਰੱਖਤ ਦੇ ਤਣੇ ਉੱਪਰ।
ਸਾਰੇ ਬਦਲਦੇ ਮੌਸਮਾਂ ਦੇ ਬਾਵਜੂਦ ਉਹ ਦਰੱਖਤ ਹਰਾ ਸੀ, ਸਭਨਾਂ ਦੇ ਅੰਦਰ। ਇਕ ਦਿਨ ਪਿੰਡ ਵਿੱਚ ਦੰਗਾ ਹੋ ਗਿਆ। ਪਿੰਡ ਵਿੱਚ ਕੀ, ਨਾਲ ਦੇ ਸ਼ਹਿਰ ਵਿੱਚ ਦੰਗਾ ਹੋ ਗਿਆ ਤੇ ਉਸਦੀ ਖ਼ਬਰ ਪਿੰਡ ਵਿੱਚ ਫੈਲ ਗਈ। ਬੱਚੇ ਲੁਕੇ ਰਹੇ ਆਪਣੇ ਘਰਾਂ ਵਿੱਚ। ਪੰਡਤ ਨੇ ਨਹੀਂ ਲਾਈ ਆਪਣੀ ਪਾਠਸ਼ਾਲਾ। ਮੌਲਵੀ ਨਹੀਂ ਆਇਆ ਪ੍ਰੇਤ ਉਤਾਰਨ। ਔਰਤਾਂ ਭੁੱਲ ਗਈਆਂ ਪੂਜਾ ਦੇ ਸ਼ਲੋਕ। ਗਾਉਂਦੀ ਹੋਈ ਕੋਇਲ ਦਾ ਸੰਘ ਰੁਕ ਗਿਆ। ਕਬੂਤਰ ਦਾ ਆਲ੍ਹਣਾ ਉੱਜਡ਼ ਗਿਆ। ਕੋਈ ਮੁਸਾਫਰ ਨਹੀਂ ਆਇਆ ਉਸ ਪਾਸੇ। ਨਹੀਂ ਜੁੜੀ ਪੰਚਾਇਤ ਉਸ ਦਰੱਖਤ ਹੇਠ।
ਲੋਕਾਂ ਨੇ ਆਪਣੇ ਘਰਾਂ ਦੀਆਂ ਖਿਡ਼ਕੀਆਂ ਵਿੱਚੋਂ ਝਾਕ ਕੇ ਦੇਖਿਆ, ਉਹ ਦਰੱਖਤ ਹੌਲੇ-ਹੌਲੇ ਸੁੱਕ ਰਿਹਾ ਸੀ।
-0-
No comments:
Post a Comment