Saturday, August 13, 2011

ਹਿੰਦੀ/ ਪਹਿਲ


ਡਾ. ਸ਼ੀਲ ਕੌਸ਼ਿਕ

 “ਸਰ, ਅਸੀਂ ਰਾਮਦਿਆਲ ਜੀ ਦੇ ਘਰ ਜਾਣਾ ਹੈ। ਕੱਲ੍ਹ ਉਹਦੇ ਮਾਤਾ ਜੀ ਸੁਰਗਵਾਸ ਹੋ ਗਏ। ਕਿਰਪਾ ਕਰ ਕੇ ਸਾਨੂੰ ਦੋ ਘੰਟੇ ਦੀ ਛੁੱਟੀ ਦੇ ਦਿਓ। ਅਸੀਂ ਛੇਤੀ ਮੁਡ਼ ਆਵਾਂਗੇ।ਦਫਤਰ ਦੇ ਸਾਰੇ ਕਰਮਚਾਰੀ ਅਫਸਰ ਕੋਲ ਬੇਨਤੀ ਕਰਨ ਆਏ।
ਅਫਸਰ ਨੂੰ ਇਹ ਗੱਲ ਸੂਲ ਵਾਂਗ ਚੁਭੀ। ਉਹ ਸੋਚਣ ਲੱਗੇ ਕਿ ਇਹ ਲੋਕ ਡਿਊਟੀ ਤੋਂ ਬਾਦ ਜਾਂ ਛੁੱਟੀ ਵਾਲੇ ਦਿਨ ਕਿਉਂ ਨਹੀਂ ਜਾਂਦੇ। ਜਦੋਂ ਵੀ ਕਿਸੇ ਕਰਮਚਾਰੀ ਦੇ ਰਿਸ਼ਤੇਦਾਰ ਜਾਂ ਪਰਿਵਾਰ ਦੇ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਸਭ ਦਫ਼ਤਰ ਦੇ ਸਮੇਂ ਹੀ ਉੱਥੇ ਜਾਣ ਲਈ ਛੁੱਟੀ ਚਾਹੁੰਦੇ ਹਨ। ਪਰ ਉਹ ਇਹ ਸੋਚ ਕੇ ਚੁੱਪ ਕਰ ਗਏ ਕਿ ਮੌਤ ਜਿਹਾ ਸੰਵੇਦਨਸ਼ੀਲ ਮਾਮਲਾ ਹੈ।
ਕੁਝ ਦਿਨਾਂ ਬਾਦ ਅਫਸਰ ਦੇ ਪਿਤਾ ਦੀ ਅਚਾਨਕ  ਮੌਤ ਹੋ ਗਈ। ਉਹਨਾਂ ਦਾ ਸਾਰਾ ਪਰਿਵਾਰ ਸੋਗ ਵਿਚ ਡੁੱਬਾ ਸੀ। ਉਹਨਾਂ ਅਧੀਨ ਕੰਮ ਕਰਦੇ ਕਰਮਚਾਰੀ ਡਿਊਟੀ ਸਮੇਂ ਉਹਨਾ ਕੋਲ ਅਫਸੋਸ ਪ੍ਰਗਟ ਕਰਨ ਆਉਣਾ ਚਾਹੁੰਦੇ ਸਨ। ਪਰੰਤੂ ਇਸ ਵਾਰ ਅਫਸਰ ਨੇ ਸਪੱਸ਼ਟ ਕਿਹਾ, ਡਿਊਟੀ ਸਮੇਂ ਕੋਈ ਵੀ ਕਰਮਚਾਰੀ ਅਫਸੋਸ ਪ੍ਰਗਟਾਉਣ ਨਾ ਆਵੇ। ਡਿਊਟੀ ਤੋਂ ਬਾਦ ਜਦੋਂ ਵੀ ਸਮਾਂ ਮਿਲੇ, ਉਦੋਂ ਆ ਸਕਦੇ ਹਨ।
ਕੁਝ ਲੋਕਾਂ ਨੇ ਅਫਸਰ ਨੂੰ ਸੰਵੇਦਨਹੀਣ, ਅਸਮਾਜਿਕ ਤੇ ਪਤਾ ਨਹੀਂ ਕੀ ਕੀ ਕਿਹਾ। ਪਰ ਉਸਤੋਂ ਬਾਦ ਉਹਨਾਂ ਨੇ ਮਾਤਮਪੁਰਸੀ ਲਈ ਡਿਊਟੀ ਸਮੇਂ ਜਾਣਾ ਛੱਡ ਦਿੱਤਾ।
                                           -0-

No comments: