ਹਰਭਗਵਾਨ ਚਾਵਲਾ
ਚੌਧਰੀ ਰਾਮ ਸਿੰਘ ਡੇਢ ਘੰਟੇ ਤੋਂ ਬਸ ਦੀ ਉਡੀਕ ਕਰ ਰਹੇ ਸਨ। ਕਡ਼ਕਦੀ ਧੁੱਪ ਸੀ ਤੇ ਸਿਰ ਉੱਤੇ ਕਿੱਕਰ ਦੀ ਹਲਕੀ ਛਾਂ। ਉਸਨੂੰ ਪਿਆਸ ਵੀ ਲੱਗ ਗਈ ਸੀ। ਬੇਚੈਨੀ ਕਾਰਨ ਉਹ ਵਾਰ ਵਾਰ ਪਰਨੇ ਨਾਲ ਆਪਣਾ ਮੁੜ੍ਹਕਾ ਪੂੰਝ ਰਿਹਾ ਸੀ। ਤਦ ਹੀ ਉਹਦੇ ਕੋਲ ਇਕ ਸਕੂਟਰ ਆ ਕੇ ਰੁਕਿਆ।
“ਆਜੋ ਚੌਧਰੀ ਸਾਹਬ!” ਸਕੂਟਰ ਤੋਂ ਉਤਰਕੇ ਮਾਸਟਰ ਓਮ ਪ੍ਰਕਾਸ਼ ਕਪੜੇ ਨਾਲ ਸੀਟ ਸਾਫ ਕਰਨ ਲੱਗਾ।
ਪੰਜ-ਸੱਤ ਕਿਲੋਮੀਟਰ ਚੱਲਣ ਮਗਰੋਂ ਇਕ ਵੱਡੇ ਪਿੰਡ ਦੇ ਬੱਸ ਅੱਡੇ ਉੱਤੇ ਚੌਧਰੀ ਸਾਹਬ ਉੱਤਰਨ ਲੱਗੇ ਤਾਂ ਓਮ ਪ੍ਰਕਾਸ਼ ਨੇ ਕਿਹਾ, “ਬੈਠੇ ਰਹੋ ਚੌਧਰੀ ਸਾਹਬ, ਘਰ ਛੱਡ ਆਉਂਦਾ ਹਾਂ।”
“ਰਹਿਣ ਦੇ ਓਮ, ਮੈਂ ਚਲਾ ਜਾਊਂਗਾ।”
“ਏਨੀ ਧੁੱਪ ’ਚ ਜਾਓਗੇ! ਦੋ ਮਿੰਟ ਲੱਗਣਗੇ, ਹੁਣੇ ਛੱਡ ਆਉਂਦਾ ਹਾਂ।”
ਓਮ ਪ੍ਰਕਾਸ਼ ਉਹਨੂੰ ਘਰ ਤੱਕ ਛੱਡ ਆਇਆ।
ਬਹੁਤ ਦਿਨਾਂ ਤੱਕ ਚੌਧਰੀ ਸਾਹਬ ਆਪਣੀ ਬਿਰਾਦਰੀ ਦੇ ਲੋਕਾਂ ਵਿੱਚ ਬੈਠਦੇ ਤਾਂ ਕਹਿੰਦੇ, ‘ਓਮ ਪ੍ਰਕਾਸ਼ ਬਹੁਤ ਚੰਗਾ ਮੁੰਡਾ ਹੈ। ਮੈਨੂੰ ਸਕੂਟਰ ਉੱਤੇ ਬਿਠਾਉਣ ਤੋਂ ਪਹਿਲਾਂ ਸੀਟ ਸਾਫ ਕੀਤੀ, ਰਾਹ ਵਿੱਚ ਠੰਡਾ ਪਿਆਇਆ, ਘਰ ਤੱਕ ਛੱਡ ਕੇ ਗਿਆ। ਪਰ ਇੱਕ ਗੱਲ ਸੂਲ ਵਾਂਗ ਚੁਭਦੀ ਹੈ…ਹੁਣ ਇਹ ਛੋਟੀ ਜਾਤ ਵਾਲੇ ਸਾਡੇ ਉੱਤੇ ਮਿਹਰਬਾਨੀਆਂ ਕਰਨਗੇ…ਕੀ ਜ਼ਮਾਨਾ ਆ ਗਿਆ!’
-0-
No comments:
Post a Comment