Thursday, April 7, 2011

ਹਿੰਦੀ/ ਦੇਸ਼ ਦਾ ਸੇਵਕ


                                                                          
ਪ੍ਰੇਮ ਚੰਦ
ਦੇਸ਼ ਦੇ ਸੇਵਕ ਨੇ ਕਿਹਾ– ‘ਦੇਸ਼ ਦੀ ਮੁਕਤੀ ਦਾ ਇੱਕ ਹੀ ਉਪਾਅ ਹੈ ਤੇ ਉਹ ਹੈ, ਨੀਵਿਆਂ ਨਾਲ ਭਾਈਚਾਰੇ ਵਾਲਾ ਸਲੂਕ, ਪਤਿਤਾਂ ਨਾਲ ਬਰਾਬਰੀ ਵਾਲਾ ਵਿਵਹਾਰ। ਦੁਨੀਆਂ ਵਿਚ ਸਾਰੇ ਭਾਈ-ਭਾਈ ਹਨ, ਕੋਈ ਨੀਵਾਂ ਨਹੀਂ, ਕੋਈ ਉੱਚਾ ਨਹੀਂ।’
ਦੁਨੀਆਂ ਨੇ ਜੈ ਜੈ ਕਾਰ ਕੀਤੀ–‘ਕਿੰਨੀ ਵਿਸ਼ਾਲ ਦ੍ਰਿਸ਼ਟੀ ਹੈ, ਕਿੰਨਾ ਭਾਵੁਕ ਮਨ ਹੈ।’
ਉਹਦੀ ਸੁੰਦਰ ਕੁੜੀ ਇੰਦਰਾ ਨੇ ਸੁਣਿਆ ਤੇ ਚਿੰਤਾ ਦੇ ਸਮੁੰਦਰ ਵਿਚ ਡੁੱਬ ਗਈ।
ਦੇਸ਼ ਦੇ ਸੇਵਕ ਨੇ ਨੀਵੀਂ ਜਾਤ ਦੇ ਨੌਜਵਾਨ ਨੂੰ ਗਲ ਨਾਲ ਲਾਇਆ।
ਲੋਕਾਂ ਨੇ ਕਿਹਾ–‘ਇਹ ਫਰਿਸ਼ਤਾ ਹੈ, ਦੇਸ਼ ਦੀ ਕਿਸ਼ਤੀ ਦਾ ਖੇਵਟ ਹੈ।’
ਇੰਦਰਾ ਨੇ ਦੇਖਿਆ ਤਾਂ ਉਹਦਾ ਚਿਹਰਾ ਚਮਕਣ ਲੱਗਾ।
ਦੇਸ਼ ਦਾ ਸੇਵਕ ਨੀਵੀਂ ਜਾਤ ਦੇ ਨੌਜਵਾਨ ਨੂੰ ਮੰਦਰ ਵਿਚ ਲੈ ਗਿਆ, ਦੇਵਤਾ ਦੇ ਦਰਸ਼ਨ ਕਰਵਾਏ ਤੇ ਕਿਹਾ–‘ਸਾਡਾ ਦੇਵਤਾ ਗਰੀਬੀ ਵਿਚ ਹੈ, ਜਿੱਲਤ ’ਚ ਹੈ, ਘਾਟ ’ਚ ਹੈ।’
ਲੋਕਾਂ ਨੇ ਕਿਹਾ–‘ਕਿੰਨੇ ਸ਼ੁੱਧ ਮਨ ਦਾ ਆਦਮੀ ਹੈ! ਕਿੰਨਾ ਗਿਆਨੀ ਹੈ!’
ਇੰਦਰਾ ਦੇਸ਼ ਦੇ ਸੇਵਕ ਕੋਲ ਜਾ ਕੇ ਬੋਲੀ–‘ਸਤਿਕਾਰ ਯੋਗ ਪਿਤਾ ਜੀ, ਮੈਂ ਮੋਹਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ।’
ਦੇਸ਼ ਦੇ ਸੇਵਕ ਨੇ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਪੁੱਛਿਆ–‘ਮੋਹਨ ਕੌਣ ਹੈ?’
ਇੰਦਰਾ ਨੇ ਉਤਸ਼ਾਹ ਭਰੀ ਆਵਾਜ਼ ਵਿਚ ਕਿਹਾ–‘ਮੋਹਨ ਉਹੀ ਨੌਜਵਾਨ ਹੈ ਜਿਸ ਨੂੰ ਤੁਸੀਂ ਆਪਣੇ ਗਲ ਨਾਲ ਲਾਇਆ, ਜਿਸਨੂੰ ਤੁਸੀਂ ਮੰਦਰ ’ਚ ਲੈ ਕੇ ਗਏ। ਜੋ ਸੱਚਾ, ਬਹਾਦਰ ਤੇ ਨੇਕ ਹੈ।’
ਦੇਸ਼ ਦੇ ਸੇਵਕ ਨੇ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਉਸ ਵੱਲ ਦੇਖਿਆ ਤੇ ਮੂੰਹ ਮੋਡ਼ ਲਿਆ।
                                                                                      -0-

Thursday, March 24, 2011

ਹਿੰਦੀ/ ਪਗਡ਼ੀ


 ਸੀਤਾ ਰਾਮ ਗੁਪਤਾ
ਭਰਾ ਈਸ਼ਵਰਦਿਆਲ ਨੇ ਫੋਨ ਉੱਤੇ ਫੁੱਫਡ਼ ਜੀ ਦੀ ਮੌਤ ਦੀ ਸੂਚਨਾ ਦਿੱਤੀ, “ਭਰਾ ਅਸ਼ੋਕ! ਪਿਤਾ ਜੀ ਨਹੀਂ ਰਹੇ। ਕੱਲ੍ਹ ਤੇਰ੍ਹਵੀਂ ਐ। ਅਖੀਰਲੇ ਦਿਨੀਂ ਪਿਤਾ ਜੀ ਤੈਨੂੰ ਬਹੁਤ ਯਾਦ ਕਰਦੇ ਰਹੇ। ਉਨ੍ਹਾਂ ਨੇ ਕਈ ਵਾਰ ਕਿਹਾ ਕਿ ਅਸ਼ੋਕ ਨੂੰ ਬੁਲਾ ਦਿਓ, ਉਸ ਨੂੰ ਮਿਲਣ ਨੂੰ ਬਹੁਤ ਜੀਅ ਕਰਦੈ। ਪਰ ਤੇਰਾ ਫੋਨ ਨੰਬਰ ਈ ਨਹੀਂ ਮਿਲਿਆ। ਅੱਜ ਕਿਸੇ ਤਰ੍ਹਾਂ ਮਿਲਿਐ ਤੇਰਾ ਨੰਬਰ। ਖੈਰ, ਜਿਵੇਂ ਪ੍ਰਭੂ ਦੀ ਇੱਛਾ। ਅੱਛਾ, ਸਾਡੀ ਭੂਆ ਦੇ ਮੁੰਡੇ ਜੈ ਪ੍ਰਕਾਸ਼ ਨੂੰ ਤਾਂ ਜਾਣਦਾ ਈ ਐਂ ਨਾ, ਉਸਦਾ ਨੰਬਰ ਵੀ ਨਹੀਂ ਮਿਲ ਰਿਹਾ। ਜੇਕਰ ਤੇਰੇ ਕੋਲ ਕਿਤੇ ਲਿਖਿਆ ਹੋਵੇ ਤਾਂ ਜਰਾ ਦੇਖੀਂ।”
ਮੈਂ ਡਾਇਰੀ ਦੇਖ ਕੇ ਜੈ ਪ੍ਰਕਾਸ਼ ਦਾ ਪਤਾ ਤੇ ਫੋਨ ਨੰਬਰ ਭਰਾ ਈਸ਼ਵਰਦਿਆਲ ਨੂੰ ਲਿਖਵਾ ਦਿੱਤੇ। ਫੁੱਫਡ਼ ਜੀ ਦਾ ਮੇਰੇ ਨਾਲ ਬਹੁਤ ਮੋਹ ਸੀ। ਉਹਨਾਂ ਨੂੰ ਆਖਰੀ ਸਮੇਂ ਨਾ ਮਿਲ ਸਕਣ ਦਾ ਦੁੱਖ ਹੋਇਆ, ਪਰ ਇਸ ਤੋਂ ਵੀ ਜ਼ਿਆਦਾ ਦੁੱਖ ਇਸ ਗੱਲ ਦਾ ਹੋਇਆ ਭਰਾਵਾਂ ਨੇ ਮੈਨੂੰ ਸੱਦਿਆ ਕਿਉਂ ਨਹੀਂ। ਭੂਆ ਜੀ ਦਾ ਘਰ ਮੁਸ਼ਕਿਲ ਨਾਲ ਪੰਦਰਾਂ-ਸੋਲਾਂ ਕਿਲੋਮੀਟਰ ਦੀ ਦੂਰੀ ਤੇ ਹੈ। ਭੂਆ ਜੀ ਦੇ ਪੰਜ ਮੁੰਡੇ ਤੇ ਤਿੰਨ ਕੁਡ਼ੀਆਂ ਹਨ। ਆਉਣ ਜਾਣ ਵੀ ਰਹਿੰਦਾ ਹੈ। ਜਦੋਂ ਫੁੱਫਡ਼ ਜੀ ਦੀ ਮੈਨੂੰ ਮਿਲਮ ਦੀ ਇੰਨੀ ਹੀ ਇੱਛਾ ਸੀ ਤੇ ਮੇਰਾ ਫੋਨ ਨੰਬਰ ਉਹਨਾਂ ਨੂੰ ਨਹੀਂ ਮਿਲ ਰਿਹਾ ਸੀ ਤਾਂ ਕੋਈ ਭਰਾ ਆ ਕੇ ਮੈਨੂੰ ਸੱਦ ਕੇ ਨਹੀਂ ਲਿਜਾ ਸਕਦਾ ਸੀ।
ਅਸੀਂ ਪਰਿਵਾਰ ਸਹਿਤ ਤੇਰ੍ਹਵੀਂ ਉੱਤੇ ਪਹੁੰਚੇ। ਵੱਡਾ ਹੋਣ ਦੇ ਨਾਤੇ ਈਸ਼ਵਰਦਿਆਲ ਦੇ ਪਗਡ਼ੀ ਬੰਨ੍ਹੀਂ ਗਈ। ਰਸਮ ਪਗਡ਼ੀ ਤੋਂ ਬਾਦ ਹੌਲੇ ਹੌਲੇ ਸਾਰੇ ਲੋਕ ਚਲੇ ਗਏ। ਅਸੀਂ ਵੀ ਚੱਲਣ ਦੀ ਤਿਆਰੀ ਕਰ ਹੀ ਰਹੇ ਸੀ ਕਿ ਈਸ਼ਵਰਦਿਆਲ ਨੇ ਆਪਣੇ ਸਾਰੇ ਭਰਾਵਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ, “ਦੇਖੋ, ਇੱਕ ਇਹ ਅਸ਼ੋਕ ਹੈ, ਜਿਸ ਕੋਲ ਤੁਹਾਡੇ ਸਾਰੇ ਰਿਸ਼ਤੇਦਾਰਾਂ ਦੇ ਫੋਨ ਨੰਬਰ ਤੇ ਪਤੇ ਹਨ। ਤੇ ਇਕ ਤੁਸੀਂ ਹੋ ਕਿ ਆਪਣੇ ਮਾਮੇ ਦੇ ਪਰਿਵਾਰ ਦਾ ਨੰਬਰ ਵੀ ਨਹੀਂ ਹੈ ਤੁਹਾਡੇ ਕੋਲ। ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ।”
ਮੈਂ ਭਰਾ ਦੀਨਦਿਆਲ ਦੇ ਸਿਰ ਉੱਤੇ ਰੱਖੀ ਪਗਡ਼ੀ ਨੂੰ ਦੇਖ ਰਿਹਾ ਸੀ ਜੋ ਢੰਗ ਨਾਲ ਨਾ ਬੰਨ੍ਹੇ ਜਾਣ ਕਾਰਨ ਸਰਕ ਕੇ ਕਾਫੀ ਥੱਲੇ ਆ ਗਈ ਸੀ। ਪਗਡ਼ੀ ਮੇਰੇ ਦੇਖਦੇ ਦੇਖਦੇ ਇਕ ਝਟਕੇ ਨਾਲ ਖੁੱਲਕੇ  ਹੇਠਾਂ ਡਿੱਗ ਪਈ। ਈਸ਼ਵਰਦਿਆਲ ਨੇ ਲਾਪਰਵਾਹੀ ਨਾਲ ਪਗਡ਼ੀ ਨੂੰ ਉਠਾਕੇ ਖੂੰਜੇ ਵਿਚ ਪਏ ਮੈਲੇ ਕਪਡ਼ਿਆਂ ਉੱਤੇ ਸੁੱਟ ਦਿੱਤਾ।
                                            -0-

Friday, March 18, 2011

ਹਿੰਦੀ/ ਕੁੰਡਲੀ


ਬਲਰਾਮ ਅਗਰਵਾਲ
ਕੁਡ਼ੀ ਦੇ ਪਿਉ ਨੇ ਬੇਟੀ ਦਾ ਬਾਇਓ-ਡਾਟਾ ਤੇ ਫੋਟੋ ਮੁੰਡੇ ਦੀ ਮਾਂ ਦੇ ਹੱਥ ਵਿਚ ਫਡ਼ਾ ਦਿੱਤੇ। ਮੁੰਡੇ ਦੀ ਮਾਂ ਨੇ ਫੋਟੋ ਆਪਣੇ ਕੋਲ ਰੱਖ ਕੇ ਬਾਇਓ-ਡਾਟਾ ਪਤਿ ਵੱਲ ਵਧਾ ਦਿੱਤਾ। ਪਤੀ ਨੇ ਸਰਸਰੀ ਤੌਰ ਉੱਤੇ ਉਸਨੂੰ ਪਡ਼੍ਹਿਆ ਤੇ ਕੁਡ਼ੀ ਦੇ ਪਿਉ ਨੂੰ ਪੁੱਛਿਆ, “ਕੁੰਡਲੀ ਲਿਆਏ ਓਂ?”
“ਹਾਂ ਜੀ, ਉਹ ਤਾਂ ਹਰ ਵੇਲੇ ਮੈਂ ਆਪਣੇ ਨਾਲ ਰੱਖਦਾ ਹਾਂ।” ਕੁਡ਼ੀ ਦਾ ਪਿਉ ਬੋਲਿਆ।
“ਉਹ ਵੀ ਦੇ ਜਾਓ।”
“ਸੌਰੀ ਭਾਈ ਸਾਹਬ! ਮੈਂ ਉਹ ਦੇ ਕੇ ਨਹੀਂ ਜਾ ਸਕਦਾ। ਜਿਸ ਪੰਡਤ ਤੋਂ ਤੁਸੀਂ ਉਹ ਮਿਲਵਾਉਣੀ ਹੈ, ਉਸਨੂੰ ਇੱਥੇ ਬੁਲਾ ਲਓ ਜਾਂ ਫਿਰ ਮੈਨੂੰ ਉਸ ਕੋਲ ਲੈ ਚੱਲੋ।”
ਮੁੰਡੇ ਦੇ ਮਾਂ-ਪਿਉ ਨੂੰ ਉਹਨਾਂ ਦੀ ਇਹ ਗੱਲ ਇਕਦਮ ਅਟਪਟੀ ਲੱਗੀ। ਉਹ ਹੈਰਾਨੀ ਨਾਲ ਉਸ ਵੱਲ ਦੇਖਣ ਲੱਗੇ।
“ਉਂਜ ਜਦੋਂ ਤੋਂ ਬੇਟੀ ਲਈ ਮੁੰਡੇ ਦੀ ਭਾਲ ’ਚ ਨਿਕਲਣਾ ਸ਼ੁਰੂ ਕੀਤਾ ਹੈ, ਮੈਂ ਆਪਣੀ ਕੁੰਡਲੀ ਵੀ ਨਾਲ ਰੱਖ ਲੈਂਦਾ ਹਾਂ।” ਕੁਡ਼ੀ ਦੇ ਪਿਉ ਨੇ ਉਹਨਾਂ ਦੇ ਚਿਹਰਿਆਂ ਦੀ ਭਾਸ਼ਾ ਨੂੰ ਪਡ਼੍ਹਦੇ ਹੋਏ ਕਿਹਾ, “ਤੁਸੀਂ ਆਪਣੀ ਕੁੰਡਲੀ ਖੋਲ੍ਹ ਕੇ ਮੇਜ ’ਤੇ ਰੱਖੋ, ਮੈਂ ਵੀ ਆਪਣੀ ਕੁੰਡਲੀ ਤੁਹਾਡੇ ਸਾਹਮਣੇ ਰੱਖ ਦਿੰਦਾ ਹਾਂ। ਜੇਕਰ ਸਾਡੀਆਂ ਕੁੰਡਲੀਆਂ ਆਪਸ ਵਿਚ ਮੇਲ ਖਾ ਗਈਆਂ ਤਾਂ ਮੈਨੂੰ ਵਿਸ਼ਵਾਸ ਹੈ ਕਿ ਬੱਚਿਆਂ ਦੀਆਂ ਕੁੰਡਲੀਆਂ ਵੀ ਮਿਲ ਹੀ ਜਾਣਗੀਆਂ।”
ਇੰਨਾ ਕਹਿ ਕੇ ਉਸਨੇ ਆਪਣੀ ਜੇਬ ਵਿਚ ਹੱਥ ਪਾਇਆ ਤੇ ਬੇਟੀ ਦੇ ਵਿਆਹ ਉੱਤੇ ਖਰਚ ਕੀਤੇ ਜਾਣ ਵਾਲੀ ਰਕਮ ਸਬੰਧੀ ਲਿਖਿਆ ਕਾਗਜ਼ ਦਾ ਇਕ ਪੁਰਜਾ ਸੋਫੇ ਉੱਤੇ ਕੁੰਡਲੀ ਮਾਰੀ ਬੈਠੇ ਮੁੰਡੇ ਦੇ ਮਾਂ-ਪਿਉ ਵੱਲ ਵਧਾ ਦਿੱਤਾ।
                                                  -0-

Friday, March 11, 2011

ਫ਼ੈਸਲਾ


           
         ਘਨਸ਼ਿਆਮ ਅਗਰਵਾਲ

ਇਹ ਨੇਤਾ ਹੈ।
ਇਹਨੇ ਦੰਗੇ ਬੀਜੇ।
ਇਹਨੂੰ ਦਸ ਕੋੜਿਆਂ ਦੀ ਸਜ਼ਾ ਦਿੱਤੀ ਜਾਂਦੀ ਹੈ।
ਇਹ ਧਰਮ-ਗੁਰੂ ਹੈ।
ਇਹਨੇ ਦੰਗੇ ਫੈਲਾਏ।
ਇਹਨੂੰ ਵੀਹ ਕੋੜਿਆਂ ਦੀ ਸਜ਼ਾ ਦਿੱਤੀ ਜਾਂਦੀ ਹੈ।
ਇਹ ਲੇਖਕ ਹੈ।
ਇਹਦੇ ਹੁੰਦੇ ਹੋਏ ਦੰਗਿਆਂ ਦਾ ਮਾਹੌਲ ਬਣਿਆ।
ਇਹਨੂੰ ਸੌ ਕੋੜਿਆਂ ਦੀ ਸਜ਼ਾ ਦਿੱਤੀ ਜਾਂਦੀ ਹੈ।
                    -0-

Tuesday, March 1, 2011

ਹਿੰਦੀ / ਘਰੌਂਦਾ


 ਰਾਜਿੰਦਰ ਕੁਮਾਰ ਕਨੌਜੀਆ(ਡਾ.)
ਸਮੁੰਦਰ ਕਿਨਾਰੇ ਚਾਰੇ ਪਾਸੇ ਭੀੜ ਸੀ। ਸਾਰੇ ਆਪਣੇ-ਆਪਣੇ ਕੰਮ ਵਿਚ ਰੁੱਝੇ ਸਨ। ਦੋ ਬੱਚੇ, ਇਕ ਲਗਭਗ ਚਾਰ-ਪੰਜ ਸਾਲ ਦੀ ਕੁੜੀ ਤੇ ਦੂਜਾ ਪੰਜ ਕੁ ਸਾਲ ਦਾ ਮੁੰਡਾ। ਮੁੰਡਾ ਗਿੱਲੀ ਰੇਤਾ ਵਿਚ ਹੱਥ ਫਸਾ-ਫਸਾ ਕੇ ਘਰੌਂਦਾ ਬਣਾ ਰਿਹਾ ਸੀ। ਕੁੜੀ ਚੁੱਪਚਾਪ ਉਸ ਨੂੰ ਦੇਖ ਰਹੀ ਸੀ। ਘਰੌਂਦਾ ਬਣਾ ਕੇ ਮੁੰਡੇ ਨੇ ਉਸ ਉੱਤੇ ਆਪਣਾ ਨਾਂ ਲਿਖ ਦਿੱਤਾ।
“ਕਿਉਂ, ਚੰਗਾ ਬਣਿਐ ਨਾ ਮੇਰਾ ਘਰ?”ਮੁੰਡੇ ਨੇ ਕੁੜੀ ਨੂੰ ਪੁੱਛਿਆ।
ਕੁੜੀ ਥੋੜੀ ਦੇਰ ਚੁੱਪ ਰਹੀ, ਫਿਰ ਉਸਨੇ ਇਕੋ ਝਟਕੇ ਨਾਲ ਪੈਰ ਮਾਰ ਕੇ ਘਰੌਂਦਾ ਮਿਟਾ ਦਿੱਤਾ। ਮੁੰਡੇ ਦੀ ਸਮਝ ਵਿਚ ਕੁਝ ਨਹੀਂ ਆਇਆ। ਉਸਨੇ ਫਿਰ ਤੋਂ ਘਰੌਂਦਾ ਬਣਾਉਣਾ ਸ਼ੁਰੂ ਕਰ ਦਿੱਤਾ। ਘਰੌਂਦਾ ਬਣਾ ਲਿਆ, ਉਸ ਉੱਤੇ ਆਪਣਾ ਨਾਂ ਲਿਖਿਆ ਤੇ ਫਿਰ ਤੋਂ ਕੁੜੀ ਨੂੰ ਪੁੱਛਿਆ, “ਕਿਉਂ, ਚੰਗਾ ਬਣਿਐ ਨਾ ਮੇਰਾ ਘਰ?”
ਕੁੜੀ ਨੇ ਫਿਰ ਚੁੱਪਚਾਪ ਥੋੜੀ ਦੇਰ ਦੇਖਿਆ ਤੇ ਫਿਰ ਤੋਂ ਘਰੌਂਦਾ ਤੋੜ ਦਿੱਤਾ।
ਮੁੰਡੇ ਨੇ ਹਾਰ ਨਹੀਂ ਮੰਨੀ । ਇਸ ਵਾਰ ਉਸਨੇ ਬੜੀ ਮਿਹਨਤ ਨਾਲ ਇਕ ਹੋਰ ਘਰੌਂਦਾ ਬਣਾਇਆ, ਪਹਿਲਾਂ ਤੋਂ ਵੀ ਸੁੰਦਰ। ਫਿਰ ਉਸਨੇ ਕੁੜੀ ਵੱਲ ਦੇਖਿਆ ਤੇ ਪ੍ਰਸ਼ਨ ਕੀਤਾ, “ਕਿਹੋ ਜਿਆ ਬਣਿਐ ਮੇਰਾ ਘਰ?”
ਪਰੰਤੂ ਇਸ ਵਾਰ ਘਰੌਂਦਾ ਤੋੜਨ ਲਈ ਉੱਠੇ ਕੁੜੀ ਦੇ ਹੱਥ ਫੜ ਲਏ ਉਸਨੇ, “ਕਿਉਂ ਤੋੜਦੀ ਐਂ ਮੇਰਾ ਘਰ?”
ਕੁੜੀ ਨੇ ਨਿਰਦੋਸ਼ ਭਾਵ ਨਾਲ ਉਸਨੂੰ ਦੇਖਿਆ। ਉਸਦੀਆਂ ਅੱਖਾਂ ਵਿਚ ਹੰਝੂ ਭਰ ਆਏ। ਉਸਨੇ ਚੁੱਪਚਾਪ ਸਿਰ ਝੁਕਾਇਆ। ਉਸਦੇ ਨਿੱਕੇ-ਨਿੱਕੇ ਬੁੱਲ੍ਹਾਂ ਵਿਚੋਂ  ਕੁਝ ਸ਼ਬਦ ਫੁੱਟੇ, “ ਇਸ ਘਰ ’ਤੇ ਮੇਰਾ ਨਾਂ ਕਿਉਂ ਨਹੀਂ ਲਿਖਦਾ?”
                                                -0-

Sunday, February 20, 2011

ਹਿੰਦੀ / ਸ਼ੋਭਾ


 ਨੀਤਾ ਸਿੰਘ
ਲੰਮੇਂ ਅਰਸੇ ਤੋਂ ਅਣਗੌਲਿਆ ਪਿਆ ਕਾਲੋਨੀ ਦਾ ਪਾਰਕ ਸਾਫ ਹੋਣਾ ਸ਼ੁਰੂ ਹੋ ਗਿਆ ਸੀ। ਪਾਰਕ ਦੇ ਆਸਪਾਸ ਰਹਿਣ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਕਿ ਪਾਰਕ ਜੰਗਲ ਵਿਚ ਤਬਦੀਲ ਹੋਣ ਤੋਂ ਬਚ ਗਿਆ। ਗੰਦਗੀ ਵੱਖਰੀ ਫੈਲ ਰਹੀ ਸੀ। ਹੌਲੀ-ਹੌਲੀ ਸਾਫ ਹੋਣ ਤੋਂ ਬਾਦ ਹੁਣ ਉਹ ਇਕ ਸੁੰਦਰ ਪਾਰਕ ਵਿਚ ਬਦਲ ਗਿਆ, ਜਿਸ ਮਕਸਦ ਲਈ ਉਸਨੂੰ ਬਣਾਇਆ ਗਿਆ ਸੀ। ਫੁੱਲ-ਪੌਦੇ, ਘਾਹ ਤੇ ਝੂਲੇ ਸਭ ਉੱਥੇ ਲੱਗ ਗਏ।
ਬੱਚਿਆਂ ਦੀ ਮੌਜ ਲੱਗ ਗਈ। ਸ਼ਾਮ ਹੁੰਦੇ ਹੀ ਆਸਪਾਸ ਦੀਆਂ ਕਾਲੋਨੀਆਂ ਦੇ ਬੱਚੇ ਵੀ ਉੱਥੇ ਇਕੱਠੇ ਹੋਣ ਲੱਗੇ।
ਪਾਰਕ ਦੇ ਕੋਲ ਰਹਿਣ ਵਾਲੀ ਇਕ ਔਰਤ ਨੂੰ ਬਾਹਰਲੇ ਬੱਚਿਆਂ ਦਾ ਪਾਰਕ ਵਿਚ ਆਉਣਾ ਚੰਗਾ ਨਹੀਂ ਲੱਗਾ। ਉਹ ਬੋਲੀ, “ਪਾਰਕ ਵਿਚ ਸ਼ਾਮ ਨੂੰ ਇਹ ਐਲ.ਆਈ.ਜੀ ਵੱਲੋਂ ਬੱਚੇ ਕਿਉਂ ਆਉਂਦੇ ਹਨ? ਉੱਧਰ ਛੋਟੇ ਲੋਕ ਰਹਿੰਦੇ ਹਨ, ਉਨ੍ਹਾਂ ਬੱਚਿਆਂ ਦੀ ਸੰਗਤ ’ਚ ਸਾਡੇ ਬੱਚੇ ਕੀ ਸਿੱਖਣਗੇ? ਹੋਰ ਤਾਂ ਹੋਰ, ਹੁਣ ਤਾਂ ਝੌਂਪੜੀਆਂ ਵਿਚ ਰਹਿਣ ਵਾਲੇ ਬੱਚੇ ਵੀ ਪਾਰਕ ਵਿਚ ਆਉਣ ਲੱਗੇ ਹਨ।”
ਕੁੱਝ ਔਰਤਾਂ ਨੂੰ ਉਹਨਾਂ ਦੀ ਗੱਲ ਸਮਝ ਨਹੀਂ ਆ ਰਹੀ ਸੀ, ਆਖਰ ਬੱਚਿਆਂ ਵਿਚ ਕੈਸਾ ਭੇਦ ਭਾਵ। ਤੇ ਪਾਰਕ ਉੱਤੇ ਤਾਂ ਸਾਰੇ ਬੱਚਿਆਂ ਦਾ ਹੱਕ ਹੈ।
ਅਗਲੇ ਦਿਨ ਸ਼ਾਮ ਨੂੰ ਉਹ ਔਰਤ ਬਾਹਰਲੇ ਬੱਚਿਆਂ ਨੂੰ ਭਜਾਉਣ ਲਈ ਪਾਰਕ ਦੇ ਗੇਟ ਉੱਤੇ ਖੜੀ ਹੋ ਗਈ। ਤਦੇ ਬਹੁਤ ਸਾਰੇ ਬੱਚੇ ਇਕੱਠੇ ਸ਼ੋਰ ਮਚਾਉਂਦੇ ਹੋਏ ਆਏ। ਉਸ ਔਰਤ ਦੇ ਦੇਖਦੇ-ਦੇਖਦੇ ਹੀ ਉਹ ਭੱਜਦੇ ਹੋਏ ਪਾਰਕ ਵਿਚ ਦਾਖਲ ਹੋ ਚਾਰੇ ਪਾਸੇ ਫੈਲ ਗਏ। ਖੇਡ ਰਹੇ ਬੱਚਿਆਂ ਨਾਲ ਪਾਰਕ ਦੀ ਸ਼ੋਭਾ ਦੇਖਦੇ ਹੀ ਬਣਦੀ ਸੀ।
                                                -0-

Thursday, February 3, 2011

ਹਿੰਦੀ / ਸਕੂਲ

ਸੁਕੇਸ਼ ਸਾਹਨੀ
“ਤੈਨੂੰ ਦੱਸਿਆ ਨਾ, ਗੱਡੀ ਛੇ ਘੰਟੇ ਲੇਟ ਐ,” ਸਟੇਸ਼ਨ ਮਾਸਟਰ ਨੇ ਝੁੰਜਲਾਉਂਦੇ ਹੋਏ ਕਿਹਾ, “ਛੇ ਘੰਟੇ ਤੋਂ ਪਹਿਲਾਂ ਤਾਂ ਆਉਣ ਤੋਂ ਰਹੀ…ਕੱਲ੍ਹ ਦਾ ਨੱਕ ’ਚ ਦਮ ਕਰ ਰੱਖਿਐ ਤੂੰ!”
“ਬਾਊ ਜੀ, ਗੁੱਸੇ ਨਾ ਹੋਵੋ,” ਉਹ ਪੇਂਡੂ ਔਰਤ ਹੱਥ ਬੰਨ੍ਹ ਕੇ ਬੋਲੀ, “ਮੈਂ ਬਹੁਤ ਪ੍ਰੇਸ਼ਾਨ ਆਂ, ਮੇਰੇ ਪੁੱਤ ਨੂੰ ਘਰੋਂ ਗਏ ਤਿੰਨ ਦਿਨ ਹੋਗੇ…ਉਨ੍ਹੇ ਕੱਲ ਈ ਆ ਜਾਣਾ ਸੀ। ਪਹਿਲੀ ਵਾਰ ਘਰੋਂ ’ਕੱਲਾ ਬਾਹਰ ਨਿਕਲਿਐ।”
“ਪਰ ਤੂੰ ਬੱਚੇ ਨੂੰ ’ਕੱਲਾ ਭੇਜਿਆ ਈ ਕਿਉਂ?” ਔਰਤ ਦੀ ਗਿੜਗਿੜਾਹਟ ਤੋਂ ਪਸੀਜਦੇ ਹੋਏ ਉਹਨੇ ਪੁੱਛ ਲਿਆ।
“ਮੱਤ ਮਾਰੀ ਗਈ ਸੀ ਮੇਰੀ,” ਉਹ ਰੋਣਹੱਕੀ ਹੋ ਗਈ, “ਮੁੰਡੇ ਦਾ ਪਿਓ ਹੈ ਨਹੀਂ । ਮੈਂ ਦਰੀਆਂ ਬੁਣ ਕੇ ਘਰ ਦਾ ਖਰਚ ਚਲਾਉਨੀ ਐਂ। ਪਿਛਲੇ ਕਈ ਦਿਨਾਂ ਦਾ ਕੰਮ ਕਰਨ ਦੀ ਜਿੱਦ ਕਰ ਰਿਹਾ ਸੀ। ਟੋਕਰੀ ਭਰ ਛੋਲੇ ਲੈ ਕੇ ਗਿਐ ਘਰੋਂ।”
“ਘਬਰਾ ਨਾ…ਆ ਜੂਗਾ। ” ਉਹਨੇ ਤਸੱਲੀ ਦਿੱਤੀ।
“ਬਾਊ ਜੀ, ਉਹ ਬੜਾ ਭੋਲਾ ਐ। ਉਹਨੂੰ ਰਾਤ ਨੂੰ ਕੱਲਿਆਂ ਨੀਂਦ ਵੀ ਨਹੀਂ ਔਂਦੀ…ਮੇਰੇ ਨਾਲ ਈ ਸੌਂਦੈ। ਹੇ ਰੱਬਾ!…ਦੋ ਰਾਤਾਂ ਉਹਨੇ ਕਿਵੇਂ ਕੱਟੀਆਂ ਹੋਣਗੀਆਂ? ਏਨੀ ਠੰਡ ’ਚ ਉਹਦੇ ਕੋਲ ਗਰਮ ਕਪੜੇ ਵੀ ਨਹੀਂ।…” ਉਹ ਡੁਸਕਣ ਲੱਗੀ।
ਸਟੇਸ਼ਨ ਮਾਸਟਰ ਫਿਰ ਆਪਣੇ ਕੰਮ ਵਿਚ ਲੱਗ ਗਿਆ ਸੀ। ਉਹ ਬੇਚੈਨੀ ਨਾਲ ਪਲੇਟਫਾਰਮ ਉੱਪਰ ਘੁੰਮਨ ਲੱਗੀ। ਪਿੰਡ ਦੇ ਇਸ ਛੋਟੇ ਜਿਹੇ ਸਟੇਸ਼ਨ ਉੱਤੇ ਚਾਰੇ ਪਾਸੇ ਚੁੱਪ-ਚਾਂ ਅਤੇ ਹਨੇਰਾ ਛਾਇਆ ਹੋਇਆ ਸੀ। ਉਹਨੇ ਮਨ ਹੀ ਮਨ ਫ਼ੈਸਲਾ ਕਰ ਲਿਆ ਸੀ ਕਿ ਭਵਿੱਖ ਵਿਚ ਉਹ ਆਪਣੇ ਪੁੱਤਰ ਨੂੰ ਕਦੇ ਵੀ ਆਪਣੇ ਤੋਂ ਦੂਰ ਨਹੀਂ ਜਾਣ ਦੇਵੇਗੀ।
ਅੰਤ ਪਸੰਜਰ ਗੱਡੀ ਸ਼ੋਰ ਮਚਾਉਂਦੀ ਹੋਈ ਉਸ ਸੁੰਨਸਾਨ ਸਟੇਸ਼ਨ ਉੱਤੇ ਆ ਖੜੀ ਹੋਈ। ਉਹ ਸਾਹ ਰੋਕੀ, ਅੱਖਾਂ ਪਾੜ ਕੇ ਡੱਬਿਆਂ ਵੱਲ ਦੇਖ ਰਹੀ ਸੀ।
ਇਕ ਆਕਾਰ ਦੌੜਦਾ ਹੋਇਆ ਉਸ ਕੋਲ ਆਇਆ। ਨਜ਼ਦੀਕ ਤੋਂ ਉਹਨੇ ਦੇਖਿਆ–ਤਣੀ ਹੋਈ ਗਰਦਨ, ਵੱਡੀਆਂ-ਵੱਡੀਆਂ ਆਤਮ ਵਿਸ਼ਵਾਸ਼ ਨਾਲ ਭਰੀਆਂ ਅੱਖਾਂ, ਕੱਸੇ ਹੋਏ ਜਬਾੜੇ ਤੇ ਬੁੱਲ੍ਹਾਂ ਉਪਰ ਬਰੀਕ ਮੁਸਕਾਨ…।
“ਮਾਂ, ਤੈਨੂੰ ਏਨੀ ਰਾਤ ਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ!” ਆਪਣੇ ਪੁੱਤਰ ਦੀ ਗੰਭੀਰ ਤੇ ਚਿੰਤਾ ਭਰੀ ਆਵਾਜ਼ ਉਸ ਦੇ ਕੰਨਾਂ ਵਿਚ ਪਈ।
ਉਹ ਹੈਰਾਨ ਰਹਿ ਗਈ। ਉਹਨੂੰ ਆਪਣੀਆਂ ਅੱਖਾਂ ਉੱਤੇ ਵਿਸ਼ਵਾਸ ਨਹੀਂ ਸੀ ਆ ਰਿਹਾ– ਇਨ੍ਹਾਂ ਤਿੰਨਾਂ ਦਿਨਾਂ ’ਚ ਪੁੱਤਰ ਏਨਾ ਵੱਡਾ ਕਿਵੇਂ ਹੋ ਗਿਆ?
-0-