Thursday, March 24, 2011

ਹਿੰਦੀ/ ਪਗਡ਼ੀ


 ਸੀਤਾ ਰਾਮ ਗੁਪਤਾ
ਭਰਾ ਈਸ਼ਵਰਦਿਆਲ ਨੇ ਫੋਨ ਉੱਤੇ ਫੁੱਫਡ਼ ਜੀ ਦੀ ਮੌਤ ਦੀ ਸੂਚਨਾ ਦਿੱਤੀ, ਭਰਾ ਅਸ਼ੋਕ! ਪਿਤਾ ਜੀ ਨਹੀਂ ਰਹੇ। ਕੱਲ੍ਹ ਤੇਰ੍ਹਵੀਂ ਐ। ਅਖੀਰਲੇ ਦਿਨੀਂ ਪਿਤਾ ਜੀ ਤੈਨੂੰ ਬਹੁਤ ਯਾਦ ਕਰਦੇ ਰਹੇ। ਉਨ੍ਹਾਂ ਨੇ ਕਈ ਵਾਰ ਕਿਹਾ ਕਿ ਅਸ਼ੋਕ ਨੂੰ ਬੁਲਾ ਦਿਓ, ਉਸ ਨੂੰ ਮਿਲਣ ਨੂੰ ਬਹੁਤ ਜੀਅ ਕਰਦੈ। ਪਰ ਤੇਰਾ ਫੋਨ ਨੰਬਰ ਈ ਨਹੀਂ ਮਿਲਿਆ। ਅੱਜ ਕਿਸੇ ਤਰ੍ਹਾਂ ਮਿਲਿਐ ਤੇਰਾ ਨੰਬਰ। ਖੈਰ, ਜਿਵੇਂ ਪ੍ਰਭੂ ਦੀ ਇੱਛਾ। ਅੱਛਾ, ਸਾਡੀ ਭੂਆ ਦੇ ਮੁੰਡੇ ਜੈ ਪ੍ਰਕਾਸ਼ ਨੂੰ ਤਾਂ ਜਾਣਦਾ ਈ ਐਂ ਨਾ, ਉਸਦਾ ਨੰਬਰ ਵੀ ਨਹੀਂ ਮਿਲ ਰਿਹਾ। ਜੇਕਰ ਤੇਰੇ ਕੋਲ ਕਿਤੇ ਲਿਖਿਆ ਹੋਵੇ ਤਾਂ ਜਰਾ ਦੇਖੀਂ।
ਮੈਂ ਡਾਇਰੀ ਦੇਖ ਕੇ ਜੈ ਪ੍ਰਕਾਸ਼ ਦਾ ਪਤਾ ਤੇ ਫੋਨ ਨੰਬਰ ਭਰਾ ਈਸ਼ਵਰਦਿਆਲ ਨੂੰ ਲਿਖਵਾ ਦਿੱਤੇ। ਫੁੱਫਡ਼ ਜੀ ਦਾ ਮੇਰੇ ਨਾਲ ਬਹੁਤ ਮੋਹ ਸੀ। ਉਹਨਾਂ ਨੂੰ ਆਖਰੀ ਸਮੇਂ ਨਾ ਮਿਲ ਸਕਣ ਦਾ ਦੁੱਖ ਹੋਇਆ, ਪਰ ਇਸ ਤੋਂ ਵੀ ਜ਼ਿਆਦਾ ਦੁੱਖ ਇਸ ਗੱਲ ਦਾ ਹੋਇਆ ਭਰਾਵਾਂ ਨੇ ਮੈਨੂੰ ਸੱਦਿਆ ਕਿਉਂ ਨਹੀਂ। ਭੂਆ ਜੀ ਦਾ ਘਰ ਮੁਸ਼ਕਿਲ ਨਾਲ ਪੰਦਰਾਂ-ਸੋਲਾਂ ਕਿਲੋਮੀਟਰ ਦੀ ਦੂਰੀ ਤੇ ਹੈ। ਭੂਆ ਜੀ ਦੇ ਪੰਜ ਮੁੰਡੇ ਤੇ ਤਿੰਨ ਕੁਡ਼ੀਆਂ ਹਨ। ਆਉਣ ਜਾਣ ਵੀ ਰਹਿੰਦਾ ਹੈ। ਜਦੋਂ ਫੁੱਫਡ਼ ਜੀ ਦੀ ਮੈਨੂੰ ਮਿਲਮ ਦੀ ਇੰਨੀ ਹੀ ਇੱਛਾ ਸੀ ਤੇ ਮੇਰਾ ਫੋਨ ਨੰਬਰ ਉਹਨਾਂ ਨੂੰ ਨਹੀਂ ਮਿਲ ਰਿਹਾ ਸੀ ਤਾਂ ਕੋਈ ਭਰਾ ਆ ਕੇ ਮੈਨੂੰ ਸੱਦ ਕੇ ਨਹੀਂ ਲਿਜਾ ਸਕਦਾ ਸੀ।
ਅਸੀਂ ਪਰਿਵਾਰ ਸਹਿਤ ਤੇਰ੍ਹਵੀਂ ਉੱਤੇ ਪਹੁੰਚੇ। ਵੱਡਾ ਹੋਣ ਦੇ ਨਾਤੇ ਈਸ਼ਵਰਦਿਆਲ ਦੇ ਪਗਡ਼ੀ ਬੰਨ੍ਹੀਂ ਗਈ। ਰਸਮ ਪਗਡ਼ੀ ਤੋਂ ਬਾਦ ਹੌਲੇ ਹੌਲੇ ਸਾਰੇ ਲੋਕ ਚਲੇ ਗਏ। ਅਸੀਂ ਵੀ ਚੱਲਣ ਦੀ ਤਿਆਰੀ ਕਰ ਹੀ ਰਹੇ ਸੀ ਕਿ ਈਸ਼ਵਰਦਿਆਲ ਨੇ ਆਪਣੇ ਸਾਰੇ ਭਰਾਵਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ, ਦੇਖੋ, ਇੱਕ ਇਹ ਅਸ਼ੋਕ ਹੈ, ਜਿਸ ਕੋਲ ਤੁਹਾਡੇ ਸਾਰੇ ਰਿਸ਼ਤੇਦਾਰਾਂ ਦੇ ਫੋਨ ਨੰਬਰ ਤੇ ਪਤੇ ਹਨ। ਤੇ ਇਕ ਤੁਸੀਂ ਹੋ ਕਿ ਆਪਣੇ ਮਾਮੇ ਦੇ ਪਰਿਵਾਰ ਦਾ ਨੰਬਰ ਵੀ ਨਹੀਂ ਹੈ ਤੁਹਾਡੇ ਕੋਲ। ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ।
ਮੈਂ ਭਰਾ ਦੀਨਦਿਆਲ ਦੇ ਸਿਰ ਉੱਤੇ ਰੱਖੀ ਪਗਡ਼ੀ ਨੂੰ ਦੇਖ ਰਿਹਾ ਸੀ ਜੋ ਢੰਗ ਨਾਲ ਨਾ ਬੰਨ੍ਹੇ ਜਾਣ ਕਾਰਨ ਸਰਕ ਕੇ ਕਾਫੀ ਥੱਲੇ ਆ ਗਈ ਸੀ। ਪਗਡ਼ੀ ਮੇਰੇ ਦੇਖਦੇ ਦੇਖਦੇ ਇਕ ਝਟਕੇ ਨਾਲ ਖੁੱਲਕੇ  ਹੇਠਾਂ ਡਿੱਗ ਪਈ। ਈਸ਼ਵਰਦਿਆਲ ਨੇ ਲਾਪਰਵਾਹੀ ਨਾਲ ਪਗਡ਼ੀ ਨੂੰ ਉਠਾਕੇ ਖੂੰਜੇ ਵਿਚ ਪਏ ਮੈਲੇ ਕਪਡ਼ਿਆਂ ਉੱਤੇ ਸੁੱਟ ਦਿੱਤਾ।
                                            -0-

No comments: