Tuesday, March 1, 2011

ਹਿੰਦੀ / ਘਰੌਂਦਾ


 ਰਾਜਿੰਦਰ ਕੁਮਾਰ ਕਨੌਜੀਆ(ਡਾ.)
ਸਮੁੰਦਰ ਕਿਨਾਰੇ ਚਾਰੇ ਪਾਸੇ ਭੀੜ ਸੀ। ਸਾਰੇ ਆਪਣੇ-ਆਪਣੇ ਕੰਮ ਵਿਚ ਰੁੱਝੇ ਸਨ। ਦੋ ਬੱਚੇ, ਇਕ ਲਗਭਗ ਚਾਰ-ਪੰਜ ਸਾਲ ਦੀ ਕੁੜੀ ਤੇ ਦੂਜਾ ਪੰਜ ਕੁ ਸਾਲ ਦਾ ਮੁੰਡਾ। ਮੁੰਡਾ ਗਿੱਲੀ ਰੇਤਾ ਵਿਚ ਹੱਥ ਫਸਾ-ਫਸਾ ਕੇ ਘਰੌਂਦਾ ਬਣਾ ਰਿਹਾ ਸੀ। ਕੁੜੀ ਚੁੱਪਚਾਪ ਉਸ ਨੂੰ ਦੇਖ ਰਹੀ ਸੀ। ਘਰੌਂਦਾ ਬਣਾ ਕੇ ਮੁੰਡੇ ਨੇ ਉਸ ਉੱਤੇ ਆਪਣਾ ਨਾਂ ਲਿਖ ਦਿੱਤਾ।
ਕਿਉਂ, ਚੰਗਾ ਬਣਿਐ ਨਾ ਮੇਰਾ ਘਰ?ਮੁੰਡੇ ਨੇ ਕੁੜੀ ਨੂੰ ਪੁੱਛਿਆ।
ਕੁੜੀ ਥੋੜੀ ਦੇਰ ਚੁੱਪ ਰਹੀ, ਫਿਰ ਉਸਨੇ ਇਕੋ ਝਟਕੇ ਨਾਲ ਪੈਰ ਮਾਰ ਕੇ ਘਰੌਂਦਾ ਮਿਟਾ ਦਿੱਤਾ। ਮੁੰਡੇ ਦੀ ਸਮਝ ਵਿਚ ਕੁਝ ਨਹੀਂ ਆਇਆ। ਉਸਨੇ ਫਿਰ ਤੋਂ ਘਰੌਂਦਾ ਬਣਾਉਣਾ ਸ਼ੁਰੂ ਕਰ ਦਿੱਤਾ। ਘਰੌਂਦਾ ਬਣਾ ਲਿਆ, ਉਸ ਉੱਤੇ ਆਪਣਾ ਨਾਂ ਲਿਖਿਆ ਤੇ ਫਿਰ ਤੋਂ ਕੁੜੀ ਨੂੰ ਪੁੱਛਿਆ, ਕਿਉਂ, ਚੰਗਾ ਬਣਿਐ ਨਾ ਮੇਰਾ ਘਰ?
ਕੁੜੀ ਨੇ ਫਿਰ ਚੁੱਪਚਾਪ ਥੋੜੀ ਦੇਰ ਦੇਖਿਆ ਤੇ ਫਿਰ ਤੋਂ ਘਰੌਂਦਾ ਤੋੜ ਦਿੱਤਾ।
ਮੁੰਡੇ ਨੇ ਹਾਰ ਨਹੀਂ ਮੰਨੀ । ਇਸ ਵਾਰ ਉਸਨੇ ਬੜੀ ਮਿਹਨਤ ਨਾਲ ਇਕ ਹੋਰ ਘਰੌਂਦਾ ਬਣਾਇਆ, ਪਹਿਲਾਂ ਤੋਂ ਵੀ ਸੁੰਦਰ। ਫਿਰ ਉਸਨੇ ਕੁੜੀ ਵੱਲ ਦੇਖਿਆ ਤੇ ਪ੍ਰਸ਼ਨ ਕੀਤਾ, ਕਿਹੋ ਜਿਆ ਬਣਿਐ ਮੇਰਾ ਘਰ?
ਪਰੰਤੂ ਇਸ ਵਾਰ ਘਰੌਂਦਾ ਤੋੜਨ ਲਈ ਉੱਠੇ ਕੁੜੀ ਦੇ ਹੱਥ ਫੜ ਲਏ ਉਸਨੇ, ਕਿਉਂ ਤੋੜਦੀ ਐਂ ਮੇਰਾ ਘਰ?
ਕੁੜੀ ਨੇ ਨਿਰਦੋਸ਼ ਭਾਵ ਨਾਲ ਉਸਨੂੰ ਦੇਖਿਆ। ਉਸਦੀਆਂ ਅੱਖਾਂ ਵਿਚ ਹੰਝੂ ਭਰ ਆਏ। ਉਸਨੇ ਚੁੱਪਚਾਪ ਸਿਰ ਝੁਕਾਇਆ। ਉਸਦੇ ਨਿੱਕੇ-ਨਿੱਕੇ ਬੁੱਲ੍ਹਾਂ ਵਿਚੋਂ  ਕੁਝ ਸ਼ਬਦ ਫੁੱਟੇ, ਇਸ ਘਰ ’ਤੇ ਮੇਰਾ ਨਾਂ ਕਿਉਂ ਨਹੀਂ ਲਿਖਦਾ?
                                                -0-

No comments: