Friday, March 18, 2011

ਹਿੰਦੀ/ ਕੁੰਡਲੀ


ਬਲਰਾਮ ਅਗਰਵਾਲ
ਕੁਡ਼ੀ ਦੇ ਪਿਉ ਨੇ ਬੇਟੀ ਦਾ ਬਾਇਓ-ਡਾਟਾ ਤੇ ਫੋਟੋ ਮੁੰਡੇ ਦੀ ਮਾਂ ਦੇ ਹੱਥ ਵਿਚ ਫਡ਼ਾ ਦਿੱਤੇ। ਮੁੰਡੇ ਦੀ ਮਾਂ ਨੇ ਫੋਟੋ ਆਪਣੇ ਕੋਲ ਰੱਖ ਕੇ ਬਾਇਓ-ਡਾਟਾ ਪਤਿ ਵੱਲ ਵਧਾ ਦਿੱਤਾ। ਪਤੀ ਨੇ ਸਰਸਰੀ ਤੌਰ ਉੱਤੇ ਉਸਨੂੰ ਪਡ਼੍ਹਿਆ ਤੇ ਕੁਡ਼ੀ ਦੇ ਪਿਉ ਨੂੰ ਪੁੱਛਿਆ, ਕੁੰਡਲੀ ਲਿਆਏ ਓਂ?
ਹਾਂ ਜੀ, ਉਹ ਤਾਂ ਹਰ ਵੇਲੇ ਮੈਂ ਆਪਣੇ ਨਾਲ ਰੱਖਦਾ ਹਾਂ।ਕੁਡ਼ੀ ਦਾ ਪਿਉ ਬੋਲਿਆ।
ਉਹ ਵੀ ਦੇ ਜਾਓ।
ਸੌਰੀ ਭਾਈ ਸਾਹਬ! ਮੈਂ ਉਹ ਦੇ ਕੇ ਨਹੀਂ ਜਾ ਸਕਦਾ। ਜਿਸ ਪੰਡਤ ਤੋਂ ਤੁਸੀਂ ਉਹ ਮਿਲਵਾਉਣੀ ਹੈ, ਉਸਨੂੰ ਇੱਥੇ ਬੁਲਾ ਲਓ ਜਾਂ ਫਿਰ ਮੈਨੂੰ ਉਸ ਕੋਲ ਲੈ ਚੱਲੋ।
ਮੁੰਡੇ ਦੇ ਮਾਂ-ਪਿਉ ਨੂੰ ਉਹਨਾਂ ਦੀ ਇਹ ਗੱਲ ਇਕਦਮ ਅਟਪਟੀ ਲੱਗੀ। ਉਹ ਹੈਰਾਨੀ ਨਾਲ ਉਸ ਵੱਲ ਦੇਖਣ ਲੱਗੇ।
ਉਂਜ ਜਦੋਂ ਤੋਂ ਬੇਟੀ ਲਈ ਮੁੰਡੇ ਦੀ ਭਾਲ ’ਚ ਨਿਕਲਣਾ ਸ਼ੁਰੂ ਕੀਤਾ ਹੈ, ਮੈਂ ਆਪਣੀ ਕੁੰਡਲੀ ਵੀ ਨਾਲ ਰੱਖ ਲੈਂਦਾ ਹਾਂ। ਕੁਡ਼ੀ ਦੇ ਪਿਉ ਨੇ ਉਹਨਾਂ ਦੇ ਚਿਹਰਿਆਂ ਦੀ ਭਾਸ਼ਾ ਨੂੰ ਪਡ਼੍ਹਦੇ ਹੋਏ ਕਿਹਾ, ਤੁਸੀਂ ਆਪਣੀ ਕੁੰਡਲੀ ਖੋਲ੍ਹ ਕੇ ਮੇਜ ’ਤੇ ਰੱਖੋ, ਮੈਂ ਵੀ ਆਪਣੀ ਕੁੰਡਲੀ ਤੁਹਾਡੇ ਸਾਹਮਣੇ ਰੱਖ ਦਿੰਦਾ ਹਾਂ। ਜੇਕਰ ਸਾਡੀਆਂ ਕੁੰਡਲੀਆਂ ਆਪਸ ਵਿਚ ਮੇਲ ਖਾ ਗਈਆਂ ਤਾਂ ਮੈਨੂੰ ਵਿਸ਼ਵਾਸ ਹੈ ਕਿ ਬੱਚਿਆਂ ਦੀਆਂ ਕੁੰਡਲੀਆਂ ਵੀ ਮਿਲ ਹੀ ਜਾਣਗੀਆਂ।
ਇੰਨਾ ਕਹਿ ਕੇ ਉਸਨੇ ਆਪਣੀ ਜੇਬ ਵਿਚ ਹੱਥ ਪਾਇਆ ਤੇ ਬੇਟੀ ਦੇ ਵਿਆਹ ਉੱਤੇ ਖਰਚ ਕੀਤੇ ਜਾਣ ਵਾਲੀ ਰਕਮ ਸਬੰਧੀ ਲਿਖਿਆ ਕਾਗਜ਼ ਦਾ ਇਕ ਪੁਰਜਾ ਸੋਫੇ ਉੱਤੇ ਕੁੰਡਲੀ ਮਾਰੀ ਬੈਠੇ ਮੁੰਡੇ ਦੇ ਮਾਂ-ਪਿਉ ਵੱਲ ਵਧਾ ਦਿੱਤਾ।
                                                  -0-

No comments: