Sunday, February 20, 2011

ਹਿੰਦੀ / ਸ਼ੋਭਾ


 ਨੀਤਾ ਸਿੰਘ
ਲੰਮੇਂ ਅਰਸੇ ਤੋਂ ਅਣਗੌਲਿਆ ਪਿਆ ਕਾਲੋਨੀ ਦਾ ਪਾਰਕ ਸਾਫ ਹੋਣਾ ਸ਼ੁਰੂ ਹੋ ਗਿਆ ਸੀ। ਪਾਰਕ ਦੇ ਆਸਪਾਸ ਰਹਿਣ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਕਿ ਪਾਰਕ ਜੰਗਲ ਵਿਚ ਤਬਦੀਲ ਹੋਣ ਤੋਂ ਬਚ ਗਿਆ। ਗੰਦਗੀ ਵੱਖਰੀ ਫੈਲ ਰਹੀ ਸੀ। ਹੌਲੀ-ਹੌਲੀ ਸਾਫ ਹੋਣ ਤੋਂ ਬਾਦ ਹੁਣ ਉਹ ਇਕ ਸੁੰਦਰ ਪਾਰਕ ਵਿਚ ਬਦਲ ਗਿਆ, ਜਿਸ ਮਕਸਦ ਲਈ ਉਸਨੂੰ ਬਣਾਇਆ ਗਿਆ ਸੀ। ਫੁੱਲ-ਪੌਦੇ, ਘਾਹ ਤੇ ਝੂਲੇ ਸਭ ਉੱਥੇ ਲੱਗ ਗਏ।
ਬੱਚਿਆਂ ਦੀ ਮੌਜ ਲੱਗ ਗਈ। ਸ਼ਾਮ ਹੁੰਦੇ ਹੀ ਆਸਪਾਸ ਦੀਆਂ ਕਾਲੋਨੀਆਂ ਦੇ ਬੱਚੇ ਵੀ ਉੱਥੇ ਇਕੱਠੇ ਹੋਣ ਲੱਗੇ।
ਪਾਰਕ ਦੇ ਕੋਲ ਰਹਿਣ ਵਾਲੀ ਇਕ ਔਰਤ ਨੂੰ ਬਾਹਰਲੇ ਬੱਚਿਆਂ ਦਾ ਪਾਰਕ ਵਿਚ ਆਉਣਾ ਚੰਗਾ ਨਹੀਂ ਲੱਗਾ। ਉਹ ਬੋਲੀ, ਪਾਰਕ ਵਿਚ ਸ਼ਾਮ ਨੂੰ ਇਹ ਐਲ.ਆਈ.ਜੀ ਵੱਲੋਂ ਬੱਚੇ ਕਿਉਂ ਆਉਂਦੇ ਹਨ? ਉੱਧਰ ਛੋਟੇ ਲੋਕ ਰਹਿੰਦੇ ਹਨ, ਉਨ੍ਹਾਂ ਬੱਚਿਆਂ ਦੀ ਸੰਗਤ ’ਚ ਸਾਡੇ ਬੱਚੇ ਕੀ ਸਿੱਖਣਗੇ? ਹੋਰ ਤਾਂ ਹੋਰ, ਹੁਣ ਤਾਂ ਝੌਂਪੜੀਆਂ ਵਿਚ ਰਹਿਣ ਵਾਲੇ ਬੱਚੇ ਵੀ ਪਾਰਕ ਵਿਚ ਆਉਣ ਲੱਗੇ ਹਨ।
ਕੁੱਝ ਔਰਤਾਂ ਨੂੰ ਉਹਨਾਂ ਦੀ ਗੱਲ ਸਮਝ ਨਹੀਂ ਆ ਰਹੀ ਸੀ, ਆਖਰ ਬੱਚਿਆਂ ਵਿਚ ਕੈਸਾ ਭੇਦ ਭਾਵ। ਤੇ ਪਾਰਕ ਉੱਤੇ ਤਾਂ ਸਾਰੇ ਬੱਚਿਆਂ ਦਾ ਹੱਕ ਹੈ।
ਅਗਲੇ ਦਿਨ ਸ਼ਾਮ ਨੂੰ ਉਹ ਔਰਤ ਬਾਹਰਲੇ ਬੱਚਿਆਂ ਨੂੰ ਭਜਾਉਣ ਲਈ ਪਾਰਕ ਦੇ ਗੇਟ ਉੱਤੇ ਖੜੀ ਹੋ ਗਈ। ਤਦੇ ਬਹੁਤ ਸਾਰੇ ਬੱਚੇ ਇਕੱਠੇ ਸ਼ੋਰ ਮਚਾਉਂਦੇ ਹੋਏ ਆਏ। ਉਸ ਔਰਤ ਦੇ ਦੇਖਦੇ-ਦੇਖਦੇ ਹੀ ਉਹ ਭੱਜਦੇ ਹੋਏ ਪਾਰਕ ਵਿਚ ਦਾਖਲ ਹੋ ਚਾਰੇ ਪਾਸੇ ਫੈਲ ਗਏ। ਖੇਡ ਰਹੇ ਬੱਚਿਆਂ ਨਾਲ ਪਾਰਕ ਦੀ ਸ਼ੋਭਾ ਦੇਖਦੇ ਹੀ ਬਣਦੀ ਸੀ।
                                                -0-

No comments: