Thursday, February 3, 2011

ਹਿੰਦੀ / ਸਕੂਲ

ਸੁਕੇਸ਼ ਸਾਹਨੀ
“ਤੈਨੂੰ ਦੱਸਿਆ ਨਾ, ਗੱਡੀ ਛੇ ਘੰਟੇ ਲੇਟ ਐ,” ਸਟੇਸ਼ਨ ਮਾਸਟਰ ਨੇ ਝੁੰਜਲਾਉਂਦੇ ਹੋਏ ਕਿਹਾ, “ਛੇ ਘੰਟੇ ਤੋਂ ਪਹਿਲਾਂ ਤਾਂ ਆਉਣ ਤੋਂ ਰਹੀ…ਕੱਲ੍ਹ ਦਾ ਨੱਕ ’ਚ ਦਮ ਕਰ ਰੱਖਿਐ ਤੂੰ!”
“ਬਾਊ ਜੀ, ਗੁੱਸੇ ਨਾ ਹੋਵੋ,” ਉਹ ਪੇਂਡੂ ਔਰਤ ਹੱਥ ਬੰਨ੍ਹ ਕੇ ਬੋਲੀ, “ਮੈਂ ਬਹੁਤ ਪ੍ਰੇਸ਼ਾਨ ਆਂ, ਮੇਰੇ ਪੁੱਤ ਨੂੰ ਘਰੋਂ ਗਏ ਤਿੰਨ ਦਿਨ ਹੋਗੇ…ਉਨ੍ਹੇ ਕੱਲ ਈ ਆ ਜਾਣਾ ਸੀ। ਪਹਿਲੀ ਵਾਰ ਘਰੋਂ ’ਕੱਲਾ ਬਾਹਰ ਨਿਕਲਿਐ।”
“ਪਰ ਤੂੰ ਬੱਚੇ ਨੂੰ ’ਕੱਲਾ ਭੇਜਿਆ ਈ ਕਿਉਂ?” ਔਰਤ ਦੀ ਗਿੜਗਿੜਾਹਟ ਤੋਂ ਪਸੀਜਦੇ ਹੋਏ ਉਹਨੇ ਪੁੱਛ ਲਿਆ।
“ਮੱਤ ਮਾਰੀ ਗਈ ਸੀ ਮੇਰੀ,” ਉਹ ਰੋਣਹੱਕੀ ਹੋ ਗਈ, “ਮੁੰਡੇ ਦਾ ਪਿਓ ਹੈ ਨਹੀਂ । ਮੈਂ ਦਰੀਆਂ ਬੁਣ ਕੇ ਘਰ ਦਾ ਖਰਚ ਚਲਾਉਨੀ ਐਂ। ਪਿਛਲੇ ਕਈ ਦਿਨਾਂ ਦਾ ਕੰਮ ਕਰਨ ਦੀ ਜਿੱਦ ਕਰ ਰਿਹਾ ਸੀ। ਟੋਕਰੀ ਭਰ ਛੋਲੇ ਲੈ ਕੇ ਗਿਐ ਘਰੋਂ।”
“ਘਬਰਾ ਨਾ…ਆ ਜੂਗਾ। ” ਉਹਨੇ ਤਸੱਲੀ ਦਿੱਤੀ।
“ਬਾਊ ਜੀ, ਉਹ ਬੜਾ ਭੋਲਾ ਐ। ਉਹਨੂੰ ਰਾਤ ਨੂੰ ਕੱਲਿਆਂ ਨੀਂਦ ਵੀ ਨਹੀਂ ਔਂਦੀ…ਮੇਰੇ ਨਾਲ ਈ ਸੌਂਦੈ। ਹੇ ਰੱਬਾ!…ਦੋ ਰਾਤਾਂ ਉਹਨੇ ਕਿਵੇਂ ਕੱਟੀਆਂ ਹੋਣਗੀਆਂ? ਏਨੀ ਠੰਡ ’ਚ ਉਹਦੇ ਕੋਲ ਗਰਮ ਕਪੜੇ ਵੀ ਨਹੀਂ।…” ਉਹ ਡੁਸਕਣ ਲੱਗੀ।
ਸਟੇਸ਼ਨ ਮਾਸਟਰ ਫਿਰ ਆਪਣੇ ਕੰਮ ਵਿਚ ਲੱਗ ਗਿਆ ਸੀ। ਉਹ ਬੇਚੈਨੀ ਨਾਲ ਪਲੇਟਫਾਰਮ ਉੱਪਰ ਘੁੰਮਨ ਲੱਗੀ। ਪਿੰਡ ਦੇ ਇਸ ਛੋਟੇ ਜਿਹੇ ਸਟੇਸ਼ਨ ਉੱਤੇ ਚਾਰੇ ਪਾਸੇ ਚੁੱਪ-ਚਾਂ ਅਤੇ ਹਨੇਰਾ ਛਾਇਆ ਹੋਇਆ ਸੀ। ਉਹਨੇ ਮਨ ਹੀ ਮਨ ਫ਼ੈਸਲਾ ਕਰ ਲਿਆ ਸੀ ਕਿ ਭਵਿੱਖ ਵਿਚ ਉਹ ਆਪਣੇ ਪੁੱਤਰ ਨੂੰ ਕਦੇ ਵੀ ਆਪਣੇ ਤੋਂ ਦੂਰ ਨਹੀਂ ਜਾਣ ਦੇਵੇਗੀ।
ਅੰਤ ਪਸੰਜਰ ਗੱਡੀ ਸ਼ੋਰ ਮਚਾਉਂਦੀ ਹੋਈ ਉਸ ਸੁੰਨਸਾਨ ਸਟੇਸ਼ਨ ਉੱਤੇ ਆ ਖੜੀ ਹੋਈ। ਉਹ ਸਾਹ ਰੋਕੀ, ਅੱਖਾਂ ਪਾੜ ਕੇ ਡੱਬਿਆਂ ਵੱਲ ਦੇਖ ਰਹੀ ਸੀ।
ਇਕ ਆਕਾਰ ਦੌੜਦਾ ਹੋਇਆ ਉਸ ਕੋਲ ਆਇਆ। ਨਜ਼ਦੀਕ ਤੋਂ ਉਹਨੇ ਦੇਖਿਆ–ਤਣੀ ਹੋਈ ਗਰਦਨ, ਵੱਡੀਆਂ-ਵੱਡੀਆਂ ਆਤਮ ਵਿਸ਼ਵਾਸ਼ ਨਾਲ ਭਰੀਆਂ ਅੱਖਾਂ, ਕੱਸੇ ਹੋਏ ਜਬਾੜੇ ਤੇ ਬੁੱਲ੍ਹਾਂ ਉਪਰ ਬਰੀਕ ਮੁਸਕਾਨ…।
“ਮਾਂ, ਤੈਨੂੰ ਏਨੀ ਰਾਤ ਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ!” ਆਪਣੇ ਪੁੱਤਰ ਦੀ ਗੰਭੀਰ ਤੇ ਚਿੰਤਾ ਭਰੀ ਆਵਾਜ਼ ਉਸ ਦੇ ਕੰਨਾਂ ਵਿਚ ਪਈ।
ਉਹ ਹੈਰਾਨ ਰਹਿ ਗਈ। ਉਹਨੂੰ ਆਪਣੀਆਂ ਅੱਖਾਂ ਉੱਤੇ ਵਿਸ਼ਵਾਸ ਨਹੀਂ ਸੀ ਆ ਰਿਹਾ– ਇਨ੍ਹਾਂ ਤਿੰਨਾਂ ਦਿਨਾਂ ’ਚ ਪੁੱਤਰ ਏਨਾ ਵੱਡਾ ਕਿਵੇਂ ਹੋ ਗਿਆ?
-0-

No comments: