Monday, January 21, 2013

ਹਿੰਦੀ / ਉਪਯੋਗ



ਸਤੀਸ਼ ਦੁਬੇ (ਡਾ.)
ਖਰੀਦਦਾਰੀ ਕਰਦੇ ਹੋਏ ਮੈਂ ਸਾਰੇ ਰੁਪਏ ਖਰਚ ਕਰ ਚੁੱਕਾ ਸੀ, ਪਰ ਅੱਠ ਸਾਲ ਦੇ ਬੰਟੀ ਨੇ ਆਪਣੇ ਪੰਜਾਹ ਪੈਸੇ ਸੁਰੱਖਿਅਤ ਰੱਖ ਛੱਡੇ ਸਨ। ਪਲਾਸਟਿਕ ਦੇ ਖਿਡੌਣੇ ਲੈਣ ਤੋਂ ਨਾਂਹ ਕਰ ਦਿੱਤੀ ਕਿ ਕੋਈ ਪੈਰ ਰੱਖ ਦੇਵੇਗਾ ਤਾਂ ਟੁੱਟਕੇ ਚੂਰ-ਚੂਰ ਹੋ ਜਾਣਗੇ। ਕਾਗਜ ਦੇ ਫੁੱਲਾਂ ਨਾਲ ਸਜੇ ਹੋਏ ਗਮਲਿਆਂ ਉੱਤੇ ਉਹਦਾ ਮਨ ਆਇਆ, ਪਰ ਇਕ ਛਿਣ ਬਾਦ ਹੀ ਇਹ ਕਹਿਕੇ ਟਾਲ ਦਿੱਤਾ ਕਿ ਗਰਦਾ ਪੈਣ ਨਾਲ ਫੁੱਲ ਛੇਤੀ ਹੀ ਗੰਦੇ ਹੋ ਜਾਣਗੇ। ਫੁਟਪਾਥ ਉੱਤੇ ਸਿੱਪੀਆਂ ਦੀਆਂ ਬੱਤਖਾਂ ਦੀ ਦੁਕਾਨ ਲੱਗੀ ਸੀ, “ਵੀਹ ਪੈਸੇ ਦੀ ਇਕ…”
ਮੈਂ ਕਿਹਾ, “ਚਾਲੀਆਂ ਪੈਸਿਆਂ ਦਾ ਜੋੜਾ ਲੈ ਲੈ…।”
ਉਸ ਨੇ ਉਹਦੀ ਬਣਾਵਟ ਦੇਖੀ ਤੇ ਫੈਸਲਾ ਲਿਆ, “ਐਰਾਲਡਾਈਟ ਦੀ ਇਕ ਸ਼ੀਸ਼ੀ ਜੇਕਰ ਤੁਸੀਂ ਲਿਆ ਦਿਉਗੇ  ਤਾਂ ਮੈਂ ਆਪ ਈ ਬਣਾ ਲਵਾਂਗਾ, ਸਿੱਪੀਆਂ ਤਾਂ ਮੇਰੇ ਕੋਲ ਪਈਐਂ ।”
ਪਤ੍ਰਿਕਾਵਾਂ ਦੀ ਇਕ ਦੁਕਾਨ ਉੱਤੇ ਬੱਚਿਆਂ ਦੀਆਂ ਪਤ੍ਰਿਕਾਵਾਂ ਮੈਂ ਸੁਭਾਵਕ ਰੂਪ ਵਿਚ ਚੁੱਕੀਆਂ ਹੀ ਸਨ ਕਿ ਉਹ ਬੋਲ ਪਿਆ, “ਕਾਲੋਨੀ ਦੀ ਲਾਇਬਰੇਰੀ ’ਚ ਸਾਰੇ ਮੈਗਜ਼ੀਨ ਆਉਂਦੇ ਹਨ, ਖਰੀਦਣ ਦਾ ਕੀ ਲਾਭ ਐ?”
ਪੈਸਿਆਂ ਦੇ ਲਈ ਬੱਚੇ ਦੇ ਇਸ ਮੋਹ ਨੂੰ ਦੇਖ ਕੇ ਮੈਨੂੰ ਖਿੱਝ ਚੜ੍ਹ ਰਹੀ ਸੀ। ਮੈਂ ਇਸ ਸਿੱਟੇ ਉੱਤੇ ਪਹੁੰਚਿਆਂ ਕਿ ਇਹ ਸਿੱਖਿਆ ਉਸਨੂੰ ਆਪਣੇ ਸਕੂਲ ਤੋਂ ਮਿਲ ਰਹੀ ਹੈ। ਉਹਦੀ ਮਾਂ ਵੀ ਜੋੜ-ਤੋੜ ਨਾਲ ਆਪਣਾ ਪੈਸਾ ਖਰਚ ਕਰਦੀ ਹੈ। ਸੋਚਿਆ, ਘਰ ਪਹੁੰਚ ਕੇ ਸਭ ਤੋਂ ਪਹਿਲਾਂ ਇਸੇ ਵਿਸ਼ੇ ਉੱਤੇ ਚਰਚਾ ਕਰਾਂਗਾ। ਮੈਂ ਛੇਤੀ ਘਰ ਪਹੁੰਚਣ ਲਈ ਤੇਜ਼ ਕਦਮ ਪੁੱਟਣੇ ਚਾਹੇ, ਬੰਟੀ ਨੂੰ ਵੀ ਕਿਹਾ, “ਛੇਤੀ ਤੁਰ, ਅਸੀਂ ਲੇਟ ਹੋ ਰਹੇ ਆਂ।” ਪਰ ਬੰਟੀ ਤਾਂ ਮੇਰੇ ਨਾਲ ਹੀ ਨਹੀਂ ਸੀ।
ਮੈਂ ਮੁੜ੍ਹਕੋ ਮੁੜ੍ਹਕੀ ਹੋਇਆ, ਹੱਕਾਬੱਕਾ ਰਹਿ ਗਿਆ। ਘਰ ਪੁੱਜਣ ਤੇ ਕੁਹਰਾਮ, ਹੱਥ ਫੜ ਕੇ ਨਾ ਚੱਲਣ ਲਈ ਖੁਦ ਨੂੰ ਫਟਕਾਰ, ਪੁਲਿਸ-ਥਾਣੇ ਵਿਚ ਰਿਪੋਰਟ ਕਰਨ ਤੋਂ ਲੈ ਕੇ ਅਖਬਾਰ ਵਿਚ ਸੂਚਨਾ ਦੇਣ ਤਕ ਦੀਆਂ ਯੋਜਨਾਵਾਂ, ਇਕ ਤੋਂ ਬਾਦ ਇਕ ਦਿਮਾਗ ਵਿਚ ਆਉਣ ਲੱਗੀਆਂ। ਦਿਮਾਗ ਜ਼ੋਰ ਨਾਲ ਚਕਰਾਉਣ ਲੱਗਾ। ਤਦ ਹੀ ਖਿਆਲ ਆਇਆ ਕਿ ਕਿਉਂ ਨਾ ਪਿੱਛੇ ਮੁੜ ਕੇ ਉਸ ਨੂੰ ਖੋਜ਼ ਲਿਆ ਜਾਵੇ। ਪਿੱਛੇ ਮੁੜਿਆ ਹੀ ਸੀ ਕਿ ਦੇਖਿਆ, ਬੰਟੀ ਭੱਜਦਾ ਹੋਇਆ ਆ ਰਿਹਾ ਸੀ। ਉਹ ਮੇਰੇ ਨੇੜੇ ਆ ਥੋੜਾ ਸਹਿਮ ਕੇ ਖੜਾ ਹੋ ਗਿਆ। ਮੈਂ ਝਿੜਕਦੇ ਹੋਏ ਕਿਹਾ, “ਕਿੱਥੇ ਖੜਾ ਰਹਿ ਗਿਆ ਸੀ? ਛੇਤੀ ਨਹੀਂ ਤੁਰਦਾ, ਕਿਤੇ ਗੁੰਮ ਹੋ ਜਾਂਦਾ ਤਾਂ?”
ਮੇਰੀ ਖਿਝ ਨੂੰ ਸਮਝਦੇ ਹੋਏ, ਮੂੰਹ ਹੇਠਾਂ ਕਰਕੇ ਉਹ ਹੌਲੇ ਜਿਹੇ ਬੋਲਿਆ, “ਪਾਪਾ, ਉਹ ਜੋ ਮੁੰਡਾ ਸੀ ਨਾ ਕਾਲਾ-ਕਲੂਟਾ, ਗੰਦੇ ਕਪੜਿਆਂ ਵਾਲਾ। ਉਹਨੂੰ ਭੁੱਖ ਲੱਗੀ ਸੀ, ਪੰਜਾਹ ਪੈਸੇ ਦਾ ਸਿੱਕਾ ਮੈਂ ਉਹਨੂੰ ਦੇ ਆਇਆ।”
“ਪਾਗਲ ਐਂ, ਇਹ ਲੋਕ ਇਸੇ ਤਰ੍ਹਾਂ ਝੂਠ ਬੋਲਕੇ ਰਾਹਗੀਰਾਂ ਨੂੰ ਠੱਗਦੇ ਨੇ।”
“ਪਰ, ਉਹਦਾ ਪੇਟ ਭਰਿਆ ਨਹੀਂ ਸੀ, ਉਹਨੇ ਮੈਨੂੰ ਕਿਹਾ ਕਿ ਕੱਲ੍ਹ ਤੋਂ ਉਹਨੂੰ ਖਾਣ ਨੂੰ ਕੁੱਝ ਨਹੀਂ ਮਿਲਿਆ।”
ਰਹਿਮ ਦੀ ਭਾਵਨਾ ਨਾਲ ਉਹ ਭਿੱਜਦਾ ਜਾ ਰਿਹਾ ਸੀ। ਉਪਦੇਸ਼ ਦੇਣ ਲਈ ਮੇਰੇ ਕੋਲ ਸ਼ਬਦ ਨਹੀਂ ਬਚੇ ਸਨ। ਦਿਮਾਗੀ ਬੋਝ ਤੋਂ ਮੁਕਤ ਹੋ, ਮੈਂ ਚੁੱਪਚਾਪ ਉਹਦਾ ਹੱਥ ਫੜ ਕੇ ਤੁਰ ਪਿਆ। ਮੈਨੂੰ ਲੱਗਾ, ਬੱਚੇ ਨੂੰ ਸ਼ਾਬਾਸ਼ ਦੇ ਕੇ ਉਹਦੇ ਕੰਮ ਦੀ ਤਾਰੀਫ ਕਰਨੀ ਚਾਹੀਦੀ ਹੈ, ਪਰ ਸ਼ਬਦ ਮੇਰੇ ਸੰਘ ਵਿਚ ਅਟਕ ਕੇ ਰਹਿ ਗਏ।
                                      -0-



Sunday, January 13, 2013

ਹਿੰਦੀ/ ਔਰਤ ਦਾ ਦਰਦ



ਅਮਰ ਗੋਸਵਾਮੀ

ਉਹ ਦੋਨੋਂ ਸ਼ਹਿਰ ਤੋਂ ਮਜ਼ਦੂਰੀ ਕਰਕੇ ਮੁੜ ਰਹੇ ਸਨ। ਔਰਤ ਦੀ ਕੁਛੜ ਬੱਚਾ ਸੀ। ਦੋਨਾਂ ਦੀ ਉਮਰ ਇਹੀ ਵੀਹ-ਪੱਚੀ ਸਾਲ ਦੀ ਹੋਵੇਗੀ। ਸਮਤਲ ਅਤੇ ਕੰਕਰਾਂ ਭਰੇ ਰਾਹ ਉੱਤੇ ਚਲਦੇ ਹੋਏ ਪਤੀ ਦੇ ਬਿਆਈਂ ਭਰੇ ਨੰਗੇ ਪੈਰਾਂ ਨੂੰ ਦੇਖਕੇ ਔਰਤ ਨੂੰ ਬੜੀ ਤਕਲੀਫ਼ ਹੋ ਰਹੀ ਸੀ। ਉਹ ਬੋਲੀ, “ਵੇ ਦੀਨੂ ਦੇ ਬਾਪੂ! ਤੂੰ ਆਪਣੀ ਜੁੱਤੀ ਜ਼ਰੂਰ ਖਰੀਦ ਲੀਂ।”
“ਹਾਂ।” ਆਦਮੀ ਨੇ ਕਿਹਾ।
ਉਹ ਦੋਨੋਂ ਸੋਚ ਰਹੇ ਸਨ ਕਿ ਜੁੱਤੀ ਖਰੀਦਣਾ ਕਿਹੜਾ ਅਸਾਨ ਕੰਮ ਹੈ। ਇੰਨੇ ਦਿਨਾਂ ਤੋਂ ਪੈਸਾ ਜੋੜ ਕੇ ਮਹੀਨਾ ਭਰ ਪਹਿਲਾਂ ਜਿਹੜੇ ਬੂਟ ਥੋੜ੍ਹਾ ਉਧਾਰ ਲੈਕੇ ਖਰੀਦੇ ਸਨ, ਉਹਨਾਂ ਉੱਪਰ ਕਿਸੇ ਚੋਰ ਦੀ ਨਿਗ੍ਹਾ ਪੈ ਗਈ। ਉਧਾਰ ਸਿਰ ’ਤੇ ਖੜਾ ਸੀ। ਹੁਣ ਉਧਾਰ ਲੈ ਕੇ ਖਰੀਦਣ ਦੀ ਹੈਸੀਅਤ ਵੀ ਨਹੀਂ ਸੀ।
ਫਿਰ ਜਿੱਥੇ ਰੋਜ਼ ਖਾਣ ਨੂੰ ਰੁੱਖਾ-ਸੁੱਖਾ ਜੁਟਾਉਣਾ ਵੀ ਮੁਸ਼ਕਿਲ ਹੋਵੇ, ਉੱਥੇ ਜੁੱਤੀ ਬਹੁਤ ਉੱਚੀ ਚੀਜ਼ ਸੀ। ਪਰ ਔਰਤ ਨੂੰ ਆਪਣੇ ਪੈਰਾਂ ਵਿੱਚ ਚੱਪਲ ਤੇ ਮਰਦ ਨੂੰ ਨੰਗੇ ਪੈਰ ਉੱਚੇ ਨੀਵੇਂ ਪਥਰੀਲੇ ਰਾਹ ਉੱਤੇ ਚਲਦੇ ਦੇਖ ਕੇ ਤਕਲੀਫ਼ ਹੁੰਦੀ ਸੀ। ਉਹ ਕਈ ਦਿਨ ਇਸੇ ਉਧੇੜ ਬੁਣ ਵਿੱਚ ਰਹੀ। ਕੁਝ ਪੈਸੇ ਚੋਰੀ ਵੀ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਬਚੇ ਨਹੀਂ। ਉਸ ਦਿਨ ਵੀ ਔਰਤ ਨੇ ਕਿਹਾ, “ਹੋਰ ਨਹੀਂ ਤਾਂ ਦੀਨੂ ਦੇ ਬਾਪੂ, ਇਹ ਚੱਪਲਾਂ ਈ ਪਾ ਲੈ।”
ਆਦਮੀ ਹੱਸਿਆ, “ਜਨਾਨਾ ਚੱਪਲਾਂ ਪਾਵਾਂ! ਇਸ ਤੋਂ ਤਾਂ ਨੰਗੇ ਪੈਰ ਈ ਚੰਗਾ।”
“ਠੀਕ ਕਿਹਾ, ਨੰਗੇ ਪੈਰ ਚੰਗੇ।”
ਨਾਲ ਹੀ ਗੰਗਾ ਦਰਿਆ ਵਗ ਰਿਹਾ ਸੀ। ਕਿਨਾਰੇ ਉੱਤੇ ਚਲਦੀ ਹੋਈ ਔਰਤ ਬੁੜਬੁੜਾਈ, “ਹੇ ਗੰਗਾ ਮਈਆ, ਜੇ ਜੁਟਾ ਸਕੇਂ ਤਾਂ ਦੋਨਾਂ ਨੂੰ ਜੁਟਾਈਂ, ਨਹੀਂ ਤਾਂ ਇਹ ਵੀ ਰੱਖ ਲੈ।”
ਔਰਤ ਨੇ ਆਪਣੀਆਂ ਚੱਪਲਾਂ ਪਾਣੀ ਵਿੱਚ ਸੁੱਟ ਦਿੱਤੀਆਂ। ਹੁਣ ਔਰਤ ਨੂੰ ਮਰਦ ਦੇ ਨੰਗੇ ਪੈਰਾਂ ਤੋਂ ਤਕਲੀਫ਼ ਨਹੀਂ ਸੀ ਹੋ ਰਹੀ।
                           -0-

Monday, January 7, 2013

ਅੰਗ੍ਰੇਜੀ/ ਲਾਲਸਾ



ਖਲੀਲ ਜ਼ਿਬਰਾਨ

ਤਿੰਨ ਆਦਮੀ ਇੱਕ ਸ਼ਰਾਬਖਾਨੇ ਦੀ ਮੇਜ਼ ਉੱਤੇ ਮਿਲੇ। ਇੱਕ ਜੁਲਾਹਾ, ਦੂਜਾ ਤਰਖਾਣ ਅਤੇ ਤੀਜਾ ਇੱਕ ਕਿਸਾਨ ਸੀ।
ਜੁਲਾਹੇ ਨੇ ਕਿਹਾ, “ਮੈਂ ਅੱਜ ਇੱਕ ਵਧੀਆ ਲੀਲਨ ਦਾ ਕਫ਼ਨ ਸੋਨੇ ਦੀਆਂ ਦੋ ਮੋਹਰਾਂ ’ਚ ਵੇਚਿਆ ਹੈ, ਆਓ ਜਿੰਨਾ ਜੀ ਕਰਦੈ, ਸ਼ਰਾਬ ਪੀਈਏ।”
ਤਰਖਾਣ ਨੇ ਕਿਹਾ, “ਮੈਂ ਆਪਣਾ ਵਧੀਆ ਤਾਬੂਤ ਵੇਚਿਆ ਹੈ। ਅਸੀਂ ਬਹੁਤ ਸਾਰਾ ਭੁੱਜਾ ਹੋਇਆ ਗੋਸ਼ਤ ਖਾਵਾਂਗੇ ਸ਼ਰਾਬ ਨਾਲ।”
ਕਿਸਾਨ ਬੋਲਿਆ, “ਮੈਂ ਕੇਵਲ ਇੱਕ ਈ ਕਬਰ ਪੁੱਟੀ, ਪਰ ਮੇਰੇ ਮਾਲਕ ਨੇ ਮੈਨੂੰ ਦੁੱਗਣੇ ਪੈਸੇ ਦਿੱਤੇ। ਆਓ ਅਸੀਂ ਸ਼ਹਿਦ ਦੇ ਕੇਕ ਵੀ ਲਈਏ।”
ਉਸ ਸ਼ਾਮ ਸ਼ਰਾਬਖਾਨੇ ਵਿੱਚ ਬਹੁਤ ਵਿਕਰੀ ਹੋਈ ਕਿਉਂਕਿ ਉਹ ਵਾਰ ਵਾਰ ਸ਼ਰਾਬ, ਗੋਸ਼ਤ ਮੰਗਦੇ ਅਤੇ ਪ੍ਰਸੰਨ ਹੁੰਦੇ ਰਹੇ।
ਸ਼ਰਾਬਖਾਨੇ ਦੇ ਮਾਲਕ ਨੇ ਆਪਣੇ ਹੱਥ ਮਲੇ ਅਤੇ ਆਪਣੀ ਪਤਨੀ ਨੂੰ ਦੇਖ ਕੇ ਮੁਸਕਰਾਇਆ, ਕਿਉਂਕਿ ਉਸਦੇ ਗ੍ਰਾਹਕ ਖੁੱਲ੍ਹਕੇ ਖਰਚ ਕਰ ਰਹੇ ਸਨ।
ਉਹ ਤਿੰਨੇ ਜਦੋਂ ਸ਼ਰਾਬਖਾਨੇ ਵਿੱਚੋਂ ਨਿਕਲੇ, ਚੰਨ ਸਿਖਰ ’ਤੇ ਸੀ। ਉਹ ਇਕੱਠੇ ਗਾਉਂਦੇ ਤੇ ਕਿਲਕਾਰੀਆਂ ਮਾਰਦੇ ਸੜਕ ਉੱਤੇ ਜਾ ਰਹੇ ਸਨ।
ਸ਼ਰਾਬਖਾਨੇ ਦਾ ਮਾਲਕ ਤੇ ਉਹਦੀ ਪਤਨੀ ਦਰਵਾਜ਼ੇ ਉੱਤੇ ਖੜੇ ਉਹਨਾਂ ਨੂੰ ਜਾਂਦੇ ਹੋਏ ਦੇਖਦੇ ਰਹੇ।
ਪਤਨੀ ਨੇ ਕਿਹਾ, “ਬੱਲੇ, ਇਹ ਸ਼ਰੀਫ਼ ਆਦਮੀ! ਕਿੰਨੇ ਜ਼ਿੰਦਾ-ਦਿਲ ਨੇ, ਕਿੰਨਾ ਖੁੱਲ੍ਹਾ ਹੱਥ ਐ! ਜੇਕਰ ਇਹੋ ਜੇਹੇ ਰੋਜ਼ ਸਾਡੀ ਕਿਸਮਤ ਸੰਵਾਰਦੇ ਰਹੇ, ਤਾਂ ਸਾਡੇ ਪੁੱਤਰ ਨੂੰ ਸ਼ਰਾਬਖਾਨਾ ਚਲਾਉਣ ਦੀ ਲੋੜ ਨਹੀਂ ਪਵੇਗੀ ਤੇ ਨਾ ਹੀ ਸਖਤ ਕੰਮ ਕਰਨ ਦੀ। ਅਸੀਂ ਉਸਨੂੰ ਪੜ੍ਹਾ ਸਕਾਂਗੇ ਤੇ ਉਹ ਪਾਦਰੀ ਬਣ ਸਕੇਗਾ।”
                           -0-


Tuesday, January 1, 2013

ਹਿੰਦੀ/ ਜਾਗਰੂਕ



ਸੁਕੇਸ਼ ਸਾਹਨੀ

ਕੁੜੀ ਆਪਣੇ ਧਿਆਨ ਵਿੱਚ ਮਸਤ ਤੁਰੀ ਜਾ ਰਹੀ ਸੀ। ਰਾਤ ਦੀ ਖਾਮੋਸ਼ੀ ਵਿੱਚ ਉਸ ਆਧੁਨਿਕਾ ਦੇ ਸੈਂਡਲਾਂ ਤੋਂ ਉੱਠਦੀ ‘ਖਟ-ਖਟ’ ਦੀ ਆਵਾਜ਼ ਕਾਫੀ ਦੂਰ ਤਕ ਸੁਣਾਈ ਦੇ ਰਹੀ ਸੀ। ਜਿਵੇਂ ਹੀ ਉਹ ਉਸ ਪਾਸ਼ ਕਾਲੋਨੀ ਦੇ ਠੀਕ ਵਿਚਕਾਰ ਬਣੇ ਪਾਰਕ ਕੋਲ ਪਹੁੰਚੀ, ਉੱਥੇ ਪਹਿਲਾਂ ਤੋਂ ਲੁਕੇ ਬੈਠੇ ਦੋ ਬਦਮਾਸ਼ ਉਸ ਨਾਲ ਛੇੜਖਾਨੀ ਕਰਨ ਲੱਗੇ।
ਕੁੜੀ ਨੇ ਕਾਨਵੈਂਟੀ ਅੰਦਾਜ਼ ਵਿੱਚ ‘ਸ਼ਟ-ਅੱਪ! ਯੂ ਬਾਸਟਰਡ!!’ ਵਗੈਰਾ ਕਹਿਕੇ ਆਪਣਾ ਬਚਾ ਕਰਨਾ ਚਾਹਿਆ। ਪਰ ਜਦੋਂ ਉਹ ਅਸ਼ਲੀਲ ਹਰਕਤਾਂ ਕਰਦੇ ਹੋਏ ਉਹਦੇ ਕਪੜੇ ਪਾੜਨ ਲੱਗੇ ਤਾਂ ਉਹ ਕਿਸੇ ਆਮ ਭਾਰਤੀ ਨਾਰੀ ਦੀ ਤਰ੍ਹਾਂ ‘ਬਚਾਓ-ਬਚਾਓ…’ ਕਹਿਕੇ ਚੀਕਣ ਲੱਗੀ। ਉਹਦਾ ਚੀਕ-ਚਿਹਾੜਾ ਪਾਰਕ ਦੇ ਚਾਰੇ ਪਾਸੇ ਲਾਈਨ ਵਿੱਚ ਬਣੀਆਂ ਕੋਠੀਆਂ ਨਾਲ ਟਕਰਾ ਕੇ ਪਰਤ ਆਇਆ। ਕੋਈ ਬਾਹਰ ਨਹੀਂ ਨਿਕਲਿਆ।
ਬਦਮਾਸ਼ ਕੁੜੀ ਨੂੰ ਪਾਰਕ ਦੇ ਝੁਰਮਟ ਵੱਲ ਖਿੱਚ ਰਹੇ ਸਨ। ਉਹਨਾਂ ਦੇ ਚੁੰਗਲ ਤੋਂ ਮੁਕਤ ਹੋਣ ਲਈ ਕੁੜੀ ਬੁਰੀ ਤਰ੍ਹਾਂ ਤੜਫ ਰਹੀ ਸੀ।
ਤਦ ਹੀ ਉੱਥੋਂ ਲੰਘ ਰਹੇ ਇੱਕ ਲਾਵਾਰਿਸ ਕੁੱਤੇ ਦੀ ਨਿਗਾਹ ਉਹਨਾਂ ਉੱਤੇ ਪਈ। ਉਹ ਜ਼ੋਰ-ਜ਼ੋਰ ਨਾਲ ਭੌਂਕਣ ਲੱਗਾ। ਜਦੋਂ ਉਹਦੇ ਭੌਂਕਣ ਦਾ ਬਦਮਾਸ਼ਾਂ ਉੱਤੇ ਕੋਈ ਅਸਰ ਨਹੀਂ ਹੋਇਆ ਤਾਂ ਉਹ ਬੋਖਲਾਹਟ ਵਿੱਚ ਇੱਧਰ-ਉੱਧਰ ਦੌੜਨ ਲੱਗਾ। ਉਹ ਕਦੇ ਘਟਨਾ ਵਾਲੀ ਜਗ੍ਹਾ ਵੱਲ ਆਉਂਦਾ ਤੇ ਕਦੇ ਕਿਸੇ ਕੋਠੀ ਦੇ ਗੇਟ ਕੋਲ ਜਾ ਕੇ ਭੌਂਕਣ ਲਗਦਾ, ਜਿਵੇਂ ਉੱਥੇ ਰਹਿਣ ਵਾਲਿਆਂ ਨੂੰ ਇਸ ਘਟਨਾ ਬਾਰੇ ਸੂਚਿਤ ਕਰਨਾ ਚਾਹੁੰਦਾ ਹੋਵੇ। ਉਹਦੀ ਇਸ ਕੋਸ਼ਿਸ਼ ਉੱਤੇ ਲੋਹੇ ਦੇ ਵੱਡੇ-ਵੱਡੇ ਗੇਟਾਂ ਦੇ ਉਸ ਪਾਰ ਤੈਨਾਤ ਵਿਦੇਸ਼ੀ ਨਸਲ ਦੇ ਪਾਲਤੂ ਕੁੱਤੇ, ਉਸਨੂੰ ਹਿਕਾਰਤ ਦੀ ਨਿਗਾਹ ਨਾਲ ਦੇਖਦੇ ਹੋਏ ਆਪਣੇ ਸਾਹਬਾਂ ਵਾਂਗ ਹੱਸਣ ਲੱਗੇ।
ਸੰਘਰਸ਼ਰਤ ਕੁੜੀ ਦੇ ਕਪੜੇ ਤਾਰ-ਤਾਰ ਹੋ ਗਏ ਸਨ, ਹੱਥ-ਪੈਰ ਢਿੱਲੇ ਪੈਂਦੇ ਜਾ ਰਹੇ ਸਨ। ਬਦਮਾਸ਼ਾਂ ਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਮਿਲਦੀ ਨਜ਼ਰ ਆ ਰਹੀ ਸੀ।
ਇਹ ਦੇਖਕੇ ਗਲੀ ਦਾ ਕੁੱਤਾ ਮੂੰਹ ਚੁੱਕ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗਾ। ਕੁੱਤੇ ਦੇ ਰੋਣ ਦੀ ਆਵਾਜ਼ ਇਸ ਵਾਰ ਕੋਠੀਆਂ ਨਾਲ ਟਕਰਾ ਕੇ ਵਾਪਸ ਨਹੀਂ ਆਈ, ਕਿਉਂਕਿ ਉੱਥੇ ਰਹਿਣ ਵਾਲਿਆਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਕੁੱਤੇ ਦਾ ਰੋਣਾ ਉਹਨਾ ਦੇ ਆਪਣੇ ਘਰ ਲਈ ਅਸ਼ੁਭ ਹੁੰਦਾ ਹੈ। ਦੇਖਦੇ ਹੀ ਦੇਖਦੇ ਸਾਰੀਆਂ ਕੋਠੀਆਂ ਵਿੱਚ ਚਹਿਲ-ਪਹਿਲ ਦਿਖਾਈ ਦੇਣ ਲੱਗੀ। ਛੱਤਾਂ ਅਤੇ ਬਾਲਕੋਨੀਆਂ ਉੱਤੇ ਬਹੁਤ ਸਾਰੇ ਲੋਕ ਦਿਖਾਈ ਦਿੱਤੇ।
ਉਹਨਾਂ ਦੇ ਹੁਕਮ ਉੱਤੇ ਬਹੁਤ ਸਾਰੇ ਵਾਚਮੈਨ ਡਾਂਗਾਂ ਲੈ ਕੇ ਕੋਠੀਆਂ ਤੋਂ ਬਾਹਰ ਨਿਕਲੇ ਅਤੇ ਉਸ ਕੁੱਤੇ ਉੱਤੇ ਟੁੱਟ ਪਏ।
                                        -0-

Thursday, December 20, 2012

ਅੰਗਰੇਜੀ/ ਕਿਰਚ

ਅਲੈਗਜਾਂਦਰੂ ਸਾਹਿਯਾ

         ਜਾਦੂਗਰ ਆਪਣੀ ਖੇਡ ਸੁਰੂ ਕਰਨ ਵਾਲਾ ਸੀ। ਲੋਕ ਆਉਂਦੇ ਜਾ ਰਹੇ ਸਨ। ਜਾਦੂਗਰ ਗੇਰਲਾ ਨੇ ਲੋਕਾਂ ਦੀ ਉਤਸੁਕਤਾ ਨੂੰ ਦੇਖਦੇ ਹੋਏ ਖੇਡ ਤੁਰੰਤ ਸ਼ੁਰੂ ਕਰ ਦਿੱਤੀ।
         ਕਿਸਾਨ ਬਹੁਤ ਖੁਸ਼ ਸਨ। ਉਹ ਤਾੜੀਆਂ ਮਾਰਦੇ ਹੋਏ ਉੱਚੀ ਅਵਾਜ਼ ਵਿਚ “ਗੇਰਲਾ-ਗੇਰਲਾ” ਬੋਲ ਰਹੇ ਸਨ।
ਜਾਦੂਗਰ ਦਾ ਉਤਸ਼ਾਹ ਵੀ ਪੂਰੇ ਜ਼ੋਰਾਂ ਤੇ ਸੀ। ਉਸਨੇ ਆਪਣੀਆਂ ਤਿੰਨ ਤਲਵਾਰਾਂ ਨੂੰ ਸੂਰਜ ਦੀ ਰੋਸ਼ਨੀ ਵਿਚ ਲਹਿਰਾਇਆ। ਜਦੋਂ ਤਿੰਨੇਂ ਤਲਵਾਰਾਂ ਉਹਦੇ ਗਲੇ ਵਿਚ ਗਾਇਬ ਹੋ ਗਈਆਂ ਤਾਂ ਲੋਕਾਂ ਦੀ ਖੁਸ਼ੀ ਤੇ ਤਾੜੀਆਂ ਦੀ ਅਵਾਜ਼ ਅਸਮਾਨ ਛੂਹ ਰਹੀਆਂ ਸਨ।
ਅਚਾਨਕ ਇਕ ਕਠੋਰ ਅਵਾਜ਼ ਭੀੜ ਵਿਚ ਛਾ ਗਈ, “ਝੂਠਾ, ਮੱਕਾਰ! ਇਹ ਸਾਨੂੰ ਧੋਖਾ ਦੇ ਰਿਹਾ ਹੈ। ਇਸਦੀਆਂ ਤਲਵਾਰਾਂ ਅਸਲੀ ਨਹੀਂ ਹਨ। ਇਹਨੂੰ ਮੇਰੀ ਕਿਰਚ ਨਿਗਲਨ ਲਈ ਦਿਓ, ਫਿਰ ਦੇਖਾਂ।ࡤ
          “ਹਾਂ, ਇਹ ਠੀਕ ਹੈ,” ਸੈਂਕੜੇ ਕਿਸਾਨ ਵਿਦਰੋਹ ਦੇ ਸੁਰ ਵਿਚ ਚਿੱਲਾਏ।
          “ਮਿਹਾਇਲ ਗੇਰਲਾ, ਜੇਕਰ ਤੁਸੀਂ ਆਪਣੇ ਕ੍ਰਿਸ਼ਮੇ ਬਾਰੇ ਵਿਸ਼ਵਾਸ ਦੁਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਰਚ ਨਿਗਲਨੀ ਪਵੇਗੀ।”
           “ਹਾਂ-ਹਾਂ,” ਲੋਕ ਚਿੱਲਾਏ, “ਗੇਰਲਾ ਧੋਖੇਬਾਜ ਹੈ, ਮੱਕਾਰ ਹੈ।”
ਜਾਦੂਗਰ ਨੇ ਦੇਖਿਆ, ਉਸਦੀ ਹੌਂਦ ਖਤਰੇ ਵਿਚ ਹੈ। ਉਹਦੀ ਕਈ ਦਹਾਕਿਆਂ ਦੀ ਕਮਾਈ ਪ੍ਰਸਿੱਧੀ ਤੇ ਇੱਜ਼ਤ ਸਦਾ ਲਈ ਮਿੱਟੀ ਵਿਚ ਮਿਲ ਰਹੀਆਂ ਹਨ। ਉਸਨੇ ਉਹਨਾਂ ਵਿਸ਼ਵਪ੍ਰਸਿੱਧ ਤਲਵਾਰਾਂ ਨੂੰ ਆਪਣੀ ਪੇਟੀ ਵਿਚ ਰੱਖ ਕੇ ਸਾਰਜੈਂਟ ਦੀ ਕਿਰਚ ਨੂੰ ਕੰਬਦੇ ਹੱਥਾਂ ਨਾਲ ਫੜ ਲਿਆ।
             ਸਾਰਜੈਂਟ ਵਿਅੰਗ ਨਾਲ ਮੁਸਕਰਾਇਆ। ਭੀੜ ਸਾਹ ਰੋਕੀ ਸਭ ਦੇਖ ਰਹੀ ਸੀ। ਜਾਦੂਗਰ ਨੇ ਕਿਰਚ ਨੂੰ ਆਪਣੀਆਂ ਦੋ ਉਂਗਲਾਂ ਵਿਚ ਲੈ ਲਿਆ ਤੇ ਉਸਨੂ ਗਲੇ ਵਿਚ ਪਾਉਣ ਦੀ ਕੋਸ਼ਿਸ਼ ਕੀਤੀ। ਉਹ ਕਿਰਚ ਨੂੰ ਅੱਧੀ ਹੀ ਨਿਗਲ ਪਾਇਆ ਸੀ ਕਿ ਜਲਦੀ ਨਾਲ ਉਸਨੂੰ ਖਿੱਚ ਕੇ ਬਾਹਰ ਕੱਢ ਲਿਆ। ਫਿਰ ਉਸਨੇ ਕਿਰਚ ਨੂੰ ਆਪਣੀ ਬਾਂਹ ਨਾਲ ਪੂੰਝਿਆ ਤੇ ਫਿਰ ਪੂਰੀ ਕਿਰਚ ਆਪਣੇ ਸੰਘ ਅੰਦਰ ਉਤਾਰ ਲਈ। ਕੇਵਲ ਕਿਰਚ ਦੀ ਮੁੱਠ ਬਾਹਰ ਰਹਿ ਗਈ ਸੀ ਜੋ ਉਹਦੇ ਬੁੱਲ੍ਹਾਂ ਕੋਲ ਅੜੀ ਸੀ। ਅਚਾਨਕ ਉਹ ਇਕ ਘਬਰਾਏ ਪੰਛੀ ਦੀ ਤਰ੍ਹਾਂ ਕੰਬਿਆ, ਜਿਵੇਂ ਉੱਡਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਪ੍ਰਸ਼ੰਸਾ ਦੀਆਂ ਅਵਾਜ਼ਾਂ ਫੁੱਟ ਪਈਆਂ। ਕਿਸਾਨ ਪਾਗਲਾਂ ਵਾਂਗ ਚਿੱਲਾ ਉੱਠੇ, “ਸ਼ਾਬਾਸ ਗੇਰਲਾ, ਸ਼ਾਬਾਸ਼! ਗੇਰਲਾ ਜ਼ਿੰਦਾਬਾਦ…।”
             ਗੇਰਲਾ ਨੇ ਕੰਬਦੇ ਹੱਥਾਂ ਨਾਲ ਕਿਰਚ ਨੂੰ ਮੁੱਠ ਤੋਂ ਪਕੜ ਕੇ ਜਿਵੇਂ ਹੀ ਬਾਹਰ ਖਿੱਚਿਆ, ਉਸਦੇ ਗਲੇ ਵਿੱਚੋਂ ਲਹੂ ਦੀ ਧਾਰ ਫੁੱਟ ਪਈ। ਗੇਰਲਾ ਕੁਝ ਬੋਲਣਾ ਚਾਹੁੰਦਾ ਸੀ। ਉਹ ਹਕਲਾਇਆ। ਫਿਰ ਕੁਰਸੀ ਤੋਂ ਰੁੜ੍ਹ ਕੇ ਸਾਰਜੈਂਟ ਦੀ ਕਿਰਚ ਕੋਲ ਡਿੱਗ ਪਿਆ।
                                                                  -0-