Thursday, December 20, 2012

ਅੰਗਰੇਜੀ/ ਕਿਰਚ

ਅਲੈਗਜਾਂਦਰੂ ਸਾਹਿਯਾ

         ਜਾਦੂਗਰ ਆਪਣੀ ਖੇਡ ਸੁਰੂ ਕਰਨ ਵਾਲਾ ਸੀ। ਲੋਕ ਆਉਂਦੇ ਜਾ ਰਹੇ ਸਨ। ਜਾਦੂਗਰ ਗੇਰਲਾ ਨੇ ਲੋਕਾਂ ਦੀ ਉਤਸੁਕਤਾ ਨੂੰ ਦੇਖਦੇ ਹੋਏ ਖੇਡ ਤੁਰੰਤ ਸ਼ੁਰੂ ਕਰ ਦਿੱਤੀ।
         ਕਿਸਾਨ ਬਹੁਤ ਖੁਸ਼ ਸਨ। ਉਹ ਤਾੜੀਆਂ ਮਾਰਦੇ ਹੋਏ ਉੱਚੀ ਅਵਾਜ਼ ਵਿਚ “ਗੇਰਲਾ-ਗੇਰਲਾ” ਬੋਲ ਰਹੇ ਸਨ।
ਜਾਦੂਗਰ ਦਾ ਉਤਸ਼ਾਹ ਵੀ ਪੂਰੇ ਜ਼ੋਰਾਂ ਤੇ ਸੀ। ਉਸਨੇ ਆਪਣੀਆਂ ਤਿੰਨ ਤਲਵਾਰਾਂ ਨੂੰ ਸੂਰਜ ਦੀ ਰੋਸ਼ਨੀ ਵਿਚ ਲਹਿਰਾਇਆ। ਜਦੋਂ ਤਿੰਨੇਂ ਤਲਵਾਰਾਂ ਉਹਦੇ ਗਲੇ ਵਿਚ ਗਾਇਬ ਹੋ ਗਈਆਂ ਤਾਂ ਲੋਕਾਂ ਦੀ ਖੁਸ਼ੀ ਤੇ ਤਾੜੀਆਂ ਦੀ ਅਵਾਜ਼ ਅਸਮਾਨ ਛੂਹ ਰਹੀਆਂ ਸਨ।
ਅਚਾਨਕ ਇਕ ਕਠੋਰ ਅਵਾਜ਼ ਭੀੜ ਵਿਚ ਛਾ ਗਈ, “ਝੂਠਾ, ਮੱਕਾਰ! ਇਹ ਸਾਨੂੰ ਧੋਖਾ ਦੇ ਰਿਹਾ ਹੈ। ਇਸਦੀਆਂ ਤਲਵਾਰਾਂ ਅਸਲੀ ਨਹੀਂ ਹਨ। ਇਹਨੂੰ ਮੇਰੀ ਕਿਰਚ ਨਿਗਲਨ ਲਈ ਦਿਓ, ਫਿਰ ਦੇਖਾਂ।ࡤ
          “ਹਾਂ, ਇਹ ਠੀਕ ਹੈ,” ਸੈਂਕੜੇ ਕਿਸਾਨ ਵਿਦਰੋਹ ਦੇ ਸੁਰ ਵਿਚ ਚਿੱਲਾਏ।
          “ਮਿਹਾਇਲ ਗੇਰਲਾ, ਜੇਕਰ ਤੁਸੀਂ ਆਪਣੇ ਕ੍ਰਿਸ਼ਮੇ ਬਾਰੇ ਵਿਸ਼ਵਾਸ ਦੁਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਰਚ ਨਿਗਲਨੀ ਪਵੇਗੀ।”
           “ਹਾਂ-ਹਾਂ,” ਲੋਕ ਚਿੱਲਾਏ, “ਗੇਰਲਾ ਧੋਖੇਬਾਜ ਹੈ, ਮੱਕਾਰ ਹੈ।”
ਜਾਦੂਗਰ ਨੇ ਦੇਖਿਆ, ਉਸਦੀ ਹੌਂਦ ਖਤਰੇ ਵਿਚ ਹੈ। ਉਹਦੀ ਕਈ ਦਹਾਕਿਆਂ ਦੀ ਕਮਾਈ ਪ੍ਰਸਿੱਧੀ ਤੇ ਇੱਜ਼ਤ ਸਦਾ ਲਈ ਮਿੱਟੀ ਵਿਚ ਮਿਲ ਰਹੀਆਂ ਹਨ। ਉਸਨੇ ਉਹਨਾਂ ਵਿਸ਼ਵਪ੍ਰਸਿੱਧ ਤਲਵਾਰਾਂ ਨੂੰ ਆਪਣੀ ਪੇਟੀ ਵਿਚ ਰੱਖ ਕੇ ਸਾਰਜੈਂਟ ਦੀ ਕਿਰਚ ਨੂੰ ਕੰਬਦੇ ਹੱਥਾਂ ਨਾਲ ਫੜ ਲਿਆ।
             ਸਾਰਜੈਂਟ ਵਿਅੰਗ ਨਾਲ ਮੁਸਕਰਾਇਆ। ਭੀੜ ਸਾਹ ਰੋਕੀ ਸਭ ਦੇਖ ਰਹੀ ਸੀ। ਜਾਦੂਗਰ ਨੇ ਕਿਰਚ ਨੂੰ ਆਪਣੀਆਂ ਦੋ ਉਂਗਲਾਂ ਵਿਚ ਲੈ ਲਿਆ ਤੇ ਉਸਨੂ ਗਲੇ ਵਿਚ ਪਾਉਣ ਦੀ ਕੋਸ਼ਿਸ਼ ਕੀਤੀ। ਉਹ ਕਿਰਚ ਨੂੰ ਅੱਧੀ ਹੀ ਨਿਗਲ ਪਾਇਆ ਸੀ ਕਿ ਜਲਦੀ ਨਾਲ ਉਸਨੂੰ ਖਿੱਚ ਕੇ ਬਾਹਰ ਕੱਢ ਲਿਆ। ਫਿਰ ਉਸਨੇ ਕਿਰਚ ਨੂੰ ਆਪਣੀ ਬਾਂਹ ਨਾਲ ਪੂੰਝਿਆ ਤੇ ਫਿਰ ਪੂਰੀ ਕਿਰਚ ਆਪਣੇ ਸੰਘ ਅੰਦਰ ਉਤਾਰ ਲਈ। ਕੇਵਲ ਕਿਰਚ ਦੀ ਮੁੱਠ ਬਾਹਰ ਰਹਿ ਗਈ ਸੀ ਜੋ ਉਹਦੇ ਬੁੱਲ੍ਹਾਂ ਕੋਲ ਅੜੀ ਸੀ। ਅਚਾਨਕ ਉਹ ਇਕ ਘਬਰਾਏ ਪੰਛੀ ਦੀ ਤਰ੍ਹਾਂ ਕੰਬਿਆ, ਜਿਵੇਂ ਉੱਡਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਪ੍ਰਸ਼ੰਸਾ ਦੀਆਂ ਅਵਾਜ਼ਾਂ ਫੁੱਟ ਪਈਆਂ। ਕਿਸਾਨ ਪਾਗਲਾਂ ਵਾਂਗ ਚਿੱਲਾ ਉੱਠੇ, “ਸ਼ਾਬਾਸ ਗੇਰਲਾ, ਸ਼ਾਬਾਸ਼! ਗੇਰਲਾ ਜ਼ਿੰਦਾਬਾਦ…।”
             ਗੇਰਲਾ ਨੇ ਕੰਬਦੇ ਹੱਥਾਂ ਨਾਲ ਕਿਰਚ ਨੂੰ ਮੁੱਠ ਤੋਂ ਪਕੜ ਕੇ ਜਿਵੇਂ ਹੀ ਬਾਹਰ ਖਿੱਚਿਆ, ਉਸਦੇ ਗਲੇ ਵਿੱਚੋਂ ਲਹੂ ਦੀ ਧਾਰ ਫੁੱਟ ਪਈ। ਗੇਰਲਾ ਕੁਝ ਬੋਲਣਾ ਚਾਹੁੰਦਾ ਸੀ। ਉਹ ਹਕਲਾਇਆ। ਫਿਰ ਕੁਰਸੀ ਤੋਂ ਰੁੜ੍ਹ ਕੇ ਸਾਰਜੈਂਟ ਦੀ ਕਿਰਚ ਕੋਲ ਡਿੱਗ ਪਿਆ।
                                                                  -0-


No comments: