Sunday, January 13, 2013

ਹਿੰਦੀ/ ਔਰਤ ਦਾ ਦਰਦ



ਅਮਰ ਗੋਸਵਾਮੀ

ਉਹ ਦੋਨੋਂ ਸ਼ਹਿਰ ਤੋਂ ਮਜ਼ਦੂਰੀ ਕਰਕੇ ਮੁੜ ਰਹੇ ਸਨ। ਔਰਤ ਦੀ ਕੁਛੜ ਬੱਚਾ ਸੀ। ਦੋਨਾਂ ਦੀ ਉਮਰ ਇਹੀ ਵੀਹ-ਪੱਚੀ ਸਾਲ ਦੀ ਹੋਵੇਗੀ। ਸਮਤਲ ਅਤੇ ਕੰਕਰਾਂ ਭਰੇ ਰਾਹ ਉੱਤੇ ਚਲਦੇ ਹੋਏ ਪਤੀ ਦੇ ਬਿਆਈਂ ਭਰੇ ਨੰਗੇ ਪੈਰਾਂ ਨੂੰ ਦੇਖਕੇ ਔਰਤ ਨੂੰ ਬੜੀ ਤਕਲੀਫ਼ ਹੋ ਰਹੀ ਸੀ। ਉਹ ਬੋਲੀ, “ਵੇ ਦੀਨੂ ਦੇ ਬਾਪੂ! ਤੂੰ ਆਪਣੀ ਜੁੱਤੀ ਜ਼ਰੂਰ ਖਰੀਦ ਲੀਂ।
ਹਾਂ।ਆਦਮੀ ਨੇ ਕਿਹਾ।
ਉਹ ਦੋਨੋਂ ਸੋਚ ਰਹੇ ਸਨ ਕਿ ਜੁੱਤੀ ਖਰੀਦਣਾ ਕਿਹੜਾ ਅਸਾਨ ਕੰਮ ਹੈ। ਇੰਨੇ ਦਿਨਾਂ ਤੋਂ ਪੈਸਾ ਜੋੜ ਕੇ ਮਹੀਨਾ ਭਰ ਪਹਿਲਾਂ ਜਿਹੜੇ ਬੂਟ ਥੋੜ੍ਹਾ ਉਧਾਰ ਲੈਕੇ ਖਰੀਦੇ ਸਨ, ਉਹਨਾਂ ਉੱਪਰ ਕਿਸੇ ਚੋਰ ਦੀ ਨਿਗ੍ਹਾ ਪੈ ਗਈ। ਉਧਾਰ ਸਿਰ ਤੇ ਖੜਾ ਸੀ। ਹੁਣ ਉਧਾਰ ਲੈ ਕੇ ਖਰੀਦਣ ਦੀ ਹੈਸੀਅਤ ਵੀ ਨਹੀਂ ਸੀ।
ਫਿਰ ਜਿੱਥੇ ਰੋਜ਼ ਖਾਣ ਨੂੰ ਰੁੱਖਾ-ਸੁੱਖਾ ਜੁਟਾਉਣਾ ਵੀ ਮੁਸ਼ਕਿਲ ਹੋਵੇ, ਉੱਥੇ ਜੁੱਤੀ ਬਹੁਤ ਉੱਚੀ ਚੀਜ਼ ਸੀ। ਪਰ ਔਰਤ ਨੂੰ ਆਪਣੇ ਪੈਰਾਂ ਵਿੱਚ ਚੱਪਲ ਤੇ ਮਰਦ ਨੂੰ ਨੰਗੇ ਪੈਰ ਉੱਚੇ ਨੀਵੇਂ ਪਥਰੀਲੇ ਰਾਹ ਉੱਤੇ ਚਲਦੇ ਦੇਖ ਕੇ ਤਕਲੀਫ਼ ਹੁੰਦੀ ਸੀ। ਉਹ ਕਈ ਦਿਨ ਇਸੇ ਉਧੇੜ ਬੁਣ ਵਿੱਚ ਰਹੀ। ਕੁਝ ਪੈਸੇ ਚੋਰੀ ਵੀ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਬਚੇ ਨਹੀਂ। ਉਸ ਦਿਨ ਵੀ ਔਰਤ ਨੇ ਕਿਹਾ, “ਹੋਰ ਨਹੀਂ ਤਾਂ ਦੀਨੂ ਦੇ ਬਾਪੂ, ਇਹ ਚੱਪਲਾਂ ਈ ਪਾ ਲੈ।
ਆਦਮੀ ਹੱਸਿਆ, “ਜਨਾਨਾ ਚੱਪਲਾਂ ਪਾਵਾਂ! ਇਸ ਤੋਂ ਤਾਂ ਨੰਗੇ ਪੈਰ ਈ ਚੰਗਾ।
ਠੀਕ ਕਿਹਾ, ਨੰਗੇ ਪੈਰ ਚੰਗੇ।
ਨਾਲ ਹੀ ਗੰਗਾ ਦਰਿਆ ਵਗ ਰਿਹਾ ਸੀ। ਕਿਨਾਰੇ ਉੱਤੇ ਚਲਦੀ ਹੋਈ ਔਰਤ ਬੁੜਬੁੜਾਈ, “ਹੇ ਗੰਗਾ ਮਈਆ, ਜੇ ਜੁਟਾ ਸਕੇਂ ਤਾਂ ਦੋਨਾਂ ਨੂੰ ਜੁਟਾਈਂ, ਨਹੀਂ ਤਾਂ ਇਹ ਵੀ ਰੱਖ ਲੈ।
ਔਰਤ ਨੇ ਆਪਣੀਆਂ ਚੱਪਲਾਂ ਪਾਣੀ ਵਿੱਚ ਸੁੱਟ ਦਿੱਤੀਆਂ। ਹੁਣ ਔਰਤ ਨੂੰ ਮਰਦ ਦੇ ਨੰਗੇ ਪੈਰਾਂ ਤੋਂ ਤਕਲੀਫ਼ ਨਹੀਂ ਸੀ ਹੋ ਰਹੀ।
                           -0-

No comments: