ਸੁਕੇਸ਼ ਸਾਹਨੀ
ਕੁੜੀ ਆਪਣੇ ਧਿਆਨ ਵਿੱਚ ਮਸਤ ਤੁਰੀ ਜਾ ਰਹੀ ਸੀ। ਰਾਤ ਦੀ
ਖਾਮੋਸ਼ੀ ਵਿੱਚ ਉਸ ਆਧੁਨਿਕਾ ਦੇ ਸੈਂਡਲਾਂ ਤੋਂ ਉੱਠਦੀ ‘ਖਟ-ਖਟ’ ਦੀ ਆਵਾਜ਼ ਕਾਫੀ ਦੂਰ ਤਕ ਸੁਣਾਈ
ਦੇ ਰਹੀ ਸੀ। ਜਿਵੇਂ ਹੀ ਉਹ ਉਸ ਪਾਸ਼ ਕਾਲੋਨੀ ਦੇ ਠੀਕ ਵਿਚਕਾਰ ਬਣੇ ਪਾਰਕ ਕੋਲ ਪਹੁੰਚੀ, ਉੱਥੇ ਪਹਿਲਾਂ ਤੋਂ ਲੁਕੇ ਬੈਠੇ ਦੋ ਬਦਮਾਸ਼ ਉਸ ਨਾਲ ਛੇੜਖਾਨੀ ਕਰਨ
ਲੱਗੇ।
ਕੁੜੀ ਨੇ ਕਾਨਵੈਂਟੀ ਅੰਦਾਜ਼ ਵਿੱਚ ‘ਸ਼ਟ-ਅੱਪ! ਯੂ ਬਾਸਟਰਡ!!’ ਵਗੈਰਾ ਕਹਿਕੇ ਆਪਣਾ ਬਚਾ ਕਰਨਾ ਚਾਹਿਆ। ਪਰ ਜਦੋਂ ਉਹ ਅਸ਼ਲੀਲ ਹਰਕਤਾਂ
ਕਰਦੇ ਹੋਏ ਉਹਦੇ ਕਪੜੇ ਪਾੜਨ ਲੱਗੇ ਤਾਂ ਉਹ ਕਿਸੇ ਆਮ ਭਾਰਤੀ ਨਾਰੀ ਦੀ ਤਰ੍ਹਾਂ ‘ਬਚਾਓ-ਬਚਾਓ…’ ਕਹਿਕੇ ਚੀਕਣ ਲੱਗੀ। ਉਹਦਾ ਚੀਕ-ਚਿਹਾੜਾ ਪਾਰਕ ਦੇ ਚਾਰੇ ਪਾਸੇ ਲਾਈਨ ਵਿੱਚ ਬਣੀਆਂ ਕੋਠੀਆਂ ਨਾਲ ਟਕਰਾ ਕੇ ਪਰਤ ਆਇਆ। ਕੋਈ
ਬਾਹਰ ਨਹੀਂ ਨਿਕਲਿਆ।
ਬਦਮਾਸ਼ ਕੁੜੀ ਨੂੰ ਪਾਰਕ ਦੇ ਝੁਰਮਟ ਵੱਲ ਖਿੱਚ ਰਹੇ ਸਨ।
ਉਹਨਾਂ ਦੇ ਚੁੰਗਲ ਤੋਂ ਮੁਕਤ ਹੋਣ ਲਈ ਕੁੜੀ ਬੁਰੀ ਤਰ੍ਹਾਂ ਤੜਫ ਰਹੀ ਸੀ।
ਤਦ ਹੀ ਉੱਥੋਂ ਲੰਘ ਰਹੇ ਇੱਕ ਲਾਵਾਰਿਸ ਕੁੱਤੇ ਦੀ ਨਿਗਾਹ
ਉਹਨਾਂ ਉੱਤੇ ਪਈ। ਉਹ ਜ਼ੋਰ-ਜ਼ੋਰ ਨਾਲ ਭੌਂਕਣ ਲੱਗਾ। ਜਦੋਂ ਉਹਦੇ ਭੌਂਕਣ ਦਾ ਬਦਮਾਸ਼ਾਂ
ਉੱਤੇ ਕੋਈ ਅਸਰ ਨਹੀਂ ਹੋਇਆ ਤਾਂ ਉਹ ਬੋਖਲਾਹਟ ਵਿੱਚ ਇੱਧਰ-ਉੱਧਰ ਦੌੜਨ ਲੱਗਾ। ਉਹ ਕਦੇ ਘਟਨਾ ਵਾਲੀ
ਜਗ੍ਹਾ ਵੱਲ ਆਉਂਦਾ ਤੇ ਕਦੇ ਕਿਸੇ ਕੋਠੀ ਦੇ ਗੇਟ ਕੋਲ ਜਾ ਕੇ ਭੌਂਕਣ ਲਗਦਾ, ਜਿਵੇਂ ਉੱਥੇ ਰਹਿਣ
ਵਾਲਿਆਂ ਨੂੰ ਇਸ ਘਟਨਾ ਬਾਰੇ ਸੂਚਿਤ ਕਰਨਾ ਚਾਹੁੰਦਾ ਹੋਵੇ। ਉਹਦੀ ਇਸ ਕੋਸ਼ਿਸ਼ ਉੱਤੇ ਲੋਹੇ ਦੇ
ਵੱਡੇ-ਵੱਡੇ ਗੇਟਾਂ ਦੇ ਉਸ ਪਾਰ ਤੈਨਾਤ ਵਿਦੇਸ਼ੀ ਨਸਲ ਦੇ ਪਾਲਤੂ ਕੁੱਤੇ, ਉਸਨੂੰ ਹਿਕਾਰਤ ਦੀ
ਨਿਗਾਹ ਨਾਲ ਦੇਖਦੇ ਹੋਏ ਆਪਣੇ ਸਾਹਬਾਂ ਵਾਂਗ ਹੱਸਣ ਲੱਗੇ।
ਸੰਘਰਸ਼ਰਤ ਕੁੜੀ ਦੇ ਕਪੜੇ ਤਾਰ-ਤਾਰ ਹੋ
ਗਏ ਸਨ, ਹੱਥ-ਪੈਰ ਢਿੱਲੇ ਪੈਂਦੇ ਜਾ ਰਹੇ ਸਨ। ਬਦਮਾਸ਼ਾਂ ਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਮਿਲਦੀ
ਨਜ਼ਰ ਆ ਰਹੀ ਸੀ।
ਇਹ ਦੇਖਕੇ ਗਲੀ ਦਾ ਕੁੱਤਾ ਮੂੰਹ ਚੁੱਕ
ਕੇ ਜ਼ੋਰ-ਜ਼ੋਰ ਨਾਲ ਰੋਣ ਲੱਗਾ। ਕੁੱਤੇ ਦੇ ਰੋਣ ਦੀ ਆਵਾਜ਼ ਇਸ ਵਾਰ ਕੋਠੀਆਂ ਨਾਲ ਟਕਰਾ ਕੇ ਵਾਪਸ
ਨਹੀਂ ਆਈ, ਕਿਉਂਕਿ ਉੱਥੇ ਰਹਿਣ ਵਾਲਿਆਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਕੁੱਤੇ ਦਾ ਰੋਣਾ ਉਹਨਾ
ਦੇ ਆਪਣੇ ਘਰ ਲਈ ਅਸ਼ੁਭ ਹੁੰਦਾ ਹੈ। ਦੇਖਦੇ ਹੀ ਦੇਖਦੇ ਸਾਰੀਆਂ ਕੋਠੀਆਂ ਵਿੱਚ ਚਹਿਲ-ਪਹਿਲ ਦਿਖਾਈ
ਦੇਣ ਲੱਗੀ। ਛੱਤਾਂ ਅਤੇ ਬਾਲਕੋਨੀਆਂ ਉੱਤੇ ਬਹੁਤ ਸਾਰੇ ਲੋਕ ਦਿਖਾਈ ਦਿੱਤੇ।
ਉਹਨਾਂ ਦੇ ਹੁਕਮ ਉੱਤੇ ਬਹੁਤ ਸਾਰੇ
ਵਾਚਮੈਨ ਡਾਂਗਾਂ ਲੈ ਕੇ ਕੋਠੀਆਂ ਤੋਂ ਬਾਹਰ ਨਿਕਲੇ ਅਤੇ ਉਸ ਕੁੱਤੇ ਉੱਤੇ ਟੁੱਟ ਪਏ।
-0-
No comments:
Post a Comment