Monday, January 21, 2013

ਹਿੰਦੀ / ਉਪਯੋਗ



ਸਤੀਸ਼ ਦੁਬੇ (ਡਾ.)
ਖਰੀਦਦਾਰੀ ਕਰਦੇ ਹੋਏ ਮੈਂ ਸਾਰੇ ਰੁਪਏ ਖਰਚ ਕਰ ਚੁੱਕਾ ਸੀ, ਪਰ ਅੱਠ ਸਾਲ ਦੇ ਬੰਟੀ ਨੇ ਆਪਣੇ ਪੰਜਾਹ ਪੈਸੇ ਸੁਰੱਖਿਅਤ ਰੱਖ ਛੱਡੇ ਸਨ। ਪਲਾਸਟਿਕ ਦੇ ਖਿਡੌਣੇ ਲੈਣ ਤੋਂ ਨਾਂਹ ਕਰ ਦਿੱਤੀ ਕਿ ਕੋਈ ਪੈਰ ਰੱਖ ਦੇਵੇਗਾ ਤਾਂ ਟੁੱਟਕੇ ਚੂਰ-ਚੂਰ ਹੋ ਜਾਣਗੇ। ਕਾਗਜ ਦੇ ਫੁੱਲਾਂ ਨਾਲ ਸਜੇ ਹੋਏ ਗਮਲਿਆਂ ਉੱਤੇ ਉਹਦਾ ਮਨ ਆਇਆ, ਪਰ ਇਕ ਛਿਣ ਬਾਦ ਹੀ ਇਹ ਕਹਿਕੇ ਟਾਲ ਦਿੱਤਾ ਕਿ ਗਰਦਾ ਪੈਣ ਨਾਲ ਫੁੱਲ ਛੇਤੀ ਹੀ ਗੰਦੇ ਹੋ ਜਾਣਗੇ। ਫੁਟਪਾਥ ਉੱਤੇ ਸਿੱਪੀਆਂ ਦੀਆਂ ਬੱਤਖਾਂ ਦੀ ਦੁਕਾਨ ਲੱਗੀ ਸੀ, ਵੀਹ ਪੈਸੇ ਦੀ ਇਕ…
ਮੈਂ ਕਿਹਾ, ਚਾਲੀਆਂ ਪੈਸਿਆਂ ਦਾ ਜੋੜਾ ਲੈ ਲੈ…।
ਉਸ ਨੇ ਉਹਦੀ ਬਣਾਵਟ ਦੇਖੀ ਤੇ ਫੈਸਲਾ ਲਿਆ, ਐਰਾਲਡਾਈਟ ਦੀ ਇਕ ਸ਼ੀਸ਼ੀ ਜੇਕਰ ਤੁਸੀਂ ਲਿਆ ਦਿਉਗੇ  ਤਾਂ ਮੈਂ ਆਪ ਈ ਬਣਾ ਲਵਾਂਗਾ, ਸਿੱਪੀਆਂ ਤਾਂ ਮੇਰੇ ਕੋਲ ਪਈਐਂ ।
ਪਤ੍ਰਿਕਾਵਾਂ ਦੀ ਇਕ ਦੁਕਾਨ ਉੱਤੇ ਬੱਚਿਆਂ ਦੀਆਂ ਪਤ੍ਰਿਕਾਵਾਂ ਮੈਂ ਸੁਭਾਵਕ ਰੂਪ ਵਿਚ ਚੁੱਕੀਆਂ ਹੀ ਸਨ ਕਿ ਉਹ ਬੋਲ ਪਿਆ, ਕਾਲੋਨੀ ਦੀ ਲਾਇਬਰੇਰੀ ’ਚ ਸਾਰੇ ਮੈਗਜ਼ੀਨ ਆਉਂਦੇ ਹਨ, ਖਰੀਦਣ ਦਾ ਕੀ ਲਾਭ ਐ?
ਪੈਸਿਆਂ ਦੇ ਲਈ ਬੱਚੇ ਦੇ ਇਸ ਮੋਹ ਨੂੰ ਦੇਖ ਕੇ ਮੈਨੂੰ ਖਿੱਝ ਚੜ੍ਹ ਰਹੀ ਸੀ। ਮੈਂ ਇਸ ਸਿੱਟੇ ਉੱਤੇ ਪਹੁੰਚਿਆਂ ਕਿ ਇਹ ਸਿੱਖਿਆ ਉਸਨੂੰ ਆਪਣੇ ਸਕੂਲ ਤੋਂ ਮਿਲ ਰਹੀ ਹੈ। ਉਹਦੀ ਮਾਂ ਵੀ ਜੋੜ-ਤੋੜ ਨਾਲ ਆਪਣਾ ਪੈਸਾ ਖਰਚ ਕਰਦੀ ਹੈ। ਸੋਚਿਆ, ਘਰ ਪਹੁੰਚ ਕੇ ਸਭ ਤੋਂ ਪਹਿਲਾਂ ਇਸੇ ਵਿਸ਼ੇ ਉੱਤੇ ਚਰਚਾ ਕਰਾਂਗਾ। ਮੈਂ ਛੇਤੀ ਘਰ ਪਹੁੰਚਣ ਲਈ ਤੇਜ਼ ਕਦਮ ਪੁੱਟਣੇ ਚਾਹੇ, ਬੰਟੀ ਨੂੰ ਵੀ ਕਿਹਾ, ਛੇਤੀ ਤੁਰ, ਅਸੀਂ ਲੇਟ ਹੋ ਰਹੇ ਆਂ।ਪਰ ਬੰਟੀ ਤਾਂ ਮੇਰੇ ਨਾਲ ਹੀ ਨਹੀਂ ਸੀ।
ਮੈਂ ਮੁੜ੍ਹਕੋ ਮੁੜ੍ਹਕੀ ਹੋਇਆ, ਹੱਕਾਬੱਕਾ ਰਹਿ ਗਿਆ। ਘਰ ਪੁੱਜਣ ਤੇ ਕੁਹਰਾਮ, ਹੱਥ ਫੜ ਕੇ ਨਾ ਚੱਲਣ ਲਈ ਖੁਦ ਨੂੰ ਫਟਕਾਰ, ਪੁਲਿਸ-ਥਾਣੇ ਵਿਚ ਰਿਪੋਰਟ ਕਰਨ ਤੋਂ ਲੈ ਕੇ ਅਖਬਾਰ ਵਿਚ ਸੂਚਨਾ ਦੇਣ ਤਕ ਦੀਆਂ ਯੋਜਨਾਵਾਂ, ਇਕ ਤੋਂ ਬਾਦ ਇਕ ਦਿਮਾਗ ਵਿਚ ਆਉਣ ਲੱਗੀਆਂ। ਦਿਮਾਗ ਜ਼ੋਰ ਨਾਲ ਚਕਰਾਉਣ ਲੱਗਾ। ਤਦ ਹੀ ਖਿਆਲ ਆਇਆ ਕਿ ਕਿਉਂ ਨਾ ਪਿੱਛੇ ਮੁੜ ਕੇ ਉਸ ਨੂੰ ਖੋਜ਼ ਲਿਆ ਜਾਵੇ। ਪਿੱਛੇ ਮੁੜਿਆ ਹੀ ਸੀ ਕਿ ਦੇਖਿਆ, ਬੰਟੀ ਭੱਜਦਾ ਹੋਇਆ ਆ ਰਿਹਾ ਸੀ। ਉਹ ਮੇਰੇ ਨੇੜੇ ਆ ਥੋੜਾ ਸਹਿਮ ਕੇ ਖੜਾ ਹੋ ਗਿਆ। ਮੈਂ ਝਿੜਕਦੇ ਹੋਏ ਕਿਹਾ, ਕਿੱਥੇ ਖੜਾ ਰਹਿ ਗਿਆ ਸੀ? ਛੇਤੀ ਨਹੀਂ ਤੁਰਦਾ, ਕਿਤੇ ਗੁੰਮ ਹੋ ਜਾਂਦਾ ਤਾਂ?
ਮੇਰੀ ਖਿਝ ਨੂੰ ਸਮਝਦੇ ਹੋਏ, ਮੂੰਹ ਹੇਠਾਂ ਕਰਕੇ ਉਹ ਹੌਲੇ ਜਿਹੇ ਬੋਲਿਆ, ਪਾਪਾ, ਉਹ ਜੋ ਮੁੰਡਾ ਸੀ ਨਾ ਕਾਲਾ-ਕਲੂਟਾ, ਗੰਦੇ ਕਪੜਿਆਂ ਵਾਲਾ। ਉਹਨੂੰ ਭੁੱਖ ਲੱਗੀ ਸੀ, ਪੰਜਾਹ ਪੈਸੇ ਦਾ ਸਿੱਕਾ ਮੈਂ ਉਹਨੂੰ ਦੇ ਆਇਆ।
ਪਾਗਲ ਐਂ, ਇਹ ਲੋਕ ਇਸੇ ਤਰ੍ਹਾਂ ਝੂਠ ਬੋਲਕੇ ਰਾਹਗੀਰਾਂ ਨੂੰ ਠੱਗਦੇ ਨੇ।
ਪਰ, ਉਹਦਾ ਪੇਟ ਭਰਿਆ ਨਹੀਂ ਸੀ, ਉਹਨੇ ਮੈਨੂੰ ਕਿਹਾ ਕਿ ਕੱਲ੍ਹ ਤੋਂ ਉਹਨੂੰ ਖਾਣ ਨੂੰ ਕੁੱਝ ਨਹੀਂ ਮਿਲਿਆ।
ਰਹਿਮ ਦੀ ਭਾਵਨਾ ਨਾਲ ਉਹ ਭਿੱਜਦਾ ਜਾ ਰਿਹਾ ਸੀ। ਉਪਦੇਸ਼ ਦੇਣ ਲਈ ਮੇਰੇ ਕੋਲ ਸ਼ਬਦ ਨਹੀਂ ਬਚੇ ਸਨ। ਦਿਮਾਗੀ ਬੋਝ ਤੋਂ ਮੁਕਤ ਹੋ, ਮੈਂ ਚੁੱਪਚਾਪ ਉਹਦਾ ਹੱਥ ਫੜ ਕੇ ਤੁਰ ਪਿਆ। ਮੈਨੂੰ ਲੱਗਾ, ਬੱਚੇ ਨੂੰ ਸ਼ਾਬਾਸ਼ ਦੇ ਕੇ ਉਹਦੇ ਕੰਮ ਦੀ ਤਾਰੀਫ ਕਰਨੀ ਚਾਹੀਦੀ ਹੈ, ਪਰ ਸ਼ਬਦ ਮੇਰੇ ਸੰਘ ਵਿਚ ਅਟਕ ਕੇ ਰਹਿ ਗਏ।
                                      -0-



No comments: