Sunday, September 2, 2012

ਹਿੰਦੀ/ ਤਵਾ


ਕਾਲੀ ਚਰਨ ਪ੍ਰੇਮੀ

  ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਆਯੋਜਿਤ ਅੰਤਰਰਾਸ਼ਟਰੀ ਵਪਾਰ ਮੇਲੇ ਦੀ ਭੀੜ ਦੇਖ ਕੇ ਮੈਂ ਹੈਰਾਨ ਰਹਿ ਗਿਆ। ਕਿਸੇ ਤਰ੍ਹਾਂ ਪ੍ਰਵੇਸ਼ ਟਿਕਟ ਲੈ ਕੇ ਅੰਦਰ ਦਾਖਲ ਹੋਇਆ। ਹਾਲ ਨੰਬਰ ਛੇ ਵਿੱਚ ਪਹੁੰਚ ਕੇ ਮੇਰੇ ਕਦਮ ਰੁਕ ਗਏ। ‘ਕੀ ਖਰੀਦਾਂ?’–ਇਸ ਸਬੰਧੀ ਮੇਰੇ ਮਨ ਵਿੱਚ ਕੋਈ ਦੁਚਿੱਤੀ ਨਹੀਂ ਸੀ। ਕਮੀਆਂ ਨੇ ਇੰਨਾ ਤੰਗਹਾਲ ਬਣਾ ਦਿੱਤਾ ਕਿ ‘ਸ਼ਾਪਿੰਗ’ ਵਰਗੇ ਸ਼ਬਦ ਮੇਰੇ ਸ਼ਬਦਕੋਸ਼ ਤੋਂ ਬਾਹਰ ਹੀ ਰਹੇ ਹਨ।
ਵਿਆਹ ਤੋਂ ਮਗਰੋਂ ਮੈਂ ਆਪਣੀ ਪਤਨੀ ਨੂੰ ਕੋਈ ਸੁੱਖ ਨਹੀਂ ਦੇ ਸਕਿਆ। ਸਿਵਾ ਗਰੀਬੀ ਵਿੱਚ ਰਹਿਕੇ ਜੀਵਨ ਬਤੀਤ ਕਰਨ ਦੇ ਉਪਦੇਸ਼ਾਂ ਦੇ। ਸਾਡੇ ਦੋਹਾਂ ਦੀ ਬਹਿਸ ਵਿੱਚ ਸਾਰੇ ਵਿਸ਼ੇ ਆਰਥਿਕ ਹੀ ਰਹੇ ਹਨ। ਮੈਂ ਇੱਕ ਤੋਂ ਬਾਦ ਇੱਕ ਕਈ ਸਟਾਲਾਂ ਉੱਤੇ ਘੁਮਦਾ ਹੋਇਆ ਆਖਰ ਰੁਕ ਗਿਆ। ਇੱਕ ਨਾਨ-ਸਟਿੱਕ ਤਵੇ ਨੂੰ ਉਲਟਾ-ਪਲਟਾ ਕੇ ਦੇਖਣ ਲੱਗਾ। ਧਿਆਨ ਆਇਆ, ਅੰਜਲੀ ਅਜੇ ਤੱਕ ਉਸੇ ਲੋਹੇ ਦੇ ਬਿਨਾ ਹੈਂਡਲ ਵਾਲੇ ਘਸੇ-ਸੜੇ ਤਵੇ  ਉੱਤੇ ਰੋਟੀਆਂ ਸੇਕਦੀ ਹੈ। ਰੋਟੀਆਂ ਪਕਾਉਂਦੇ ਹੋਏ ਕਈ ਵਾਰ ਉਸਦੀਆਂ ਉਂਗਲਾਂ ਸੜ ਜਾਂਦੀਆਂ ਹਨ। ਪਰਾਉਂਠੇ ਸਿਆਹ ਕਾਲੇ ਹੋ ਜਾਂਦੇ ਹਨ। ਅੰਜਲੀ ਅਕਸਰ ਮੈਨੂੰ ਤਵਾ ਬਦਲਣ ਲਈ ਕਹਿੰਦੀ ਰਹਿੰਦੀ ਹੈ। ਮੈਂ ਅੰਜਲੀ ਦੀ ਪੀੜ ਨੂੰ ਸਮਝਣ ਦੀ ਬਜਾਏ ਝੁੱਗੀ-ਝੋਂਪੜੀ ਵਿੱਚ ਰਹਿਣ ਵਾਲਿਆਂ ਦੀ ਕਠੋਰ ਜ਼ਿੰਦਗੀ ਨਾਲ ਤੁਲਣਾ ਕਰਕੇ ਉਪਦੇਸ਼ ਦੇਣ ਲਗਦਾ ਹਾਂ।
ਇਸ ਵਾਰ ਇੱਕ ਤਵਾ ਖਰੀਦ ਹੀ ਲਿਆ ਜਾਵੇ। ਅੰਜਲੀ ਲਈ ਇਹ ਇੱਕ ਸਰਪ੍ਰਾਈਜ ਰਹੇਗਾ। ਇਹੀ ਸੋਚ ਕੇ ਮੈਂ ਤਿਨ-ਚਾਰ ਕੰਪਨੀਆਂ ਦੇ ਤਵੇ ਦੇਖੇ। ਇੱਕ ਜੋ ਮੈਂਨੂੰ ਚੰਗਾ ਲੱਗਾ, ਉਸਦਾ ਭਾਅ ਪੁੱਛਿਆ, “ਇਹ ਕਿੰਨੇ ਦਾ ਹੈ?”
“ਤਿੰਨ ਸੌ ਪੰਜਾਹ ਦਾ।”
ਮੁੱਲ ਸੁਣਕੇ ਇੱਕ ਵਾਰ ਮੈਂ ਸਹਿਮ ਗਿਆ। ਪਰੰਤੂ ਤਵੇ ਦੀਆਂ ਖੂਬੀਆਂ ਮੈਂਨੂੰ ਆਕ੍ਰਸ਼ਿਤ ਕਰ ਰਹੀਆਂ ਸਨ।
“ਇਹ ਹੈਂਡਲ ਵਾਲਾ ਹੈ, ਨਾਨ-ਸਟਿੱਕ ਹੈ। ਇਸਦੀ ਦੋ ਸਾਲ ਦੀ ਗਰੰਟੀ ਹੈ…ਇਸ ਤੇ ਪਰਾਂਠੇ ਨਹੀਂ ਸੜਦੇ…ਇਹ ਘਿਓ ਤੇ ਤੇਲ ਦੀ ਬੱਚਤ ਕਰਦਾ ਹੈ…ਤੇ ਇਸਦੇ ਨਾਲ ਇੱਕ ਛਤਰੀ ਫ੍ਰੀ ਹੈ…।” ਸਟਾਲ ਵਾਲੇ ਨੇ ਲਗਾਤਾਰ ਤਵੇ ਦੀਆਂ ਕਈ ਖੂਬੀਆਂ ਦਾ ਜਿਕਰ ਕੀਤਾ।
ਸ਼ਾਮੀਂ ਜਦੋਂ ਘਰ ਪਹੁੰਚਿਆ ਤਾਂ ਅੰਜਲੀ ਨਵਾਂ ਤਵਾ ਦੇਖ ਕੇ ਖਿੜ ਉੱਠੀ। ਪਹਿਲੀ ਵਾਰ ਮੈਂ ਅੰਜਲੀ ਦੇ ਚਿਹਰੇ ਉੱਤੇ ਇੰਨੀ ਖੁਸ਼ੀ ਦੇਖੀ ਸੀ। ਅੰਜਲੀ ਨੇ ਉਹ ਤਵਾ ਸੰਭਾਲ ਕੇ ਰੱਖ ਲਿਆ।
ਲਗਭਗ ਦੋ ਹਫ਼ਤੇ ਬਾਦ, ਜਦੋਂ ਮੈਂ ਅੰਜਲੀ ਨੂੰ ਉਹੀ ਪੁਰਾਣਾ ਤਵਾ ਵਰਤਦਿਆਂ ਦੇਖਿਆ ਤਾਂ ਜਗਿਆਸਾ ਵੱਜੋਂ ਪੁੱਛਿਆ, “ਕਿਉਂ ਬਈ, ਉਸ ਨਵੇਂ ਤਵੇ ਨੂੰ ਕੀ ਹੋਇਆ?”
“ਮੈਂ ਉਹ ਪੈਕ ਕਰਕੇ ਸੰਦੂਕ ’ਚ ਰੱਖ ਦਿੱਤਾ।”
“ਕਿਉਂ ਭਲਾ?”
“ਸੁਰਭੀ ਬੇਟੀ ਦੇ ਦਾਜ ’ਚ ਕੰਮ ਆਊਗਾ।”
“ਹੁਣੇ ਤੋਂ?” ਮੈਂ ਹੈਰਾਨ ਹੁੰਦਿਆਂ ਕਿਹਾ, “ਅਜੇ ਤਾਂ ਉਹ ਸੱਤ-ਅੱਠ ਸਾਲ ਦੀ ਬੱਚੀ ਐ!”
“ਤੁਸੀਂ ਸਮਝਦੇ ਕਿਉਂ ਨਹੀਂ,” ਅੰਜਲੀ ਮੈਂਨੂੰ ਸਮਝਾਉਣ ਲੱਗੀ, “ਹੁਣੇ ਤੋਂ ਥੋੜ੍ਹਾ-ਥੋੜ੍ਹਾ ਜੋੜਾਂਗੇ ਤਦ ਹੀ ਦਾਜ ਪੂਰਾ ਹੋਵੇਗਾ। ਪਤਾ ਨਹੀਂ, ਅੱਜਕਲ ਕੁੜੀ ਵਾਲਿਆਂ ਨੂੰ ਕਿੰਨਾ ਕੁਝ ਦੇਣਾ ਪੈਂਦਾ ਹੈ। ਅੱਗੇ ਸਮਾਂ ਹੋਰ ਵੀ ਖਰਾਬ ਆਉਣ ਵਾਲਾ ਹੈ।”
ਤੇ ਅੰਜਲੀ ਦੀ ਗੱਲ ਸੁਣਕੇ ਉਸ ਰਾਤ ਮੈਂ ਠੀਕ ਤਰ੍ਹਾਂ ਸੌਂ ਨਹੀਂ ਸਕਿਆ।
                                          -0-

Sunday, August 26, 2012

ਹਿੰਦੀ/ ਮੰਗਲਾ


ਊਸ਼ਾ ਮਹੇਸ਼ਵਰੀ (ਡਾ.)

ਕਿੰਨੀ ਮੁਸ਼ਕਿਲ ਨਾਲ ਰਿਸ਼ਤਾ ਹੱਥ ਆਇਆ ਸੀ। ਪਿਤਾ ਨੇ ਫਟਾਫਟ ਸਾਰੀ ਤਿਆਰੀ ਕੀਤੀ ਅਤੇ ਧੀ ਨੂੰ ਦੁਲਹਨ ਬਣਾ ਕੇ ਵਿਦਾ ਕਰ ਦਿੱਤਾ।
ਡੋਲੀ ਤੋਂ ਉਤਰਣ ਮਗਰੋਂ ਦਹਿਲੀਜ਼ ਤਕ ਪੈਰ ਪਹੁੰਚੇ ਵੀ ਨਹੀਂ ਸਨ ਕਿ ਦੁਲਹੇ ਨੂੰ ਅਚਾਣਕ ਉਲਟੀ ਆਈ। ਖੂਨ ਦੀ ਉਲਟੀ ਤੇ ਫਿਰ ਬੇਹੋਸ਼ੀ ਨੇ ਆ ਘੇਰਿਆ। ਲਾਲ ਸੁਰਖ ਜੋੜੇ ਵਿਚ ਪੱਥਰ ਦੀ ਮੂਰਤੀ ਬਣੀ ਮੰਗਲਾ ਸਭ ਕੁਝ ਦੇਖਦੀ ਰਹੀ।
ਡਾਕਟਰ ਆਇਆ। ਲਾੜੇ ਨੂੰ ਆਪਣੇ ਨਾਲ ਹਸਪਤਾਲ ਲੈ ਗਿਆ। ਫਿਰ ਉੱਥੋਂ ਸ਼ਹਿਰ ਦੇ ਵੱਡੇ ਹਸਪਤਾਲ। ਇਸ ਦੌਰਾਨ ਮੰਗਲਾ ਨੂੰ ਕਿਸੇ ਨੇ ਵੀ ਉਸ ਦੇ ਪਤੀ ਕੋਲ ਨਹੀਂ ਜਾਣ ਦਿੱਤਾ। ਇਕ ਪਲ ਲਈ ਵੀ ਕਿਸੇ ਨੇ ਗੱਲ ਨਹੀਂ ਕਰਨ ਦਿੱਤੀ।
ਮੰਗਲਾ ਦੇ ਪਿਤਾ ਨੇ ਧੀ ਦਾ ਸੁਹਾਗ ਬਚਾਉਣ ਲਈ ਆਪਣਾ ਸਭ ਕੁਝ ਦਾਅ ਉੱਤੇ ਲਾ ਦਿੱਤਾ, ਹਾਰੇ ਹੋਏ ਜੁਆਰੀਏ ਵਾਂਗ। ਪਰ ਉਹ ਧੀ ਦਾ ਸੁਹਾਗ ਨਹੀਂ ਬਚਾ ਸਕਿਆ।
ਮੰਗਲਾ ਦੇ ਜੀਵਨ ਵਿਚ ਭੁਚਾਲ ਆ ਗਿਆ। ‘ਕੁਲਛਣੀ ਮੰਗਲਾ, ਜਿਹੜੀ ਆਉਂਦੇ ਹੀ ਆਪਣੇ ਪਤੀ ’ਤੇ ਬਿਜਲੀ ਬਣ ਕੇ ਡਿੱਗ ਪਈ! ਹੁਣ ਰੰਡੇਪਾ ਕੱਟੇ।’
ਇਹ ਸਭ ਸੁਣ ਕੇ ਮੰਗਲਾ ਸੋਚ ਰਹੀ ਸੀ– ‘ਕੀ ਇਹ ਸੱਚ ਹੈ? ਡਾਕਟਰ ਦੀ ਰਿਪੋਰਟ ਮੁਤਾਬਿਕ ਤਾਂ ਉਹ ਪਿਛਲੇ ਕਈ ਮਹੀਨਿਆਂ ਤੋਂ ਬਲੱਡ-ਕੈਂਸਰ ਦੇ ਮਰੀਜ਼ ਸਨ। ਇਲਾਜ ਚੱਲ ਰਿਹਾ ਸੀ ਅਤੇ ਅਜਿਹੇ ਮਰੀਜ਼ ਦਾ ਠੀਕ ਹੋਣਾ ਅਸੰਭਵ ਸੀ।’
ਵਿਧਵਾ ਮੰਗਲਾ ਧਨ-ਮਨ ਲੁਟਾ ਕੇ ਕੁਆਰੀਆਂ ਸਾਹਾਂ ਅਤੇ ਆਹਾਂ ਲੈ ਕੇ ਪੇਕੇ ਮੁੜ ਆਈ।
                                         -0-

Tuesday, August 21, 2012

ਹਿੰਦੀ/ ਸੁਬੀਰਾ ਦੀ ਮਾਂ


ਊਸ਼ਾ ਮਹਿਤਾ ਦੀਪਾ
ਕੱਲ੍ਹ ਬਿਰਧ ਰਜੀਆ ਨੂੰ ਦਿਲ ਦਾ ਘਾਤਕ ਦੌਰਾ ਪਿਆ ਸੀ। ਘਰ ਵਿਚ ਕੋਈ ਨਹੀਂ ਸੀ। ਧੀ ਸੁਬੀਰਾ ਡਿਊਟੀ ਉੱਤੇ ਗਈ ਹੋਈ ਸੀ। ਪੁੱਤਰ ਅਤੇ ਵੱਡੀ ਧੀ ਦੂਰ ਸ਼ਹਿਰ ਵਿਚ ਰਹਿੰਦੇ ਸਨ। ਇਸ ਲਈ ਗੁਆਂਢੀਆਂ ਨੇ ਹੀ ਉਸ ਨੂੰ ਹਸਪਤਾਲ ਪਹੁੰਚਾਇਆ ਸੀ। ਸੁਬੀਰਾ ਹਸਪਤਾਲ ਪੁੱਜੀ ਤਾਂ ਸਹਿਮ ਗਈ ਸੀ। ਮਾਂ ਦੀ ਹਾਲਤ ਬਹੁਤ ਗੰਭੀਰ ਸੀ। ਡਾਕਟਰ ਕੋਸ਼ਿਸ਼ ਕਰ ਰਹੇ ਸਨ, ਪਰ ਜ਼ਿਆਦਾ ਉਮੀਦ ਨਹੀਂ ਸੀ। ਇਕੱਲੀ ਸੁਬੀਰਾ ਘਬਰਾ ਗਈ ਸੀ। ਉਹਨੇ ਤੁਰੰਤ ਭਰਾ ਅਤੇ ਭੈਣ ਨੂੰ ਫੋਨ ਰਾਹੀਂ ਮਾਂ ਦੇ ਸੀਰੀਅਸ ਹੋਣ ਦੀ ਸੂਚਨਾ ਦੇਣਾ ਆਪਣਾ ਫਰਜ਼ ਸਮਝਿਆ ਸੀ।
ਡਾਕਟਰਾਂ ਦੀ ਮਿਹਨਤ ਰੰਗ ਲਿਆਈ। ਰਜੀਆ ਦੀ ਹਾਲਤ ਵਿਚ ਸੁਧਾਰ ਹੁੰਦਾ ਗਿਆ।
ਸਵੇਰੇ ਜਦੋਂ ਸੁਬੀਰਾ ਦੇ ਭੈਣ ਭਰਾ ਪਹੁੰਚੇ, ਰਜੀਆ ਨੂੰ ਹੋਸ਼ ਆ ਚੁੱਕਾ ਸੀ। ਮਾਂ ਨੂੰ ਹੋਸ਼ ਵਿਚ ਦੇਖ ਭਰਾ ਸੁਬੀਰਾ ਉੱਤੇ ਵਰ੍ਹ ਪਿਆ, “ਤੈਨੂੰ ਤਾਂ ਜਵਾਂ ਈ ਅਕਲ ਨਹੀਂ। ਮਾਂ ਨੂੰ ਖੰਘ ਵੀ ਆਵੇ ਤਾਂ ਫੋਨ ਕਰ ਦਿੰਨੀਂ ਐਂ। ਪਤਾ ਐ ਕਿੰਨੀ ਜ਼ਰੂਰੀ ਮੀਟਿੰਗ ਛੱਡ ਕੇ ਆਇਐਂ…ਲੱਖਾਂ ਦਾ ਨੁਕਸਾਨ ਹੋ ਗਿਆ ਸਮਝ।”
ਵੱਡੀ ਭੈਣ ਵੀ ਬੁੜਬੁੜਾ ਰਹੀ ਸੀ, “ਆਉਣਾ ਕਿਹੜਾ ਸੌਖਾ ਔ। ਕੰਮ ਦਾ ਹਰਜਾ ਤਾਂ ਹੈ ਈ, ਪੈਸਾ ਵਾ ਪੂਰਾ ਲਗਦੈ। ਫੋਨ ਕਰਨ ’ਚ ਕਾਹਲ ਨਾ ਕਰਿਆ ਕਰ।”
“ਕੱਲ੍ਹ ਮਾਂ ਦੀ ਹਾਲਤ ਏਨੀ ਖਰਾਬ ਸੀ ਕਿ ਬਚਣ ਦੀ ਉਮੀਦ ਘੱਟ ਈ ਸੀ…” ਰੋਣ ਹੱਕੀ ਸੁਬੀਰਾ ਨੇ ਆਪਣੀ ਗੱਲ ਕਹਿਣੀ ਚਾਹੀ।
“ਤਾਂ ਥੋੜੀ ਉਡੀਕ ਹੋਰ ਕਰ ਲੈਂਦੀ…ਤੇ ਸੁਣ, ਅੱਗੇ ਤੋਂ ਮੈਨੂੰ ਤਾਂ ਫੋਨ ਉਦੋਂ ਈ ਕਰੀਂ ਜਦੋਂ…” ਭਰਾ ਦਾ ਗੁੱਸਾ ਸਤਵੇਂ ਅਸਮਾਨ ਨੂੰ ਛੂਹ ਰਿਹਾ ਸੀ।
ਨਾਲ ਹੀ ਵੱਡੀ ਭੈਣ ਵੀ ਬੋਲ ਪਈ, “ਤੇ ਪਹਿਲਾਂ ਆ ਕੇ ਅਸੀਂ ਕਰ ਵੀ ਕੀ ਲਵਾਂਗੇ?”
ਆਪਣਾ ਸਮਾਨ ਚੁੱਕ ਕੇ ਜਦੋਂ ਭੈਣ-ਭਰਾ ਦਰਵਾਜ਼ੇ ਤੋਂ ਬਾਹਰ ਹੋ ਗਏ ਤਾਂ ਸੁਬੀਰਾ ਦੀ ਨਿਗਾਹ ਮਾਂ ਵੱਲ ਗਈ। ਛੱਤ ਵੱਲ ਦੇਖ ਰਹੀਆਂ ਮਾਂ ਦੀਆਂ ਅੱਖਾਂ ਪਥਰਾ ਚੁੱਕੀਆਂ ਸਨ। ਜਾ ਰਹੇ ਭੈਣ-ਭਰਾ ਨੂੰ ਰੋਕਣ ਲਈ ਸੁਬੀਰਾ ਨੇ ਚੀਕਣਾ ਚਾਹਿਆ, ਪਰ ਆਵਾਜ਼ ਉਸ ਦੇ ਸੰਘ ਵਿਚ ਅਟਕ ਕੇ ਰਹਿ ਗਈ।
                                        -0-


Sunday, August 12, 2012

ਹਿੰਦੀ/ ਕੁੱਤਾ


ਡਾ. ਚੰਦਰ ਸੋਨਾਨੀ

ਮੈਂ ਭੋਜਨ ਕਰ ਰਿਹਾ ਸੀ ਕਿ ਇੱਕ ਕੁੱਤਾ ਆ ਗਿਆ। ਮੈਂ ਉਸਨੂੰ ਦੁਤਕਾਰਿਆ, ਡਰਾਇਆ, ਪਰ ਉਹ ਟਸ ਤੋਂ ਮਸ ਨਾ ਹੋਇਆ। ਮਦਦ ਲਈ ਮੈਂ ਆਸੇ ਪਾਸੇ ਦੇਖਿਆ ਤੇ ਛੋਟੇ ਭਰਾ ਨੂੰ ਆਵਾਜ਼ ਦਿੱਤੀ, “ਜਰਾ ਇੱਕ ਸੋਟੀ ਲਿਆਵੀਂ।”
ਭਰਾ ਸੋਟੀ ਲੈ ਆਇਆ ਤੇ ਕੁੱਤੇ ਦੇ ਮਾਰਨ ਲਈ ਅੱਗੇ ਵਧਿਆ। ਕੁੱਤਾ ਭਰਾ ਦੀ ਇਸ ਹਰਕਤ ਨਾਲ ਭਡ਼ਕ ਗਿਆ। ਉਹ ਇਸ ਅੰਦਾਜ਼ ਨਾਲ ਗੁਰਰਾਇਆ ਕਿ ਛੋਟਾ ਭਰਾ ਡਰ ਗਿਆ। ਮੈਂ ਵੀ ਡਰ ਗਿਆ। ਕੀ ਪਤਾ ਝਪਟ ਪਵੇ। ਮੈਂ ਤਾ ਆਪਣਾ ਕੁੱਤਾਪੁਣਾ ਭੁੱਲ ਚੁੱਕਾ ਹਾਂ।
ਸਮਝੌਤੇ ਦੇ ਮੂਡ ਵਿੱਚ ਘਿਰਣਾ ਨਾਲ ਰੋਟੀ ਦਾ ਇੱਕ ਟੁਕੜਾ ਮੈਂ ਉਸ ਵੱਲ ਸੁੱਟ ਦਿੱਤਾ। ਕੁੱਤਾ ਥੋੜੀ ਦੇਰ ਉਸ ਟੁਕੜੇ ਨੂੰ ਘੂਰਦਾ ਰਿਹਾ, ਫਿਰ ਬੋਲਿਆ, “ਬੱਸ, ਏਨਾ ਹੀ?”
“ਹੋਰ ਕੀ ਸਾਰਾ ਲਵੇਂਗਾ? ਇਥੇ ਕੀ ਕਮਾ ਕੇ ਰੱਖ ਗਿਆ ਸੀ?” ਮੈਂ ਗੁੱਸੇ ਨਾਲ ਕਿਹਾ।
“ਤਾਂ ਤੂੰ ਕਿਹੜਾ ਆਪ ਕਮਾਇਐ? ਉਹ ਵੀ ਗੁਰਰਾਇਆ, “ਹਰਾਮ ਦੀ ਕਮਾਈ ਐ। ਹਰਾਮ ਦੀ ਕਮਾਈ ਦਾ ਬਟਵਾਰਾ ਇੰਜ ਹੁੰਦੈ?”
“ਹਰਾਮ ਦੀ ਕਮਾਈ ਦਾ ਕੋਈ ਬਟਵਾਰਾ ਨਹੀਂ ਹੁੰਦਾ। ਜਿਸ ਨੂੰ ਮਿਲਗੀ ਕਮਾਈ ਉਸੇ ਦੀ। ਅੱਜਕਲ ਦੋ ਨੰਬਰ ਦੀ ਕਮਾਈ ’ਚ ਵੀ ਮਿਹਨਤ ਕਰਨੀ ਪੈਂਦੀ ਹੈ।” ਮੈਂ ਉਹਨੂੰ ਸਮਝਾਉਣਾ ਚਾਹਿਆ।
“ਮੈਂ ਕੁਝ ਨਹੀਂ ਸੁਣਨਾ, ਅੱਧ ਦੇ ਦੇ।” ਉਹ ਘੂਰਦੇ ਹੋਏ ਬੋਲਿਆ।
ਮੈਂ ਹੈਰਾਨ ਹੁੰਦਿਆਂ ਗੁੱਸੇ ਵਿੱਚ ਬੋਲਿਆ, “ਅੱਧਾ ਨਹੀਂ ਦਿਆਂਗਾ। ਇਹ ਟੁਕੜਾ ਲੈਣਾ ਹੈ ਤਾਂ ਲੈ, ਨਹੀਂ ਤਾਂ ਉੱਡ ਜਾ ਇੱਥੋਂ।”
“ਤਾਂ ਫਿਰ ਨਹੀਂ ਦਿੰਦੇ?” ਉਹ ਫ਼ੈਸਲਾਕੁਨ ਸੁਰ ਵਿੱਚ ਬੋਲਿਆ।
“ਨਹੀਂ, ਬਿਲਕੁਲ ਨਹੀਂ ਦਿਆਂਗਾ। ਜੋ ਕਰਨਾ ਹੈ ਕਰ ਲੈ।” ਮੈਨੂੰ ਫਿਰ ਗੁੱਸਾ ਆ ਗਿਆ।
“ਮੈਂ ਵੱਢ ਖਾਊਂਗਾ।” ਉਹ ਚਿਤਾਵਨੀ ਭਰੇ ਅੰਦਾਜ਼ ਵਿੱਚ ਬੋਲਿਆ।
ਉਸ ਸਮੇਂ ਉਸ ਦੇ ਚਿਹਰੇ ਉੱਤੇ ਕੁਟਿਲ ਮੁਸਕਾਨ ਖੇਡ ਰਹੀ ਸੀ।
ਮੈਂ ਗੁੱਸੇ ਵਿੱਚ ਲਾਲ-ਪੀਲਾ ਹੁੰਦਿਆਂ ਕਿਹਾ, “ਓਏ, ਭੱਜ ਜਾ ਇੱਥੋਂ।” ਤੇ ਛੋਟੇ ਭਰਾ ਨੂੰ ਕਿਹਾ, “ਦੇਵੀਂ ਜਰਾ ਸੋਟੀ ਮੈਨੂੰ…।”
ਉਹ ਉੱਠ ਖੜਾ ਹੋਇਆ। ਉਹਦਾ ਭਿਆਨਕ ਚਿਹਰਾ ਦੇਖ ਕੇ ਮੈਂ ਕੰਬ ਗਿਆ। ਅੱਗ ਵਰ੍ਹਾਉਂਦੀਆਂ ਅੱਖਾਂ ਨਾਲ ਮੈਨੂੰ ਘੂਰਦਾ ਹੋਇਆ ਬੋਲਿਆ, “ਬਾਹਰ ਨਿਕਲ, ਦੇਖਦਾ ਹਾਂ।”
ਤੇ ਉਹ ਉਸ ਰੋਟੀ ਦੇ ਟੁਕੜੇ ਨੂੰ ਦੇਖੇ ਬਗੈਰ ਬਾਹਰ ਨਿਕਲ ਗਿਆ। ਮੈਂ ਉਸ ਸਮੇਂ ਇਹ ਨਹੀਂ ਦੇਖ ਸਕਿਆ ਕਿ ਮੇਰੀ ਪੂਛ ਪਿਛਲੀਆਂ ਦੋਹਾਂ ਟੰਗਾਂ ਵਿਚ ਦਬੀ ਹੋਈ ਸੀ।
                         -0-
  

Monday, August 6, 2012

ਹਿੰਦੀ/ ਅਭਿਆਸ


ਐਸ.ਐਨ. ਸਿੰਘ
ਮਾਂ ਅੱਠ-ਦਸ ਇੱਟਾਂ ਚੁੱਕ ਕੇ ਫੇਰਾ ਲਾਉਂਦੀ। ਬੱਚਾ ਵੀ ਮਾਂ ਦੇ ਪਿੱਛੇ-ਪਿੱਛੇ ਓਨੇ ਹੀ ਫੇਰੇ ਲਾਉਂਦਾ ਜਿੰਨੇ ਮਾਂ, ਪਰ ਖਾਲੀ ਹੱਥ। ਇੱਟਾਂ ਦੇ ਭੱਠੇ ਵਿਚ ਇਹ ਨਿੱਤ ਦਾ ਕੰਮ ਸੀ।
ਭੱਠੇ ਦਾ ਮਾਲਕ ਬੈਠਾ ਇਹ ਸਭ ਦੇਖਦਾ ਰਹਿੰਦਾ ਸੀ। ਅਚਾਨਕ ਉਹਦੇ ਦਿਮਾਗ ਵਿਚ ਇੱਕ ਖਿਆਲ ਆਇਆ।
“ਤੇਰਾ ਮੁੰਡਾ ਬੇਕਾਰ ਤੇਰੇ ਪਿੱਛੇ-ਪਿੱਛੇ ਚੱਕਰ ਲਾਉਂਦਾ ਹੈ। ਉਹਨੂੰ ਵੀ ਇਕ ਇੱਟ ਫੜਾ ਦਿਆ ਕਰ।” ਉਹਨੇ ਮਾਂ ਨੂੰ ਪਿਆਰ ਨਾਲ ਸਮਝਾਇਆ।
ਮਾਂ ਨੇ ਮਾਲਕ ਦੀ ਗੱਲ ਮੰਨ ਕੇ ਇੱਕ ਇੱਟ ਬੱਚੇ ਨੂੰ ਫੜਾ ਦਿੱਤੀ। ਬੱਚੇ ਨੇ ਡਿਗਦੇ-ਢਹਿੰਦੇ ਕਿਸੇ ਤਰ੍ਹਾਂ ਫੇਰਾ ਪੂਰਾ ਕਰ ਲਿਆ।
“ਵੈਰੀ ਗੁੱਡ!” ਮਾਲਕ ਖੁਸ਼ ਹੋ ਕੇ  ਬੋਲਿਆ, “ਕੱਲ੍ਹ ਇਹਨੂੰ ਦੋ ਇੱਟਾਂ ਫੜਾ ਦੀਂ।”
                         -0-

Saturday, July 28, 2012

ਹਿੰਦੀ/ ਗੁਬਾਰਾ


ਅਸ਼ੋਕ ਭਾਟੀਆ(ਡਾ.)

ਬੱਚੇ ਲਈ ਜਿਤਨਾ ਆਕਰਸ਼ਨ ਰਾਤ ਨੂੰ ਤਾਰੇ ਦਾ ਹੁੰਦਾ ਹੈ, ਓਨਾ ਹੀ ਦਿਨ ਨੂੰ ਗੁਬਾਰੇ ਦਾ ਹੁੰਦਾ ਹੈ। ਛੋਟੂ ਦਾ ਇਹੀ ਹਾਲ ਸੀ। ਉਹ ਰੋਜ਼ ਹੀ ਬਾਹਰੋਂ ਗੁਬਾਰੇ ਵਾਲੇ ਤੋਂ ਗੁਬਾਰਾ ਲੈ ਆਉਂਦਾ ਤੇ ਪਿਤਾ ਨੂੰ ਰੁਪਿਆ ਦੇਣ ਲਈ ਕਹਿੰਦਾ।
ਪਿਤਾ ਗਰੀਬ ਸੀ। ਇਕ ਦਿਨ ਛੋਟੂ ਨੂੰ ਸਮਝਾਇਆ, “ਗੁਬਾਰਾ ਚੰਗਾ ਨਹੀਂ ਹੁੰਦਾ। ਫਟ ਜਾਂਦਾ ਹੈ। ਇਸ ਲਈ ਇਹ ਰੋਜ਼ ਨਹੀਂ ਲੈਂਦੇ।”
ਅਗਲੇ ਦਿਨ ਜਦੋਂ ਗੁਬਾਰੇ ਵਾਲਾ ਆਇਆ ਤਾਂ ਛੋਟੂ ਨੇ ਪਿਤਾ ਦਾ ਕੁੜਤਾ ਫੜ ਕੇ ਕਿਹਾ, “ਗੁਬਾਰਾ ਚੰਗਾ ਨਹੀਂ ਹੁੰਦਾ ਨਾ?”
“ਹਾਂ ਬੇਟੇ।”
“ਗੁਬਾਰਾ ਛੇਤੀ ਫਟ ਜਾਂਦਾ ਹੈ ਨਾ?”
“ਹਾਂ ਬੇਟੇ।”
ਪਿਤਾ ਜਾਣ ਲੱਗਾ ਤਾਂ ਦੋ ਕਦਮ ਚੱਲਣ ਮਗਰੋਂ ਛੋਟੂ ਉਹਨਾਂ ਦਾ ਕੁੜਤਾ ਖਿੱਚਦੇ ਹੋਏ ਫਿਰ ਬੋਲਿਆ, “ਗੁਬਾਰਾ ਹਰ ਰੋਜ਼ ਨਹੀਂ ਲੈਂਦੇ ਨਾ?”
ਪਿਤਾ ਨੇ ਛੋਟੂ ਨੂੰ ਉਸੇ ਨਿਰਣਾਇਕ ਦ੍ਰਿਸ਼ਟੀ ਨਾਲ ਦੇਖਿਆ।
ਛੋਟੂ ਫਫਕ-ਫਫਕ ਕੇ ਰੋ ਪਿਆ। ਹੁਣ ਪਿਤਾ ਕੋਲ ਗੁਬਾਰਾ ਲੈ ਕੇ ਦੇਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ।
                                            -0-

Sunday, July 22, 2012

ਹਿੰਦੀ / ਉਲਝਨ


ਪਵਿੱਤਰਾ ਅਗਰਵਾਲ
ਪ੍ਰਸ਼ਨ-ਪੱਤਰ ਪੜ੍ਹਦੇ ਹੋਏ ਮਾਂ ਨੇ ਬੇਟੀ ਨੂੰ ਪੁੱਛਿਆ, “ਪ੍ਰਸ਼ਨ ਐ ਕਿ ਸਾਡੀ ਰਾਸ਼ਟਰ-ਭਾਸ਼ ਕਿਹੜੀ ਐ?…ਤੂੰ ਕੀ ਲਿਖਿਆ?”
ਮਾਂ, ਇਸ ਸਵਾਲ ਦਾ ਜਵਾਬ ਗਲਤ ਹੋ ਗਿਆ। ਲਿਖਣਾ ਚਾਹੀਦਾ ਸੀ ਹਿੰਦੀ, ਪਰ ਲਿੱਖ ਆਈ ਅੰਗ੍ਰੇਜ਼ੀ।”
“ਕਿਉਂ, ਏਨੇ ਸੌਖੇ ਸਵਾਲ ਦਾ ਜਵਾਬ ਵੀ ਨਹੀਂ ਆਉਂਦਾ ਸੀ?”
“ਆਉਂਦਾ ਸੀ ਮਾਂ, ਪਰ ਉੱਤਰ ਲਿਖਦੇ ਸਮੇਂ ਦੋ ਦਿਨ ਪਹਿਲਾਂ ਦੀ ਇਕ ਗੱਲ ਯਾਦ ਆ ਗਈ ਤੇ ਮੈਂ ਉਲਝਨ ਵਿਚ ਪੈ ਗਈ।”
“ਦੋ ਦਿਨ ਪਹਿਲਾਂ ਅਜਿਹਾ ਕੀ ਹੋ ਗਿਆ ਸੀ?”
“ਮੈਂ ਸ਼ਾਇਦ ਤੈਨੂੰ ਦੱਸਿਆ ਵੀ ਸੀ। ਸਾਡੇ ਸਕੂਲ ’ਚ ਹਿੰਦੀ ’ਚ ਗੱਲ ਕਰਨੀ ਬਿਲਕੁਲ ਮਨ੍ਹਾ ਹੈ। ਮੈਨੂੰ ਆਪਣੀ ਸਹੇਲੀ ਨਾਲ ਹਿੰਦੀ ’ਚ ਗੱਲ ਕਰਦੇ ਦੇਖ, ਸਾਡੀ ਟੀਚਰ ਨੇ ਮੈਨੂੰ ਬੈਂਚ ’ਤੇ ਖੜੀ ਕਰ ਦਿੱਤਾ ਸੀ। ਇਹ ਗੱਲ ਮੇਰੇ ਧਿਆਨ ’ਚ ਆ ਗਈ। ਮੈਂ ਸੋਚਿਆ, ਜੇਕਰ ਸਾਡੀ ਰਾਸ਼ਟਰ ਭਾਸ਼ਾ ਹਿੰਦੀ ਹੁੰਦੀ ਤਾਂ ਉਹਨੂੰ ਬੋਲਣ ’ਤੇ ਸਜ਼ਾ ਕਿਉਂ ਮਿਲਦੀ! ਬੱਸ ਇੱਥੇ ਈ ਮੇਰੇ ਤੋਂ ਗਲਤੀ ਹੋ ਗਈ।”
                                      -0-

Sunday, July 15, 2012

ਹਿੰਦੀ/ ਭਿਖਾਰੀ ਤੇ ਚੋਰ


ਰਾਵੀ

ਮੇਰੀ ਬਗੀਚੀ ਦੇ ਦਰ ਤੇ ਉਹ ਆਇਆ ਤੇ ਬੋਲਿਆ, “ਬਾਬੂਜੀ, ਮੈਂਨੂੰ ਆਪਣੇ ਬਗੀਚੇ ’ਚੋਂ ਕੁਝ ਫੁੱਲ ਲੈ ਲੈਣ ਦਿਓ।”
ਫਟੇ-ਪੁਰਾਣੇ ਕਪੜਿਆਂ ਨਾਲ ਕਿਸੇ ਤਰਾਂ ਆਪਣੇ ਸਰੀਰ ਨੂੰ ਢਕੇ ਉਸ ਮੁੰਡੇ ਨੂੰ ਮੈਂ ਧਿਆਨ ਨਾਲ ਦੇਖਦੇ ਹੋਏ ਪੁੱਛਿਆ, “ਤੂੰ ਹੈ ਕੌਣ?”
“ਭਿਖਾਰੀ।” ਉਸਦਾ ਉੱਤਰ ਸੀ। ਉਸਦੇ ਉੱਤਰ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਵੀ ਨਹੀਂ ਸੀ।
“ਭਿਖਾਰੀਆਂ ਨੂੰ ਅਜਿਹੀ ਚੀਜ਼ ਨਹੀਂ ਮੰਗਣੀ ਚਾਹੀਦੀ। ਤੂੰ ਚਾਹੇ ਤਾਂ ਮੈਂ ਤੈਨੂੰ ਇੱਕ ਰੋਟੀ ਜਾਂ ਫਿਰ ਇੱਕ ਪੈਸਾ ਦੇ ਸਕਦਾ ਹਾਂ।” ਮੈਂ ਕਿਹਾ।
“ਢਿੱਡ ਭਰਣ ਲਈ ਇਹ ਕੁਝ ਤਾਂ ਮੈਂਨੂੰ ਹੋਰਨਾ ਘਰਾਂ ’ਚੋਂ ਵੀ ਮਿਲ ਜਾਂਦਾ ਹੈ।” ਉਸਨੇ ਕਿਹਾ ਤੇ ਨਿਰਾਸ਼ ਹੋ ਕੇ ਚਲਾ ਗਿਆ।
ਅਗਲੇ ਦਿਨ ਮਾਲੀ ਨੇ ਸੂਚਨਾ ਦਿੱਤੀ ਕਿ ਬਗੀਚੀ ਵਿੱਚੋਂ ਕੁੱਝ ਫੁੱਲ ਚੋਰੀ ਹੋਏ ਹਨ। ਮੈਂ ਪਹਿਰੇ ਦਾ ਪ੍ਰਬੰਧ ਕਰ ਦਿੱਤਾ, ਪਰੰਤੂ ਚੋਰੀ ਦਾ ਕੰਮ ਨਾ ਰੁਕਿਆ। ਹਰ ਰਾਤ ਕਿਸੇ ਵੇਲੇ ਕੁਝ ਫੁੱਲ ਟੁੱਟ ਕੇ ਗਾਇਬ ਹੋ ਜਾਂਦੇ।
ਇੱਕ ਦਿਨ ਮੈਂ ਉਸ ਮੁੰਡੇ ਨੂੰ ਬਜ਼ਾਰ ਵਿੱਚ ਦੇਖਿਆ। ਸੜਕ ਕਿਨਾਰੇ ਬੈਠਾ ਉਹ ਫੁੱਲਾਂ ਦੇ ਹਾਰ ਬਣਾ ਰਿਹਾ ਸੀ।
““ਤੂੰ ਚੋਰ ਹੈਂ।”” ਕੋਲ ਜਾ ਕੇ ਮੈਂ ਉਸਨੂੰ ਫੜ ਲਿਆ।
““ਮੈਂ ਚੋਰ ਨਹੀਂ ਬਾਬੂ ਜੀ, ਇਹ ਤੁਸੀਂ ਕਿਹੋ ਜੀ ਗੱਲ ਕਰਦੇ ਓ! ਮੈਂ ਤਾਂ ਭਿਖਾਰੀ ਆਂ। ਭੀਖ ਦੇ ਪੈਸੇ ਬਚਾਕੇ ਕੁਝ ਫੁੱਲ ਖਰੀਦ ਲੈਂਦਾ ਹਾਂ ਤੇ ਹਾਰ ਬਣਾ ਕੇ ਵੇਚ ਦਿੰਦਾ ਹਾਂ। ਕੁਝ ਸਮੇਂ ਬਾਦ ਮੈਂਨੂੰ ਭੀਖ ਮੰਗਣ ਦੀ ਲੋੜ ਨਹੀਂ ਰਹਿ ਜਾਵੇਗੀ। ਮੈਂਨੂੰ ਚੋਰ ਕਹਿਣ ਲਈ ਤੁਹਾਡੇ ਕੋਲ ਕੋਈ ਸਬੂਤ ਹੈ?””
ਮੁੰਡੇ ਦੀ ਆਵਾਜ਼ ਕੜਕ ਸੀ। ਉਸਦੀ ਚੋਰੀ ਦਾ ਮੇਰੇ ਕੋਲ ਕੋਈ ਸਬੂਤ ਨਹੀਂ ਸੀ। ਕੁੱਝ ਲੋਕ ਸਾਡੀ ਗੱਲਬਾਤ ਸੁਣ ਰਹੇ ਸਨ। ਬਿਨਾ ਸਬੂਤ ਦੇ ਦੋਸ਼ ਲਾ ਕੇ ਮੈਂ ਉਹਨਾਂ ਦੀ ਨਿਗ੍ਹਾ ਵਿੱਚ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ। ਮੇਂ ਚੁੱਪਚਾਪ ਤੁਰ ਪਿਆ।
ਕੁੱਝ ਦੂਰ ਜਾਣ ਮਗਰੋਂ ਮੈਂ ਦੇਖਿਆ, ਉਹ ਮੁੰਡਾ ਮੇਰੇ ਪਿੱਛੇ-ਪਿੱਛੇ ਆ ਰਿਹਾ ਸੀ। ਇਕਾਂਤ ਦੇਖਕੇ ਉਹਨੇ ਮੈਂਨੂੰ ਕਿਹਾ, ““ਬਾਬੂ ਜੀ, ਮੈਂ ਹਾਂ ਤਾਂ ਉਹੀ ਭਿਖਾਰੀ ਤੇ ਤੁਹਾਡੀ ਭੀਖ ’ਤੇ ਹੀ ਪਲ ਰਿਹਾ ਹਾਂ। ਫਰਕ ਸਿਰਫ ਏਨਾ ਹੈ ਕਿ ਜੇਕਰ ਤੁਸੀਂ ਆਪਣੇ ਹੱਥੀਂ ਦੇ ਦਿੰਦੇ ਤਾਂ ਤੁਹਾਡਾ ਧੰਨਵਾਦੀ ਹੁੰਦਾ, ਪਰ ਹੁਣ ਨਹੀਂ ਹਾਂ।””
ਮੇਰਾ ਸਿਰ ਝੁਕ ਗਿਆ। ਫੁੱਲਾਂ ਦਾ ਨੁਕਸਾਨ ਤਾਂ ਮੇਰੇ ਲਈ ਕੋਈ ਨੁਕਸਾਨ ਨਹੀਂ ਸੀ, ਪਰ ਇੱਕ ਬਹੁਤ ਵੱਡੀ ਚੀਜ਼ ਮੇਰੇ ਹੱਥੋਂ ਨਿਕਲ ਗਈ ਸੀ ਤੇ ਉਸ ਵਿੱਚ ਦੋਸ਼ ਮੇਰਾ ਹੀ ਸੀ।
                                              -0-