Saturday, July 28, 2012

ਹਿੰਦੀ/ ਗੁਬਾਰਾ


ਅਸ਼ੋਕ ਭਾਟੀਆ(ਡਾ.)

ਬੱਚੇ ਲਈ ਜਿਤਨਾ ਆਕਰਸ਼ਨ ਰਾਤ ਨੂੰ ਤਾਰੇ ਦਾ ਹੁੰਦਾ ਹੈ, ਓਨਾ ਹੀ ਦਿਨ ਨੂੰ ਗੁਬਾਰੇ ਦਾ ਹੁੰਦਾ ਹੈ। ਛੋਟੂ ਦਾ ਇਹੀ ਹਾਲ ਸੀ। ਉਹ ਰੋਜ਼ ਹੀ ਬਾਹਰੋਂ ਗੁਬਾਰੇ ਵਾਲੇ ਤੋਂ ਗੁਬਾਰਾ ਲੈ ਆਉਂਦਾ ਤੇ ਪਿਤਾ ਨੂੰ ਰੁਪਿਆ ਦੇਣ ਲਈ ਕਹਿੰਦਾ।
ਪਿਤਾ ਗਰੀਬ ਸੀ। ਇਕ ਦਿਨ ਛੋਟੂ ਨੂੰ ਸਮਝਾਇਆ, ਗੁਬਾਰਾ ਚੰਗਾ ਨਹੀਂ ਹੁੰਦਾ। ਫਟ ਜਾਂਦਾ ਹੈ। ਇਸ ਲਈ ਇਹ ਰੋਜ਼ ਨਹੀਂ ਲੈਂਦੇ।
ਅਗਲੇ ਦਿਨ ਜਦੋਂ ਗੁਬਾਰੇ ਵਾਲਾ ਆਇਆ ਤਾਂ ਛੋਟੂ ਨੇ ਪਿਤਾ ਦਾ ਕੁੜਤਾ ਫੜ ਕੇ ਕਿਹਾ, ਗੁਬਾਰਾ ਚੰਗਾ ਨਹੀਂ ਹੁੰਦਾ ਨਾ?
ਹਾਂ ਬੇਟੇ।
ਗੁਬਾਰਾ ਛੇਤੀ ਫਟ ਜਾਂਦਾ ਹੈ ਨਾ?
ਹਾਂ ਬੇਟੇ।
ਪਿਤਾ ਜਾਣ ਲੱਗਾ ਤਾਂ ਦੋ ਕਦਮ ਚੱਲਣ ਮਗਰੋਂ ਛੋਟੂ ਉਹਨਾਂ ਦਾ ਕੁੜਤਾ ਖਿੱਚਦੇ ਹੋਏ ਫਿਰ ਬੋਲਿਆ, ਗੁਬਾਰਾ ਹਰ ਰੋਜ਼ ਨਹੀਂ ਲੈਂਦੇ ਨਾ?
ਪਿਤਾ ਨੇ ਛੋਟੂ ਨੂੰ ਉਸੇ ਨਿਰਣਾਇਕ ਦ੍ਰਿਸ਼ਟੀ ਨਾਲ ਦੇਖਿਆ।
ਛੋਟੂ ਫਫਕ-ਫਫਕ ਕੇ ਰੋ ਪਿਆ। ਹੁਣ ਪਿਤਾ ਕੋਲ ਗੁਬਾਰਾ ਲੈ ਕੇ ਦੇਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ।
                                            -0-

No comments: