Tuesday, August 21, 2012

ਹਿੰਦੀ/ ਸੁਬੀਰਾ ਦੀ ਮਾਂ


ਊਸ਼ਾ ਮਹਿਤਾ ਦੀਪਾ
ਕੱਲ੍ਹ ਬਿਰਧ ਰਜੀਆ ਨੂੰ ਦਿਲ ਦਾ ਘਾਤਕ ਦੌਰਾ ਪਿਆ ਸੀ। ਘਰ ਵਿਚ ਕੋਈ ਨਹੀਂ ਸੀ। ਧੀ ਸੁਬੀਰਾ ਡਿਊਟੀ ਉੱਤੇ ਗਈ ਹੋਈ ਸੀ। ਪੁੱਤਰ ਅਤੇ ਵੱਡੀ ਧੀ ਦੂਰ ਸ਼ਹਿਰ ਵਿਚ ਰਹਿੰਦੇ ਸਨ। ਇਸ ਲਈ ਗੁਆਂਢੀਆਂ ਨੇ ਹੀ ਉਸ ਨੂੰ ਹਸਪਤਾਲ ਪਹੁੰਚਾਇਆ ਸੀ। ਸੁਬੀਰਾ ਹਸਪਤਾਲ ਪੁੱਜੀ ਤਾਂ ਸਹਿਮ ਗਈ ਸੀ। ਮਾਂ ਦੀ ਹਾਲਤ ਬਹੁਤ ਗੰਭੀਰ ਸੀ। ਡਾਕਟਰ ਕੋਸ਼ਿਸ਼ ਕਰ ਰਹੇ ਸਨ, ਪਰ ਜ਼ਿਆਦਾ ਉਮੀਦ ਨਹੀਂ ਸੀ। ਇਕੱਲੀ ਸੁਬੀਰਾ ਘਬਰਾ ਗਈ ਸੀ। ਉਹਨੇ ਤੁਰੰਤ ਭਰਾ ਅਤੇ ਭੈਣ ਨੂੰ ਫੋਨ ਰਾਹੀਂ ਮਾਂ ਦੇ ਸੀਰੀਅਸ ਹੋਣ ਦੀ ਸੂਚਨਾ ਦੇਣਾ ਆਪਣਾ ਫਰਜ਼ ਸਮਝਿਆ ਸੀ।
ਡਾਕਟਰਾਂ ਦੀ ਮਿਹਨਤ ਰੰਗ ਲਿਆਈ। ਰਜੀਆ ਦੀ ਹਾਲਤ ਵਿਚ ਸੁਧਾਰ ਹੁੰਦਾ ਗਿਆ।
ਸਵੇਰੇ ਜਦੋਂ ਸੁਬੀਰਾ ਦੇ ਭੈਣ ਭਰਾ ਪਹੁੰਚੇ, ਰਜੀਆ ਨੂੰ ਹੋਸ਼ ਆ ਚੁੱਕਾ ਸੀ। ਮਾਂ ਨੂੰ ਹੋਸ਼ ਵਿਚ ਦੇਖ ਭਰਾ ਸੁਬੀਰਾ ਉੱਤੇ ਵਰ੍ਹ ਪਿਆ, ਤੈਨੂੰ ਤਾਂ ਜਵਾਂ ਈ ਅਕਲ ਨਹੀਂਮਾਂ ਨੂੰ ਖੰਘ ਵੀ ਆਵੇ ਤਾਂ ਫੋਨ ਕਰ ਦਿੰਨੀਂ ਐਂ। ਪਤਾ ਐ ਕਿੰਨੀ ਜ਼ਰੂਰੀ ਮੀਟਿੰਗ ਛੱਡ ਕੇ ਆਇਐਂ…ਲੱਖਾਂ ਦਾ ਨੁਕਸਾਨ ਹੋ ਗਿਆ ਸਮਝ।
ਵੱਡੀ ਭੈਣ ਵੀ ਬੁੜਬੁੜਾ ਰਹੀ ਸੀ, ਆਉਣਾ ਕਿਹੜਾ ਸੌਖਾ ਔ। ਕੰਮ ਦਾ ਹਰਜਾ ਤਾਂ ਹੈ ਈ, ਪੈਸਾ ਵਾ ਪੂਰਾ ਲਗਦੈ। ਫੋਨ ਕਰਨ ’ਚ ਕਾਹਲ ਨਾ ਕਰਿਆ ਕਰ।
ਕੱਲ੍ਹ ਮਾਂ ਦੀ ਹਾਲਤ ਏਨੀ ਖਰਾਬ ਸੀ ਕਿ ਬਚਣ ਦੀ ਉਮੀਦ ਘੱਟ ਈ ਸੀ…ਰੋਣ ਹੱਕੀ ਸੁਬੀਰਾ ਨੇ ਆਪਣੀ ਗੱਲ ਕਹਿਣੀ ਚਾਹੀ।
ਤਾਂ ਥੋੜੀ ਉਡੀਕ ਹੋਰ ਕਰ ਲੈਂਦੀ…ਤੇ ਸੁਣ, ਅੱਗੇ ਤੋਂ ਮੈਨੂੰ ਤਾਂ ਫੋਨ ਉਦੋਂ ਈ ਕਰੀਂ ਜਦੋਂ…ਭਰਾ ਦਾ ਗੁੱਸਾ ਸਤਵੇਂ ਅਸਮਾਨ ਨੂੰ ਛੂਹ ਰਿਹਾ ਸੀ।
ਨਾਲ ਹੀ ਵੱਡੀ ਭੈਣ ਵੀ ਬੋਲ ਪਈ, ਤੇ ਪਹਿਲਾਂ ਆ ਕੇ ਅਸੀਂ ਕਰ ਵੀ ਕੀ ਲਵਾਂਗੇ?
ਆਪਣਾ ਸਮਾਨ ਚੁੱਕ ਕੇ ਜਦੋਂ ਭੈਣ-ਭਰਾ ਦਰਵਾਜ਼ੇ ਤੋਂ ਬਾਹਰ ਹੋ ਗਏ ਤਾਂ ਸੁਬੀਰਾ ਦੀ ਨਿਗਾਹ ਮਾਂ ਵੱਲ ਗਈ। ਛੱਤ ਵੱਲ ਦੇਖ ਰਹੀਆਂ ਮਾਂ ਦੀਆਂ ਅੱਖਾਂ ਪਥਰਾ ਚੁੱਕੀਆਂ ਸਨ। ਜਾ ਰਹੇ ਭੈਣ-ਭਰਾ ਨੂੰ ਰੋਕਣ ਲਈ ਸੁਬੀਰਾ ਨੇ ਚੀਕਣਾ ਚਾਹਿਆ, ਪਰ ਆਵਾਜ਼ ਉਸ ਦੇ ਸੰਘ ਵਿਚ ਅਟਕ ਕੇ ਰਹਿ ਗਈ।
                                        -0-


No comments: