Monday, October 22, 2012

ਹਿੰਦੀ/ ਰਾਹਤ



ਊਸ਼ਾ ਮਹਿਤਾ ਦੀਪਾ

“ਬਾਬੂ ਜੀ, ਓ ਬਾਬੂ ਜੀ!” ਇਕ ਬਿਰਧ ਆਦਮੀ ਦਫ਼ਤਰ ਵਿਚ ਕਲਰਕ ਅੱਗੇ ਗਿੜਗਿੜਾ ਰਿਹਾ ਸੀ।
“ਕੀ ਗੱਲ ਐ ਬੁੜ੍ਹਿਆ?” ਬਾਬੂ ਖਾ ਜਾਣ ਵਾਲੀ ਆਵਾਜ਼ ਵਿਚ ਚੀਕਿਆ, “ਸਾਲਾ ਰੋਜ਼ ਆ ਜਾਂਦੈ ਸਿਰ ਖਾਣ ਨੂੰ।”
“ਬਾਬੂ ਜੀ, ਸਾਰੇ ਕਹਿੰਦੇ ਐ, ਮੇਰਾ ਨਾਂ ਵੀ ਹੈ ਰਾਹਤ ਵਾਲੀ ਲਿਸਟ ’ਚ।”
“ਜਿਹੜੇ ਕਹਿੰਦੇ ਐ, ਉਨ੍ਹਾਂ ਤੋਂ ਹੀ ਲੈ ਲੈ ਰਾਹਤ।” ਬਾਬੂ ਨੇ ਕੰਨ ਖੁਰਕਦੇ ਹੋਏ ਕਿਹਾ।
“ਬਾਬੂ ਜੀ, ਮੇਰਾ ਤਾਂ ਸਭ ਕੁਝ ਉੱਜੜ ਗਿਆ, ਮੈਂ ਲੁੱਟਿਆ ਗਿਆ। ਇਕ ਈ ਪੁੱਤਰ ਸੀ, ਉਹ ਵੀ ਮਰ ਗਿਆ।” ਬਿਰਧ ਦੀਆਂ ਅੱਖਾਂ ਵਿਚ ਹੰਝੂ ਆ ਗਏ।
“ਫੇਰ ਮੈਂ ਕੀ ਕਰਾਂ?” ਬਾਬੂ ਨੇ ਕੁਰਸੀ ਉੱਤੇ ਝੂਲਦੇ ਹੋਏ ਕਿਹਾ।
“ਬਾਬੂ ਜੀ, ਨੂੰਹ ਕੋਲ ਦੋ ਛੋਟੇ-ਛੋਟੇ ਬੱਚੇ ਨੇ। ਸਾਡੇ ਕੋਲ ਕੁਝ ਵੀ ਨਹੀਂ ਬਚਿਆ। ਕਿੱਥੇ ਰਹਾਂਗੇ? ਕੀ ਖਾਵਾਂਗੇ?”
ਅਚਾਣਕ ਬਾਬੂ ਦੀਆਂ ਅੱਖਾਂ ਵਿਚ ਚਮਕ ਆ ਗਈ। ਉਹ ਬਜ਼ੁਰਗ ਦੋ ਥੋੜਾ ਨੇੜੇ ਹੋ ਗਿਆ, “ਬਾਬਾ, ਕਿੰਨੀ ਉਮਰ ਐ ਤੇਰੀ ਨੂੰਹ ਦੀ?”
“ਕੋਈ ਵੀਹ ਕੁ ਸਾਲ ਦੀ ਐ ਬਾਬੂ ਜੀ।”
“ਹਾਏ ਵਿਚਾਰੀ, ਇਸ ਉਮਰ ’ਚ ਵਿਧਵਾ!…ਕਿਵੇਂ ਲੰਘੂਗੀ ਜ਼ਿੰਦਗੀ!…ਚੰਗਾ ਬਾਬਾ ਤੂੰ ਜਾ, ਮੈਂ ਸਾਬ੍ਹ ਨਾਲ ਗੱਲ ਕਰਦੈਂ। ਜੇ ਉਹ ਪੈਸੇ ਦੇ ਦੇਣਗੇ ਤਾਂ ਪੈਸੇ ਮੈਂ ਘਰ ਹੀ ਦੇ ਆਊਂਗਾ।”
“ਬਾਬੂ ਜੀ, ਤੁਹਾਡਾ ਭਲਾ ਹੋਵੇ। ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ। ਤੁਹਾਡੇ ਬੱਚੇ ਜੀਣ।” ਬਿਰਧ ਅਸੀਸਾਂ ਦਿੰਦਾ ਚਲਾ ਗਿਆ।
ਸੰਝ ਢਲੇ ਬਾਬੂ ਬੁੱਢੇ ਦੇ ਘਰ ਪਹੁੰਚਿਆ। ਬੁੱਢੇ ਤੇ ਉਹਦੀ ਨੂੰਹ ਦੋਹਾਂ ਨੂੰ “ਰਾਹਤ’ ਪਹੁੰਚਾ ਕੇ ਜਾਣ ਲੱਗਾ ਤਾਂ ਨੂੰਹ ਦੀਆਂ ਸੁੰਨੀਆਂ ਅੱਖਾਂ ਵਿਚ ਝਾਕਦੇ ਹੋਏ ਬੋਲਿਆ, “ਤੁਹਾਨੂੰ ਦਫਤਰ ਆਉਣ ਦੀ ਲੋੜ ਨਹੀਂ ਬਾਬਾ, ਜਦੋਂ ਕਦੇ ਵੀ ਰਾਹਤ ਦੇ ਪੈਸੇ ਆਇਆ ਕਰਨਗੇ, ਮੈਂ ਘਰ ਆ ਕੇ ਹੀ ਦੇ ਜਾਇਆ ਕਰਾਂਗਾ।”
                                      -0-

Monday, October 15, 2012

ਹਿੰਦੀ/ ਜਿੱਤ



ਪੂਰਨ ਮੁਦਗਲ

ਛੋਟੂ ਸਾਰਾ ਦਿਨ ਕੰਮ ਕਰਦਾ, ਰਾਤੀਂ ਮੇਰੇ ਬੇਟੇ ਰਾਜੂ ਨਾਲ ਖੇਡਦਾ। ਰਾਤ ਉਹ ਲੁਕਣ-ਮੀਟੀ ਖੇਡ ਰਹੇ ਸਨ। ਉਹ ਘਰ ਵਿਚ ਕਿਤੇ ਵੀ ਲੁਕਦੇ, ਛੇਤੀ ਹੀ ਇਕ-ਦੂਜੇ ਨੂੰ ਲੱਭ ਲੈਂਦੇ। ਤਦ ਰਾਜੂ ਮੇਰੇ ਕੋਲ ਆ ਕੇ ਰਜਾਈ ਵਿਚ ਲੁਕ ਗਿਆ। ਛੋਟੂ ਨੇ ਉਹਨੂੰ ਮੰਜੇ ਹੇਠ, ਸੋਫੇ ਪਿੱਛੇ, ਸਟੋਰ ਤੇ ਗੁਸਲਖਾਨੇ ਵਿਚ…ਹਰ ਜਗ੍ਹਾ ਵੇਖਿਆ, ਪਰ ਲੱਭ ਨਹੀਂ ਸਕਿਆ। ਵਿਚਾਰਾ ਖੇਡ ਵਿਚ ਹਾਰ ਗਿਆ।
ਸਵੇਰੇ ਛੋਟੂ ਦਾ ਪਿਉ ਉਹਨੂੰ ਮਿਲਣ ਆਇਆ ਤਾਂ ਛੋਟੂ ਨੇ ਮਾਸੂਮੀਅਤ ਨਾਲ ਕਿਹਾ, “ਬਾਪੂ, ਅੱਜ ਰਾਤ ਤੂੰ ਇੱਥੇ ਈ ਸੌਂ ਜੀ। ਫਿਰ ਮੈਂ ਵੀ ਰਾਜੂ ਨੂੰ ਹਰਾ ਦੂੰਗਾ। ਸੋਏਂਗਾ ਨਾ ਬਾਪੂ?”
                                   -0-

Monday, October 8, 2012

ਹਿੰਦੀ/ ਅਮੰਗਲ





ਸ਼ੀਲ ਕੌਸ਼ਿਕ (ਡਾ.)

ਜਨਵਰੀ ਦੀ ਕੜਾਕੇ ਦੀ ਠੰਡ ਵਿਚ ਦੋ ਦਿਨਾਂ ਤੋਂ ਕੁੱਤੇ ਦੇ ਰੋਣ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਜਿਸ ਘਰ ਕੋਲ ਜਾ ਕੇ ਕੁੱਤਾ ਰੋਣ ਲਗਦਾ, ਘਰ ਦਾ ਮਾਲਕ ਡੰਡਾ ਦਿਖਾ ਕੇ ਉਸਨੂੰ ਭਜਾ ਦਿੰਦਾ। ਕੁੱਤੇ ਦਾ ਰੋਣਾ ਪੂਰੀ ਗਲੀ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਸੀ।
ਇਕ ਨੇ ਕਿਹਾ, “ਕੁੱਤੇ ਦਾ ਰੋਣਾ ਅਸ਼ੁਭ ਸੰਕੇਤ ਹੈ। ਬਾਈ ਨੰਬਰ ਵਾਲਿਆਂ ਦੇ ਰਾਮੇਸ਼ਵਰ ਜੀ ਬੀਮਾਰ ਹਨ, ਕਿਤੇ…।”
ਦੂਜੇ ਨੇ ਪਹਿਲੇ ਦੀ ਗੱਲ ਦਾ ਸਮਰਥਨ ਕਰਦੇ ਹੋਏ ਕਿਹਾ, “ਸੁਣਿਐ, ਕੁੱਤੇ ਨੂੰ ਯਮ ਦੇ ਦੂਤ ਦਿਖਾਈ ਦੇ ਜਾਂਦੇ ਹਨ। ਰੱਬ ਭਲੀ ਕਰੇ।”
ਤੀਜੇ ਨੇ ਕਿਹਾ, “ਕਲ੍ਹ ਗਲੀ ਦੇ ਮੋੜ ’ਤੇ ਕਾਰ ਤੇ ਸਕੂਟਰ ਦਾ ਐਕਸੀਡੈਂਟ ਹੋਇਆ ਸੀ। ਸਕੂਟਰ ਵਾਲੇ ਮੁੰਡੇ ਦੇ ਬਹੁਤ ਸੱਟਾਂ ਵੱਜੀਆਂ ਸਨ। ਰੱਬ ਉਹਨੂੰ ਰਾਜੀ ਰੱਖੇ।”
ਚੌਥਾ ਕਿੱਥੇ ਚੁੱਪ ਰਹਿਣ ਵਾਲਾ ਸੀ, ਤੁਰੰਤ ਬੋਲਿਆ, “ਜਾਪਦੈ ਕਿਸੇ ਆਦਮੀ ਦੀ ਰੂਹ ਇਸ ’ਚ ਪ੍ਰਵੇਸ਼ ਕਰ ਗਈ ਐ। ਤਦੇ ਤਾਂ ਇਹ ਆਦਮੀ ਵਾਂਗ ਰੋ ਰਿਹੈ।”
ਪੰਜਵਾਂ ਜੋ ਚੁੱਪਚਾਪ ਸਭਨਾਂ ਦੀਆਂ ਗੱਲਾਂ ਸੁਣ ਰਿਹਾ ਸੀ, ਦੁਖੀ ਹੁੰਦਾ ਬੋਲਿਆ, “ਉਹ ਕੁੱਤਾ ਹੁਣ ਸਾਡੇ ਘਰ ਐ। ਉਸ ਦੇ ਪੈਰ ’ਚ ਕੱਚ ਖੁੱਭਿਆ ਹੋਇਆ ਸੀ, ਜਿਸ ਕਰਕੇ ਉਹਨੂੰ ਬਹੁਤ ਤਕਲੀਫ ਸੀ। ਕਿਸੇ ਨੇ ਵੀ ਉਹਦੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਬਸ ਸਾਰੇ ਅਪਸ਼ਗਨ ਸਮਝ ਕੇ ਉਸਨੂੰ ਭਜਾਉਂਦੇ ਰਹੇ।”
                  -0-