ਸ਼ੀਲ
ਕੌਸ਼ਿਕ (ਡਾ.)
ਜਨਵਰੀ ਦੀ ਕੜਾਕੇ ਦੀ ਠੰਡ ਵਿਚ ਦੋ ਦਿਨਾਂ ਤੋਂ ਕੁੱਤੇ ਦੇ ਰੋਣ ਦੀ
ਆਵਾਜ਼ ਸੁਣਾਈ ਦੇ ਰਹੀ ਸੀ। ਜਿਸ ਘਰ ਕੋਲ ਜਾ ਕੇ ਕੁੱਤਾ ਰੋਣ ਲਗਦਾ, ਘਰ ਦਾ ਮਾਲਕ ਡੰਡਾ ਦਿਖਾ ਕੇ
ਉਸਨੂੰ ਭਜਾ ਦਿੰਦਾ। ਕੁੱਤੇ ਦਾ ਰੋਣਾ ਪੂਰੀ ਗਲੀ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਸੀ।
ਇਕ ਨੇ ਕਿਹਾ, “ਕੁੱਤੇ ਦਾ ਰੋਣਾ ਅਸ਼ੁਭ ਸੰਕੇਤ ਹੈ। ਬਾਈ ਨੰਬਰ ਵਾਲਿਆਂ ਦੇ ਰਾਮੇਸ਼ਵਰ ਜੀ ਬੀਮਾਰ ਹਨ, ਕਿਤੇ…।”
ਦੂਜੇ ਨੇ ਪਹਿਲੇ ਦੀ ਗੱਲ ਦਾ ਸਮਰਥਨ ਕਰਦੇ ਹੋਏ ਕਿਹਾ, “ਸੁਣਿਐ, ਕੁੱਤੇ ਨੂੰ ਯਮ ਦੇ ਦੂਤ ਦਿਖਾਈ ਦੇ ਜਾਂਦੇ ਹਨ। ਰੱਬ ਭਲੀ ਕਰੇ।”
ਤੀਜੇ ਨੇ ਕਿਹਾ, “ਕਲ੍ਹ ਗਲੀ ਦੇ ਮੋੜ ’ਤੇ ਕਾਰ ਤੇ ਸਕੂਟਰ ਦਾ ਐਕਸੀਡੈਂਟ
ਹੋਇਆ ਸੀ। ਸਕੂਟਰ ਵਾਲੇ ਮੁੰਡੇ ਦੇ ਬਹੁਤ ਸੱਟਾਂ ਵੱਜੀਆਂ ਸਨ। ਰੱਬ ਉਹਨੂੰ ਰਾਜੀ ਰੱਖੇ।”
ਚੌਥਾ ਕਿੱਥੇ ਚੁੱਪ ਰਹਿਣ ਵਾਲਾ ਸੀ, ਤੁਰੰਤ ਬੋਲਿਆ, “ਜਾਪਦੈ ਕਿਸੇ ਆਦਮੀ ਦੀ ਰੂਹ ਇਸ ’ਚ ਪ੍ਰਵੇਸ਼ ਕਰ ਗਈ ਐ।
ਤਦੇ ਤਾਂ ਇਹ ਆਦਮੀ ਵਾਂਗ ਰੋ ਰਿਹੈ।”
ਪੰਜਵਾਂ ਜੋ ਚੁੱਪਚਾਪ ਸਭਨਾਂ ਦੀਆਂ ਗੱਲਾਂ ਸੁਣ ਰਿਹਾ ਸੀ, ਦੁਖੀ ਹੁੰਦਾ ਬੋਲਿਆ, “ਉਹ ਕੁੱਤਾ ਹੁਣ ਸਾਡੇ ਘਰ ਐ। ਉਸ ਦੇ ਪੈਰ ’ਚ ਕੱਚ
ਖੁੱਭਿਆ ਹੋਇਆ ਸੀ, ਜਿਸ ਕਰਕੇ ਉਹਨੂੰ ਬਹੁਤ ਤਕਲੀਫ ਸੀ। ਕਿਸੇ ਨੇ ਵੀ ਉਹਦੇ ਦਰਦ ਨੂੰ ਸਮਝਣ ਦੀ
ਕੋਸ਼ਿਸ਼ ਨਹੀਂ ਕੀਤੀ। ਬਸ ਸਾਰੇ ਅਪਸ਼ਗਨ ਸਮਝ ਕੇ ਉਸਨੂੰ ਭਜਾਉਂਦੇ ਰਹੇ।”
-0-
No comments:
Post a Comment