ਊਸ਼ਾ ਮਹਿਤਾ ਦੀਪਾ
“ਬਾਬੂ ਜੀ, ਓ ਬਾਬੂ ਜੀ!” ਇਕ ਬਿਰਧ ਆਦਮੀ ਦਫ਼ਤਰ ਵਿਚ ਕਲਰਕ ਅੱਗੇ ਗਿੜਗਿੜਾ ਰਿਹਾ
ਸੀ।
“ਕੀ ਗੱਲ ਐ ਬੁੜ੍ਹਿਆ?” ਬਾਬੂ ਖਾ ਜਾਣ ਵਾਲੀ ਆਵਾਜ਼ ਵਿਚ ਚੀਕਿਆ, “ਸਾਲਾ ਰੋਜ਼ ਆ ਜਾਂਦੈ ਸਿਰ ਖਾਣ ਨੂੰ।”
“ਬਾਬੂ ਜੀ, ਸਾਰੇ ਕਹਿੰਦੇ ਐ, ਮੇਰਾ ਨਾਂ ਵੀ ਹੈ ਰਾਹਤ
ਵਾਲੀ ਲਿਸਟ ’ਚ।”
“ਜਿਹੜੇ ਕਹਿੰਦੇ ਐ, ਉਨ੍ਹਾਂ ਤੋਂ ਹੀ ਲੈ ਲੈ ਰਾਹਤ।” ਬਾਬੂ ਨੇ ਕੰਨ ਖੁਰਕਦੇ ਹੋਏ ਕਿਹਾ।
“ਬਾਬੂ ਜੀ, ਮੇਰਾ ਤਾਂ ਸਭ ਕੁਝ ਉੱਜੜ ਗਿਆ, ਮੈਂ ਲੁੱਟਿਆ
ਗਿਆ। ਇਕ ਈ ਪੁੱਤਰ ਸੀ, ਉਹ ਵੀ ਮਰ ਗਿਆ।” ਬਿਰਧ ਦੀਆਂ ਅੱਖਾਂ ਵਿਚ ਹੰਝੂ ਆ ਗਏ।
“ਫੇਰ ਮੈਂ ਕੀ ਕਰਾਂ?” ਬਾਬੂ ਨੇ ਕੁਰਸੀ ਉੱਤੇ ਝੂਲਦੇ ਹੋਏ ਕਿਹਾ।
“ਬਾਬੂ ਜੀ, ਨੂੰਹ ਕੋਲ ਦੋ ਛੋਟੇ-ਛੋਟੇ ਬੱਚੇ ਨੇ। ਸਾਡੇ
ਕੋਲ ਕੁਝ ਵੀ ਨਹੀਂ ਬਚਿਆ। ਕਿੱਥੇ ਰਹਾਂਗੇ? ਕੀ ਖਾਵਾਂਗੇ?”
ਅਚਾਣਕ ਬਾਬੂ ਦੀਆਂ ਅੱਖਾਂ ਵਿਚ ਚਮਕ ਆ ਗਈ। ਉਹ ਬਜ਼ੁਰਗ
ਦੋ ਥੋੜਾ ਨੇੜੇ ਹੋ ਗਿਆ, “ਬਾਬਾ, ਕਿੰਨੀ ਉਮਰ ਐ ਤੇਰੀ ਨੂੰਹ ਦੀ?”
“ਕੋਈ ਵੀਹ ਕੁ ਸਾਲ ਦੀ ਐ ਬਾਬੂ ਜੀ।”
“ਹਾਏ ਵਿਚਾਰੀ, ਇਸ ਉਮਰ ’ਚ ਵਿਧਵਾ!…ਕਿਵੇਂ ਲੰਘੂਗੀ ਜ਼ਿੰਦਗੀ!…ਚੰਗਾ ਬਾਬਾ ਤੂੰ ਜਾ, ਮੈਂ ਸਾਬ੍ਹ ਨਾਲ ਗੱਲ ਕਰਦੈਂ।
ਜੇ ਉਹ ਪੈਸੇ ਦੇ ਦੇਣਗੇ ਤਾਂ ਪੈਸੇ ਮੈਂ ਘਰ ਹੀ ਦੇ ਆਊਂਗਾ।”
“ਬਾਬੂ ਜੀ, ਤੁਹਾਡਾ ਭਲਾ ਹੋਵੇ। ਪ੍ਰਮਾਤਮਾ ਤੁਹਾਡੀ
ਲੰਮੀ ਉਮਰ ਕਰੇ। ਤੁਹਾਡੇ ਬੱਚੇ ਜੀਣ।” ਬਿਰਧ ਅਸੀਸਾਂ ਦਿੰਦਾ ਚਲਾ ਗਿਆ।
ਸੰਝ ਢਲੇ ਬਾਬੂ ਬੁੱਢੇ ਦੇ ਘਰ ਪਹੁੰਚਿਆ। ਬੁੱਢੇ ਤੇ
ਉਹਦੀ ਨੂੰਹ ਦੋਹਾਂ ਨੂੰ “ਰਾਹਤ’ ਪਹੁੰਚਾ ਕੇ ਜਾਣ ਲੱਗਾ ਤਾਂ ਨੂੰਹ ਦੀਆਂ ਸੁੰਨੀਆਂ ਅੱਖਾਂ ਵਿਚ ਝਾਕਦੇ ਹੋਏ ਬੋਲਿਆ, “ਤੁਹਾਨੂੰ ਦਫਤਰ ਆਉਣ ਦੀ ਲੋੜ ਨਹੀਂ ਬਾਬਾ, ਜਦੋਂ ਕਦੇ
ਵੀ ਰਾਹਤ ਦੇ ਪੈਸੇ ਆਇਆ ਕਰਨਗੇ, ਮੈਂ ਘਰ ਆ ਕੇ ਹੀ ਦੇ ਜਾਇਆ ਕਰਾਂਗਾ।”
-0-
No comments:
Post a Comment