ਸੁਰੇਸ਼ ਸ਼ਰਮਾ
ਜ਼ਮੀਨ-ਜਾਇਦਾਦ ਤੇ ਹੋਰ ਪਰਿਵਾਰਕ
ਝਗੜਿਆਂ ਕਾਰਨ ਦੋਹਾਂ ਭਰਾਵਾਂ ਵਿਚ ਬੋਲਚਾਲ ਬੰਦ ਸੀ। ਇੱਥੋਂ ਤਕ ਕਿ ਦੋਹਾਂ ਨੇ ਇਕ ਦੂਜੇ ਦੀ ਸ਼ਕਲ
ਤਕ ਨਾ ਵੇਖਣ ਦੀ ਸਹੁੰ ਖਾਈ ਹੋਈ ਸੀ। ਰਿਸ਼ਤੇਦਾਰਾਂ, ਮਿੱਤਰਾਂ ਤੇ ਜਾਣਕਾਰਾਂ ਦੀਆਂ ਉਹਨਾਂ ਵਿਚ ਮੇਲਜੋਲ ਕਰਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ
ਰਹੀਆਂ। ਵੱਡਾ ਭਰਾ ਗੰਭੀਰ ਬੀਮਾਰੀ ਕਾਰਨ ਹਸਪਤਾਲ ਵਿਚ ਭਰਤੀ ਰਿਹਾ। ਤਦ ਲੋਕਾਂ ਦੇ ਸਮਝਾਉਣ ਦੇ
ਬਾਵਜੂਦ ਵੀ ਛੋਟਾ ਪੰਜ-ਦਸ ਰੁਪਏ ਦਾ ਫਰੂਟ ਲੈ ਕੇ ਭਰਾ ਨੂੰ ਮਿਲਣ ਨਹੀਂ ਗਿਆ। ਅੰਤ ਛੋਟੇ ਨੂੰ
ਮਿਲਣ ਦੀ ਇੱਛਾ ਮਨ ਵਿਚ ਲਈ ਵੱਡਾ ਭਰਾ ਇਕ ਦਿਨ ਚੱਲ ਵਸਿਆ।
ਘਰ ਅੰਦਰ ਚੀਕ-ਚਿਹਾੜਾ ਮੱਚਿਆ ਹੋਇਆ
ਸੀ। ਬਾਹਰ ਅੰਤਮ-ਯਾਤਰਾ ਦੀ ਤਿਆਰੀ ਚੱਲ ਰਹੀ ਸੀ। ਲੋਕ ਦੁਖੀ ਮਨ ਨਾਲ ਖੜੇ ਸਨ। ਤਦ ਹੀ ਛੋਟਾ ਭਰਾ
ਰੋਂਦਾ ਹੋਇਆ ਤੇਜ਼ੀ ਨਾਲ ਆਇਆ ਤੇ ਲਗਭਗ ਲਾਸ਼ ਉੱਤੇ ਡਿੱਗਦਾ ਹੋਇਆ ਦਹਾੜਾਂ ਮਾਰ ਕੇ ਰੋਣ ਲੱਗਾ, “ਵੀਰ ਜੀ! ਇਉਂ
ਚੁਪਚਾਪ ਕਿਓਂ ਲੇਟੇ ਹੋਏ ਓ? ਆਪਣੇ ਛੋਟੂ ਨਾਲ ਨਹੀਂ ਬੋਲੋਗੇ ਕੀ? ਇਹ ਜ਼ਮੀਨ-ਜਾਇਦਾਦ, ਧਨ-ਦੌਲਤ
ਸਭ ਤੁਸੀਂ ਲੈ ਲਓ ਵੀਰ ਜੀ। ਬੋਲਦੇ ਕਿਓਂ ਨਹੀਂ ਹੋ? ਬੋਲੋ ਨਾ ਵੀਰ ਜੀ। ਕੀ ਇਸੇ ਲਈ ਆਪਣੇ ਛੋਟੇ
ਨੂੰ ਪਾਲ ਪੋਸ ਕੇ, ਪੜ੍ਹਾ-ਲਿਖਾ ਕੇ ਵੱਡਾ ਕੀਤਾ ਸੀ ਕਿ ਇਸ ਤਰ੍ਹਾਂ ਰੁੱਸ ਕੇ ਚਲੇ ਜਾਓ।…”
ਜ਼ੋਰ ਜ਼ੋਰ ਨਾਲ ਆਉਂਦੀ ਛੋਟੇ ਭਰਾ ਦੀ ਆਵਾਜ਼
ਸੁਣ ਕੇ ਬਾਹਰ ਖੜੇ ਲੋਕਾਂ ਦੇ ਦੁਖੀ ਚਿਹਰਿਆਂ ਉੱਤੇ ਵੀ ਮੁਸਕਾਨ ਤੈਰ ਗਈ।
-0-
No comments:
Post a Comment