Monday, August 24, 2015

ਹਿੰਦੀ/ ਖੂਬਸੂਰਤ



ਰਾਮੇਸ਼ਵਰ ਕੰਬੋਜ ਹਿਮਾਂਸ਼ੂ
ਵਿਜੇ ਨੂੰ ਮਿਲੇ ਪੰਜ ਸਾਲ ਹੋ ਗਏ ਸਨ। ਉਹਦੇ ਵਿਆਹ ਵਿੱਚ ਵੀ ਨਹੀਂ ਜਾ ਸਕਿਆ ਸੀ। ਸੋਚਿਆ ਅਚਾਨਕ ਜਾ ਕੇ ਚੌਂਕਾ ਦਿਆਂਗਾ। ਇਸ ਸ਼ਹਿਰ ਵਿੱਚ ਆਇਆ ਹਾਂ ਤਾਂ ਮਿਲ ਹੀ ਜਾਵਾਂ।
ਦਰਵਾਜਾ ਇਕ ਸਾਂਵਲੀ ਤੇ ਥੁਲਥੁਲ ਔਰਤ ਨੇ ਖੋਲ੍ਹਿਆ। ਮੈਂ ਸੋਚਿਆ ਹੋਵੇਗੀ ਕੋਈ। ਮੈਂ ਆਪਣਾ ਪਰੀਚੈ ਦਿੱਤਾ।
ਬੈਠੋ, ਨੇੜੇ ਹੀ ਗਏ ਹਨ, ਬੱਸ ਆਉਂਦੇ ਹੀ ਹੋਣਗੇ।ਥੁਲਥੁਲ ਔਰਤ ਮਿੱਠੀ ਆਵਾਜ਼ ਵਿੱਚ ਬੋਲੀ।
ਮੇਰੀਆਂ ਅੱਖਾਂ ਸ਼੍ਰੀਮਤੀ ਵਿਜੇ ਦੀ ਤਲਾਸ਼ ਕਰ ਰਹੀਆਂ ਸਨ। ਘਰ ਵਿੱਚ ਹੋਰ ਕੋਈ ਨਜ਼ਰ ਨਹੀਂ ਆਇਆ।
ਕੀ ਲਓਂਗੇ ਤੁਸੀਂ? ਚਾਹ ਜਾਂ ਠੰਡਾ?ਥੁਲਥੁਲ ਔਰਤ ਨੇ ਬੜੀ ਨਿਮਰਤਾ ਨਾਲ ਪੁੱਛਿਆ।
ਚਾਹ ਹੀ ਠੀਕ ਰਹੇਗੀ।ਮੈਂ ਘੜੀ ਵੱਲ ਦੇਖਿਆ।
ਜਦੋਂ ਤੱਕ ਉਹ ਆਉਂਦੇ ਹਨ, ਤੁਸੀਂ ਹੱਥ-ਮੂੰਹ ਧੋ ਲਓ।ਉਸਨੇ ਤੌਲੀਆ ਫੜਾਉਂਦੇ ਹੋਏ ਬਾਥਰੂਮ ਵੱਲ ਇਸ਼ਾਰਾ ਕੀਤਾ।
‘ਹੋ ਸਕਦਾ ਹੈ ਵਿਜੇ ਦੀ ਪਤਨੀ ਹੀ ਹੋਵੇ। ਪਰ ਵਿਜੇ ਜਿਸਦੇ ਪਿੱਛੇ ਕਾਲਜ ਦੀਆਂ ਕੁੜੀਆਂ ਲੱਗੀਆਂ ਰਹਿੰਦੀਆਂ ਸਨ, ਅਜਿਹੀ ਔਰਤ ਨਾਲ ਕਿਉਂ ਵਿਆਹ ਕਰਨ ਲੱਗਾ’ ਮੈਂ ਮੂੰਹ-ਹੱਥ ਧੋਂਦਾ ਹੋਇਆ ਸੋਚ ਰਿਹਾ ਸੀ ‘ਜੇਕਰ ਇਹੀ ਉਸਦੀ ਪਤਨੀ ਹੈ ਤਾਂ ਸ਼ਰਮ ਦੇ ਮਾਰੇ ਮੇਰੇ ਨਾਲ ਨਜ਼ਰ ਵੀ ਨਹੀਂ ਮਿਲਾ ਸਕੇਗਾ। ਕਿੱਥੇ ਉਹ ਤੇ ਕਿੱਥੇ ਇਹ।’
ਵੀਰ ਜੀ ਆ ਜਾਓ, ਚਾਹ ਤਿਆਰ ਹੈ।ਉਹਦੀ ਮਿੱਠੀ ਆਵਾਜ਼ ਕੰਨਾਂ ਵਿੱਚ ਜਲਤਰੰਗ ਵਾਂਗ ਸੁਣਾਈ ਦਿੱਤੀ।
ਡਰਾਇੰਗ ਰੂਮ ਵਿੱਚ ਆ ਕੇ ਬੈਠਾ ਹੀ ਸੀ ਕਿ ਵਿਜੇ ਵੀ ਆ ਗਿਆ।
ਤੇਰੀ ਪਤਨੀ?ਮੈਂ ਥੋੜਾ ਝਿਜਕਦੇ ਹੋਏ ਪੁੱਛਿਆ।
ਵਾਹ! ਏਨੀ ਦੇਰ ਨਾਲ ਆਇਐਂ ਤੇ ਮੇਰੀ ਪਤਨੀ ਨੂੰ ਵੀ ਨਹੀਂ ਮਿਲਿਆ। ਤੂੰ ਹਮੇਸ਼ਾ ਬੁੱਧੂ ਹੀ ਰਹੇਂਗਾ।
ਉਸਨੇ ਥੁਲਥੁਲ ਔਰਤ ਵੱਲ ਇਸ਼ਾਰਾ ਕੀਤਾ ਤੇ ਬੜੇ ਮਾਨ ਨਾਲ ਕਿਹਾ, ਇਹੀ ਹੈ ਮੇਰੀ ਪਤਨੀ ਸਵਿਤਾ।
ਲਓ ਵੀਰ ਜੀ!ਸਵਿਤਾ ਨੇ ਬਰਫੀ ਦੀ ਪਲੇਟ ਮੇਰੇ ਵੱਲ ਕਰਦੇ ਹੋਏ ਕਿਹਾ। ਉਹਦੀਆਂ ਅੱਖਾਂ ਖੁਸ਼ੀ ਨਾਲ ਚਮਕ ਰਹੀਆਂ ਸਨ।
ਹੁਣ ਮੈਂ ਉਸਨੂੰ ਧਿਆਨ ਨਾਲ ਦੇਖਿਆ, ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।
                                       -0-

No comments: