ਰਾਜੇਂਦਰ ਦੇਵਧਰੇ ‘ਦਰਪਣ’
“ਡੈਡੀ, ਤੁਸੀਂ ਸਾਡੇ ਲਈ ਕੀ ਕੀਤਾ?” ਪੜ੍ਹੇ-ਲਿਖੇ ਬੇਰੁਜ਼ਗਾਰ
ਜਵਾਨ ਪੁੱਤਰ ਨੇ ਆਪਣੇ ਸੇਵਾ-ਮੁਕਤ ਪਿਤਾ ਨੂੰ ਸਵਾਲ ਕੀਤਾ, “ਅਫਸਰ ਰਹਿੰਦੇ ਹੋਏ ਵੀ ਤੁਸੀਂ ਕੁਝ
ਨਹੀਂ ਕਰ ਸਕੇ, ਜਦੋਂ ਕਿ ਤੁਹਾਡੇ ਜੂਨੀਅਰ ਰਹੇ ਮੁਕੇਸ਼ ਅੰਕਲ ਨੇ ਕਿੰਨਾ ਕੁਝ ਬਣਾ ਲਿਆ। ਅੱਜ
ਉਨ੍ਹਾਂ ਕੋਲ ਆਲੀਸ਼ਾਨ ਕੋਠੀ ਐ, ਮਹਿੰਗੀ ਕਾਰ ਐ…ਉਨਾਂ ਦੇ ਹਰ ਬੱਚੇ ਕੋਲ ਨਵੇਂ ਤੋਂ ਨਵੇਂ ਬਾਈਕ,
ਮਹਿੰਗੇ ਮੋਬਾਈਲ, ਲੈਪਟਾਪ, ਬਰਾਂਡਿਡ ਕਪੜੇ, ਸਭ ਕੁਝ ਐ।… ਤੇ ਸਾਡੇ ਕੋਲ ਕੀ ਐ… ਜਿਵੇਂ-ਕਿਵੇਂ
ਬਣਾਇਆ ਇਹ ਛੋਟਾ ਜਿਹਾ ਮਕਾਨ…ਸਾਡੇ ਕੋਲ ਇਕ ਪੁਰਾਣੀ ਬਾਈਕ ਤੱਕ ਨਹੀਂ… ਤੁਸੀਂ ਸਾਡਾ ਭਵਿੱਖ ਖਰਾਬ
ਕਰ ਕੇ ਰੱਖ ਦਿੱਤਾ…।”
ਬੇਟਾ ਬੋਲੀ ਜਾ ਰਿਹਾ ਸੀ ਤੇ ਪਿਤਾ ਅਪਰਾਧੀ ਵਾਂਗ ਖੜ੍ਹਾ ਸੋਚ
ਰਿਹਾ ਸੀ ਕਿ ਈਮਾਨਦਾਰੀ ਕਦੋਂ ‘ਗੁਣ’ ਤੋਂ ‘ਅਵਗੁਣ’ ਵਿਚ ਪਰੀਵਰਤਿਤ ਹੋ ਗਈ, ਪਤਾ ਹੀ ਨਹੀਂ
ਲੱਗਾ।
-0-
No comments:
Post a Comment